Publicidade

Êxodo 2

ਮੋਸ਼ੇਹ ਦਾ ਜਨਮ

1 ਹੁਣ ਲੇਵੀ ਦੇ ਗੋਤ ਦੇ ਇੱਕ ਆਦਮੀ ਨੇ ਇੱਕ ਲੇਵੀ ਔਰਤ ਨਾਲ ਵਿਆਹ ਕੀਤਾ, 2 ਉਹ ਗਰਭਵਤੀ ਹੋ ਗਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਦੋਂ ਉਸਨੇ ਦੇਖਿਆ ਕਿ ਉਹ ਬਹੁਤ ਸੋਹਣਾ ਬੱਚਾ ਹੈ, ਉਸਨੇ ਬੱਚੇ ਨੂੰ ਤਿੰਨ ਮਹੀਨਿਆਂ ਲਈ ਲੁਕਾ ਕੇ ਰੱਖਿਆ। 3 ਪਰ ਜਦੋਂ ਉਹ ਬੱਚੇ ਨੂੰ ਹੋਰ ਲੁਕਾ ਨਾ ਸਕੀ ਤਦ ਉਸਨੇ ਉਸਦੇ ਲਈ ਇੱਕ ਸਰਕੰਢੇ ਦੀ ਟੋਕਰੀ ਲਿਆਂਦੀ ਅਤੇ ਇਸਨੂੰ ਚੀਕਨੀ ਮਿੱਟੀ ਅਤੇ ਰਾਲ ਦੇ ਨਾਲ ਲੇਪ ਕੀਤਾ। ਫਿਰ ਉਸਨੇ ਬੱਚੇ ਨੂੰ ਉਸ ਵਿੱਚ ਰੱਖਿਆ ਅਤੇ ਇਸਨੂੰ ਨੀਲ ਨਦੀ ਦੇ ਕੰਢੇ ਕਾਨੇ ਦੇ ਵਿਚਕਾਰ ਰੱਖ ਦਿੱਤਾ। 4 ਉਸ ਦੀ ਭੈਣ ਕੁਝ ਦੂਰੀ ਤੇ ਖੜ੍ਹੀ ਸੀ ਤਾਂ ਜੋ ਵੇਖ ਸਕੇ ਕਿ ਉਸ ਨਾਲ ਕੀ ਹੋਵੇਗਾ।

5 ਤਦ ਫ਼ਿਰਾਊਨ ਦੀ ਧੀ ਨੀਲ ਨਦੀ ਉੱਤੇ ਨਹਾਉਣ ਲਈ ਆਈ ਅਤੇ ਉਸ ਦੀਆਂ ਦਾਸੀਆਂ ਨਦੀ ਦੇ ਕੰਢੇ ਤੁਰ ਰਹੀਆਂ ਸਨ। ਉਸਨੇ ਕਾਨਿਆਂ ਦੇ ਵਿਚਕਾਰ ਟੋਕਰੀ ਦੇਖੀ ਅਤੇ ਆਪਣੀ ਦਾਸੀ ਨੂੰ ਟੋਕਰੀ ਲੈਣ ਲਈ ਭੇਜਿਆ। 6 ਦਾਸੀ ਨੇ ਟੋਕਰੀ ਨੂੰ ਖੋਲ੍ਹਿਆ ਅਤੇ ਬੱਚੇ ਨੂੰ ਦੇਖਿਆ। ਉਹ ਰੋ ਰਿਹਾ ਸੀ ਅਤੇ ਉਸ ਨੂੰ ਬੱਚੇ ਤੇ ਤਰਸ ਆਇਆ। ਉਸਨੇ ਕਿਹਾ, "ਇਹ ਇਬਰਾਨੀ ਬੱਚਿਆਂ ਵਿੱਚੋਂ ਇੱਕ ਹੈ।"

7 ਤਦ ਉਸ ਦੀ ਭੈਣ ਨੇ ਫ਼ਿਰਾਊਨ ਦੀ ਧੀ ਨੂੰ ਪੁੱਛਿਆ, "ਕੀ ਮੈਂ ਜਾ ਕੇ ਇਬਰਾਨੀ ਤੀਵੀਂਆਂ ਵਿੱਚੋਂ ਇੱਕ ਨੂੰ ਤੇਰੇ ਲਈ ਇਸ ਬੱਚੇ ਨੂੰ ਦੁੱਧ ਚੁੰਘਾਉਣ ਲਈ ਲਿਆਵਾਂ?"

8 ਫ਼ਿਰਾਊਨ ਦੀ ਧੀ ਨੇ ਜਵਾਬ ਦਿੱਤਾ, "ਹਾਂ, ਜਾਓ।" ਇਸ ਲਈ ਕੁੜੀ ਗਈ ਅਤੇ ਬੱਚੇ ਦੀ ਮਾਂ ਨੂੰ ਲੈ ਆਈ। 9 ਫ਼ਿਰਾਊਨ ਦੀ ਧੀ ਨੇ ਉਸਨੂੰ ਕਿਹਾ, "ਇਸ ਬੱਚੇ ਨੂੰ ਲੈ ਜਾ ਅਤੇ ਇਸਨੂੰ ਮੇਰੇ ਲਈ ਦੁੱਧ ਪਿਲਾ ਅਤੇ ਮੈਂ ਤੈਨੂੰ ਮਜ਼ਦੂਰੀ ਦੇ ਦਿਆਂਗੀ।" ਇਸ ਲਈ ਔਰਤ ਨੇ ਬੱਚੇ ਨੂੰ ਚੁੱਕ ਕੇ ਦੁੱਧ ਪਿਲਾਇਆ। 10 ਜਦੋਂ ਬੱਚਾ ਵੱਡਾ ਹੋ ਗਿਆ, ਤਾਂ ਉਹ ਉਸਨੂੰ ਫ਼ਿਰਾਊਨ ਦੀ ਧੀ ਕੋਲ ਲੈ ਗਈ ਅਤੇ ਉਹ ਉਸਦਾ ਪੁੱਤਰ ਬਣ ਗਿਆ। ਉਸਨੇ ਉਸਦਾ ਨਾਮ ਇਹ ਆਖ ਕੇ ਮੋਸ਼ੇਹ ਰੱਖਿਆ, "ਕਿ ਮੈਂ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਿਆ।"

ਮੋਸ਼ੇਹ ਮਿਦਿਯਾਨ ਨੂੰ ਭੱਜ ਗਿਆ

11 ਜਦੋਂ ਮੋਸ਼ੇਹ ਵੱਡਾ ਹੋ ਗਿਆ, ਇੱਕ ਦਿਨ, ਉਹ ਬਾਹਰ ਗਿਆ ਜਿੱਥੇ ਉਸਦੇ ਆਪਣੇ ਲੋਕ ਸਨ ਅਤੇ ਉਸਨੇ ਉਹਨਾਂ ਦੀ ਸਖ਼ਤ ਮਿਹਨਤ ਨੂੰ ਦੇਖਿਆ। ਉਸਨੇ ਇੱਕ ਮਿਸਰੀ ਨੂੰ ਇੱਕ ਇਬਰਾਨੀ ਨੂੰ ਕੁੱਟਦੇ ਹੋਏ ਦੇਖਿਆ, ਜੋ ਉਸਦੇ ਆਪਣੇ ਲੋਕਾਂ ਵਿੱਚੋਂ ਇੱਕ ਸੀ। 12 ਇਧਰ ਉਧਰ ਵੇਖ ਕੇ ਅਤੇ ਜਦੋਂ ਕਿਸੇ ਨੂੰ ਨਾ ਦੇਖਿਆ ਤਾਂ ਉਸ ਨੇ ਮਿਸਰੀ ਨੂੰ ਮਾਰ ਕੇ ਰੇਤ ਵਿੱਚ ਲੁਕਾ ਦਿੱਤਾ। 13 ਅਗਲੇ ਦਿਨ ਉਹ ਬਾਹਰ ਗਿਆ ਅਤੇ ਦੋ ਇਬਰਾਨੀਆਂ ਨੂੰ ਲੜਦੇ ਦੇਖਿਆ। ਉਸ ਨੇ ਗਲਤੀ ਕਰਨ ਵਾਲੇ ਨੂੰ ਪੁੱਛਿਆ, "ਤੂੰ ਆਪਣੇ ਸਾਥੀ ਇਬਰਾਨੀ ਨੂੰ ਕਿਉਂ ਮਾਰ ਰਿਹਾ ਹੈ?"

14 ਉਸ ਆਦਮੀ ਨੇ ਕਿਹਾ, "ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ? ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਮਾਰਿਆ ਸੀ?" ਤਦ ਮੋਸ਼ੇਹ ਡਰ ਗਿਆ ਅਤੇ ਸੋਚਿਆ, "ਜੋ ਮੈਂ ਕੀਤਾ ਹੈ, ਉਹ ਜ਼ਰੂਰ ਪਤਾ ਲੱਗ ਗਿਆ ਹੋਵੇਗਾ।"

15 ਜਦੋਂ ਫ਼ਿਰਾਊਨ ਨੇ ਇਹ ਸੁਣਿਆ ਤਾਂ ਉਸਨੇ ਮੋਸ਼ੇਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੋਸ਼ੇਹ ਫ਼ਿਰਾਊਨ ਤੋਂ ਭੱਜ ਗਿਆ ਅਤੇ ਮਿਦਯਾਨ ਵਿੱਚ ਰਹਿਣ ਲਈ ਚਲਾ ਗਿਆ, ਜਿੱਥੇ ਉਹ ਇੱਕ ਖੂਹ ਕੋਲ ਬੈਠ ਗਿਆ। 16 ਹੁਣ ਮਿਦਯਾਨ ਦੇ ਇੱਕ ਜਾਜਕ ਦੀਆਂ ਸੱਤ ਧੀਆਂ ਸਨ ਅਤੇ ਉਹ ਪਾਣੀ ਭਰਨ ਅਤੇ ਆਪਣੇ ਪਿਉ ਦੇ ਝੁੰਡ ਨੂੰ ਪਾਣੀ ਪਿਲਾਉਣ ਲਈ ਟੋਏ ਭਰਨ ਆਈਆਂ। 17 ਕੁਝ ਚਰਵਾਹੇ ਆਏ ਅਤੇ ਉਹਨਾਂ ਨੂੰ ਭਜਾ ਦਿੱਤਾ, ਪਰ ਮੋਸ਼ੇਹ ਉੱਠਿਆ ਅਤੇ ਉਹਨਾਂ ਦੇ ਬਚਾਅ ਲਈ ਆਇਆ ਅਤੇ ਉਹਨਾਂ ਦੇ ਝੁੰਡ ਨੂੰ ਪਾਣੀ ਪਿਲਾਇਆ।

18 ਜਦੋਂ ਕੁੜੀਆਂ ਆਪਣੇ ਪਿਤਾ ਰਊਏਲ ਕੋਲ ਵਾਪਸ ਆਈਆਂ, ਉਸਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਅੱਜ ਕਿਵੇਂ ਇੰਨੀ ਜਲਦੀ ਵਾਪਸ ਆ ਗਈਆਂ?"

19 ਉਹਨਾਂ ਨੇ ਜਵਾਬ ਦਿੱਤਾ, "ਇੱਕ ਮਿਸਰੀ ਨੇ ਸਾਨੂੰ ਚਰਵਾਹਿਆਂ ਤੋਂ ਬਚਾਇਆ। ਉਸਨੇ ਸਾਡੇ ਲਈ ਪਾਣੀ ਵੀ ਕੱਢਿਆ ਅਤੇ ਝੁੰਡ ਨੂੰ ਪਾਣੀ ਪਿਲਾਇਆ।"

20 ਰਊਏਲ ਨੇ ਆਪਣੀਆਂ ਧੀਆਂ ਨੂੰ ਪੁੱਛਿਆ, "ਤਾਂ ਉਹ ਕਿੱਥੇ ਹੈ? ਤੁਸੀਂ ਉਸਨੂੰ ਕਿਉਂ ਛੱਡ ਦਿੱਤਾ? ਉਸਨੂੰ ਖਾਣ ਲਈ ਬੁਲਾਓ।"

21 ਮੋਸ਼ੇਹ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਜਿਸ ਨੇ ਆਪਣੀ ਧੀ ਜ਼ਿਪੋਰਾਹ ਨੂੰ ਮੋਸ਼ੇਹ ਨਾਲ ਵਿਆਹ ਲਈ ਦੇ ਦਿੱਤਾ। 22 ਜ਼ਿਪੋਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਮੋਸ਼ੇਹ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ ਅਤੇ ਕਿਹਾ, "ਮੈਂ ਪਰਦੇਸ ਵਿੱਚ ਪਰਦੇਸੀ ਹੋ ਗਿਆ ਹਾਂ।"

23 ਬਹੁਤ ਸਾਲਾਂ ਦੇ ਬਾਅਦ ਮਿਸਰ ਦੇ ਰਾਜੇ ਦੀ ਮੌਤ ਹੋ ਗਈ। ਇਸਰਾਏਲੀਆਂ ਨੇ ਆਪਣੀ ਗ਼ੁਲਾਮੀ ਵਿੱਚ ਹਾਉਂਕਾ ਭਰਿਆ ਅਤੇ ਚੀਕ ਰਹੇ ਸਨ ਅਤੇ ਉਹਨਾਂ ਦੀ ਗੁਲਾਮੀ ਦੇ ਕਾਰਨ ਮਦਦ ਲਈ ਉਹਨਾਂ ਦੀ ਦੁਹਾਈ ਪਰਮੇਸ਼ਵਰ ਕੋਲ ਗਈ। 24 ਪਰਮੇਸ਼ਵਰ ਨੇ ਉਹਨਾਂ ਦੀ ਹਾਹਾਕਾਰ ਸੁਣੀ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਆਪਣੇ ਨੇਮ ਨੂੰ ਯਾਦ ਕੀਤਾ। 25 ਇਸ ਲਈ ਪਰਮੇਸ਼ਵਰ ਨੇ ਇਸਰਾਏਲੀਆਂ ਵੱਲ ਦੇਖਿਆ ਅਤੇ ਉਹਨਾਂ ਦੀ ਚਿੰਤਾ ਕੀਤੀ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-