1 ਯਾਹਵੇਹ ਨੇ ਮਿਸਰ ਵਿੱਚ ਮੋਸ਼ੇਹ ਅਤੇ ਹਾਰੋਨ ਨੂੰ ਆਖਿਆ, 2 "ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੈ, ਤੁਹਾਡੇ ਸਾਲ ਦਾ ਪਹਿਲਾ ਮਹੀਨਾ। 3 ਇਸਰਾਏਲ ਦੀ ਸਾਰੀ ਕੌਮ ਨੂੰ ਦੱਸ ਕਿ ਇਸ ਮਹੀਨੇ ਦੀ ਦਸਵੀਂ ਤਾਰੀਖ਼ ਨੂੰ ਹਰੇਕ ਮਨੁੱਖ ਆਪਣੇ ਪਰਿਵਾਰ ਲਈ ਇੱਕ ਲੇਲਾ ਲੈ ਕੇ ਆਵੇ। 4 ਜੇ ਇੱਕ ਪਰਿਵਾਰ ਇੱਕ ਪੂਰਾ ਲੇਲੇ ਖਾਣ ਲਈ ਬਹੁਤ ਛੋਟਾ ਹੈ, ਤਾਂ ਉਸਨੂੰ ਗੁਆਂਢ ਵਿੱਚ ਕਿਸੇ ਹੋਰ ਪਰਿਵਾਰ ਨਾਲ ਵੰਡੋ। ਜਾਨਵਰ ਨੂੰ ਹਰੇਕ ਪਰਿਵਾਰ ਦੇ ਆਕਾਰ ਅਨੁਸਾਰ ਵੰਡੋ ਜਿੰਨਾ ਉਹ ਖਾ ਸਕਦਾ ਹੈ। 5 ਤੁਹਾਡੇ ਦੁਆਰਾ ਚੁਣੇ ਗਏ ਜਾਨਵਰਾਂ ਵਿੱਚੋਂ ਇੱਕ ਸਾਲ ਦੀ ਉਮਰ ਦਾ ਨਰ ਅਤੇ ਬੱਜ ਤੋਂ ਰਹਿਤ ਹੋਣੇ ਚਾਹੀਦੇ ਹਨ ਅਤੇ ਤੁਸੀਂ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਤੋਂ ਲੈ ਸਕਦੇ ਹੋ। 6 ਮਹੀਨੇ ਦੇ ਚੌਦ੍ਹਵੇਂ ਦਿਨ ਤੱਕ ਉਹਨਾਂ ਦੀ ਦੇਖਭਾਲ ਕਰੋ, ਜਦੋਂ ਇਸਰਾਏਲ ਦੇ ਸਮੂਹ ਦੇ ਸਾਰੇ ਲੋਕ ਸ਼ਾਮ ਵੇਲੇ ਉਹਨਾਂ ਨੂੰ ਵੱਢ ਦੇਣ। 7 ਫਿਰ ਉਹ ਉਸ ਲਹੂ ਵਿੱਚੋਂ ਕੁਝ ਲੈਣ ਅਤੇ ਇਸ ਨੂੰ ਉਹਨਾਂ ਘਰਾਂ ਦੇ ਦਰਵਾਜ਼ਿਆਂ ਦੇ ਪਾਸਿਆਂ ਅਤੇ ਸਿਖਰਾਂ ਉੱਤੇ ਲਗਾਉਣਾ ਜਿੱਥੇ ਉਹ ਖਾਣਗੇ। 8 ਉਸੇ ਰਾਤ ਉਹਨਾਂ ਨੂੰ ਅੱਗ ਉੱਤੇ ਭੁੰਨਿਆ ਹੋਇਆ ਮਾਸ, ਕੌੜੀਆਂ ਜੜ੍ਹੀਆਂ ਬੂਟੀਆਂ ਅਤੇ ਬਿਨਾਂ ਖਮੀਰ ਦੀ ਰੋਟੀ ਦੇ ਖਾਣ। 9 ਮਾਸ ਨੂੰ ਕੱਚਾ ਜਾਂ ਪਾਣੀ ਵਿੱਚ ਉਬਾਲ ਕੇ ਨਾ ਖਾਓ, ਸਗੋਂ ਇਸ ਨੂੰ ਸਿਰ, ਲੱਤਾਂ ਅਤੇ ਅੰਦਰੂਨੀ ਅੰਗਾਂ ਸਮੇਤ ਅੱਗ ਉੱਤੇ ਭੁੰਨ ਲਓ। 10 ਸਵੇਰ ਤੱਕ ਉਸ ਵਿੱਚੋਂ ਕੁਝ ਨਾ ਛੱਡੋ। ਜੇਕਰ ਕੁਝ ਸਵੇਰ ਤੱਕ ਬਚਿਆ ਹੈ, ਤਾਂ ਤੁਹਾਨੂੰ ਇਸਨੂੰ ਸਾੜ ਦੇਣਾ ਚਾਹੀਦਾ ਹੈ। 11 ਤੁਸੀਂ ਇਸ ਨੂੰ ਇਸ ਤਰ੍ਹਾਂ ਖਾਣਾ ਹੈ, ਆਪਣੇ ਲੱਕ ਬੰਨ੍ਹ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਸੋਟੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ-ਛੇਤੀ ਖਾਣਾ ਕਿਉਂਕਿ ਇਹ ਯਾਹਵੇਹ ਦਾ ਪਸਾਹ ਹੈ।
12 "ਉਸੇ ਰਾਤ ਮੈਂ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਨੁੱਖਾਂ ਅਤੇ ਜਾਨਵਰਾਂ ਦੇ ਹਰੇਕ ਪਹਿਲੌਠੇ ਨੂੰ ਮਾਰ ਦਿਆਂਗਾ, ਅਤੇ ਮੈਂ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਾਹਵੇਹ ਹਾਂ। 13 ਲਹੂ ਤੁਹਾਡੇ ਲਈ ਉਹਨਾਂ ਘਰਾਂ ਉੱਤੇ ਇੱਕ ਨਿਸ਼ਾਨ ਹੋਵੇਗਾ ਜਿੱਥੇ ਤੁਸੀਂ ਹੋ, ਅਤੇ ਜਦੋਂ ਮੈਂ ਲਹੂ ਨੂੰ ਦੇਖਾਂਗਾ, ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ। ਜਦੋਂ ਮੈਂ ਮਿਸਰ ਉੱਤੇ ਹਮਲਾ ਕਰਾਂਗਾ ਤਾਂ ਕੋਈ ਨਾਸ਼ ਕਰਨ ਵਾਲੀ ਬਿਪਤਾ ਤੁਹਾਨੂੰ ਛੂਹ ਨਹੀਂ ਸਕੇਗੀ।
14 "ਇਹ ਉਹ ਦਿਨ ਹੈ ਜਿਸਨੂੰ ਤੁਸੀਂ ਯਾਦ ਕਰਨਾ ਹੈ, ਆਉਣ ਵਾਲੀਆਂ ਪੀੜ੍ਹੀਆਂ ਲਈ ਤੁਸੀਂ ਇਸਨੂੰ ਯਾਹਵੇਹ ਲਈ ਇੱਕ ਤਿਉਹਾਰ ਵਜੋਂ ਮਨਾਓਗੇ, ਅਤੇ ਇਸ ਨੂੰ ਲਗਾਤਾਰ ਮਨਾਉਣਾ ਹੈ। 15 ਸੱਤ ਦਿਨਾਂ ਤੱਕ ਤੁਹਾਨੂੰ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। ਪਹਿਲੇ ਦਿਨ ਆਪਣੇ ਘਰਾਂ ਵਿੱਚੋਂ ਖਮੀਰ ਕੱਢ ਦਿਓ ਕਿਉਂ ਕਿ ਜੋ ਕੋਈ ਪਹਿਲੇ ਦਿਨ ਤੋਂ ਲੈ ਕੇ ਸੱਤਵੇਂ ਦਿਨ ਤੱਕ ਖਮੀਰ ਨਾਲ ਕੁਝ ਖਾਵੇ ਉਹ ਇਸਰਾਏਲ ਵਿੱਚੋਂ ਕੱਟਿਆ ਜਾਵੇ। 16 ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ, ਅਤੇ ਸੱਤਵੇਂ ਦਿਨ ਇੱਕ ਹੋਰ। ਇਨ੍ਹਾਂ ਦਿਨਾਂ ਵਿੱਚ ਕੋਈ ਵੀ ਕੰਮ ਨਾ ਕਰੋ, ਸਿਵਾਏ ਸਾਰਿਆਂ ਲਈ ਭੋਜਨ ਤਿਆਰ ਕਰਨ ਦੇ, ਇਹ ਸਭ ਤੁਸੀਂ ਕਰ ਸਕਦੇ ਹੋ।
17 "ਖਮੀਰੀ ਰੋਟੀ ਦਾ ਤਿਉਹਾਰ ਮਨਾਓ, ਕਿਉਂਕਿ ਇਸੇ ਦਿਨ ਹੀ ਮੈਂ ਤੁਹਾਡੀਆਂ ਸੈਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਸੀ। ਇਸ ਦਿਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਮਨਾਓ। 18 ਤੁਹਾਨੂੰ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਦੀ ਸ਼ਾਮ ਤੋਂ ਲੈ ਕੇ ਇੱਕੀਵੀਂ ਦਿਨ ਦੀ ਸ਼ਾਮ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। 19 ਸੱਤ ਦਿਨਾਂ ਤੱਕ ਤੁਹਾਡੇ ਘਰਾਂ ਵਿੱਚ ਕੋਈ ਖਮੀਰ ਨਾ ਪਾਇਆ ਜਾਵੇ ਅਤੇ ਜੇਕਰ ਕੋਈ ਪਰਦੇਸੀ ਹੋਵੇ ਭਾਵੇਂ ਦੇਸ਼ ਵਿੱਚ ਜੰਮਿਆ ਹੋਵੇ, ਜਿਹੜਾ ਉਸ ਵਿੱਚ ਖਮੀਰ ਵਿੱਚੋਂ ਖਾਵੇ ਉਹ ਇਸਰਾਏਲ ਦੀ ਕੌਮ ਵਿੱਚੋਂ ਛੇਕਿਆ ਜਾਵੇ। 20 ਖਮੀਰ ਨਾਲ ਬਣੀ ਕੋਈ ਚੀਜ਼ ਨਾ ਖਾਓ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪਤੀਰੀ ਰੋਟੀ ਜ਼ਰੂਰ ਖਾਓ।"
21 ਫਿਰ ਮੋਸ਼ੇਹ ਨੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, "ਜਾਓ ਅਤੇ ਆਪਣੇ ਪਰਿਵਾਰਾਂ ਲਈ ਜਾਨਵਰ ਚੁਣੋ ਅਤੇ ਪਸਾਹ ਦੇ ਲੇਲੇ ਨੂੰ ਵੱਢੋ। 22 ਜੂਫੇ ਦਾ ਇੱਕ ਗੁੱਛਾ ਲੈ ਕੇ ਇਸ ਨੂੰ ਲਹੂ ਵਿੱਚ ਡੁਬੋ ਅਤੇ ਕੁਝ ਖੂਨ ਨੂੰ ਦਰਵਾਜ਼ੇ ਦੇ ਉੱਪਰ ਅਤੇ ਕੁਝ ਦਰਵਾਜ਼ੇ ਦੇ ਦੋਹਾਂ ਪਾਸਿਆਂ ਉੱਤੇ ਲਗਾਓ। ਤੁਹਾਡੇ ਵਿੱਚੋਂ ਕੋਈ ਸਵੇਰ ਤੱਕ ਆਪਣੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਾ ਜਾਵੇ। 23 ਜਦੋਂ ਯਾਹਵੇਹ ਮਿਸਰੀਆਂ ਨੂੰ ਮਾਰਨ ਲਈ ਧਰਤੀ ਵਿੱਚੋਂ ਦੀ ਲੰਘੇਗਾ, ਉਹ ਦਰਵਾਜ਼ੇ ਦੇ ਉੱਪਰ ਅਤੇ ਪਾਸਿਆਂ ਉੱਤੇ ਲਹੂ ਨੂੰ ਵੇਖੇਗਾ ਅਤੇ ਉਸ ਦਰਵਾਜ਼ੇ ਤੋਂ ਲੰਘੇਗਾ, ਅਤੇ ਉਹ ਤਬਾਹ ਕਰਨ ਵਾਲੇ ਨੂੰ ਤੁਹਾਡੇ ਘਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਵੇਗਾ ਤਾਂ ਜੋ ਤੁਹਾਨੂੰ ਮਾਰ ਸਕੇ।
24 "ਤੁਹਾਡੇ ਅਤੇ ਤੁਹਾਡੇ ਉੱਤਰਾਧਿਕਾਰੀਆਂ ਲਈ ਇੱਕ ਸਥਾਈ ਨਿਯਮ ਵਜੋਂ ਇਨ੍ਹਾਂ ਹਿਦਾਇਤਾਂ ਦੀ ਪਾਲਣਾ ਕਰੋ। 25 ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋਵੋ ਜੋ ਯਾਹਵੇਹ ਤੁਹਾਨੂੰ ਦੇਵੇਗਾ ਜਿਵੇਂ ਕਿ ਉਸਨੇ ਵਾਅਦਾ ਕੀਤਾ ਸੀ, ਇਸ ਰੀਤੀ ਨੂੰ ਮਨਾਇਆ ਕਰੋ। 26 ਅਤੇ ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਦੇ ਹਨ, ‘ਇਸ ਰਸਮ ਦਾ ਤੁਹਾਡੇ ਲਈ ਕੀ ਅਰਥ ਹੈ?’ 27 ਫਿਰ ਉਹਨਾਂ ਨੂੰ ਆਖੋ, ‘ਇਹ ਪਸਾਹ ਦੀ ਬਲੀ ਯਾਹਵੇਹ ਲਈ ਹੈ, ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਵਿੱਚੋਂ ਲੰਘਿਆ ਅਤੇ ਸਾਡੇ ਘਰਾਂ ਨੂੰ ਬਚਾਇਆ ਜਦੋਂ ਉਸ ਨੇ ਮਿਸਰੀਆਂ ਨੂੰ ਮਾਰਿਆ।’ " 28 ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ।
29 ਅੱਧੀ ਰਾਤ ਨੂੰ ਯਾਹਵੇਹ ਨੇ ਮਿਸਰ ਦੇ ਸਾਰੇ ਪਹਿਲੌਠੇ ਪੁੱਤਰਾਂ ਨੂੰ ਮਾਰ ਦਿੱਤਾ ਫ਼ਿਰਾਊਨ ਦੇ ਜੇਠੇ ਤੋਂ ਲੈ ਕੇ, ਜੋ ਸਿੰਘਾਸਣ ਤੇ ਬੈਠਾ ਸੀ ਕੈਦੀ ਦੇ ਜੇਠੇ ਤੱਕ, ਜੋ ਕਿ ਕਾਲ ਕੋਠੜੀ ਵਿੱਚ ਸੀ, ਅਤੇ ਸਾਰੇ ਪਸ਼ੂਆਂ ਦੇ ਜੇਠੇ ਨੂੰ ਮਾਰ ਸੁੱਟਿਆ। 30 ਫ਼ਿਰਾਊਨ ਅਤੇ ਉਸਦੇ ਸਾਰੇ ਅਧਿਕਾਰੀ ਅਤੇ ਸਾਰੇ ਮਿਸਰੀ ਰਾਤ ਨੂੰ ਉੱਠੇ ਅਤੇ ਮਿਸਰ ਵਿੱਚ ਉੱਚੀ-ਉੱਚੀ ਰੌਲਾ ਪਾਇਆ ਕਿਉਂ ਜੋ ਕੋਈ ਅਜਿਹਾ ਘਰ ਨਹੀਂ ਸੀ ਜਿਸਦਾ ਕੋਈ ਮੁਰਦਾ ਨਾ ਹੋਵੇ।
31 ਰਾਤ ਨੂੰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, "ਉੱਠੋ! ਮੇਰੇ ਲੋਕਾਂ ਨੂੰ, ਤੁਸੀਂ ਅਤੇ ਸਾਰੇ ਇਸਰਾਏਲੀ ਛੱਡ ਕੇ ਚਲੇ ਜਾਓ, ਯਾਹਵੇਹ ਦੀ ਅਰਾਧਨਾ ਕਰੋ ਜਿਵੇਂ ਤੁਸੀਂ ਬੇਨਤੀ ਕੀਤੀ ਹੈ। 32 ਜਿਵੇਂ ਤੁਸੀਂ ਕਿਹਾ ਹੈ, ਆਪਣੇ ਝੁੰਡ ਅਤੇ ਇੱਜੜ ਲੈ ਜਾਓ ਜਿਵੇਂ ਤੁਸੀਂ ਬੋਲੇ ਸੀ ਚਲੇ ਜਾਓ, ਨਾਲੇ ਮੈਨੂੰ ਵੀ ਅਸੀਸ ਦੇਣਾ।"
33 ਮਿਸਰੀਆਂ ਨੇ ਲੋਕਾਂ ਨੂੰ ਜਲਦੀ ਕਰਨ ਅਤੇ ਦੇਸ਼ ਛੱਡਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ, "ਨਹੀਂ ਤਾਂ, ਅਸੀਂ ਸਾਰੇ ਮਰ ਜਾਵਾਂਗੇ!" 34 ਇਸ ਲਈ ਲੋਕਾਂ ਨੇ ਖਮੀਰ ਪਾਉਣ ਤੋਂ ਪਹਿਲਾਂ ਆਪਣਾ ਆਟਾ ਲਿਆ ਅਤੇ ਕੱਪੜੇ ਵਿੱਚ ਲਪੇਟ ਕੇ ਗੁਨ੍ਹਣ ਵਾਲੇ ਕਟੋਰੇ ਵਿੱਚ ਆਪਣੇ ਮੋਢਿਆਂ ਉੱਤੇ ਚੁੱਕ ਲਿਆ। 35 ਇਸਰਾਏਲੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਮਿਸਰੀਆਂ ਤੋਂ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ ਅਤੇ ਕੱਪੜੇ ਮੰਗੇ। 36 ਯਾਹਵੇਹ ਨੇ ਉਹਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾਹ ਵਿੱਚ ਆਦਰ ਮਾਣ ਦਿੱਤਾ ਅਤੇ ਮਿਸਰੀਆਂ ਨੇ ਉਹਨਾਂ ਨੂੰ ਉਹ ਦਿੱਤਾ ਜੋ ਉਹਨਾਂ ਨੇ ਮੰਗਿਆ ਸੀ, ਇਸ ਲਈ ਉਹਨਾਂ ਨੇ ਮਿਸਰੀਆਂ ਨੂੰ ਲੁੱਟ ਲਿਆ।
37 ਇਸਰਾਏਲੀਆਂ ਨੇ ਰਾਮਸੇਸ ਤੋਂ ਸੁੱਕੋਥ ਤੱਕ ਦਾ ਸਫ਼ਰ ਕੀਤਾ। ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਛੇ ਲੱਖ ਆਦਮੀ ਪੈਦਲ ਸਨ। 38 ਹੋਰ ਵੀ ਬਹੁਤ ਪਰਦੇਸੀ ਵੀ ਉਹਨਾਂ ਦੇ ਨਾਲ ਗਏ ਅਤੇ ਪਸ਼ੂਆਂ ਦੇ ਵੱਡੇ ਝੁੰਡ, ਇਸ ਵਿੱਚ ਇੱਜੜ ਅਤੇ ਝੁੰਡ ਵੀ ਸਨ। 39 ਇਸਰਾਏਲੀਆਂ ਨੇ ਮਿਸਰ ਤੋਂ ਲਿਆਂਦੇ ਆਟੇ ਨਾਲ ਪਤੀਰੀ ਰੋਟੀਆਂ ਪਕਾਈਆਂ। ਆਟੇ ਵਿੱਚ ਖਮੀਰ ਨਹੀਂ ਸੀ ਕਿਉਂਕਿ ਉਹ ਮਿਸਰ ਵਿੱਚੋਂ ਬਾਹਰ ਕੱਢੇ ਗਏ ਸਨ ਅਤੇ ਉਹਨਾਂ ਕੋਲ ਆਪਣੇ ਲਈ ਭੋਜਨ ਤਿਆਰ ਕਰਨ ਦਾ ਸਮਾਂ ਨਹੀਂ ਸੀ।
40 ਹੁਣ ਇਸਰਾਏਲੀ ਲੋਕਾਂ ਦੇ ਮਿਸਰ ਵਿੱਚ ਰਹਿੰਦੇ ਸਮੇਂ ਦੀ ਲੰਬਾਈ 430 ਸਾਲ ਸੀ। 41 430 ਸਾਲਾਂ ਦੇ ਅੰਤ ਵਿੱਚ, ਉਸੇ ਦਿਨ ਤੱਕ ਯਾਹਵੇਹ ਦੇ ਸਾਰੇ ਲੋਕ ਮਿਸਰ ਤੋਂ ਚਲੇ ਗਏ। 42 ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਮਿਸਰ ਤੋਂ ਬਾਹਰ ਲਿਆਉਣ ਲਈ ਉਸ ਰਾਤ ਨੂੰ ਚੌਕਸ ਰੱਖਿਆ ਸੀ, ਇਸ ਰਾਤ ਨੂੰ ਸਾਰੇ ਇਸਰਾਏਲੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਯਾਹਵੇਹ ਦਾ ਆਦਰ ਕਰਨ ਲਈ ਚੌਕਸ ਰਹਿਣਾ ਹੈ।
43 ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, "ਪਸਾਹ ਦੇ ਭੋਜਨ ਲਈ ਇਹ ਨਿਯਮ ਹਨ।
"ਕੋਈ ਵੀ ਓਪਰਾ ਇਸਨੂੰ ਨਹੀਂ ਖਾ ਸਕਦਾ। 44 ਕੋਈ ਵੀ ਨੌਕਰ ਜੋ ਤੁਸੀਂ ਖਰੀਦਿਆ ਹੈ, ਉਹ ਉਸਦੀ ਸੁੰਨਤ ਕਰਨ ਤੋਂ ਬਾਅਦ ਉਸਨੂੰ ਖਾ ਸਕਦਾ ਹੈ। 45 ਪਰ ਇੱਕ ਪਰਦੇਸੀ ਅਤੇ ਮਜ਼ਦੂਰੀ ਤੇ ਕੰਮ ਕਰਨ ਵਾਲਾ ਇਸ ਨੂੰ ਨਹੀਂ ਖਾ ਸਕਦਾ ਹੈ।
46 "ਇਹ ਘਰ ਦੇ ਅੰਦਰ ਹੀ ਖਾਧਾ ਜਾਣਾ ਚਾਹੀਦਾ ਹੈ; ਕੋਈ ਵੀ ਮਾਸ ਘਰ ਤੋਂ ਬਾਹਰ ਨਾ ਲਓ। ਨਾ ਉਸਦੀ ਕੋਈ ਹੱਡੀ ਤੋੜਿਓ। 47 ਇਸਰਾਏਲ ਦੀ ਸਾਰੀ ਮੰਡਲੀ ਨੇ ਇਸ ਨੂੰ ਮਨਾਇਆ।
48 "ਤੁਹਾਡੇ ਵਿਚਕਾਰ ਰਹਿਣ ਵਾਲਾ ਕੋਈ ਵਿਦੇਸ਼ੀ ਜੋ ਯਾਹਵੇਹ ਦਾ ਪਸਾਹ ਮਨਾਉਣਾ ਚਾਹੁੰਦਾ ਹੈ, ਉਸ ਦੇ ਘਰ ਦੇ ਸਾਰੇ ਮਰਦਾਂ ਦੀ ਸੁੰਨਤ ਹੋਣੀ ਚਾਹੀਦੀ ਹੈ, ਫਿਰ ਉਹ ਦੇਸ਼ ਵਿੱਚ ਪੈਦਾ ਹੋਏ ਵਿਅਕਤੀ ਵਾਂਗ ਹਿੱਸਾ ਲੈ ਸਕਦਾ ਹੈ। ਕੋਈ ਵੀ ਬੇਸੁੰਨਤ ਮਰਦ ਇਸਨੂੰ ਨਹੀਂ ਖਾ ਸਕਦਾ। 49 ਇਹੀ ਕਾਨੂੰਨ ਦੇਸ਼ ਵਿੱਚ ਜਨਮੇ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀ ਦੋਵਾਂ ਤੇ ਲਾਗੂ ਹੁੰਦਾ ਹੈ।"
50 ਸਾਰੇ ਇਸਰਾਏਲੀਆਂ ਨੇ ਉਹੀ ਕੀਤਾ ਜੋ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਹੁਕਮ ਦਿੱਤਾ ਸੀ। 51 ਅਤੇ ਉਸੇ ਦਿਨ ਯਾਹਵੇਹ ਇਸਰਾਏਲੀਆਂ ਨੂੰ ਉਹਨਾਂ ਦੀਆਂ ਟੋਲੀਆਂ ਨਾਲ ਮਿਸਰ ਤੋਂ ਬਾਹਰ ਲੈ ਆਇਆ।