Publicidade

Êxodo 14

1 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲ ਦੇ ਲੋਕਾਂ ਨੂੰ ਆਖੋ ਕਿ ਉਹ ਵਾਪਸ ਮੁੜਨ ਅਤੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ, ਪੀ-ਹਾਹੀਰੋਥ ਦੇ ਨੇੜੇ ਡੇਰੇ ਲਾਉਣ। ਉਹਨਾਂ ਨੇ ਬਆਲ-ਸੇਫ਼ੋਨ ਦੇ ਬਿਲਕੁਲ ਸਾਹਮਣੇ ਸਮੁੰਦਰ ਦੇ ਕੰਢੇ ਡੇਰਾ ਲਾਉਣਾ ਹੈ। 3 ਫ਼ਿਰਾਊਨ ਸੋਚੇਗਾ, ‘ਇਸਰਾਏਲੀ ਧਰਤੀ ਵਿੱਚ ਉਲਝ ਗਏ ਅਤੇ ਇਧਰ-ਉਧਰ ਭਟਕ ਗਏ ਹਨ, ਅਤੇ ਉਜਾੜ ਨੇ ਉਹਨਾਂ ਨੂੰ ਰੋਕ ਲਿਆ ਹੈ।’ 4 ਤਦ ਮੈਂ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿਆਂਗਾ ਅਤੇ ਉਹ ਉਹਨਾਂ ਦਾ ਪਿੱਛਾ ਕਰੇਗਾ, ਪਰ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਫ਼ੌਜ ਰਾਹੀਂ ਆਪਣਾ ਆਦਰ ਪ੍ਰਾਪਤ ਕਰਾਂਗਾ ਅਤੇ ਮਿਸਰੀ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।" ਇਸ ਲਈ ਇਸਰਾਏਲੀਆਂ ਨੇ ਅਜਿਹਾ ਕੀਤਾ।

5 ਜਦੋਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਹਨ, ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਨੇ ਉਹਨਾਂ ਬਾਰੇ ਆਪਣਾ ਮਨ ਬਦਲ ਲਿਆ ਅਤੇ ਕਿਹਾ, "ਅਸੀਂ ਕੀ ਕੀਤਾ ਹੈ? ਅਸੀਂ ਇਸਰਾਏਲੀਆਂ ਨੂੰ ਜਾਣ ਦਿੱਤਾ ਹੈ ਅਤੇ ਉਹਨਾਂ ਦੇ ਕੰਮ ਨੂੰ ਗੁਆ ਦਿੱਤਾ ਹੈ!" 6 ਇਸ ਲਈ ਉਸਨੇ ਆਪਣਾ ਰਥ ਤਿਆਰ ਕੀਤਾ ਅਤੇ ਆਪਣੀ ਸੈਨਾ ਨੂੰ ਆਪਣੇ ਨਾਲ ਲੈ ਗਿਆ। 7 ਉਸ ਨੇ ਛੇ ਸੌ ਸਭ ਤੋਂ ਉੱਤਮ ਰੱਥ ਮਿਸਰ ਦੇ ਹੋਰ ਸਾਰੇ ਰੱਥਾਂ ਦੇ ਨਾਲ ਲੈ ਲਏ, ਉਹਨਾਂ ਸਾਰਿਆਂ ਉੱਤੇ ਅਧਿਕਾਰੀ ਸਨ। 8 ਯਾਹਵੇਹ ਨੇ ਮਿਸਰ ਦੇ ਰਾਜੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਤਾਂ ਜੋ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ, ਜੋ ਦਲੇਰੀ ਨਾਲ ਅੱਗੇ ਵੱਧ ਰਹੇ ਸਨ। 9 ਮਿਸਰੀਆਂ ਨੇ ਸਾਰੇ ਫ਼ਿਰਾਊਨ ਦੇ ਘੋੜੇ ਅਤੇ ਰੱਥ, ਘੋੜਸਵਾਰ ਅਤੇ ਫ਼ੌਜਾਂ ਨਾਲ, ਇਸਰਾਏਲੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਫੜ ਲਿਆ ਜਦੋਂ ਉਹਨਾਂ ਨੇ ਬਆਲ-ਸੇਫ਼ੋਨ ਦੇ ਸਾਹਮਣੇ ਪੀ-ਹਾਹੀਰੋਥ ਦੇ ਨੇੜੇ ਸਮੁੰਦਰ ਦੇ ਕੰਢੇ ਡੇਰਾ ਲਾਇਆ।

10 ਜਿਵੇਂ ਹੀ ਫ਼ਿਰਾਊਨ ਨੇੜੇ ਆਇਆ ਤਾਂ ਇਸਰਾਏਲੀਆਂ ਨੇ ਉੱਪਰ ਤੱਕਿਆ, ਅਤੇ ਉੱਥੇ ਮਿਸਰ ਦੇ ਲੋਕ ਉਹਨਾਂ ਦੇ ਪਿੱਛੇ-ਪਿੱਛੇ ਚੱਲ ਰਹੇ ਸਨ ਤਦ ਉਹ ਘਬਰਾ ਗਏ ਅਤੇ ਯਾਹਵੇਹ ਦੇ ਅੱਗੇ ਪੁਕਾਰਨ ਲੱਗੇ। 11 ਉਹਨਾਂ ਨੇ ਮੋਸ਼ੇਹ ਨੂੰ ਆਖਿਆ, "ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕੀ ਤੂੰ ਸਾਨੂੰ ਮਾਰੂਥਲ ਵਿੱਚ ਮਰਨ ਲਈ ਲਿਆਇਆ ਹੈ? ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਸਾਡੇ ਨਾਲ ਕੀ ਕੀਤਾ ਹੈ? 12 ਕੀ ਅਸੀਂ ਤੈਨੂੰ ਮਿਸਰ ਵਿੱਚ ਨਹੀਂ ਕਿਹਾ ਸੀ, ‘ਸਾਨੂੰ ਇਕੱਲਾ ਛੱਡ ਦੇ ਕਿ ਆਓ ਅਸੀਂ ਮਿਸਰੀਆਂ ਦੀ ਸੇਵਾ ਕਰੀਏ?’ ਸਾਡੇ ਲਈ ਮਿਸਰੀਆਂ ਦੀ ਸੇਵਾ ਕਰਨਾ ਮਾਰੂਥਲ ਵਿੱਚ ਮਰਨ ਨਾਲੋਂ ਚੰਗਾ ਸੀ!"

13 ਮੋਸ਼ੇਹ ਨੇ ਲੋਕਾਂ ਨੂੰ ਉੱਤਰ ਦਿੱਤਾ, "ਨਾ ਡਰੋ, ਦ੍ਰਿੜ੍ਹ ਰਹੋ ਅਤੇ ਤੁਸੀਂ ਉਹ ਛੁਟਕਾਰਾ ਦੇਖੋਗੇ ਜੋ ਯਾਹਵੇਹ ਤੁਹਾਡੇ ਲਈ ਅੱਜ ਲਿਆਵੇਗਾ। ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ, ਤੁਸੀਂ ਦੁਬਾਰਾ ਕਦੇ ਨਹੀਂ ਦੇਖੋਗੇ। 14 ਯਾਹਵੇਹ ਤੁਹਾਡੇ ਲਈ ਲੜੇਗਾ ਪਰ ਤੁਹਾਨੂੰ ਸਿਰਫ ਸ਼ਾਂਤ ਰਹਿਣ ਦੀ ਲੋੜ ਹੈ।"

15 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਤੂੰ ਮੇਰੇ ਅੱਗੇ ਕਿਉਂ ਪੁਕਾਰਦਾ ਹੈ? ਇਸਰਾਏਲੀਆਂ ਨੂੰ ਅੱਗੇ ਤੁਰਨ ਲਈ ਕਹਿ। 16 ਆਪਣੀ ਸੋਟੀ ਚੁੱਕ ਅਤੇ ਸਮੁੰਦਰ ਵੱਲ ਆਪਣਾ ਹੱਥ ਲੰਮਾ ਕਰ ਅਤੇ ਉਸਨੂੰ ਦੋ ਭਾਗ ਕਰ ਦੇ ਤਾਂ ਕਿ ਇਸਰਾਏਲੀ ਸਮੁੰਦਰ ਵਿੱਚ ਦੀ ਸੁੱਕੀ ਜ਼ਮੀਨ ਥਾਣੀ ਲੰਘ ਜਾਣ। 17 ਮੈਂ ਮਿਸਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿਆਂਗਾ ਤਾਂ ਜੋ ਉਹ ਉਹਨਾਂ ਦੇ ਮਗਰ ਆਉਣ, ਅਤੇ ਮੈਂ ਫ਼ਿਰਾਊਨ ਅਤੇ ਉਸਦੀ ਸਾਰੀ ਸੈਨਾ ਦੁਆਰਾ ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਤੋਂ ਆਦਰ ਪਾਵਾਂਗਾ। 18 ਜਦੋਂ ਮੈਂ ਫ਼ਿਰਾਊਨ, ਉਸਦੇ ਰਥਾਂ ਅਤੇ ਉਸਦੇ ਘੋੜਸਵਾਰਾਂ ਦੁਆਰਾ ਆਦਰ ਪ੍ਰਾਪਤ ਕਰਾਂਗਾ ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।"

19 ਤਦ ਪਰਮੇਸ਼ਵਰ ਦਾ ਦੂਤ ਜੋ ਇਸਰਾਏਲ ਦੀ ਫ਼ੌਜ ਦੇ ਅੱਗੇ-ਅੱਗੇ ਸਫ਼ਰ ਕਰ ਰਿਹਾ ਸੀ, ਪਿੱਛੇ ਹਟ ਗਿਆ ਅਤੇ ਉਹਨਾਂ ਦੇ ਪਿੱਛੇ ਚਲਾ ਗਿਆ। ਬੱਦਲ ਦਾ ਥੰਮ੍ਹ ਵੀ ਅੱਗੇ ਤੋਂ ਹਿੱਲ ਕੇ ਉਹਨਾਂ ਦੇ ਪਿੱਛੇ ਖੜਾ ਹੋ ਗਿਆ। 20 ਇਸ ਤਰ੍ਹਾਂ ਉਹ ਇਸਰਾਏਲੀ ਲੋਕਾਂ ਅਤੇ ਮਿਸਰ ਦੀ ਫੌਜ ਵਿਚਕਾਰ ਦੀਵਾਰ ਦੀ ਤਰ੍ਹਾਂ ਖੜ੍ਹਾਂ ਹੋ ਗਿਆ। ਇਸ ਤਰ੍ਹਾਂ ਉਹਨਾਂ ਧਿਰਾਂ ਦੇ ਵਿਚਕਾਰ ਬੱਦਲ ਅਤੇ ਹਨ੍ਹੇਰੀ ਸੀ ਜਿਸ ਕਾਰਨ ਉਹ ਇੱਕ-ਦੂਜੇ ਦੇ ਨੇੜੇ ਨਾ ਆਏ।

21 ਤਦ ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਪਸਾਰਿਆ, ਅਤੇ ਸਾਰੀ ਰਾਤ ਯਾਹਵੇਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ। 22 ਅਤੇ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਦੀ ਕੰਧ ਵਾਂਗੂੰ ਸੀ।

23 ਮਿਸਰੀਆਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਫ਼ਿਰਾਊਨ ਦੇ ਸਾਰੇ ਘੋੜੇ, ਰਥ ਅਤੇ ਘੋੜਸਵਾਰ ਸਮੁੰਦਰ ਵਿੱਚ ਉਹਨਾਂ ਦੇ ਪਿੱਛੇ ਚਲੇ ਗਏ। 24 ਰਾਤ ਦੇ ਆਖਰੀ ਪਹਿਰ ਦੇ ਦੌਰਾਨ ਯਾਹਵੇਹ ਨੇ ਮਿਸਰੀ ਫੌਜ ਵੱਲ ਅੱਗ ਅਤੇ ਬੱਦਲ ਦੇ ਥੰਮ੍ਹ ਤੋਂ ਹੇਠਾਂ ਦੇਖਿਆ ਅਤੇ ਇਸਨੂੰ ਉਲਝਣ ਵਿੱਚ ਸੁੱਟ ਦਿੱਤਾ। 25 ਉਸਨੇ ਉਹਨਾਂ ਦੇ ਰੱਥਾਂ ਦੇ ਪਹੀਏ ਨੂੰ ਜਾਮ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਰੱਥ ਚਲਾਉਣ ਵਿੱਚ ਮੁਸ਼ਕਲ ਹੋਵੇ ਅਤੇ ਮਿਸਰੀਆਂ ਨੇ ਆਖਿਆ, "ਆਓ ਇਸਰਾਏਲੀਆਂ ਤੋਂ ਦੂਰ ਚੱਲੀਏ! ਯਾਹਵੇਹ ਉਹਨਾਂ ਲਈ ਮਿਸਰ ਦੇ ਵਿਰੁੱਧ ਲੜ ਰਿਹਾ ਹੈ।"

26 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਅਤੇ ਉਹਨਾਂ ਦੇ ਰੱਥਾਂ ਅਤੇ ਘੋੜ ਸਵਾਰਾਂ ਉੱਤੇ ਵਾਪਸ ਵਹਿ ਜਾਵੇ।" 27 ਮੋਸ਼ੇਹ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ, ਅਤੇ ਸਵੇਰ ਵੇਲੇ ਸਮੁੰਦਰ ਆਪਣੀ ਥਾਂ ਤੇ ਮੁੜ ਗਿਆ। ਮਿਸਰੀ ਉਸ ਵੱਲ ਭੱਜ ਰਹੇ ਸਨ, ਅਤੇ ਯਾਹਵੇਹ ਨੇ ਉਹਨਾਂ ਨੂੰ ਸਮੁੰਦਰ ਵਿੱਚ ਵਹਾ ਦਿੱਤਾ। 28 ਪਾਣੀ ਵਾਪਸ ਵਹਿ ਗਿਆ ਅਤੇ ਰਥਾਂ ਅਤੇ ਘੋੜਸਵਾਰਾਂ ਨੂੰ ਢੱਕ ਲਿਆ, ਫ਼ਿਰਾਊਨ ਦੀ ਸਾਰੀ ਫ਼ੌਜ ਜੋ ਇਸਰਾਏਲੀਆਂ ਦਾ ਪਿੱਛਾ ਕਰਕੇ ਸਮੁੰਦਰ ਵਿੱਚ ਡੁੱਬ ਗਈ। ਉਹਨਾਂ ਵਿੱਚੋਂ ਇੱਕ ਵੀ ਨਹੀਂ ਬਚਿਆ।

29 ਪਰ ਇਸਰਾਏਲੀ ਸੁੱਕੀ ਜ਼ਮੀਨ ਉੱਤੇ ਸਮੁੰਦਰ ਵਿੱਚੋਂ ਦੀ ਲੰਘੇ, ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਕੰਧ ਦੀ ਵਾਂਗੂੰ ਸੀ। 30 ਉਸ ਦਿਨ ਯਾਹਵੇਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ, ਅਤੇ ਇਸਰਾਏਲ ਨੇ ਮਿਸਰੀਆਂ ਨੂੰ ਕੰਢੇ ਤੇ ਮਰੇ ਪਏ ਦੇਖਿਆ। 31 ਅਤੇ ਜਦੋਂ ਇਸਰਾਏਲੀਆਂ ਨੇ ਮਿਸਰੀਆਂ ਦੇ ਵਿਰੁੱਧ ਯਾਹਵੇਹ ਦੇ ਸ਼ਕਤੀਸ਼ਾਲੀ ਹੱਥ ਨੂੰ ਦੇਖਿਆ, ਤਾਂ ਲੋਕ ਯਾਹਵੇਹ ਤੋਂ ਡਰ ਗਏ ਅਤੇ ਉਹਨਾਂ ਨੇ ਉਸ ਉੱਤੇ ਅਤੇ ਉਸਦੇ ਸੇਵਕ ਮੋਸ਼ੇਹ ਉੱਤੇ ਭਰੋਸਾ ਕੀਤਾ।

Veja também

Publicidade
Bíblia Online Bíblia Online

Bíblia Online • Versão: 2026-06-15_21-32-39-