1 ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੇਰੇ ਸਾਹਮਣੇ ਸਵਰਗ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਸੀ। ਅਤੇ ਉਹੀ ਜਿਸ ਨੂੰ ਮੈਂ ਪਹਿਲਾਂ ਤੁਰ੍ਹੀ ਦੀ ਆਵਾਜ਼ ਤੋਂ ਮੇਰੇ ਨਾਲ ਗੱਲ ਕਰਦਿਆਂ ਸੁਣਿਆ ਸੀ, ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ, "ਇੱਥੇ ਉੱਪਰ ਆ, ਅਤੇ ਮੈਂ ਤੁਹਾਨੂੰ ਉਹ ਗੱਲਾਂ ਦਿਖਾਵਾਂਗਾ ਜੋ ਇਸ ਤੋਂ ਬਾਅਦ ਹੋਣ ਵਾਲੀਆਂ ਹਨ।" 2 ਉਸੇ ਵੇਲੇ ਪਰਮੇਸ਼ਵਰ ਦੇ ਆਤਮਾ ਨੇ ਮੇਰੇ ਉੱਪਰ ਅਧਿਕਾਰ ਲੈ ਲਿਆ, ਅਤੇ ਸਵਰਗ ਵਿੱਚ ਮੇਰੇ ਸਾਹਮਣੇ ਇੱਕ ਸਿੰਘਾਸਣ ਸੀ ਜਿਸ ਦੇ ਉੱਤੇ ਕੋਈ ਬੈਠਾ ਸੀ। 3 ਅਤੇ ਜੋ ਉਸ ਸਿੰਘਾਸਣ ਤੇ ਬੈਠਾ ਸੀ ਉਹ ਵੇਖਣ ਵਿੱਚ ਹੀਰੇ ਅਤੇ ਲਾਲ ਅਕੀਕ ਵਰਗਾ ਸੀ ਅਤੇ ਉਹ ਦੀ ਚਮਕ ਸਿੰਘਾਸਣ ਦੇ ਦੁਆਲੇ ਇੱਕ ਸਤਰੰਗੀ ਪੀਂਘ ਦੀ ਤਰ੍ਹਾਂ ਚਮਕ ਰਹੀ ਸੀ। 4 ਸਿੰਘਾਸਣ ਦੇ ਦੁਆਲੇ ਚੌਵੀਂ ਹੋਰ ਸਿੰਘਾਸਣ ਸਨ, ਅਤੇ ਉਹਨਾਂ ਉੱਤੇ ਚੌਵੀਂ ਬਜ਼ੁਰਗ ਬੈਠੇ ਸਨ। ਉਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੇ ਸਿਰਾਂ ਉੱਤੇ ਸੋਨੇ ਦੇ ਮੁਕਟ ਸਨ। 5 ਸਿੰਘਾਸਣ ਤੋਂ ਬਿਜਲੀ ਦੀਆਂ ਲਿਸ਼ਕਾਂ, ਗੜਗੜਾਹਟ ਅਤੇ ਬੱਦਲ ਦੇ ਗਰਜਣ ਦੀ ਆਵਾਜ਼ ਆ ਰਹੀ ਸੀ। ਸਿੰਘਾਸਣ ਦੇ ਸਾਹਮਣੇ, ਸੱਤ ਦੀਵੇ ਬਲ ਰਹੇ ਸਨ। ਇਹ ਪਰਮੇਸ਼ਵਰ ਦੀਆਂ ਸੱਤ ਆਤਮਾਵਾਂ ਹਨ। 6 ਸਿੰਘਾਸਣ ਦੇ ਸਾਹਮਣੇ ਇੱਕ ਸਮੁੰਦਰ ਜੋ ਸ਼ੀਸ਼ੇ ਵਰਗਾ ਦਿਖਾਈ ਦਿੰਦਾ ਸੀ, ਜੋ ਕਿ ਬਲੌਰ ਵਰਗਾ ਸਾਫ਼ ਸੀ।
ਸਿੰਘਾਸਣ ਦੇ ਵਿੱਚ ਅਤੇ ਆਲੇ-ਦੁਆਲੇ, ਚਾਰ ਜੀਵਤ ਪ੍ਰਾਣੀ ਸਨ, ਅਤੇ ਜਿਹੜੇ ਅੱਗੋਂ ਅਤੇ ਪਿੱਛੋਂ ਅੱਖਾਂ ਨਾਲ ਭਰੇ ਹੋਏ ਸਨ। 7 ਪਹਿਲਾਂ ਪ੍ਰਾਣੀ ਸ਼ੇਰ ਵਰਗਾ ਸੀ, ਦੂਜਾ ਬਲਦ ਵਰਗਾ ਸੀ, ਤੀਜੇ ਦਾ ਚਿਹਰਾ ਮਨੁੱਖ ਵਰਗਾ ਸੀ, ਚੌਥਾ ਇੱਕ ਉੱਡਦੇ ਉਕਾਬ ਵਰਗਾ ਸੀ। 8 ਚਾਰਾਂ ਜੀਵਾਂ ਵਿੱਚੋਂ ਹਰੇਕ ਦੇ ਛੇ ਖੰਭ ਸਨ ਅਤੇ ਉਹ ਚਾਰੇ ਪਾਸੇ ਅੱਖਾਂ ਨਾਲ ਭਰੇ ਹੋਏ ਸੀ, ਇੱਥੋਂ ਤੱਕ ਕਿ ਖੰਭਾਂ ਦੇ ਹੇਠਾਂ ਵੀ ਅੱਖਾਂ ਸਨ। ਉਹ ਦਿਨ-ਰਾਤ ਇਹ ਕਹਿੰਦੇ ਨਹੀਂ ਥੱਕਦੇ ਸਨ:
" ‘ਪਵਿੱਤਰ, ਪਵਿੱਤਰ, ਪਵਿੱਤਰ
ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ,’
ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।"
9 ਜਦੋਂ ਵੀ ਜੀਵਤ ਪ੍ਰਾਣੀ ਉਹਨਾਂ ਨੂੰ ਮਹਿਮਾ, ਸਨਮਾਨ ਅਤੇ ਧੰਨਵਾਦ ਦਿੰਦੇ ਹਨ ਜੋ ਸਿੰਘਾਸਣ ਤੇ ਬੈਠਦੇ ਹਨ ਅਤੇ ਜੋ ਸਦਾ ਅਤੇ ਸਦਾ ਲਈ ਰਹਿੰਦੇ ਹਨ, 10 ਚੌਵੀ ਬਜ਼ੁਰਗ ਉਸ ਦੇ ਅੱਗੇ ਝੁਕਦੇ ਹਨ ਜੋ ਸਿੰਘਾਸਣ ਉੱਤੇ ਬੈਠਾ ਹੈ ਅਤੇ ਉਸ ਦੀ ਅਰਾਧਨਾ ਕਰਦੇ ਹਨ ਜੋ ਸਦਾ ਲਈ ਜੀਉਂਦਾ ਹੈ। ਉਹ ਆਪਣੇ ਮੁਕਟ ਸਿੰਘਾਸਣ ਦੇ ਅੱਗੇ ਰੱਖਦੇ ਹਨ ਅਤੇ ਕਹਿੰਦੇ ਹਨ:
11 "ਹੇ ਸਾਡੇ ਪ੍ਰਭੂ ਅਤੇ ਸਾਡੇ ਪਰਮੇਸ਼ਵਰ,
ਤੁਸੀਂ ਮਹਿਮਾ, ਮਾਣ, ਅਤੇ ਸਮਰੱਥਾ ਲੈਣ ਦੇ ਯੋਗ ਹੋ,
ਕਿਉਂਕਿ ਤੁਸੀਂ ਸਭ ਕੁਝ ਬਣਾਇਆ,
ਅਤੇ ਤੁਹਾਡੀ ਮਰਜ਼ੀ ਨਾਲ ਉਹ ਸਭ ਬਣਿਆ ਹੈ,
ਅਤੇ ਉਹ ਰਚੀਆਂ ਗਈਆਂ ਹਨ।"