Publicidade

Êxodo 20

ਦਸ ਹੁਕਮ

1 ਫਿਰ ਪਰਮੇਸ਼ਵਰ ਨੇ ਇਹ ਸਾਰੇ ਸ਼ਬਦ ਕਹੇ ਕਿ:

2 "ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਲਿਆਇਆ।

3 "ਮੇਰੇ ਤੋਂ ਇਲਾਵਾ ਤੁਹਾਡੇ ਲਈ ਕੋਈ ਹੋਰ ਦੇਵਤੇ ਨਾ ਹੋਣ।

4 ਤੁਸੀਂ ਆਪਣੇ ਲਈ ਘੜ੍ਹੀ ਹੋਈ ਮੂਰਤ ਨਾ ਬਣਾਉਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਜਿਹੜੀ ਧਰਤੀ ਦੇ ਹੇਠਲੇ ਪਾਣੀ ਵਿੱਚ ਹੈ। 5 ਤੁਸੀਂ ਉਹਨਾਂ ਦੇ ਅੱਗੇ ਮੱਥਾ ਨਾ ਟੇਕਣਾ ਅਤੇ ਨਾ ਹੀ ਉਹਨਾਂ ਦੀ ਪੂਜਾ ਕਰਨਾ ਕਿਉਂਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਇੱਕ ਅਣਖ ਵਾਲਾ ਪਰਮੇਸ਼ਵਰ ਹਾਂ, ਜਿਹੜਾ ਪੁਰਖਿਆਂ ਦੀ ਬੁਰਿਆਈ ਦੀ ਸਜ਼ਾ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ। 6 ਪਰ ਉਹਨਾਂ ਹਜ਼ਾਰਾਂ ਪੀੜ੍ਹੀਆਂ ਨੂੰ ਪਿਆਰ ਕਰਦਾ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਹੁਕਮਾਂ ਦੀ ਪਾਲਨਾ ਕਰਦੇ ਹਨ।

7 ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦਾ ਨਾਮ ਵਿਅਰਥ ਨਾ ਲੈਣਾ, ਕਿਉਂਕਿ ਜੋ ਕੋਈ ਉਸਦਾ ਨਾਮ ਵਿਅਰਥ ਲੈਂਦਾ ਹੈ, ਯਾਹਵੇਹ ਉਸਨੂੰ ਨਿਰਦੋਸ਼ ਨਾ ਠਹਿਰਾਵੇਗਾ।

8 ਸਬਤ ਦੇ ਦਿਨ ਨੂੰ ਪਵਿੱਤਰ ਸਮਝ ਕੇ ਯਾਦ ਰੱਖ। 9 ਛੇ ਦਿਨ ਤੁਸੀਂ ਮਿਹਨਤ ਕਰੋ ਅਤੇ ਆਪਣਾ ਸਾਰਾ ਕੰਮ ਕਰੋ, 10 ਪਰ ਸੱਤਵਾਂ ਦਿਨ ਯਾਹਵੇਹ ਤੁਹਾਡੇ ਪਰਮੇਸ਼ਵਰ ਲਈ ਸਬਤ ਦਾ ਦਿਨ ਹੈ। ਉਸ ਦਿਨ ਤੁਸੀਂ ਕੋਈ ਕੰਮ ਨਾ ਕਰੋ, ਨਾ ਤੁਸੀਂ, ਨਾ ਤੁਹਾਡੇ ਪੁੱਤਰ, ਨਾ ਤੁਹਾਡੀ ਧੀ, ਨਾ ਤੁਹਾਡੇ ਦਾਸ ਨਾ ਦਾਸੀ, ਨਾ ਤੁਹਾਡੇ ਪਸ਼ੂ, ਨਾ ਕੋਈ ਪਰਦੇਸੀ ਜੋ ਤੁਹਾਡੇ ਨਗਰਾਂ ਵਿੱਚ ਵੱਸਦਾ ਹੈ। 11 ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ, ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ, ਪਰ ਸੱਤਵੇਂ ਦਿਨ ਉਸਨੇ ਆਰਾਮ ਕੀਤਾ। ਇਸ ਲਈ ਯਾਹਵੇਹ ਨੇ ਸਬਤ ਦੇ ਦਿਨ ਨੂੰ ਅਸੀਸ ਦਿੱਤੀ ਅਤੇ ਇਸਨੂੰ ਪਵਿੱਤਰ ਬਣਾਇਆ।

12 ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਸਤਿਕਾਰ ਕਰ, ਤਾਂ ਜੋ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਦਿੰਦਾ ਹੈ।

13 ਤੂੰ ਕਤਲ ਨਾ ਕਰਨਾ।

14 ਤੂੰ ਵਿਭਚਾਰ ਨਾ ਕਰਨਾ।

15 ਤੂੰ ਚੋਰੀ ਨਾ ਕਰਨਾ।

16 ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਣਾ।

17 ਤੂੰ ਆਪਣੇ ਗੁਆਂਢੀ ਦੇ ਘਰ ਦਾ ਲਾਲਚ ਨਾ ਕਰ। ਤੂੰ ਆਪਣੇ ਗੁਆਂਢੀ ਦੀ ਪਤਨੀ, ਉਸ ਦੇ ਨੌਕਰ ਜਾਂ ਨੌਕਰਾਨੀ, ਉਸ ਦੇ ਬਲਦ, ਗਧੇ ਜਾਂ ਤੂੰ ਗੁਆਂਢੀ ਦੀ ਕਿਸੇ ਵੀ ਚੀਜ਼ ਦਾ ਲਾਲਚ ਨਾ ਕਰਨਾ।"

18 ਜਦੋਂ ਲੋਕਾਂ ਨੇ ਗਰਜ ਅਤੇ ਬਿਜਲੀ ਵੇਖੀ ਅਤੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਪਹਾੜ ਨੂੰ ਧੂੰਏਂ ਵਿੱਚ ਦੇਖਿਆ, ਤਾਂ ਉਹ ਡਰ ਨਾਲ ਕੰਬਦੇ ਹੋਏ ਦੂਰੀ ਤੇ ਖੜੇ ਰਹੇ 19 ਅਤੇ ਉਹਨਾਂ ਮੋਸ਼ੇਹ ਨੂੰ ਆਖਿਆ, "ਤੂੰ ਆਪ ਸਾਡੇ ਨਾਲ ਗੱਲ ਕਰ ਅਤੇ ਅਸੀਂ ਸੁਣਾਂਗੇ। ਪਰ ਪਰਮੇਸ਼ਵਰ ਸਾਡੇ ਨਾਲ ਗੱਲ ਨਾ ਕਰੇ ਕਿਤੇ ਅਸੀਂ ਮਰ ਨਾ ਜਾਈਏ।"

20 ਮੋਸ਼ੇਹ ਨੇ ਲੋਕਾਂ ਨੂੰ ਆਖਿਆ, "ਨਾ ਡਰੋ। ਪਰਮੇਸ਼ਵਰ ਤੁਹਾਨੂੰ ਪਰਖਣ ਲਈ ਆਇਆ ਹੈ, ਤਾਂ ਜੋ ਤੁਹਾਨੂੰ ਪਾਪ ਕਰਨ ਤੋਂ ਬਚਾਉਣ ਲਈ ਪਰਮੇਸ਼ਵਰ ਦਾ ਡਰ ਤੁਹਾਡੇ ਨਾਲ ਰਹੇ।"

21 ਲੋਕ ਇੱਕ ਦੂਰੀ ਤੇ ਰਹੇ, ਜਦੋਂ ਕਿ ਮੋਸ਼ੇਹ ਸੰਘਣੇ ਹਨੇਰੇ ਕੋਲ ਪਹੁੰਚਿਆ ਜਿੱਥੇ ਪਰਮੇਸ਼ਵਰ ਸੀ।

ਮੂਰਤੀਆਂ ਅਤੇ ਜਗਵੇਦੀਆਂ

22 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਇਸਰਾਏਲ ਦੇ ਲੋਕਾਂ ਨੂੰ ਇਹ ਦੱਸ, ‘ਤੁਸੀਂ ਆਪ ਦੇਖਿਆ ਹੈ ਕਿ ਮੈਂ ਤੁਹਾਡੇ ਨਾਲ ਸਵਰਗ ਤੋਂ ਗੱਲ ਕੀਤੀ ਹੈ। 23 ਮੇਰੇ ਲਈ ਕੋਈ ਦੇਵਤਾ ਨਾ ਬਣਾਓ, ਆਪਣੇ ਲਈ ਚਾਂਦੀ ਦੇ ਦੇਵਤੇ ਜਾਂ ਸੋਨੇ ਦੇ ਦੇਵਤੇ ਨਾ ਬਣਾਓ।

24 " ‘ਮੇਰੇ ਲਈ ਮਿੱਟੀ ਦੀ ਇੱਕ ਜਗਵੇਦੀ ਬਣਾ ਅਤੇ ਉਸ ਉੱਤੇ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ, ਆਪਣੀਆਂ ਭੇਡਾਂ, ਬੱਕਰੀਆਂ ਅਤੇ ਆਪਣੇ ਪਸ਼ੂ ਚੜ੍ਹਾਓ। ਹਰ ਸਥਾਨ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ, ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਅਸੀਸ ਦਿਆਂਗਾ। 25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਉਂਦੇ ਹੋ, ਤਾਂ ਉਹ ਪੱਥਰ ਲਓ ਜਿਸ ਉੱਤੇ ਕਦੇ ਕੋਈ ਹਥਿਆਰ ਨਹੀਂ ਚਲਾਇਆ ਗਿਆ ਨਹੀਂ ਤਾਂ ਤੁਸੀਂ ਉਸ ਨੂੰ ਅਸ਼ੁੱਧ ਕਰ ਦੇਵੋਗੇ। 26 ਅਤੇ ਪੌੜੀਆਂ ਚੜ੍ਹ ਕੇ ਮੇਰੀ ਜਗਵੇਦੀ ਉੱਤੇ ਨਾ ਜਾਓ, ਕਿਤੇ ਤੁਹਾਡਾ ਨੰਗੇਜ਼ ਉਸ ਉੱਤੇ ਖੁੱਲ੍ਹ ਨਾ ਜਾਵੇ।’

Veja também

Publicidade
Bíblia Online Bíblia Online

Bíblia Online • Versão: 2026-06-16_18-40-07-