Publicidade

Marcos 10

ਤਲਾਕ

1 ਫਿਰ ਯਿਸ਼ੂ ਕਫ਼ਰਨਹੂਮ ਜਗ੍ਹਾ ਨੂੰ ਛੱਡ ਕੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਪਾਰ ਚਲੇ ਗਏ। ਫਿਰ ਲੋਕਾਂ ਦੀ ਇੱਕ ਭੀੜ ਉਸ ਕੋਲ ਆਈ ਅਤੇ ਜਿਵੇਂ ਉਸ ਦਾ ਆਪਣਾ ਦਸਤੂਰ ਸੀ, ਉਸ ਨੇ ਲੋਕਾਂ ਨੂੰ ਉਪਦੇਸ਼ ਦਿੱਤਾ।

2 ਕੁਝ ਫ਼ਰੀਸੀ ਆਏ ਅਤੇ ਉਸਨੂੰ ਇਹ ਪੁੱਛ ਕੇ ਪਰਖਿਆ, "ਕੀ ਬਿਵਸਥਾ ਅਨੁਸਾਰ ਮਨੁੱਖ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਜਾਇਜ਼ ਹੈ?"

3 ਯਿਸ਼ੂ ਨੇ ਜਵਾਬ ਦਿੱਤਾ, "ਮੋਸ਼ੇਹ ਨੇ ਤੁਹਾਨੂੰ ਕੀ ਆਦੇਸ਼ ਦਿੱਤਾ ਹੈ?"

4 ਉਹਨਾਂ ਨੇ ਕਿਹਾ, "ਮੋਸ਼ੇਹ ਨੇ ਇੱਕ ਆਦਮੀ ਨੂੰ ਤਲਾਕ-ਨਾਮਾ ਲਿਖਣ ਅਤੇ ਆਪਣੀ ਪਤਨੀ ਨੂੰ ਤਿਆਗ ਦੇਣ ਦੀ ਆਗਿਆ ਦਿੱਤੀ।"

5 ਯਿਸ਼ੂ ਨੇ ਜਵਾਬ ਦਿੱਤਾ, "ਕਿਉਂਕਿ ਮੋਸ਼ੇਹ ਨੇ ਤੁਹਾਡੇ ਦਿਲ ਕਠੋਰ ਹੋਣ ਕਰਕੇ ਤੁਹਾਨੂੰ ਇਹ ਹੁਕਮ ਲਿਖੇ ਸਨ। 6 ਪਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ,’ ਕਰਕੇ ਬਣਾਇਆ। 7 ‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ, 8 ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ।’ 9 ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।"

10 ਜਦੋਂ ਉਹ ਦੁਬਾਰਾ ਘਰ ਵਿੱਚ ਸਨ, ਤਾਂ ਚੇਲਿਆਂ ਨੇ ਯਿਸ਼ੂ ਨੂੰ ਉਸ ਬਾਰੇ ਪੁੱਛਿਆ। 11 ਯਿਸ਼ੂ ਨੇ ਜਵਾਬ ਦਿੱਤਾ, "ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਉਸਦੇ ਵਿਰੁੱਧ ਵਿਭਚਾਰ ਕਰਦਾ ਹੈ। 12 ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵੀ ਵਿਭਚਾਰ ਕਰਦੀ ਹੈ।"

ਛੋਟੇ ਬੱਚੇ ਅਤੇ ਯਿਸ਼ੂ

13 ਕੁੱਝ ਲੋਕ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਹਨਾਂ ਉੱਪਰ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਵੇ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ। 14 ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਹੋਏ ਅਤੇ ਉਹ ਨੇ ਚੇਲਿਆਂ ਨੂੰ ਆਖਿਆ, "ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਂਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਂਗਾ।" 16 ਅਤੇ ਉਸ ਨੇ ਬੱਚਿਆਂ ਨੂੰ ਆਪਣੀ ਬਾਹਾਂ ਵਿੱਚ ਫੜ ਲਿਆ, ਉਹਨਾਂ ਉੱਤੇ ਆਪਣੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ।

ਅਮੀਰ ਅਤੇ ਪਰਮੇਸ਼ਵਰ ਦਾ ਰਾਜ

17 ਜਦੋਂ ਯਿਸ਼ੂ ਆਪਣੀ ਯਾਤਰਾ ਲਈ ਨਿਕਲ ਪਏ, ਤਾਂ ਇੱਕ ਆਦਮੀ ਉਹਨਾਂ ਵੱਲ ਭੱਜਾ ਆਇਆ ਅਤੇ ਉਸ ਦੇ ਅੱਗੇ ਗੋਡੇ ਟਿਕਾਏ। ਉਸਨੇ ਪੁੱਛਿਆ, "ਹੇ ਉੱਤਮ ਗੁਰੂ ਜੀ, ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?"

18 ਯਿਸ਼ੂ ਨੇ ਜਵਾਬ ਦਿੱਤਾ, "ਤੁਸੀਂ ਮੈਨੂੰ ਉੱਤਮ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਉੱਤਮ ਨਹੀਂ ਹੈ। 19 ਤੁਸੀਂ ਇਨ੍ਹਾਂ ਹੁਕਮਾਂਂ ਨੂੰ ਜਾਣਦੇ ਹੋ: ‘ਕਿ ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਧੋਖਾ ਨਾ ਦੇ, ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰਨਾ।’ "

20 ਉਸਨੇ ਕਿਹਾ, "ਗੁਰੂ ਜੀ, ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।"

21 ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਯਿਸ਼ੂ ਦਾ ਦਿਲ ਪਿਆਰ ਨਾਲ ਭਰ ਗਿਆ। ਯਿਸ਼ੂ ਨੇ ਕਿਹਾ, "ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ, ਜਾ ਅਤੇ ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਫਿਰ ਆ ਮੇਰੇ ਮਗਰ ਚੱਲ।"

22 ਇਹ ਸੁਣ ਕੇ ਉਸ ਆਦਮੀ ਦਾ ਮੂੰਹ ਢਿੱਲਾ ਹੋ ਗਿਆ। ਉਹ ਉਦਾਸ ਹੋ ਕੇ ਚੱਲਿਆ ਗਿਆ, ਕਿਉਂਕਿ ਉਹ ਇੱਕ ਵੱਡਾ ਧਨਵਾਨ ਸੀ।

23 ਯਿਸ਼ੂ ਨੇ ਆਸੇ-ਪਾਸੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, "ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ!"

24 ਯਿਸ਼ੂ ਦੇ ਸ਼ਬਦ ਸੁਣ ਕੇ ਚੇਲੇ ਹੈਰਾਨ ਰਹਿ ਗਏ। ਪਰ ਯਿਸ਼ੂ ਨੇ ਫੇਰ ਕਿਹਾ, "ਹੇ ਬਾਲਕੋ, ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ! 25 ਧਨੀ ਵਿਅਕਤੀ ਦਾ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੌਖਾ ਹੈ।"

26 ਚੇਲੇ ਹੋਰ ਵੀ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਕਹਿਣ ਲੱਗੇ, "ਤਾਂ ਕੌਣ ਬਚਾਇਆ ਜਾ ਸਕਦਾ ਹੈ?"

27 ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, "ਮਨੁੱਖ ਲਈ ਇਹ ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਨਹੀਂ; ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ।"

28 ਤਦ ਪਤਰਸ ਬੋਲਿਆ, "ਅਸੀਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਹੋ ਤੁਰੇ ਹਾਂ!"

29 ਯਿਸ਼ੂ ਨੇ ਜਵਾਬ ਦਿੱਤਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਮੇਰੇ ਲਈ ਅਤੇ ਖੁਸ਼ਖ਼ਬਰੀ ਦੀ ਖ਼ਾਤਰ ਆਪਣੇ ਪਰਿਵਾਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਜਾਇਦਾਦ ਨੂੰ ਛੱਡ ਦਿੱਤਾ ਹੋਵੇ 30 ਅਤੇ ਉਹ ਸੌ ਗੁਣਾ ਪ੍ਰਾਪਤ ਨਾ ਕਰੇ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ। 31 ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਆਖਰੀ ਪਹਿਲੇ ਹੋਣਗੇ।"

ਯਿਸ਼ੂ ਨੇ ਤੀਜੀ ਵਾਰ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ

32 ਉਹ ਯੇਰੂਸ਼ਲੇਮ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ। 33 "ਵੇਖੋ ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ," ਉਸਨੇ ਕਿਹਾ, "ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ, 34 ਉਹ ਉਸਦਾ ਮਜ਼ਾਕ ਉਡਾਉਣਗੇ ਅਤੇ ਉਹ ਉਸ ਉੱਤੇ ਥੁੱਕਣਗੇ, ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ ਫਿਰ ਉਹ ਤਿੰਨ ਦਿਨਾਂ ਬਾਅਦ ਜੀ ਉੱਠੇਗਾ।"

ਯਾਕੋਬ ਅਤੇ ਯੋਹਨ ਦੀ ਬੇਨਤੀ

35 ਤਦ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਯੋਹਨ ਉਸ ਕੋਲ ਆਏ। ਉਹਨਾਂ ਨੇ ਕਿਹਾ, "ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਜੋ ਕੁਝ ਅਸੀਂ ਮੰਗਦੇ ਹਾਂ ਓਹ ਕਰੋ।"

36 ਯਿਸ਼ੂ ਨੇ ਪੁੱਛਿਆ, "ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?"

37 ਉਹਨਾਂ ਨੇ ਉੱਤਰ ਦਿੱਤਾ, "ਸਾਡੀ ਇਹ ਇੱਛਾ ਹੈ ਕਿ ਤੇਰੀ ਮਹਿਮਾ ਦੇ ਸਮੇਂ, ਇੱਕ ਤੁਹਾਡੇ ਸੱਜੇ ਅਤੇ ਦੂਸਰਾ ਤੁਹਾਡੇ ਖੱਬੇ ਹੱਥ ਬੈਠੇ।"

38 ਯਿਸ਼ੂ ਨੇ ਉਸਨੂੰ ਜਵਾਬ ਦਿੱਤਾ, "ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ?"

39 ਉਹਨਾਂ ਨੇ ਜਵਾਬ ਦਿੱਤਾ, "ਅਸੀਂ ਕਰ ਸਕਦੇ ਹਾਂ।"

ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੁਸੀਂ ਉਹ ਪਿਆਲਾ ਪੀਓਗੇ ਜੋ ਮੈਂ ਪੀਣਾ ਹੈ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਂਗੇ। 40 ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਉਹ ਤਿਆਰ ਕੀਤੀ ਗਈ ਹੈ।"

41 ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੋਬ ਅਤੇ ਯੋਹਨ ਉੱਤੇ ਗੁੱਸੇ ਹੋਏ। 42 ਯਿਸ਼ੂ ਨੇ ਉਹਨਾਂ ਸਾਰਿਆਂ ਨੂੰ ਕੋਲ ਸੱਦ ਕੇ ਆਖਿਆ, "ਤੁਸੀਂ ਜਾਣਦੇ ਹੋ ਜਿਹਨਾਂ ਨੂੰ ਗ਼ੈਰ-ਯਹੂਦੀਆਂ ਦੇ ਅਧਿਕਾਰੀ ਸਮਝਿਆ ਜਾਂਦਾ ਹੈ ਜੋ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਉੱਚ ਅਧਿਕਾਰੀ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ। 43 ਤੁਹਾਡੇ ਵਿੱਚ ਅਜਿਹਾ ਨਾ ਹੋਵੇ। ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ, 44 ਅਤੇ ਜੋ ਵੀ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ, ਉਸਨੂੰ ਸਾਰਿਆਂ ਦਾ ਦਾਸ ਬਣਨਾ ਚਾਹੀਦਾ ਹੈ। 45 ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।"

ਅੰਨ੍ਹੇ ਬਾਰਤਿਮਈ ਨੇ ਆਪਣੀ ਨਜ਼ਰ ਪਾਈ

46 ਫੇਰ ਉਹ ਯੇਰੀਖ਼ੋ ਸ਼ਹਿਰ ਵਿੱਚ ਆਏ। ਜਦੋਂ ਯਿਸ਼ੂ ਅਤੇ ਉਸ ਦੇ ਚੇਲੇ ਇੱਕ ਬਹੁਤ ਵੱਡੀ ਭੀੜ ਦੇ ਨਾਲ ਸ਼ਹਿਰ ਵਿੱਚੋਂ ਬਾਹਰ ਆ ਰਹੇ ਸਨ ਤਾਂ ਇੱਕ ਅੰਨ੍ਹਾ ਆਦਮੀ ਬਾਰਤਿਮਈ, ਜਿਸ ਦੇ ਨਾਮ ਅਰਥ ਹੈ, "ਤਿਮਾਉ ਦਾ ਪੁੱਤਰ," ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ। 47 ਜਦੋਂ ਉਸਨੇ ਸੁਣਿਆ ਕਿ ਇਹ ਯਿਸ਼ੂ ਨਾਜ਼ਰੇਥ ਹੈ, ਤਾਂ ਉੱਚੀ ਆਵਾਜ਼ ਨਾਲ ਕਹਿਣ ਲੱਗਾ, "ਹੇ ਦਾਵੀਦ ਦੇ ਪੁੱਤਰ, ਹੇ ਯਿਸ਼ੂ ਨਾਸਰੀ ਮੇਰੇ ਉੱਤੇ ਕਿਰਪਾ ਕਰ!"

48 ਕਈਆਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਬੋਲਿਆ, "ਹੇ ਦਾਵੀਦ ਦੇ ਪੁੱਤਰ, ਮੇਰੇ ਉੱਤੇ ਕਿਰਪਾ ਕਰ!"

49 ਯਿਸ਼ੂ ਰੁਕ ਗਿਆ ਅਤੇ ਕਿਹਾ, "ਉਸਨੂੰ ਮੇਰੇ ਕੋਲ ਲਿਆਓ।"

ਤਾਂ ਉਹਨਾਂ ਨੇ ਉਸ ਅੰਨ੍ਹੇ ਆਦਮੀ ਨੂੰ ਕਿਹਾ, "ਹੌਸਲਾ ਰੱਖ! ਉੱਠ! ਉਹ ਤੈਨੂੰ ਬੁਲਾਉਂਦਾ ਹੈ।" 50 ਤਾਂ ਉਹ ਆਪਣਾ ਚੋਲਾ ਇੱਕ ਪਾਸੇ ਸੁੱਟਦਿਆਂ ਆਪਣੇ ਪੈਰਾਂ ਤੇ ਛਾਲ ਮਾਰ ਕੇ ਯਿਸ਼ੂ ਕੋਲ ਆਇਆ।

51 ਯਿਸ਼ੂ ਨੇ ਉਸ ਨੂੰ ਪੁੱਛਿਆ, "ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾਂ?"

ਅੰਨ੍ਹੇ ਆਦਮੀ ਨੇ ਜਵਾਬ ਦਿੱਤਾ, "ਪ੍ਰਭੂ ਜੀ, ਮੈਂ ਵੇਖਣਾ ਚਾਹੁੰਦਾ ਹਾਂ।"

52 ਯਿਸ਼ੂ ਨੇ ਕਿਹਾ, "ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ।" ਉਸੇ ਵੇਲੇ ਉਹ ਵੇਖਣ ਲੱਗਾ ਅਤੇ ਰਾਹ ਵਿੱਚ ਯਿਸ਼ੂ ਦੇ ਮਗਰ ਤੁਰ ਪਿਆ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-