Publicidade

Marcos 7

ਅੰਦਰੂਨੀ ਅਸ਼ੁੱਧਤਾ ਦੀ ਸਿੱਖਿਆ

1 ਯੇਰੂਸ਼ਲੇਮ ਨਗਰ ਤੋਂ ਫ਼ਰੀਸੀ ਅਤੇ ਕੁਝ ਨੇਮ ਦੇ ਉਪਦੇਸ਼ਕ ਯਿਸ਼ੂ ਕੋਲ ਆ ਕੇ ਇਕੱਠੇ ਹੋਏ। 2 ਅਤੇ ਉਹਨਾਂ ਨੇ ਯਿਸ਼ੂ ਦੇ ਕੁਝ ਚੇਲਿਆਂ ਨੂੰ ਬਿਨਾਂ ਹੱਥ ਧੋਤੇ ਰੋਟੀ ਖਾਂਦੇ ਵੇਖਿਆ ਜੋ ਕਿ ਰੀਤ ਅਨੁਸਾਰ ਅਸ਼ੁੱਧ ਸੀ। 3 ਸਾਰੇ ਯਹੂਦੀ ਅਤੇ ਵਿਸ਼ੇਸ਼ ਕਰਕੇ ਫ਼ਰੀਸੀ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਬਜ਼ੁਰਗਾਂ ਦੀ ਰੀਤ ਦੇ ਅਨੁਸਾਰ ਆਪਣੇ ਹੱਥਾਂ ਨੂੰ ਨਾ ਧੋ ਲੈਣ। 4 ਜਦੋਂ ਉਹ ਬਾਜ਼ਾਰ ਤੋਂ ਆਉਂਦੇ ਹਨ ਉਹ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਰੀਤ ਅਨੁਸਾਰ ਹੱਥ ਧੋਕੇ ਸ਼ੁੱਧ ਨਾ ਹੋ ਲੈਣ ਅਤੇ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਉਹਨਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ, ਘੜਿਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ।

5 ਇਸ ਲਈ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸ਼ੂ ਨੂੰ ਪੁੱਛਿਆ, "ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ? ਅਤੇ ਗੰਦੇ ਹੱਥਾਂ ਨਾਲ ਖਾਂਦੇ ਹਨ।"

6 ਯਿਸ਼ੂ ਨੇ ਜਵਾਬ ਦਿੱਤਾ, "ਹੇ ਪਖੰਡੀਓ ਯਸ਼ਾਯਾਹ ਨੇ ਤੁਹਾਡੇ ਬਾਰੇ ਸਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੋਇਆ ਹੈ:

" ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ,

ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।

7 ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ;

ਉਹ ਮਨੁੱਖਾਂ ਦੇ ਹੁਕਮਾਂਂ ਦੀ ਸਿੱਖਿਆ ਦਿੰਦੇ ਹਨ।’

8 ਤੁਸੀਂ ਪਰਮੇਸ਼ਵਰ ਦੇ ਆਦੇਸ਼ ਨੂੰ ਛੱਡ ਦਿੰਦੇ ਹੋ ਅਤੇ ਮਨੁੱਖੀ ਰਸਮਾਂ ਨੂੰ ਮੰਨਦੇ ਹੋ।"

9 ਫਿਰ ਯਿਸ਼ੂ ਨੇ ਉਹਨਾਂ ਨੂੰ ਇਹ ਵੀ ਕਿਹਾ, "ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਇੱਕ ਪਾਸੇ ਰੱਖ ਕੇ ਆਪਣੀਆਂ ਰਸਮਾਂ ਨੂੰ ਮੰਨਣਾ ਚਾਹੁੰਦੇ ਹੋ। 10 ਇਸ ਲਈ ਮੋਸ਼ੇਹ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰਨਾ,’ ਅਤੇ, ‘ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਉਹ ਮੌਤ ਦੇ ਘਾਟ ਉਤਾਰਿਆ ਜਾਵੇ।’ 11 ਪਰ ਤੁਸੀਂ ਆਖਦੇ ਹੋ, ‘ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ਮੇਰੇ ਵੱਲੋਂ ਤੁਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ ਉਹ "ਕੁਰਬਾਨ" ਅਰਥਾਤ ਉਹ ਪਰਮੇਸ਼ਵਰ ਨੂੰ ਭੇਂਟ ਚੜ੍ਹਾਇਆ ਗਿਆ ਹੈ।’ 12 ਇਸ ਦੁਆਰਾ ਤੁਸੀਂ ਉਸਨੂੰ ਉਸਦੇ ਪਿਤਾ ਅਤੇ ਉਸਦੀ ਮਾਂ ਲਈ ਕੁਝ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਆਪਣੀ ਰੀਤ ਦੁਆਰਾ ਪਰਮੇਸ਼ਵਰ ਦੇ ਵਚਨ ਨੂੰ ਟਾਲ ਦੇ ਹੋ ਜੋ ਤੁਸੀਂ ਹੋਰਨਾਂ ਨੂੰ ਸੌਂਪ ਦਿੱਤਾ ਹੈ ਅਤੇ ਤੁਸੀਂ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੋ।"

14 ਤਦ ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, "ਤੁਸੀਂ ਹਰ ਕੋਈ ਮੇਰੀ ਗੱਲ ਸੁਣੋ ਅਤੇ ਸਮਝੋ। 15 ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ। ਪਰ ਜਿਹੜੀਆਂ ਚੀਜ਼ਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਉਸ ਨੂੰ ਅਸ਼ੁੱਧ ਕਰਦੀਆਂ ਹਨ। 16 ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।"

17 ਜਦੋਂ ਉਹ ਭੀੜ ਨੂੰ ਛੱਡ ਕੇ ਘਰ ਦੇ ਅੰਦਰ ਗਏ, ਉਹ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18 ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਕੀ ਤੁਸੀਂ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਕਰ ਸਕਦਾ? 19 ਕਿਉਂਕਿ ਭੋਜਨ ਉਹਨਾਂ ਦੇ ਦਿਲ ਵਿੱਚ ਨਹੀਂ ਜਾਂਦਾ, ਪਰ ਉਹਨਾਂ ਦੇ ਪੇਟ ਵਿੱਚ ਜਾਂਦਾ ਹੈ ਅਤੇ ਫਿਰ ਸਰੀਰ ਵਿੱਚੋਂ ਬਾਹਰ ਆਉਂਦਾ ਹੈ।" ਇਸ ਰਾਹੀ, ਯਿਸ਼ੂ ਨੇ ਸਾਰੇ ਭੋਜਨ ਨੂੰ ਸ਼ੁੱਧ ਆਖਿਆ।

20 ਉਸ ਨੇ ਅੱਗੇ ਕਿਹਾ: "ਜੋ ਕੁਝ ਮਨੁੱਖ ਦੇ ਵਿੱਚੋਂ ਨਿੱਕਲਦਾ ਹੈ ਉਹੀ ਹੈ ਜੋ ਉਸਨੂੰ ਅਸ਼ੁੱਧ ਬਣਾਉਂਦਾ ਹੈ। 21 ਇਹ ਕਿਸੇ ਵਿਅਕਤੀ ਦੇ ਦਿਲ ਵਿੱਚੋਂ ਹੀ ਬੁਰੇ ਖ਼ਿਆਲ, ਹਰਾਮਕਾਰੀ, ਚੋਰੀ, ਖੂਨ, 22 ਵਿਭਚਾਰ, ਲਾਲਚ, ਬੁਰਾਈ, ਧੋਖੇ, ਅਸ਼ਲੀਲਤਾ, ਈਰਖਾ, ਬਦਨਾਮੀ, ਹੰਕਾਰ ਅਤੇ ਮੂਰਖਤਾ ਨਿੱਕਲਦੇ ਹਨ। 23 ਇਹ ਸਾਰੀਆਂ ਬੁਰਾਈਆਂ ਅੰਦਰੋਂ ਆਉਂਦੀਆਂ ਹਨ ਅਤੇ ਵਿਅਕਤੀ ਨੂੰ ਅਸ਼ੁੱਧ ਕਰਦਿਆਂ ਹਨ।"

ਕਨਾਨਵਾਸੀ ਔਰਤ ਦਾ ਵਿਸ਼ਵਾਸ

24 ਯਿਸ਼ੂ ਉਸ ਜਗ੍ਹਾ ਨੂੰ ਛੱਡ ਕੇ ਸੋਰ ਦੀਆਂਂ ਹੱਦਾਂ ਵਿੱਚ ਆਏ, ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਨੂੰ ਜਾਣੇ; ਫਿਰ ਵੀ ਉਹ ਆਪਣੀ ਮੌਜੂਦਗੀ ਨੂੰ ਗੁਪਤ ਨਹੀਂ ਰੱਖ ਸਕਿਆ। 25 ਅਸਲ ਵਿੱਚ, ਉਸ ਬਾਰੇ ਸੁਣਦੇ ਹੀ, ਇੱਕ ਔਰਤ ਜਿਸ ਦੀ ਛੋਟੀ ਜਿਹੀ ਧੀ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ, ਉਹ ਆਈ ਅਤੇ ਉਸ ਦੇ ਚਰਨਾਂ ਤੇ ਡਿੱਗ ਪਈ। 26 ਉਹ ਔਰਤ ਯੂਨਾਨ ਤੋਂ ਸੀ ਅਤੇ ਸੂਰੋਫੈਨਿਕੀ ਵਿੱਚ ਜੰਮੀ ਸੀ। ਉਸਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਧੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢੇ।

27 ਯਿਸ਼ੂ ਨੇ ਉਸਨੂੰ ਕਿਹਾ, "ਪਹਿਲਾਂ ਬੱਚਿਆਂ ਨੂੰ ਉਹ ਸਭ ਖਾਣ ਦਿਓ ਜੋ ਉਹ ਚਾਹੁੰਦੇ ਹਨ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।"

28 ਉਸਨੇ ਯਿਸ਼ੂ ਨੂੰ ਜਵਾਬ ਦਿੱਤਾ, "ਸੱਚ ਹੈ ਪ੍ਰਭੂ ਜੀ, ਪਰ ਬੱਚਿਆਂ ਦੇ ਮੇਜ਼ ਤੋਂ ਡਿੱਗਣ ਵਾਲੇ ਟੁਕੜਿਆਂ ਨਾਲ ਕੁੱਤੇ ਵੀ ਆਪਣਾ ਪੇਟ ਭਰਦੇ ਹਨ।"

29 ਤਦ ਯਿਸ਼ੂ ਨੇ ਉਸਨੂੰ ਕਿਹਾ, "ਆਪਣੇ ਘਰ ਜਾ ਕਿਉਂ ਜੋ ਤੇਰੇ ਇਸ ਜਵਾਬ ਦੇ ਕਾਰਨ ਦੁਸ਼ਟ ਆਤਮਾ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।"

30 ਉਹ ਘਰ ਗਈ ਅਤੇ ਆਪਣੀ ਧੀ ਨੂੰ ਬਿਸਤਰੇ ਤੇ ਪਿਆ ਵੇਖਿਆ ਅਤੇ ਦੁਸ਼ਟ ਆਤਮਾ ਉਸ ਨੂੰ ਛੱਡ ਕੇ ਜਾ ਚੁੱਕੀ ਸੀ।

ਬੋਲ਼ੇ ਅਤੇ ਗੂੰਗੇ ਆਦਮੀ ਦਾ ਚੰਗਾ ਹੋਣਾ

31 ਤਦ ਯਿਸ਼ੂ ਸੋਰ ਨੂੰ ਛੱਡ ਅਤੇ ਸਿਦੋਨ ਨੂੰ ਹੁੰਦੇ ਹੋਇਆ ਗਲੀਲ ਦੀ ਝੀਲ ਤੇ ਆਏ ਜੋ ਡੇਕਾਪੋਲਿਸ ਦੇ ਖੇਤਰ ਵਿੱਚ ਸੀ। 32 ਕੁਝ ਲੋਕ ਉਸ ਕੋਲ ਇੱਕ ਆਦਮੀ ਨੂੰ ਲਿਆਏ ਜੋ ਕਿ ਬੋਲਾ ਸੀ ਅਤੇ ਮੁਸ਼ਕਿਲ ਨਾਲ ਗੱਲ ਕਰ ਸਕਦਾ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਉੱਤੇ ਆਪਣਾ ਹੱਥ ਰੱਖੇ।

33 ਭੀੜ ਤੋਂ ਦੂਰ ਉਸ ਨੂੰ ਇੱਕ ਪਾਸੇ ਲਿਜਾ ਕੇ ਯਿਸ਼ੂ ਨੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ। ਤਦ ਉਸਨੇ ਥੁੱਕਿਆ ਅਤੇ ਉਸਦੀ ਜੀਭ ਨੂੰ ਛੂਹਿਆ। 34 ਉਸਨੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਸਨੂੰ ਕਿਹਾ, "ਇਫ਼ਫ਼ਾਥਾ!" ਜਿਸਦਾ ਅਰਥ ਹੈ ਖੁੱਲ੍ਹ ਜਾ! 35 ਇਹ ਸੁਣ ਕੇ ਮਨੁੱਖ ਦੇ ਕੰਨ ਖੁਲ੍ਹ ਗਏ, ਉਸਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਤੌਰ ਤੇ ਬੋਲਣ ਲੱਗਾ।

36 ਯਿਸ਼ੂ ਨੇ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ। ਪਰ ਜਿੰਨਾ ਜ਼ਿਆਦਾ ਉਸਨੇ ਅਜਿਹਾ ਕਿਹਾ, ਉਨ੍ਹਾਂ ਜ਼ਿਆਦਾ ਉਹ ਇਸ ਬਾਰੇ ਗੱਲਾਂ ਕਰਦੇ ਰਹੇ। 37 ਲੋਕ ਹੈਰਾਨ ਹੋ ਕੇ ਕਹਿਣ ਲੱਗੇ ਕਿ, "ਉਹ ਜੋ ਵੀ ਕਰਦਾ ਹੈ ਸਭ ਕੁਝ ਭਲਾ ਹੀ ਕਰਦਾ ਹੈ, ਉਹ ਬੋਲਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-