1 ਹੁਣ ਮੋਸ਼ੇਹ ਮਿਦਯਾਨ ਦੇ ਜਾਜਕ ਆਪਣੇ ਸਹੁਰੇ ਯਿਥਰੋ ਦੇ ਝੁੰਡ ਦੀ ਦੇਖਭਾਲ ਕਰਦਾ ਸੀ ਅਤੇ ਉਹ ਝੁੰਡ ਨੂੰ ਉਜਾੜ ਦੇ ਦੂਜੇ ਪਾਸੇ ਲੈ ਗਿਆ ਅਤੇ ਪਰਮੇਸ਼ਵਰ ਦੇ ਪਹਾੜ ਹੋਰੇਬ ਕੋਲ ਆਇਆ। 2 ਉੱਥੇ ਯਾਹਵੇਹ ਦੇ ਦੂਤ ਨੇ ਝਾੜੀ ਦੇ ਅੰਦਰੋਂ ਅੱਗ ਦੀ ਲਾਟ ਵਿੱਚ ਉਸਨੂੰ ਦਰਸ਼ਣ ਦਿੱਤਾ। ਮੋਸ਼ੇਹ ਨੇ ਦੇਖਿਆ ਕਿ ਭਾਵੇਂ ਝਾੜੀ ਨੂੰ ਅੱਗ ਲੱਗੀ ਹੋਈ ਸੀ, ਪਰ ਉਹ ਸੜਦੀ ਨਹੀਂ ਸੀ। 3 ਇਸ ਲਈ ਮੋਸ਼ੇਹ ਨੇ ਸੋਚਿਆ, "ਮੈਂ ਉੱਥੇ ਜਾ ਕੇ ਇਹ ਅਜੀਬ ਨਜ਼ਾਰਾ ਦੇਖਾਂਗਾ ਝਾੜੀ ਕਿਉਂ ਨਹੀਂ ਸੜਦੀ।"
4 ਜਦੋਂ ਯਾਹਵੇਹ ਨੇ ਦੇਖਿਆ ਕਿ ਉਹ ਵੇਖਣ ਲਈ ਗਿਆ ਹੈ, ਤਾਂ ਪਰਮੇਸ਼ਵਰ ਨੇ ਝਾੜੀ ਦੇ ਅੰਦਰੋਂ ਉਸਨੂੰ ਬੁਲਾਇਆ, "ਮੋਸ਼ੇਹ! ਮੋਸ਼ੇਹ!"
ਅਤੇ ਮੋਸ਼ੇਹ ਨੇ ਆਖਿਆ, "ਮੈਂ ਇੱਥੇ ਹਾਂ।"
5 ਪਰਮੇਸ਼ਵਰ ਨੇ ਕਿਹਾ, "ਨੇੜੇ ਨਾ ਆ, ਤੂੰ ਆਪਣੀ ਜੁੱਤੀ ਲਾਹ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ।" 6 ਤਦ ਉਸ ਨੇ ਆਖਿਆ, "ਮੈਂ ਤੇਰੇ ਪਿਤਾ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।" ਇਸ ਤੇ ਮੋਸ਼ੇਹ ਨੇ ਆਪਣਾ ਚਿਹਰਾ ਲੁਕਾ ਲਿਆ ਕਿਉਂਕਿ ਉਹ ਪਰਮੇਸ਼ਵਰ ਵੱਲ ਦੇਖਣ ਤੋਂ ਡਰਦਾ ਸੀ।
7 ਯਾਹਵੇਹ ਨੇ ਕਿਹਾ, "ਮੈਂ ਮਿਸਰ ਵਿੱਚ ਆਪਣੇ ਲੋਕਾਂ ਦੇ ਦੁੱਖ ਦੇਖੇ ਹਨ। ਮੈਂ ਉਹਨਾਂ ਨੂੰ ਮਿਸਰੀਆ ਦੇ ਕਾਰਨ ਚੀਕਦੇ ਸੁਣਿਆ ਹੈ ਅਤੇ ਮੈਂ ਉਹਨਾਂ ਦੇ ਦੁੱਖਾਂ ਬਾਰੇ ਚਿੰਤਤ ਹਾਂ। 8 ਇਸ ਲਈ ਮੈਂ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਉਣ ਲਈ ਹੇਠਾਂ ਆਇਆ ਹਾਂ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚੋਂ ਇੱਕ ਚੰਗੀ ਅਤੇ ਵਿਸ਼ਾਲ ਧਰਤੀ ਵਿੱਚ ਲਿਆਵਾਂਗਾ, ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ, ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਘਰ। 9 ਅਤੇ ਹੁਣ ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ ਅਤੇ ਮੈਂ ਦੇਖਿਆ ਹੈ ਕਿ ਮਿਸਰੀ ਕਿਵੇਂ ਉਹਨਾਂ ਉੱਤੇ ਜ਼ੁਲਮ ਕਰਦੇ ਹਨ। 10 ਇਸ ਲਈ ਹੁਣ ਤੂੰ ਜਾ ਅਤੇ ਮੈਂ ਤੈਨੂੰ ਫ਼ਿਰਾਊਨ ਕੋਲ ਭੇਜ ਰਿਹਾ ਹਾਂ ਤਾਂ ਜੋ ਤੂੰ ਮੇਰੀ ਪਰਜਾ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਕੱਢ ਲਿਆਵੇ।"
11 ਪਰ ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, "ਮੈਂ ਕੌਣ ਹਾਂ ਜੋ ਮੈਂ ਫ਼ਿਰਾਊਨ ਕੋਲ ਜਾਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਵਾਂ?"
12 ਅਤੇ ਪਰਮੇਸ਼ਵਰ ਨੇ ਆਖਿਆ, "ਮੈਂ ਤੇਰੇ ਨਾਲ ਰਹਾਂਗਾ ਅਤੇ ਤੇਰੇ ਲਈ ਇਹ ਨਿਸ਼ਾਨੀ ਹੋਵੇਗੀ ਕਿ ਮੈਂ ਹੀ ਤੈਨੂੰ ਭੇਜਿਆ ਹੈ: ਜਦੋਂ ਤੂੰ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਵੇਂਗਾ, ਤੂੰ ਇਸ ਪਹਾੜ ਉੱਤੇ ਪਰਮੇਸ਼ਵਰ ਦੀ ਅਰਾਧਨਾ ਕਰੇਂਗਾ।"
13 ਮੋਸ਼ੇਹ ਨੇ ਪਰਮੇਸ਼ਵਰ ਨੂੰ ਕਿਹਾ, "ਕਿ ਜੇ ਮੈਂ ਇਸਰਾਏਲੀਆਂ ਕੋਲ ਜਾਵਾਂ ਅਤੇ ਉਹਨਾਂ ਨੂੰ ਕਹਾਂ, ‘ਤੁਹਾਡੇ ਪਿਉ ਦਾਦਿਆਂ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਅਤੇ ਉਹ ਮੈਨੂੰ ਪੁੱਛਣ ਕਿ ਉਸਦਾ ਨਾਮ ਕੀ ਹੈ?’ ਤਾਂ ਮੈਂ ਉਹਨਾਂ ਨੂੰ ਕੀ ਦੱਸਾਂ?"
14 ਪਰਮੇਸ਼ਵਰ ਨੇ ਮੋਸ਼ੇਹ ਨੂੰ ਕਿਹਾ, "ਮੈਂ ਉਹ ਹਾਂ ਜੋ ਮੈਂ ਹਾਂ ਅਤੇ ਤੂੰ ਇਸਰਾਏਲੀਆਂ ਨੂੰ ਇਹ ਕਹਿਣਾ ਕਿ ‘ਮੈਂ ਹਾਂ ਜੋ ਮੈਂ ਹਾਂ’ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।"
15 ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, "ਇਸਰਾਏਲ ਦੇ ਲੋਕਾਂ ਨੂੰ ਆਖ, ‘ਤੁਹਾਡੇ ਪਿਉ-ਦਾਦਿਆਂ ਦੇ ਪ੍ਰਭੂ, ਅਬਰਾਹਾਮ ਦੇ ਪਰਮੇਸ਼ਵਰ, ਇਸਹਾਕ ਦੇ ਪਰਮੇਸ਼ਵਰ ਅਤੇ ਯਾਕੋਬ ਦੇ ਪਰਮੇਸ਼ਵਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।’
"ਇਹ ਮੇਰਾ ਨਾਮ ਸਦਾ ਲਈ ਹੈ,
ਉਹ ਨਾਮ ਜੋ ਤੁਸੀਂ ਮੈਨੂੰ
ਪੀੜ੍ਹੀ ਦਰ ਪੀੜ੍ਹੀ ਬੁਲਾਓਗੇ।
16 "ਹੁਣ ਤੂੰ ਜਾ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਅਤੇ ਉਹਨਾਂ ਨੂੰ ਆਖ, ‘ਯਾਹਵੇਹ, ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ਵਰ, ਅਬਰਾਹਾਮ, ਇਸਹਾਕ ਅਤੇ ਯਾਕੋਬ ਦਾ ਪਰਮੇਸ਼ਵਰ, ਮੇਰੇ ਕੋਲ ਪ੍ਰਗਟ ਹੋਇਆ ਅਤੇ ਕਿਹਾ ਕਿ ਮੇਰੀ ਨਿਗਾਹ ਤੁਹਾਡੇ ਤੇ ਹੈ, ਮੈਂ ਤੁਹਾਨੂੰ ਦੇਖਿਆ ਹੈ ਕਿ ਮਿਸਰ ਵਿੱਚ ਤੁਹਾਡੇ ਨਾਲ ਕੀ ਕੀਤਾ ਗਿਆ ਹੈ। 17 ਅਤੇ ਮੈਂ ਤੁਹਾਨੂੰ ਮਿਸਰ ਵਿੱਚ ਤੁਹਾਡੇ ਦੁੱਖਾਂ ਵਿੱਚੋਂ ਕੱਢ ਕੇ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਉਣ ਦਾ ਇਕਰਾਰ ਕੀਤਾ ਹੈ, ਇੱਕ ਦੇਸ਼ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ।’
18 "ਇਸਰਾਏਲ ਦੇ ਬਜ਼ੁਰਗ ਤੇਰੀ ਗੱਲ ਸੁਣਨਗੇ, ਫਿਰ ਤੂੰ ਬਜ਼ੁਰਗਾਂ ਨਾਲ ਮਿਸਰ ਦੇ ਰਾਜੇ ਕੋਲ ਜਾ ਕੇ ਉਸਨੂੰ ਆਖਣਾ ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਸਾਨੂੰ ਤਿੰਨ ਦਿਨਾਂ ਦੇ ਰਾਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਲਈ ਬਲੀਆਂ ਚੜ੍ਹਾਈਏ।’ 19 ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਉਦੋਂ ਤੱਕ ਨਹੀਂ ਜਾਣ ਦੇਵੇਗਾ ਜਦੋਂ ਤੱਕ ਕੋਈ ਤਾਕਤਵਰ ਹੱਥ ਉਸਨੂੰ ਮਜ਼ਬੂਰ ਨਹੀਂ ਕਰਦਾ। 20 ਇਸ ਲਈ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰੀਆਂ ਨੂੰ ਉਹਨਾਂ ਸਾਰੇ ਅਚੰਭੇ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ ਤਦ ਉਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।
21 "ਅਤੇ ਮੈਂ ਆਪਣੀ ਪਰਜਾ ਉੱਤੇ ਮਿਸਰੀਆਂ ਕੋਲੋਂ ਦਯਾ ਕਰਵਾਗਾਂ ਤਾਂ ਜਦੋਂ ਤੁਸੀਂ ਉਸ ਦੇਸ਼ ਵਿਚੋਂ ਨਿਕਲੋਂ ਤਾਂ ਤੁਸੀਂ ਖਾਲੀ ਹੱਥ ਨਾ ਜਾਓ। 22 ਹਰ ਇੱਕ ਔਰਤ ਆਪਣੇ ਗੁਆਂਢੀ ਅਤੇ ਉਸਦੇ ਘਰ ਵਿੱਚ ਰਹਿਣ ਵਾਲੀ ਔਰਤ ਤੋਂ ਚਾਂਦੀ ਅਤੇ ਸੋਨੇ ਦੀ ਵਸਤੂਆਂ ਅਤੇ ਕੱਪੜੇ ਮੰਗੇ ਜੋ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਪਹਿਨਾਓਗੇ ਅਤੇ ਇਸ ਤਰ੍ਹਾਂ ਤੁਸੀਂ ਮਿਸਰੀਆਂ ਨੂੰ ਲੁੱਟੋਗੇ।"