Publicidade

Marcos 2

ਅਧਰੰਗੀ ਰੋਗੀ ਨੂੰ ਚੰਗਾ ਕਰਨਾ

1 ਕੁਝ ਦਿਨਾਂ ਬਾਅਦ, ਜਦੋਂ ਯਿਸ਼ੂ ਕਫ਼ਰਨਹੂਮ ਨਗਰ ਵਿੱਚ ਆਏ, ਉੱਥੇ ਇਹ ਖ਼ਬਰ ਫੈਲ ਗਈ ਕਿ ਉਹ ਨਗਰ ਵਿੱਚ ਆਏ ਹਨ। 2 ਉੱਥੇ ਇੰਨੀ ਵੱਡੀ ਭੀੜ ਇਕੱਠੀ ਹੋ ਗਈ ਅਤੇ ਕਿਤੇ ਕੋਈ ਸਥਾਨ ਨਾ ਰਿਹਾ, ਇੱਥੋਂ ਤੱਕ ਕਿ ਦਰਵਾਜ਼ੇ ਦੇ ਸਾਹਮਣੇ ਵੀ ਥਾਂ ਨਾ ਰਿਹਾ ਅਤੇ ਯਿਸ਼ੂ ਉਹਨਾਂ ਨੂੰ ਪਵਿੱਤਰ ਸ਼ਾਸਤਰ ਦੀ ਸਿੱਖਿਆ ਦੇਣ ਲੱਗਾ। 3 ਕੁਝ ਲੋਕ ਇੱਕ ਅਧਰੰਗੀ ਨੂੰ ਯਿਸ਼ੂ ਦੇ ਕੋਲ ਲੈ ਕੇ ਆਏ, ਜਿਸਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ। 4 ਭੀੜ ਦੇ ਕਾਰਨ ਉਹ ਯਿਸ਼ੂ ਦੇ ਕੋਲ ਪਹੁੰਚ ਨਾ ਸਕੇ, ਇਸ ਲਈ ਉਹਨਾਂ ਨੇ ਜਿੱਥੇ ਯਿਸ਼ੂ ਸਨ, ਉੱਥੇ ਦੀ ਕੱਚੀ ਛੱਤ ਨੂੰ ਹਟਾ ਕੇ ਉੱਥੇ ਉਸ ਰੋਗੀ ਨੂੰ ਵਿਛੌਣੇ ਸਮੇਤ ਹੇਠਾਂ ਉਤਾਰ ਦਿੱਤਾ। 5 ਉਹਨਾਂ ਦੇ ਵਿਸ਼ਵਾਸ ਨੂੰ ਵੇਖ, ਯਿਸ਼ੂ ਨੇ ਅਧਰੰਗੀ ਨੂੰ ਕਿਹਾ, "ਹੇ ਪੁੱਤਰ, ਤੇਰੇ ਪਾਪ ਮਾਫ਼ ਹੋ ਚੁੱਕੇ ਹਨ।"

6 ਉੱਥੇ ਮੌਜੂਦ ਕੁਝ ਧਰਮ ਦੇ ਉਪਦੇਸ਼ਕ ਆਪਣੇ ਮਨ ਵਿੱਚ ਇਹ ਵਿਚਾਰ ਕਰਨ ਲੱਗੇ, 7 "ਇਹ ਵਿਅਕਤੀ ਅਜਿਹਾ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ! ਪਰਮੇਸ਼ਵਰ ਤੋਂ ਇਲਾਵਾ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?"

8 ਉਸੇ ਪਲ ਯਿਸ਼ੂ ਨੇ ਆਪਣੀ ਆਤਮਾ ਵਿੱਚ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 9 ਕਿਹੜੀ ਗੱਲ ਸੌਖੀ ਹੈ, ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ,’ ਜਾਂ ਇਹ, ‘ਉੱਠ! ਆਪਣਾ ਵਿਛੌਣਾ ਚੁੱਕ ਅਤੇ ਤੁਰ ਫਿਰ?’ 10 ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।" ਫਿਰ ਯਿਸ਼ੂ ਨੇ ਰੋਗੀ ਨੂੰ ਕਿਹਾ, 11 "ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।" 12 ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਵੇਖਦੇ-ਵੇਖਦੇ ਉੱਥੋਂ ਚਲਾ ਗਿਆ। ਇਸ ਉੱਤੇ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, "ਅਜਿਹਾ ਅਸੀਂ ਕਦੇ ਨਹੀਂ ਵੇਖਿਆ।"

ਪਾਪੀਆਂ ਦੇ ਨਾਲ ਯਿਸ਼ੂ ਦੀ ਸੰਗਤੀ

13 ਤਦ ਯਿਸ਼ੂ ਦੁਬਾਰਾ ਗਲੀਲ ਝੀਲ ਦੇ ਕੰਢੇ ਉੱਤੇ ਚਲੇ ਗਏ। ਇੱਕ ਵੱਡੀ ਭੀੜ ਉਹਨਾਂ ਦੇ ਕੋਲ ਆ ਗਈ ਅਤੇ ਉਹ ਉਹਨਾਂ ਨੂੰ ਸਿੱਖਿਆ ਦੇਣ ਲੱਗੇ। 14 ਜਿਵੇਂ ਉਹ ਜਾ ਰਹੇ ਸਨ ਯਿਸ਼ੂ ਨੇ ਹਲਫੇਯਾਸ ਦੇ ਪੁੱਤਰ ਲੇਵੀ ਨੂੰ ਚੁੰਗੀ ਲੈਣ ਵਾਲੀ ਚੌਂਕੀ ਉੱਤੇ ਬੈਠਾ ਵੇਖਿਆ। ਉਸ ਨੇ ਉਹ ਨੂੰ ਆਗਿਆ ਦਿੱਤੀ, "ਮੇਰੇ ਮਗਰ ਚੱਲ।" ਉਹ ਉੱਠ ਕੇ ਯਿਸ਼ੂ ਦੇ ਮਗਰ ਤੁਰ ਪਿਆ।

15 ਜਦੋਂ ਯਿਸ਼ੂ ਲੇਵੀ ਦੇ ਘਰ ਭੋਜਨ ਖਾ ਰਹੇ ਸਨ, ਤਾਂ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਵਿਅਕਤੀ ਯਿਸ਼ੂ ਅਤੇ ਉਹ ਦੇ ਚੇਲਿਆਂ ਦੇ ਨਾਲ ਭੋਜਨ ਕਰ ਰਹੇ ਸਨ। ਇੱਕ ਵੱਡੀ ਗਿਣਤੀ ਵਿੱਚ ਲੋਕ ਉਹ ਦੇ ਪਿੱਛੇ ਤੁਰ ਪਏ ਸਨ। 16 ਜਦੋਂ ਯਿਸ਼ੂ ਨੂੰ ਪਾਪੀਆਂ ਅਤੇ ਚੁੰਗੀ ਲੈਣ ਵਾਲਿਆਂ ਦੇ ਨਾਲ ਭੋਜਨ ਕਰਦੇ ਵੇਖਿਆ ਤਾਂ ਕੁਝ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ, ਉਸਦੇ ਚੇਲਿਆਂ ਨੂੰ ਪੁੱਛਿਆ, "ਇਹ ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦਾ ਹੈ?"

17 ਇਹ ਸੁਣ ਕੇ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਵੈਦ ਦੀ ਜ਼ਰੂਰਤ ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਲਈ ਆਇਆ ਹਾਂ।"

ਵਰਤ ਦੇ ਬਾਰੇ ਪ੍ਰਸ਼ਨ

18 ਯੋਹਨ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਕੁਝ ਲੋਕਾਂ ਨੇ ਆਣ ਕੇ ਯਿਸ਼ੂ ਤੋਂ ਪੁੱਛਿਆ, "ਅਜਿਹਾ ਕਿਉਂ ਹੈ ਕਿ ਯੋਹਨ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖਦੇ ਹਨ ਪਰ ਤੁਹਾਡੇ ਚੇਲੇ ਨਹੀਂ?"

19 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, "ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਭਲਾ ਓਹ ਵਰਤ ਰੱਖ ਸਕਦੇ ਹਨ? ਜਦੋਂ ਤੱਕ ਲਾੜਾ ਉਹਨਾਂ ਦੇ ਨਾਲ ਹੈ, ਉਹ ਵਰਤ ਨਹੀਂ ਰੱਖ ਸਕਦੇ ਹਨ। 20 ਪਰ ਉਹ ਸਮਾਂ ਆਵੇਗਾ, ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਸ ਦਿਨ ਉਹ ਵਰਤ ਰੱਖਣਗੇ।

21 "ਕੋਈ ਵੀ ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ ਕਿਉਂਕਿ ਅਜਿਹਾ ਕਰਨ ਉੱਤੇ ਨਵੇਂ ਕੱਪੜੇ ਦੀ ਟਾਕੀ ਉਸ ਪੁਰਾਣੇ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਵੱਧ ਫੱਟ ਜਾਂਦਾ ਹੈ। 22 ਉਸੇ ਤਰ੍ਹਾਂ ਕੋਈ ਵੀ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ। ਨਹੀਂ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। ਪਰ ਨਵੀਂ ਦਾਖਰਸ ਨਵੀਆਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ।"

ਚੇਲਿਆਂ ਦਾ ਸਬਤ ਵਾਲੇ ਦਿਨ ਸਿੱਟੇ ਤੋੜਨਾ

23 ਇੱਕ ਵਾਰ ਸਬਤ ਦੇ ਦਿਨ ਯਿਸ਼ੂ ਖੇਤਾਂ ਵਿੱਚੋਂ ਦੀ ਲੰਘ ਰਹੇ ਸਨ, ਚੱਲਦੇ ਹੋਏ ਉਹਨਾਂ ਦੇ ਚੇਲੇ ਸਿੱਟੇ ਤੋੜਨ ਲੱਗੇ। 24 ਇਸ ਉੱਤੇ ਫ਼ਰੀਸੀਆਂ ਨੇ ਯਿਸ਼ੂ ਨੂੰ ਕਿਹਾ, "ਵੇਖੋ! ਇਹ ਲੋਕ ਉਹ ਕੰਮ ਕਿਉਂ ਕਰ ਰਹੇ ਹਨ, ਜਿਹੜਾ ਸਬਤ ਦੇ ਦਿਨ ਉੱਤੇ ਬਿਵਸਥਾ ਅਨੁਸਾਰ ਕਰਨਾ ਮਨ੍ਹਾ ਹੈ?"

25 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, "ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਕਦੇ ਵੀ ਨਹੀਂ ਪੜ੍ਹਿਆ; ਕਿ ਦਾਵੀਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਅਤੇ ਭੋਜਨ ਦੀ ਲੋੜ ਵਿੱਚ ਸਨ? 26 ਮਹਾਂ ਜਾਜਕ ਅਬੀਯਾਥਰ ਦੇ ਸਮੇਂ ਵਿੱਚ ਉਹ ਪਰਮੇਸ਼ਵਰ ਦੇ ਭਵਨ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਇਲਾਵਾ ਕਿਸੇ ਹੋਰ ਲਈ ਯੋਗ ਨਹੀਂ ਸੀ। ਇਹੀ ਰੋਟੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀ।"

27 ਤਦ ਉਸ ਨੇ ਉਨ੍ਹਾਂ ਨੂੰ ਕਿਹਾ, "ਸਬਤ ਦਾ ਦਿਨ ਮਨੁੱਖ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਲਈ। 28 ਇਸ ਲਈ, ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-