1 ਸਾਰੇ ਇਸਰਾਏਲੀਆਂ ਨੇ ਸੀਨਾਈ ਦੇ ਉਜਾੜ ਵਿੱਚ ਯਾਹਵੇਹ ਦੇ ਹੁਕਮ ਅਨੁਸਾਰ ਆਪਣੇ ਸਫ਼ਰਾਂ ਲਈ ਕੂਚ ਕੀਤਾ ਅਤੇ ਉਹਨਾਂ ਨੇ ਰਫ਼ੀਦੀਮ ਵਿੱਚ ਡੇਰਾ ਲਾਇਆ, ਪਰ ਲੋਕਾਂ ਲਈ ਪੀਣ ਲਈ ਪਾਣੀ ਨਹੀਂ ਸੀ। 2 ਇਸ ਲਈ ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, "ਸਾਨੂੰ ਪੀਣ ਲਈ ਪਾਣੀ ਦਿਓ।"
ਮੋਸ਼ੇਹ ਨੇ ਉੱਤਰ ਦਿੱਤਾ, "ਤੁਸੀਂ ਮੇਰੇ ਨਾਲ ਕਿਉਂ ਝਗੜਾ ਕਰਦੇ ਹੋ? ਤੁਸੀਂ ਯਾਹਵੇਹ ਨੂੰ ਕਿਉਂ ਪਰਖਦੇ ਹੋ?"
3 ਪਰ ਲੋਕ ਉੱਥੇ ਪਾਣੀ ਲਈ ਪਿਆਸੇ ਸਨ ਅਤੇ ਉਹ ਮੋਸ਼ੇਹ ਦੇ ਵਿਰੁੱਧ ਬੁੜਬੁੜਾਉਂਦੇ ਸਨ। ਉਹਨਾਂ ਨੇ ਆਖਿਆ, "ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਲਿਆਇਆ ਕਿ ਸਾਨੂੰ ਅਤੇ ਸਾਡੇ ਬੱਚਿਆਂ ਅਤੇ ਪਸ਼ੂਆਂ ਨੂੰ ਪਿਆਸ ਨਾਲ ਮਾਰਨ ਲਈ?"
4 ਤਦ ਮੋਸ਼ੇਹ ਨੇ ਯਾਹਵੇਹ ਅੱਗੇ ਪੁਕਾਰ ਕੇ ਕਿਹਾ, "ਮੈਂ ਇਨ੍ਹਾਂ ਲੋਕਾਂ ਨਾਲ ਕੀ ਕਰਾਂ? ਉਹ ਮੈਨੂੰ ਪੱਥਰ ਮਾਰਨ ਲਈ ਲਗਭਗ ਹੀ ਤਿਆਰ ਹਨ।"
5 ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, "ਲੋਕਾਂ ਦੇ ਸਾਹਮਣੇ ਜਾਹ ਇਸਰਾਏਲ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਅਤੇ ਉਸ ਸੋਟੀ ਨੂੰ ਜਿਸ ਨਾਲ ਤੁਸੀਂ ਨੀਲ ਨਦੀ ਨੂੰ ਮਾਰਿਆ ਸੀ, ਆਪਣੇ ਹੱਥ ਵਿੱਚ ਲੈ ਕੇ ਚੱਲ। 6 ਮੈਂ ਉੱਥੇ ਹੋਰੇਬ ਦੀ ਚੱਟਾਨ ਕੋਲ ਤੁਹਾਡੇ ਸਾਹਮਣੇ ਖੜ੍ਹਾ ਹੋਵਾਂਗਾ। ਚੱਟਾਨ ਨੂੰ ਮਰਨ ਅਤੇ ਉਸ ਵਿੱਚੋਂ ਲੋਕਾਂ ਦੇ ਪੀਣ ਲਈ ਪਾਣੀ ਨਿੱਕਲੇਗਾ।" ਇਸ ਲਈ ਮੋਸ਼ੇਹ ਨੇ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਅਜਿਹਾ ਕੀਤਾ। 7 ਅਤੇ ਉਸ ਨੇ ਇਸ ਜਗ੍ਹਾ ਦਾ ਨਾਮ ਮੱਸਾਹ ਅਤੇ ਮਰੀਬਾਹ ਰੱਖਿਆ ਕਿਉਂਕਿ ਇਸਰਾਏਲੀ ਝਗੜਾ ਕਰਦੇ ਸਨ ਅਤੇ ਉਹਨਾਂ ਨੇ ਇਹ ਕਹਿ ਕੇ ਯਾਹਵੇਹ ਨੂੰ ਪਰਖਿਆ ਸੀ, "ਕੀ ਯਾਹਵੇਹ ਸਾਡੇ ਵਿੱਚ ਹੈ ਜਾਂ ਨਹੀਂ?"
8 ਅਮਾਲੇਕੀ ਆਏ ਅਤੇ ਰਫ਼ੀਦੀਮ ਵਿੱਚ ਇਸਰਾਏਲੀਆਂ ਉੱਤੇ ਹਮਲਾ ਕੀਤਾ। 9 ਮੋਸ਼ੇਹ ਨੇ ਯੇਹੋਸ਼ੁਆ ਨੂੰ ਆਖਿਆ, "ਸਾਡੇ ਵਿੱਚੋਂ ਕੁਝ ਆਦਮੀਆਂ ਨੂੰ ਚੁਣੋ ਅਤੇ ਅਮਾਲੇਕੀਆਂ ਨਾਲ ਲੜਨ ਲਈ ਬਾਹਰ ਜਾਓ। ਕੱਲ੍ਹ ਮੈਂ ਆਪਣੇ ਹੱਥਾਂ ਵਿੱਚ ਪਰਮੇਸ਼ਵਰ ਦੀ ਸੋਟੀ ਲੈ ਕੇ ਪਹਾੜੀ ਦੀ ਚੋਟੀ ਤੇ ਖੜ੍ਹਾ ਹੋਵਾਂਗਾ।"
10 ਇਸ ਲਈ ਯੇਹੋਸ਼ੁਆ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਅਮਾਲੇਕੀਆਂ ਨਾਲ ਲੜਿਆ ਅਤੇ ਮੋਸ਼ੇਹ, ਹਾਰੋਨ ਅਤੇ ਹੂਰ ਪਹਾੜੀ ਦੀ ਚੋਟੀ ਉੱਤੇ ਗਏ। 11 ਜਦੋਂ ਤੱਕ ਮੋਸ਼ੇਹ ਨੇ ਆਪਣੇ ਹੱਥ ਉੱਪਰ ਚੁੱਕਦਾ ਸੀ, ਇਸਰਾਏਲੀ ਜਿੱਤਦੇ ਸੀ, ਪਰ ਜਦੋਂ ਵੀ ਉਹ ਆਪਣੇ ਹੱਥ ਹੇਠਾਂ ਕਰਦਾ ਸੀ ਅਮਾਲੇਕੀ ਜਿੱਤਦੇ ਸਨ। 12 ਜਦੋਂ ਮੋਸ਼ੇਹ ਦੇ ਹੱਥ ਥੱਕ ਗਏ ਤਾਂ ਉਹਨਾਂ ਨੇ ਇੱਕ ਪੱਥਰ ਲਿਆ ਅਤੇ ਉਸ ਦੇ ਹੇਠਾਂ ਰੱਖਿਆ ਅਤੇ ਉਹ ਉਸ ਉੱਤੇ ਬੈਠ ਗਿਆ। ਹਾਰੋਨ ਅਤੇ ਹੂਰ ਨੇ ਉਸ ਦੇ ਹੱਥ ਉੱਪਰ ਰੱਖੇ, ਇੱਕ ਨੇ ਇੱਕ ਪਾਸਿਓਂ, ਇੱਕ-ਦੂਜੇ ਨੇ ਦੂਜੇ ਪਾਸਿਓਂ, ਤਾਂ ਜੋ ਉਸਦੇ ਹੱਥ ਸੂਰਜ ਡੁੱਬਣ ਤੱਕ ਸਥਿਰ ਰਹੇ। 13 ਇਸ ਲਈ ਯੇਹੋਸ਼ੁਆ ਨੇ ਅਮਾਲੇਕੀ ਫ਼ੌਜ ਨੂੰ ਤਲਵਾਰ ਨਾਲ ਹਰਾਇਆ।
14 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਇਸ ਨੂੰ ਇੱਕ ਪੱਤਰੀ ਉੱਤੇ ਯਾਦ ਰੱਖਣ ਲਈ ਲਿਖ ਅਤੇ ਯਕੀਨੀ ਬਣਾ ਕਿ ਯੇਹੋਸ਼ੁਆ ਇਸ ਨੂੰ ਸੁਣੇ, ਕਿਉਂਕਿ ਮੈਂ ਅਮਾਲੇਕ ਦਾ ਨਾਮ ਅਕਾਸ਼ ਦੇ ਹੇਠਾਂ ਤੋਂ ਪੂਰੀ ਤਰ੍ਹਾਂ ਮਿਟਾ ਦਿਆਂਗਾ।"
15 ਮੋਸ਼ੇਹ ਨੇ ਇੱਕ ਜਗਵੇਦੀ ਬਣਾਈ ਅਤੇ ਇਸਨੂੰ ਕਿਹਾ ਯਾਹਵੇਹ ਮੇਰਾ ਨਿੱਸੀ ਹੈ। 16 ਉਸ ਨੇ ਕਿਹਾ, "ਕਿਉਂਕਿ ਯਾਹਵੇਹ ਦੇ ਸਿੰਘਾਸਣ ਉੱਤੇ ਹੱਥ ਉਠਾਏ ਗਏ ਸਨ, ਇਸ ਲਈ ਯਾਹਵੇਹ ਅਮਾਲੇਕੀਆਂ ਨਾਲ ਪੀੜ੍ਹੀ ਦਰ ਪੀੜ੍ਹੀ ਲੜਦਾ ਰਹੇਗਾ।"