Publicidade

Êxodo 6

1 ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, "ਹੁਣ ਤੁਸੀਂ ਵੇਖੋਂਗੇ ਕਿ ਮੈਂ ਫ਼ਿਰਾਊਨ ਨਾਲ ਕੀ ਕਰਾਂਗਾ ਕਿਉਂ ਜੋ ਮੇਰੇ ਸ਼ਕਤੀਸ਼ਾਲੀ ਹੱਥ ਦੇ ਕਾਰਨ ਉਹ ਉਹਨਾਂ ਨੂੰ ਜਾਣ ਦੇਵੇਗਾ, ਮੇਰੇ ਬਲਵਾਨ ਹੱਥ ਦੇ ਕਾਰਨ ਉਹ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ।"

2 ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, "ਮੈਂ ਯਾਹਵੇਹ ਹਾਂ। 3 ਮੈਂ ਆਪਣੇ ਆਪ ਨੂੰ ਅਬਰਾਹਾਮ, ਇਸਹਾਕ ਅਤੇ ਯਾਕੋਬ ਅੱਗੇ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਪਰ ਮੈਂ ਆਪਣੇ ਨਾਮ ਯਾਹਵੇਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਕੀਤਾ। 4 ਮੈਂ ਉਹਨਾਂ ਨਾਲ ਆਪਣਾ ਨੇਮ ਵੀ ਉਹਨਾਂ ਨੂੰ ਕਨਾਨ ਦੀ ਧਰਤੀ ਦੇਣ ਲਈ ਸਥਾਪਿਤ ਕੀਤਾ, ਜਿੱਥੇ ਉਹ ਪਰਦੇਸੀਆਂ ਵਜੋਂ ਰਹਿੰਦੇ ਸਨ। 5 ਇਸ ਤੋਂ ਇਲਾਵਾ, ਮੈਂ ਇਸਰਾਏਲੀਆਂ ਦੇ ਹਾਉਂਕੇ ਸੁਣੇ ਹਨ, ਜਿਨ੍ਹਾਂ ਨੂੰ ਮਿਸਰੀਆਂ ਨੇ ਗੁਲਾਮ ਬਣਾਇਆ ਹੈ, ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ।

6 "ਇਸ ਲਈ, ਇਸਰਾਏਲੀਆਂ ਨੂੰ ਆਖੋ ਕਿ ‘ਮੈਂ ਯਾਹਵੇਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਜੂਲੇ ਹੇਠੋਂ ਬਾਹਰ ਲਿਆਵਾਂਗਾ। ਮੈਂ ਤੁਹਾਨੂੰ ਉਹਨਾਂ ਦੇ ਗੁਲਾਮ ਹੋਣ ਤੋਂ ਅਜ਼ਾਦ ਕਰ ਦਿਆਂਗਾ ਅਤੇ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਛੁਡਾਵਾਂਗਾ। 7 ਮੈਂ ਤੁਹਾਨੂੰ ਆਪਣੇ ਲੋਕਾਂ ਵਜੋਂ ਲੈ ਲਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜਿਸ ਨੇ ਤੁਹਾਨੂੰ ਮਿਸਰੀਆਂ ਦੇ ਜੂਲੇ ਹੇਠੋਂ ਕੱਢਿਆ। 8 ਅਤੇ ਮੈਂ ਤੁਹਾਨੂੰ ਉਸ ਧਰਤੀ ਉੱਤੇ ਲਿਆਵਾਂਗਾ ਜਿਸ ਦੀ ਮੈਂ ਹੱਥ ਚੁੱਕ ਕੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਦੇਣ ਦੀ ਸਹੁੰ ਖਾਧੀ ਸੀ, ਮੈਂ ਤੁਹਾਨੂੰ ਇਹ ਮਿਲਖ ਵਿੱਚ ਦਿਆਂਗਾ। ਮੈਂ ਹੀ ਯਾਹਵੇਹ ਹਾਂ।’ "

9 ਮੋਸ਼ੇਹ ਨੇ ਇਸਰਾਏਲੀਆਂ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਨਿਰਾਸ਼ਾ ਅਤੇ ਸਖ਼ਤ ਮਿਹਨਤ ਦੇ ਕਾਰਨ ਉਸ ਦੀ ਗੱਲ ਨਹੀਂ ਸੁਣੀ।

10 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 11 ਜਾ, ਮਿਸਰ ਦੇ ਰਾਜਾ ਫ਼ਿਰਾਊਨ ਨੂੰ ਆਖ ਕਿ ਇਸਰਾਏਲੀਆਂ ਨੂੰ ਉਸ ਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ।

12 ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, "ਜੇ ਇਸਰਾਏਲੀ ਮੇਰੀ ਗੱਲ ਨਹੀਂ ਸੁਣਨਗੇ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ, ਮੈਂ ਤਾਂ ਹਕਲਾਉਂਦੇ ਬੁੱਲ੍ਹਾਂ ਨਾਲ ਬੋਲਦਾ ਹਾਂ?"

ਮੋਸ਼ੇਹ ਅਤੇ ਹਾਰੋਨ ਦਾ ਪਰਿਵਾਰਕ ਦਰਜ

13 ਹੁਣ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨਾਲ ਇਸਰਾਏਲੀਆਂ ਅਤੇ ਮਿਸਰ ਦੇ ਰਾਜੇ ਫ਼ਿਰਾਊਨ ਬਾਰੇ ਗੱਲ ਕੀਤੀ ਅਤੇ ਉਸਨੇ ਉਹਨਾਂ ਨੂੰ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਦਾ ਹੁਕਮ ਦਿੱਤਾ।

14 ਇਹ ਉਹਨਾਂ ਦੇ ਪਰਿਵਾਰਾਂ ਦੇ ਮੁੱਖੀ ਸਨ।

ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ

ਹਨੋਕ ਅਤੇ ਪੱਲੂ, ਹੇਜ਼ਰੋਨ ਅਤੇ ਕਰਮੀ।

ਇਹ ਰਊਬੇਨ ਦੇ ਗੋਤ ਸਨ।

15 ਸ਼ਿਮਓਨ ਦੇ ਪੁੱਤਰ

ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।

ਇਹ ਸ਼ਿਮਓਨ ਦੇ ਗੋਤ ਸਨ।

16 ਲੇਵੀ ਦੇ ਪੁੱਤਰਾਂ ਦੇ ਨਾਮ ਲਿਖਤਾਂ ਅਨੁਸਾਰ ਇਹ ਸਨ:

ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

(ਲੇਵੀ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)

17 ਗੇਰਸ਼ੋਨ ਦੇ ਪੁੱਤਰ, ਗੋਤਾਂ ਅਨੁਸਾਰ

ਲਿਬਨੀ ਅਤੇ ਸ਼ਿਮਈ।

18 ਕਹਾਥ ਦੇ ਪੁੱਤਰ

ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।

(ਕੋਹਾਥ ਇੱਕ ਸੌ ਤੇਤੀ ਸਾਲ ਜੀਉਂਦਾ ਰਿਹਾ।)

19 ਮੇਰਾਰੀ ਦੇ ਪੁੱਤਰ:

ਮਹਲੀ ਅਤੇ ਮੂਸ਼ੀ।

ਇਹ ਲੇਵੀ ਦੇ ਪਰਿਵਾਰ-ਸਮੂਹ ਸਨ।

20 ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕੇਬਦ ਨਾਲ ਵਿਆਹ ਕੀਤਾ, ਜਿਸ ਤੋਂ ਹਾਰੋਨ ਅਤੇ ਮੋਸ਼ੇਹ ਜਮੇਂ।

(ਅਮਰਾਮ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)

21 ਇਜ਼ਹਾਰ ਦੇ ਪੁੱਤਰ:

ਕੋਰਾਹ, ਨੇਫੇਗ ਅਤੇ ਜ਼ਿਕਰੀ।

22 ਉਜ਼ੀਏਲ ਦੇ ਪੁੱਤਰ:

ਮੀਸ਼ਾਏਲ, ਅਲਸਾਫ਼ਾਨ ਅਤੇ ਸਿਥਰੀ।

23 ਹਾਰੋਨ ਨੇ ਅੰਮੀਨਾਦਾਬ ਦੀ ਧੀ ਅਤੇ ਨਾਹਸ਼ੋਨ ਦੀ ਭੈਣ ਅਲੀਸ਼ਬਾ ਨਾਲ ਵਿਆਹ ਕੀਤਾ ਅਤੇ ਉਸ ਨੇ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।

24 ਕੋਰਹ ਦੇ ਪੁੱਤਰ ਸਨ:

ਅੱਸੀਰ, ਅਲਕਾਨਾਹ ਅਤੇ ਅਬਿਆਸਾਫ਼।

ਇਹ ਕੋਰਾਹੀਆਂ ਦੇ ਗੋਤ ਸਨ।

25 ਹਾਰੋਨ ਦੇ ਪੁੱਤਰ ਅਲਆਜ਼ਾਰ ਨੇ ਪੂਤੀਏਲ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕੀਤਾ ਅਤੇ ਉਸ ਨੇ ਫੀਨਹਾਸ ਨੂੰ ਜਨਮ ਦਿੱਤਾ।

ਇਹ ਲੇਵੀਆਂ ਦੇ ਪਰਿਵਾਰ, ਸਮੂਹਾਂ ਦੇ ਮੁੱਖੀ ਸਨ।

26 ਇਹ ਹਾਰੋਨ ਅਤੇ ਮੋਸ਼ੇਹ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਕਿਹਾ ਸੀ, "ਇਸਰਾਏਲੀਆਂ ਨੂੰ ਉਹਨਾਂ ਦੇ ਭਾਗਾਂ ਵਿੱਚ ਵੰਡ ਕੇ ਮਿਸਰ ਵਿੱਚੋਂ ਬਾਹਰ ਲਿਆਓ।" 27 ਇਹ ਉਹੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਾਊਨ ਨਾਲ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਬਾਰੇ ਗੱਲ ਕੀਤੀ ਸੀ, ਇਹ ਉਹੀ ਮੋਸ਼ੇਹ ਅਤੇ ਹਾਰੋਨ ਸਨ।

ਮੋਸ਼ੇਹ ਦਾ ਪ੍ਰਤੀਨਿਧੀ ਹਾਰੋਨ

28 ਹੁਣ ਜਦੋਂ ਯਾਹਵੇਹ ਨੇ ਮਿਸਰ ਵਿੱਚ ਮੋਸ਼ੇਹ ਨਾਲ ਗੱਲ ਕੀਤੀ, 29 ਤਾਂ ਉਸਨੇ ਮੋਸ਼ੇਹ ਨੂੰ ਕਿਹਾ, "ਮੈਂ ਯਾਹਵੇਹ ਹਾਂ, ਮਿਸਰ ਦੇ ਰਾਜੇ ਫ਼ਿਰਾਊਨ ਨੂੰ ਉਹ ਸਭ ਕੁਝ ਦੱਸੋ ਜੋ ਮੈਂ ਤੁਹਾਨੂੰ ਦੱਸਦਾ ਹਾਂ।"

30 ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, "ਜਦ ਮੈਂ ਬੋਲਣ ਵਿੱਚ ਚੰਗਾ ਨਹੀਂ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ?"

Veja também

Publicidade
Bíblia Online Bíblia Online

Bíblia Online • Versão: 2026-06-15_21-32-39-