Publicidade

Êxodo 40

ਡੇਰੇ ਦੀ ਸਥਾਪਨਾ

1 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ: 2 "ਪਹਿਲੇ ਮਹੀਨੇ ਦੇ ਪਹਿਲੇ ਦਿਨ ਡੇਰੇ, ਮੰਡਲੀ ਦੇ ਤੰਬੂ ਨੂੰ ਸਥਾਪਿਤ ਕਰ। 3 ਨੇਮ ਦੇ ਸੰਦੂਕ ਨੂੰ ਇਸ ਵਿੱਚ ਰੱਖੀ ਅਤੇ ਸੰਦੂਕ ਨੂੰ ਪਰਦੇ ਨਾਲ ਵੱਖਰਾ ਕਰੀ। 4 ਤੂੰ ਮੇਜ਼ ਨੂੰ ਅੰਦਰ ਲਿਆਵੀਂ ਅਤੇ ਉਸ ਦੇ ਸਮਾਨ ਨੂੰ ਸੁਆਰ ਕੇ ਰੱਖੀ। ਫਿਰ ਸ਼ਮਾਦਾਨ ਨੂੰ ਅੰਦਰ ਲਿਆਵੀਂ ਅਤੇ ਇਸ ਦੇ ਦੀਵੇ ਜਗਾਵੀਂ। 5 ਧੂਪ ਦੀ ਸੋਨੇ ਦੀ ਜਗਵੇਦੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਰੱਖੀ ਅਤੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਉਣਾ।

6 "ਤੂੰ ਹੋਮ ਦੀ ਭੇਟ ਨੂੰ ਡੇਰੇ ਦੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਅੱਗੇ ਰੱਖੀ। 7 ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਇਸ ਵਿੱਚ ਪਾਣੀ ਪਾਈ। 8 ਉਸ ਦੇ ਆਲੇ-ਦੁਆਲੇ ਵਿਹੜਾ ਬਣਾਈ ਅਤੇ ਵਿਹੜੇ ਦੇ ਪ੍ਰਵੇਸ਼ ਦੁਆਰ ਉੱਤੇ ਪਰਦਾ ਲਗਾਈ।

9 "ਮਸਹ ਕਰਨ ਵਾਲਾ ਤੇਲ ਲੈ ਕੇ ਡੇਰੇ ਅਤੇ ਉਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਨੂੰ ਮਸਹ ਕਰੀ। ਇਸਨੂੰ ਅਤੇ ਇਸਦੇ ਸਾਰੇ ਸਮਾਨ ਨੂੰ ਪਵਿੱਤਰ ਕਰੀ ਅਤੇ ਇਹ ਪਵਿੱਤਰ ਹੋਵੇਗਾ। 10 ਤੂੰ ਹੋਮ ਦੀ ਜਗਵੇਦੀ ਅਤੇ ਉਸਦੇ ਸਾਰੇ ਭਾਂਡਿਆਂ ਨੂੰ ਮਸਹ ਕਰੀ। ਜਗਵੇਦੀ ਨੂੰ ਪਵਿੱਤਰ ਕਰੀ, ਅਤੇ ਇਹ ਸਭ ਤੋਂ ਪਵਿੱਤਰ ਹੋਵੇਗੀ। 11 ਫਿਰ ਤੂੰ ਹੌਦ ਨੂੰ ਅਤੇ ਉਸ ਦੀ ਚੌਕੀ ਨੂੰ ਮਲੀ, ਅਤੇ ਉਸ ਨੂੰ ਪਵਿੱਤਰ ਕਰੀ।

12 "ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਕੋਲ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਨਹਿਲਾਈਂ। 13 ਫਿਰ ਹਾਰੋਨ ਨੂੰ ਪਵਿੱਤਰ ਬਸਤਰ ਪਹਿਨਾਈ, ਉਸਨੂੰ ਮਸਹ ਕਰਕੇ ਪਵਿੱਤਰ ਕਰੀ ਤਾਂ ਜੋ ਉਹ ਜਾਜਕ ਵਜੋਂ ਮੇਰੀ ਸੇਵਾ ਕਰ ਸਕੇ। 14 ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੱਪੜੇ ਪਹਿਨਾਈ। 15 ਉਸ ਨੂੰ ਮਸਹ ਕਰੀ ਜਿਵੇਂ ਤੂੰ ਉਹਨਾਂ ਦੇ ਪਿਤਾ ਨੂੰ ਮਸਹ ਕੀਤਾ ਸੀ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਅਤੇ ਉਸ ਤਰ੍ਹਾਂ ਉਹਨਾਂ ਦਾ ਮਸਹ ਹੋਣਾ ਉਹਨਾਂ ਦੀਆਂ ਪੀੜ੍ਹੀਆਂ ਤੱਕ ਇੱਕ ਅਨੰਤ ਜਾਜਕਾਈ ਹੋਵੇਗੀ।" 16 ਮੋਸ਼ੇਹ ਨੇ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

17 ਇਸ ਲਈ ਡੇਰਾ ਦੂਜੇ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਸਥਾਪਤ ਕੀਤਾ ਗਿਆ ਸੀ। 18 ਜਦੋਂ ਮੋਸ਼ੇਹ ਨੇ ਤੰਬੂ ਦੀ ਸਥਾਪਨਾ ਕੀਤੀ, ਅਤੇ ਉਸ ਨੇ ਉਸ ਦੀਆਂ ਚੀਥੀਆਂ ਅਤੇ ਉਸਦੇ ਫੱਟੇ ਲਾਏ ਅਤੇ ਉਸ ਦੇ ਹੋੜੇ ਰੱਖੇ ਅਤੇ ਉਸ ਦੀਆਂ ਥੰਮ੍ਹੀਆਂ ਖੜੀਆਂ ਕੀਤੀਆ। 19 ਫਿਰ ਮੋਸ਼ੇਹ ਨੇ ਤੰਬੂ ਨੂੰ ਡੇਰੇ ਉੱਤੇ ਵਿਛਾ ਦਿੱਤਾ ਅਤੇ ਤੰਬੂ ਉੱਤੇ ਢੱਕਣ ਪਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।

20 ਉਸ ਨੇ ਨੇਮ ਦੀਆਂ ਫੱਟੀਆਂ ਲੈ ਕੇ ਸੰਦੂਕ ਵਿੱਚ ਰੱਖ ਦਿੱਤੀਆਂ, ਚੋਬਾਂ ਨੂੰ ਸੰਦੂਕ ਉੱਤੇ ਰੱਖਿਆ ਅਤੇ ਪ੍ਰਾਸਚਿਤ ਦਾ ਢੱਕਣ ਸੰਦੂਕ ਦੇ ਉੱਤੇ ਰੱਖਿਆ। 21 ਫਿਰ ਉਸਨੇ ਸੰਦੂਕ ਨੂੰ ਡੇਰੇ ਵਿੱਚ ਲਿਆਂਦਾ ਅਤੇ ਢਾਲ ਵਾਲੇ ਪਰਦੇ ਨੂੰ ਟੰਗ ਦਿੱਤਾ ਅਤੇ ਨੇਮ ਦੇ ਸੰਦੂਕ ਨੂੰ ਢਾਲ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

22 ਮੋਸ਼ੇਹ ਨੇ ਮੇਜ਼ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਬਾਹਰ ਡੇਰੇ ਦੇ ਉੱਤਰ ਵਾਲੇ ਪਾਸੇ ਰੱਖਿਆ 23 ਅਤੇ ਯਾਹਵੇਹ ਦੇ ਅੱਗੇ ਰੋਟੀ ਰੱਖ ਦਿੱਤੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

24 ਉਸ ਨੇ ਸ਼ਮਾਦਾਨ ਨੂੰ ਮੰਡਲੀ ਦੇ ਤੰਬੂ ਵਿੱਚ ਮੇਜ਼ ਦੇ ਸਾਹਮਣੇ ਡੇਰੇ ਦੇ ਦੱਖਣ ਵਾਲੇ ਪਾਸੇ ਰੱਖਿਆ। 25 ਅਤੇ ਯਾਹਵੇਹ ਦੇ ਅੱਗੇ ਦੀਵੇ ਜਗਾਏ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

26 ਮੋਸ਼ੇਹ ਨੇ ਸੋਨੇ ਦੀ ਜਗਵੇਦੀ ਨੂੰ ਮੰਡਲੀ ਦੇ ਤੰਬੂ ਵਿੱਚ ਪਰਦੇ ਦੇ ਸਾਹਮਣੇ ਰੱਖਿਆ 27 ਅਤੇ ਉਸ ਉੱਤੇ ਸੁਗੰਧਿਤ ਧੂਪ ਧੁਖਾਈ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

28 ਤਦ ਉਸ ਨੇ ਡੇਰੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ। 29 ਉਸ ਨੇ ਹੋਮ ਬਲੀ ਦੀ ਜਗਵੇਦੀ ਡੇਰੇ ਦੇ ਦਰਵਾਜ਼ੇ, ਮੰਡਲੀ ਦੇ ਤੰਬੂ ਦੇ ਕੋਲ ਰੱਖੀ ਅਤੇ ਉਸ ਉੱਤੇ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਚੜ੍ਹਾਈਆਂ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

30 ਉਸ ਨੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਹੌਦ ਰੱਖੀ ਅਤੇ ਉਸ ਵਿੱਚ ਧੋਣ ਲਈ ਪਾਣੀ ਪਾਇਆ। 31 ਅਤੇ ਮੋਸ਼ੇਹ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸਨੂੰ ਆਪਣੇ ਹੱਥ ਪੈਰ ਧੋਣ ਲਈ ਵਰਤਦੇ ਸਨ। 32 ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਵੜਦੇ ਸਨ ਜਾਂ ਜਗਵੇਦੀ ਦੇ ਨੇੜੇ ਜਾਂਦੇ ਸਨ ਤਾਂ ਉਹ ਇਸ਼ਨਾਨ ਕਰਦੇ ਹੁੰਦੇ ਸਨ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

33 ਤਦ ਮੋਸ਼ੇਹ ਨੇ ਡੇਰੇ ਅਤੇ ਜਗਵੇਦੀ ਦੇ ਦੁਆਲੇ ਵਿਹੜਾ ਬਣਾਇਆ ਅਤੇ ਵਿਹੜੇ ਦੇ ਦਰਵਾਜ਼ੇ ਉੱਤੇ ਪਰਦਾ ਲਗਾ ਦਿੱਤਾ ਅਤੇ ਇਸ ਤਰ੍ਹਾਂ ਮੋਸ਼ੇਹ ਨੇ ਕੰਮ ਪੂਰਾ ਕੀਤਾ।

ਯਾਹਵੇਹ ਦੀ ਮਹਿਮਾ

34 ਤਦ ਮੰਡਲੀ ਵਾਲੇ ਤੰਬੂ ਨੂੰ ਬੱਦਲ ਨੇ ਢੱਕ ਲਿਆ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ। 35 ਮੋਸ਼ੇਹ ਮੰਡਲੀ ਦੇ ਤੰਬੂ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ ਸੀ ਕਿਉਂਕਿ ਬੱਦਲ ਉਸ ਉੱਤੇ ਟਿਕ ਗਿਆ ਸੀ, ਅਤੇ ਡੇਰੇ ਨੂੰ ਯਾਹਵੇਹ ਦੀ ਮਹਿਮਾ ਨੇ ਭਰ ਦਿੱਤਾ ਸੀ।

36 ਇਸਰਾਏਲੀਆਂ ਦੀ ਸਾਰੀ ਯਾਤਰਾ ਵਿੱਚ, ਜਦੋਂ ਵੀ ਬੱਦਲ ਡੇਰੇ ਦੇ ਉੱਪਰੋਂ ਉੱਠਦਾ ਸੀ, ਫਿਰ ਉਸ ਉੱਥੋਂ ਨਿਕਲਦੇ ਸਨ; 37 ਪਰ ਜੇ ਬੱਦਲ ਨਹੀਂ ਉੱਠਦਾ, ਤਾਂ ਉਹ ਬਾਹਰ ਨਹੀਂ ਨਿਕਲੇ ਜਦੋਂ ਤੱਕ ਇਹ ਉੱਠਿਆ ਨਹੀਂ ਸੀ। 38 ਇਸ ਲਈ ਯਾਹਵੇਹ ਦਾ ਬੱਦਲ ਦਿਨ ਨੂੰ ਡੇਰੇ ਉੱਤੇ ਅਤੇ ਰਾਤ ਨੂੰ ਬੱਦਲ ਵਿੱਚ ਅੱਗ, ਸਾਰੇ ਇਸਰਾਏਲੀਆਂ ਦੀ ਨਜ਼ਰ ਵਿੱਚ ਉਹਨਾਂ ਦੇ ਸਾਰੇ ਸਫ਼ਰ ਦੌਰਾਨ ਸੀ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-