Pular para o conteúdo
Publicidade

ਕੂਚ 9

ਪਸ਼ੂਆਂ ਦੀ ਮਹਾਂਮਾਰੀ

1 ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ "ਮੇਰੇ ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਮੇਰੀ ਉਪਾਸਨਾ ਕਰਨ।" 2 ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ ਅਤੇ ਉਹਨਾਂ ਨੂੰ ਰੋਕ ਕੇ ਰਖੇਂਗਾ, 3 ਯਾਹਵੇਹ ਦਾ ਹੱਥ ਖੇਤਾਂ ਵਿੱਚ ਤੇਰੇ ਪਸ਼ੂਆਂ ਉੱਤੇ, ਤੁਹਾਡੇ ਘੋੜਿਆਂ, ਗਧਿਆਂ, ਊਠਾਂ ਅਤੇ ਤੁਹਾਡੇ ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਉੱਤੇ ਇੱਕ ਭਿਆਨਕ ਬਿਪਤਾ ਲਿਆਵੇਗਾ। 4 ਪਰ ਯਾਹਵੇਹ ਇਸਰਾਏਲ ਅਤੇ ਮਿਸਰ ਦੇ ਪਸ਼ੂਆਂ ਵਿੱਚ ਫ਼ਰਕ ਕਰੇਗਾ, ਤਾਂ ਜੋ ਇਸਰਾਏਲੀਆਂ ਦਾ ਕੋਈ ਵੀ ਜਾਨਵਰ ਨਾ ਮਰੇ।’ "

5 ਯਾਹਵੇਹ ਨੇ ਇੱਕ ਸਮਾਂ ਠਹਿਰਿਆ ਅਤੇ ਕਿਹਾ, "ਕੱਲ੍ਹ ਨੂੰ ਯਾਹਵੇਹ ਇਸ ਧਰਤੀ ਵਿੱਚ ਅਜਿਹਾ ਕਰੇਗਾ।" 6 ਅਤੇ ਅਗਲੇ ਦਿਨ ਯਾਹਵੇਹ ਨੇ ਇਹ ਕੀਤਾ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ, ਪਰ ਇਸਰਾਏਲੀਆਂ ਦਾ ਇੱਕ ਵੀ ਜਾਨਵਰ ਨਹੀਂ ਮਰਿਆ। 7 ਫ਼ਿਰਾਊਨ ਨੇ ਜਾਂਚ ਕੀਤੀ ਅਤੇ ਦੇਖਿਆ ਕਿ ਇਸਰਾਏਲੀਆਂ ਦੇ ਜਾਨਵਰਾਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ। ਫਿਰ ਵੀ ਉਸਦਾ ਦਿਲ ਪੱਥਰ ਸੀ ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

ਫੋੜਿਆਂ ਦੀ ਮਹਾਂਮਾਰੀ

8 ਤਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, "ਇੱਕ ਭੱਠੀ ਵਿੱਚੋਂ ਮੁੱਠੀ ਭਰ ਸੁਆਹ ਲੈ ਕੇ ਮੋਸ਼ੇਹ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚ ਹਵਾ ਵਿੱਚ ਉਛਾਲ ਦਿਓ। 9 ਇਹ ਮਿਸਰ ਦੀ ਸਾਰੀ ਧਰਤੀ ਉੱਤੇ ਘੱਟਾ ਹੋ ਜਾਵੇਗੇ ਅਤੇ ਸਾਰੇ ਦੇਸ਼ ਦੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿੱਕਲਣਗੇ।"

10 ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਾਊਨ ਦੇ ਸਾਹਮਣੇ ਖੜੇ ਹੋਏ, ਮੋਸ਼ੇਹ ਨੇ ਇਸ ਨੂੰ ਹਵਾ ਵਿੱਚ ਉਡਾ ਦਿੱਤਾ ਅਤੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿਕਲ ਪਏ। 11 ਜਾਦੂਗਰ ਮੋਸ਼ੇਹ ਦੇ ਸਾਹਮਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਉਹਨਾਂ ਉੱਤੇ ਅਤੇ ਸਾਰੇ ਮਿਸਰੀਆਂ ਉੱਤੇ ਫੋੜੇ ਸਨ। 12 ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ।

ਗੜਿਆਂ ਦੀ ਮਹਾਂਮਾਰੀ

13 ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਤੜਕੇ ਉੱਠ, ਫ਼ਿਰਾਊਨ ਦੇ ਸਾਹਮਣੇ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ,’ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ, 14 ਜਾਂ ਇਸ ਵਾਰ ਮੈਂ ਆਪਣੀਆਂ ਮਹਾਂਮਾਰੀ ਦੀ ਪੂਰੀ ਤਾਕਤ ਤੁਹਾਡੇ ਉੱਤੇ ਅਤੇ ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਉੱਤੇ ਭੇਜਾਂਗਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰੀ ਧਰਤੀ ਉੱਤੇ ਮੇਰੇ ਵਰਗਾ ਕੋਈ ਨਹੀਂ ਹੈ। 15 ਕਿਉਂਕਿ ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਇੱਕ ਅਜਿਹੀ ਮਹਾਂਮਾਰੀ ਨਾਲ ਮਾਰ ਸਕਦਾ ਸੀ ਜੋ ਤੁਹਾਨੂੰ ਧਰਤੀ ਤੋਂ ਮਿਟਾ ਸਕਦੀ ਸੀ। 16 ਪਰ ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ, ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਵਿਖਾਵਾਂ ਅਤੇ ਮੇਰਾ ਨਾਮ ਸਾਰੀ ਧਰਤੀ ਉੱਤੇ ਸੁਣਾਇਆ ਜਾਵੇ। 17 ਤੁਸੀਂ ਅਜੇ ਵੀ ਆਪਣੇ ਆਪ ਨੂੰ ਮੇਰੇ ਲੋਕਾਂ ਦੇ ਵਿਰੁੱਧ ਬਣਾਇਆ ਹੈ ਅਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ। 18 ਇਸ ਲਈ, ਕੱਲ ਇਸੇ ਸਮੇਂ ਮੈਂ ਸਭ ਤੋਂ ਭੈੜੀ ਗੜੇਮਾਰੀ ਭੇਜਾਂਗਾ ਜੋ ਮਿਸਰ ਉੱਤੇ ਉਸ ਦਿਨ ਤੋਂ ਜੋ ਉਸ ਦੀ ਸਥਾਪਨਾ ਦੇ ਦਿਨ ਤੋਂ ਹੁਣ ਤੱਕ ਨਹੀਂ ਪਈ। 19 ਹੁਣੇ ਹੁਕਮ ਦਿਓ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਅਤੇ ਤੁਹਾਡੇ ਕੋਲ ਜੋ ਕੁਝ ਵੀ ਖੇਤ ਵਿੱਚ ਹੈ ਉਸ ਨੂੰ ਪਨਾਹ ਦੇ ਸਥਾਨ ਵਿੱਚ ਲਿਆਓ, ਕਿਉਂਕਿ ਗੜੇ ਹਰ ਉਸ ਵਿਅਕਤੀ ਅਤੇ ਜਾਨਵਰ ਉੱਤੇ ਡਿੱਗਣਗੇ ਜਿਨ੍ਹਾਂ ਨੂੰ ਅੰਦਰ ਨਹੀਂ ਲਿਆਂਦਾ ਗਿਆ ਅਤੇ ਅਜੇ ਵੀ ਖੇਤ ਵਿੱਚ ਬਾਹਰ ਹੈ ਅਤੇ ਉਹ ਮਰ ਜਾਣਗੇ।"

20 ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ। 21 ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।

22 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।" 23 ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ। 24 ਗੜੇ ਪਏ ਅਤੇ ਬਿਜਲੀ ਅੱਗੇ-ਪਿੱਛੇ ਚਮਕੀ, ਇਹ ਮਿਸਰ ਦੀ ਸਾਰੀ ਧਰਤੀ ਵਿੱਚ ਸਭ ਤੋਂ ਭੈੜਾ ਤੂਫ਼ਾਨ ਸੀ ਜਦੋਂ ਦਾ ਮਿਸਰ ਦੇਸ਼ ਬਣਿਆ ਸੀ। 25 ਪੂਰੇ ਮਿਸਰ ਵਿੱਚ ਗੜਿਆਂ ਨੇ ਖੇਤਾਂ ਵਿੱਚ ਹਰ ਚੀਜ਼ ਨੂੰ ਮਾਰਿਆ, ਲੋਕ ਅਤੇ ਜਾਨਵਰ ਦੋਵੇਂ ਇਸ ਨੇ ਖੇਤਾਂ ਵਿੱਚ ਉੱਗ ਰਹੇ ਹਰ ਪੌਦੇ ਅਤੇ ਹਰ ਰੁੱਖ ਨੂੰ ਤੋੜ ਦਿੱਤਾ। 26 ਗੋਸ਼ੇਨ ਦੀ ਧਰਤੀ ਜਿੱਥੇ ਇਸਰਾਏਲੀ ਸਨ, ਸਿਰਫ ਉਹੀ ਥਾਂ ਗੜੇ ਨਹੀਂ ਪਏ ਸਨ।

27 ਫਿਰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ। ਉਸਨੇ ਉਹਨਾਂ ਨੂੰ ਕਿਹਾ, "ਇਸ ਵਾਰ ਮੈਂ ਪਾਪ ਕੀਤਾ ਹੈ। ਯਾਹਵੇਹ ਮਹਾਨ ਹੈ ਅਤੇ ਮੈਂ ਅਤੇ ਮੇਰੇ ਲੋਕਾਂ ਨੇ ਗਲਤ ਕੀਤਾ ਹੈ। 28 ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।"

29 ਮੋਸ਼ੇਹ ਨੇ ਜਵਾਬ ਦਿੱਤਾ, "ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ। 30 ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਅਧਿਕਾਰੀ ਅਜੇ ਵੀ ਯਾਹਵੇਹ ਪਰਮੇਸ਼ਵਰ ਤੋਂ ਨਹੀਂ ਡਰਦੇ।"

31 (ਅਲਸੀ ਅਤੇ ਜੌਂ ਨਸ਼ਟ ਹੋ ਗਏ ਸਨ, ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਨੂੰ ਫੁੱਲ ਪਏ ਹੋਏ ਸਨ। 32 ਪਰ ਕਣਕ ਅਤੇ ਮਸਰ ਨਸ਼ਟ ਨਹੀਂ ਹੋਏ, ਕਿਉਂਕਿ ਉਹ ਬਾਅਦ ਵਿੱਚ ਪੱਕਦੇ ਹਨ।)

33 ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ। 34 ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ। 35 ਇਸ ਲਈ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਕਿਹਾ ਸੀ।

Estes versículos te tocaram? Ore agora!

+581 estão orando agora.

Junte-se à corrente de oração.