Publicidade

Êxodo 19

ਸੀਨਾਈ ਪਹਾੜ ਤੇ

1 ਇਸਰਾਏਲੀਆਂ ਦੇ ਮਿਸਰ ਛੱਡਣ ਤੋਂ ਬਾਅਦ ਤੀਜੇ ਮਹੀਨੇ ਦੇ ਪਹਿਲੇ ਦਿਨ, ਸੀਨਾਈ ਉਜਾੜ ਵਿੱਚ ਆਏ। 2 ਰਫ਼ੀਦੀਮ ਤੋਂ ਕੂਚ ਕਰਨ ਤੋਂ ਬਾਅਦ, ਉਹ ਸੀਨਾਈ ਦੀ ਉਜਾੜ ਵਿੱਚ ਦਾਖਲ ਹੋਏ ਅਤੇ ਇਸਰਾਏਲ ਨੇ ਉੱਥੇ ਪਹਾੜ ਦੇ ਸਾਹਮਣੇ ਉਜਾੜ ਵਿੱਚ ਡੇਰਾ ਲਾਇਆ।

3 ਫਿਰ ਮੋਸ਼ੇਹ ਪਰਮੇਸ਼ਵਰ ਕੋਲ ਗਿਆ ਅਤੇ ਯਾਹਵੇਹ ਨੇ ਪਹਾੜ ਤੋਂ ਉਸਨੂੰ ਬੁਲਾਇਆ ਅਤੇ ਆਖਿਆ, "ਇਹ ਹੈ ਜੋ ਤੂੰ ਯਾਕੋਬ ਦੇ ਉੱਤਰਾਧਿਕਾਰੀਆਂ ਨੂੰ ਆਖਣਾ ਹੈ ਅਤੇ ਜੋ ਤੂੰ ਇਸਰਾਏਲ ਦੇ ਲੋਕਾਂ ਨੂੰ ਦੱਸਣਾ ਹੈ। 4 ‘ਤੁਸੀਂ ਆਪ ਦੇਖਿਆ ਹੈ ਕਿ ਮੈਂ ਮਿਸਰ ਨਾਲ ਕੀ ਕੀਤਾ, ਅਤੇ ਕਿਵੇਂ ਮੈਂ ਤੁਹਾਨੂੰ ਉਕਾਬ ਦੇ ਖੰਭਾਂ ਉੱਤੇ ਚੁੱਕ ਕੇ ਆਪਣੇ ਕੋਲ ਲਿਆਇਆ। 5 ਹੁਣ ਜੇ ਤੁਸੀਂ ਪੂਰੀ ਤਰ੍ਹਾਂ ਮੇਰਾ ਕਹਿਣਾ ਮੰਨੋਂਗੇ ਅਤੇ ਮੇਰੇ ਨੇਮ ਦੀ ਪਾਲਣਾ ਕਰੋਗੇ, ਤਾਂ ਸਾਰੀਆਂ ਕੌਮਾਂ ਵਿੱਚੋਂ ਤੁਸੀਂ ਮੇਰੀ ਕੀਮਤੀ ਜਾਇਦਾਦ ਹੋਵੋਗੇ। ਭਾਵੇਂ ਸਾਰੀ ਧਰਤੀ ਮੇਰੀ ਹੈ, 6 ਤੂੰ ਮੇਰੇ ਲਈ ਜਾਜਕਾਂ ਦਾ ਰਾਜ ਅਤੇ ਇੱਕ ਪਵਿੱਤਰ ਕੌਮ ਹੋਵੇਂਗਾ।’ ਇਹ ਉਹ ਸ਼ਬਦ ਹਨ ਜੋ ਤੂੰ ਇਸਰਾਏਲੀਆਂ ਨੂੰ ਕਹਿਣੀਆਂ ਹਨ।"

7 ਇਸ ਲਈ ਮੋਸ਼ੇਹ ਨੇ ਵਾਪਸ ਜਾ ਕੇ ਲੋਕਾਂ ਦੇ ਬਜ਼ੁਰਗਾਂ ਨੂੰ ਬੁਲਾਇਆ ਅਤੇ ਉਹਨਾਂ ਦੇ ਸਾਹਮਣੇ ਉਹ ਸਾਰੀਆਂ ਗੱਲਾਂ ਰੱਖੀਆਂ ਜੋ ਯਾਹਵੇਹ ਨੇ ਉਸਨੂੰ ਬੋਲਣ ਦਾ ਹੁਕਮ ਦਿੱਤਾ ਸੀ। 8 ਲੋਕਾਂ ਨੇ ਮਿਲ ਕੇ ਜਵਾਬ ਦਿੱਤਾ, "ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ।" ਇਸ ਲਈ ਮੋਸ਼ੇਹ ਨੇ ਉਹਨਾਂ ਦੀਆਂ ਗੱਲਾਂ ਯਾਹਵੇਹ ਅੱਗੇ ਰੱਖੀਆਂ।

9 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਮੈਂ ਇੱਕ ਸੰਘਣੇ ਬੱਦਲ ਵਿੱਚ ਤੇਰੇ ਕੋਲ ਆਵਾਂਗਾ, ਤਾਂ ਜੋ ਲੋਕ ਮੈਨੂੰ ਤੇਰੇ ਨਾਲ ਗੱਲਾਂ ਕਰਦਿਆਂ ਸੁਣਨਗੇ ਅਤੇ ਹਮੇਸ਼ਾ ਤੇਰੇ ਉੱਤੇ ਭਰੋਸਾ ਰੱਖਣਗੇ।" ਫਿਰ ਮੋਸ਼ੇਹ ਨੇ ਯਾਹਵੇਹ ਨੂੰ ਦੱਸਿਆ ਕਿ ਲੋਕਾਂ ਨੇ ਕੀ ਕਿਹਾ ਸੀ।

10 ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਲੋਕਾਂ ਕੋਲ ਜਾਹ ਅਤੇ ਉਹਨਾਂ ਨੂੰ ਅੱਜ ਅਤੇ ਕੱਲ੍ਹ ਪਵਿੱਤਰ ਕਰ, ਅਤੇ ਉਹ ਆਪਣੇ ਕੱਪੜੇ ਧੋਣ, 11 ਅਤੇ ਤੀਜੇ ਦਿਨ ਲਈ ਤਿਆਰ ਹੋ ਜਾਣ, ਕਿਉਂਕਿ ਉਸ ਦਿਨ ਯਾਹਵੇਹ ਸੀਨਾਈ ਪਰਬਤ ਉੱਤੇ ਸਾਰੇ ਲੋਕਾਂ ਦੇ ਸਾਹਮਣੇ ਆਵੇਗਾ। 12 ਪਹਾੜ ਦੇ ਆਲੇ-ਦੁਆਲੇ ਦੇ ਲੋਕਾਂ ਲਈ ਸੀਮਾਵਾਂ ਬਣਾਈ ਅਤੇ ਲੋਕਾਂ ਨੂੰ ਆਖਣਾ, ‘ਸਾਵਧਾਨ ਰਹੋ ਕਿ ਤੁਸੀਂ ਪਹਾੜ ਦੇ ਨੇੜੇ ਨਾ ਜਾਣਾ ਨਾ ਹੀ ਉਸ ਦੇ ਪੈਰਾਂ ਨੂੰ ਛੂਹਣਾ। ਜਿਹੜਾ ਵੀ ਪਹਾੜ ਨੂੰ ਛੂਹੇ ਉਹ ਜ਼ਰੂਰ ਮਾਰ ਦਿੱਤਾ ਜਾਵੇ। 13 ਉਹਨਾਂ ਨੂੰ ਪੱਥਰਾਂ ਨਾਲ ਜਾਂ ਤੀਰਾਂ ਨਾਲ ਮਾਰਿਆ ਜਾਵੇ; ਉਹਨਾਂ ਨੂੰ ਹੱਥ ਨਾਲ ਨਾ ਛੂੰਹਣ। ਕਿਸੇ ਵੀ ਆਦਮੀ ਜਾਂ ਜਾਨਵਰ ਨੂੰ ਜਿਉਂਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਦੋਂ ਤੁਰੀ ਦੀ ਆਵਾਜ਼ ਆਵੇ ਤਾਂ ਉਹ ਪਹਾੜ ਦੇ ਉੱਤੇ ਚੜ੍ਹਨ।"

14 ਜਦੋਂ ਮੋਸ਼ੇਹ ਪਹਾੜ ਤੋਂ ਲੋਕਾਂ ਕੋਲ ਗਿਆ, ਉਸਨੇ ਉਹਨਾਂ ਨੂੰ ਪਵਿੱਤਰ ਕੀਤਾ ਅਤੇ ਉਹਨਾਂ ਨੇ ਆਪਣੇ ਕੱਪੜੇ ਧੋਤੇ। 15 ਫਿਰ ਉਸਨੇ ਲੋਕਾਂ ਨੂੰ ਆਖਿਆ, "ਤੀਜੇ ਦਿਨ ਲਈ ਤਿਆਰ ਰਹੋ। ਕੋਈ ਆਦਮੀ ਔਰਤ ਦੇ ਨੇੜੇ ਨਾ ਜਾਵੇ।"

16 ਤੀਜੇ ਦਿਨ, ਸਵੇਰ ਹੁੰਦੇ ਹੀ, ਪਹਾੜ ਉੱਤੇ ਹਨੇਰਾ ਛਾ ਗਿਆ, ਬੱਦਲ ਗਰਜਨ ਲੱਗਾ ਅਤੇ ਬਿਜਲੀ ਚਮਕਣ ਲੱਗੀ, ਅਤੇ ਇੱਕ ਬਹੁਤ ਹੀ ਜ਼ੋਰਦਾਰ ਤੁਰ੍ਹੀ ਵੱਜੀ। ਡੇਰੇ ਵਿੱਚ ਹਰ ਕੋਈ ਕੰਬ ਗਿਆ। 17 ਫਿਰ ਮੋਸ਼ੇਹ ਲੋਕਾਂ ਨੂੰ ਡੇਰੇ ਤੋਂ ਬਾਹਰ ਪਰਮੇਸ਼ਵਰ ਨੂੰ ਮਿਲਣ ਲਈ ਲਿਆਇਆ ਅਤੇ ਉਹ ਪਹਾੜ ਦੇ ਪੈਰਾਂ ਵਿੱਚ ਖਲੋ ਗਏ। 18 ਸੀਨਾਈ ਪਰਬਤ ਧੂੰਏਂ ਨਾਲ ਢੱਕਿਆ ਹੋਇਆ ਸੀ, ਕਿਉਂਕਿ ਯਾਹਵੇਹ ਅੱਗ ਵਿੱਚ ਇਸ ਉੱਤੇ ਉਤਰਿਆ ਸੀ। ਉਸ ਵਿੱਚੋਂ ਧੂੰਆਂ ਭੱਠੀ ਦੇ ਧੂੰਏਂ ਵਾਂਗ ਉੱਠ ਰਿਹਾ ਸੀ, ਅਤੇ ਸਾਰਾ ਪਰਬਤ ਜ਼ੋਰ ਨਾਲ ਕੰਬ ਰਿਹਾ ਸੀ। 19 ਜਿਵੇਂ-ਜਿਵੇਂ ਤੁਰ੍ਹੀ ਦੀ ਆਵਾਜ਼ ਉੱਚੀ ਅਤੇ ਉੱਚੀ ਹੁੰਦੀ ਗਈ, ਮੋਸ਼ੇਹ ਬੋਲਿਆ ਅਤੇ ਪਰਮੇਸ਼ਵਰ ਦੀ ਆਵਾਜ਼ ਨੇ ਉਸਨੂੰ ਉੱਤਰ ਦਿੱਤਾ।

20 ਯਾਹਵੇਹ ਸੀਨਾਈ ਪਹਾੜ ਦੀ ਸਿਖਰ ਤੇ ਉਤਰਿਆ ਅਤੇ ਮੋਸ਼ੇਹ ਨੂੰ ਪਹਾੜ ਦੀ ਚੋਟੀ ਤੇ ਬੁਲਾਇਆ। ਇਸ ਲਈ ਮੋਸ਼ੇਹ ਉੱਪਰ ਗਿਆ 21 ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਹੇਠਾਂ ਜਾ ਅਤੇ ਲੋਕਾਂ ਨੂੰ ਚੇਤਾਵਨੀ ਦੇ, ਤਾਂ ਜੋ ਉਹ ਯਾਹਵੇਹ ਨੂੰ ਵੇਖਣ ਲਈ ਆਪਣੇ ਰਸਤੇ ਤੋਂ ਬਾਹਰ ਨਾ ਜਾਣ ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਜਾਣ। 22 ਇੱਥੋਂ ਤੱਕ ਕਿ ਜਾਜਕਾਂ ਨੂੰ ਵੀ, ਜੋ ਯਾਹਵੇਹ ਕੋਲ ਪਹੁੰਚਦੇ ਹਨ, ਆਪਣੇ ਆਪ ਨੂੰ ਪਵਿੱਤਰ ਕਰਨ, ਨਹੀਂ ਤਾਂ ਯਾਹਵੇਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।"

23 ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, "ਲੋਕ ਸੀਨਾਈ ਪਰਬਤ ਉੱਤੇ ਨਹੀਂ ਆ ਸਕਦੇ, ਕਿਉਂਕਿ ਤੂੰ ਆਪ ਸਾਨੂੰ ਚੇਤਾਵਨੀ ਦਿੱਤੀ ਸੀ, ‘ਪਹਾੜ ਦੇ ਆਲੇ-ਦੁਆਲੇ ਸੀਮਾ ਲਗਾਓ ਅਤੇ ਇਸਨੂੰ ਪਵਿੱਤਰ ਬਣਾਉ।’ "

24 ਯਾਹਵੇਹ ਨੇ ਜਵਾਬ ਦਿੱਤਾ, "ਹੇਠਾਂ ਜਾ ਅਤੇ ਹਾਰੋਨ ਨੂੰ ਆਪਣੇ ਨਾਲ ਉੱਪਰ ਲੈ ਜਾ। ਪਰ ਜਾਜਕਾਂ ਅਤੇ ਲੋਕਾਂ ਨੂੰ ਆਪਣੇ ਰਸਤੇ ਨੂੰ ਯਾਹਵੇਹ ਦੇ ਕੋਲ ਆਉਣ ਲਈ ਮਜਬੂਰ ਨਾਂ ਕਰੀ, ਨਹੀਂ ਤਾਂ ਉਹ ਉਹਨਾਂ ਦੇ ਵਿਰੁੱਧ ਹੋ ਜਾਵੇਗਾ।"

25 ਇਸ ਲਈ ਮੋਸ਼ੇਹ ਲੋਕਾਂ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ।

Veja também

Publicidade
Bíblia Online Bíblia Online

Bíblia Online • Versão: 2026-06-16_18-40-07-