Publicidade

Marcos 3

ਯਿਸ਼ੂ ਦਾ ਸਬਤ ਦੇ ਦਿਨ ਸੁੱਕੇ ਹੱਥ ਵਾਲੇ ਨੂੰ ਚੰਗਾ ਕਰਨਾ

1 ਇੱਕ ਵਾਰ ਫਿਰ ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਉੱਥੇ ਇੱਕ ਆਦਮੀ ਮੌਜੂਦ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ। 2 ਉਹਨਾਂ ਵਿੱਚੋਂ ਕਈ ਯਿਸ਼ੂ ਉੱਤੇ ਦੋਸ਼ ਲਾਉਣ ਦਾ ਕਾਰਣ ਲੱਭਣ ਵਾਸਤੇ, ਯਿਸ਼ੂ ਨੂੰ ਨੇੜਿਓ ਜਾਂਚਣ ਲੱਗੇ ਕੀ ਯਿਸ਼ੂ ਸਬਤ ਦੇ ਦਿਨ ਉਸਨੂੰ ਚੰਗਾ ਕਰਦਾ ਹੈ ਕਿ ਨਹੀਂ। 3 ਯਿਸ਼ੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, "ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੋ।"

4 ਤਦ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਸਬਤ ਦੇ ਦਿਨ ਕੀ ਕਰਨਾ ਸਹੀ ਹੈ, ਭਲਿਆਈ ਜਾਂ ਬੁਰਾਈ, ਜਾਨ ਬਚਾਉਣਾ ਜਾਂ ਜਾਨ ਨੂੰ ਮਾਰਨਾ?" ਪਰ ਉਹ ਸਾਰੇ ਚੁੱਪ ਹੀ ਰਹੇ।

5 ਯਿਸ਼ੂ ਨੇ ਗੁੱਸੇ ਵਿੱਚ ਉਹਨਾਂ ਵੱਲ ਵੇਖਿਆ ਅਤੇ ਉਨ੍ਹਾਂ ਦੇ ਜ਼ਿੱਦੀ ਦਿਲਾਂ ਤੇ ਦੁਖੀ ਹੋ ਕੇ ਉਸ ਆਦਮੀ ਨੂੰ ਕਿਹਾ, "ਆਪਣਾ ਹੱਥ ਵਧਾ।" ਉਸਨੇ ਆਪਣਾ ਹੱਥ ਵਧਾਇਆ ਅਤੇ ਉਸਦਾ ਹੱਥ ਪੂਰੀ ਤਰ੍ਹਾਂ ਚੰਗਾ ਹੋ ਗਿਆ। 6 ਤਦ ਫ਼ਰੀਸੀ ਬਾਹਰ ਚਲੇ ਗਏ ਅਤੇ ਹੇਰੋਦੀਆਂ ਦੇ ਨਾਲ ਯਿਸ਼ੂ ਨੂੰ ਮਾਰਨ ਦੀਆਂਂ ਯੋਜਨਾ ਬਣਾਉਣ ਲੱਗੇ।

ਇੱਕ ਵੱਡੀ ਭੀੜ ਯਿਸ਼ੂ ਦੇ ਪਿੱਛੇ

7 ਯਿਸ਼ੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਦੇ ਕੋਲ ਚਲੇ ਗਏ ਅਤੇ ਯਹੂਦਿਯਾ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ। 8 ਜਦੋਂ ਯਿਸ਼ੂ ਦੇ ਵੱਡੇ-ਵੱਡੇ ਕੰਮਾਂ ਦਾ ਵਰਣਨ ਉਹਨਾਂ ਨੇ ਸੁਣਿਆ ਯਹੂਦਿਯਾ ਪ੍ਰਦੇਸ਼, ਯੇਰੂਸ਼ਲੇਮ ਨਗਰ, ਇਦੂਮਿਆ ਪ੍ਰਦੇਸ਼, ਤੇ ਯਰਦਨ ਨਦੀ ਦੇ ਪਾਰ ਦੇ ਖੇਤਰਾਂ ਅਤੇ ਸੋਰ ਅਤੇ ਸਿਦੋਨ ਵੱਲੋਂ ਵੀ ਅਨੇਕਾਂ ਲੋਕ ਇਸ ਭੀੜ ਵਿੱਚ ਸ਼ਾਮਲ ਹੋ ਗਏ ਸਨ। 9 ਭੀੜ ਕਾਰਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਜਿਹੀ ਕਿਸ਼ਤੀ ਤਿਆਰ ਕਰਨ ਤਾਂ ਜੋ ਭੀੜ ਉਹਨਾਂ ਨੂੰ ਦਬਾ ਨਾ ਲਵੇ। 10 ਯਿਸ਼ੂ ਨੇ ਅਨੇਕਾਂ ਨੂੰ ਚੰਗਾ ਕੀਤਾ ਸੀ, ਇਸ ਕਾਰਨ ਸਾਰੇ ਜੋ ਰੋਗੀ ਸਨ, ਉਹ ਉਸ ਨੂੰ ਸਿਰਫ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ। 11 ਜਦੋਂ ਕਦੇ ਦੁਸ਼ਟ ਆਤਮਾਵਾਂ ਉਹਨਾਂ ਦੇ ਸਾਹਮਣੇ ਆਉਂਦੀ ਸੀ, ਉਹ ਉਹਨਾਂ ਦੇ ਸਾਹਮਣੇ ਡਿੱਗ ਕੇ ਚੀਖ-ਚੀਖ ਕੇ ਕਹਿੰਦੀਆਂ ਸੀ, "ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!" 12 ਪਰ ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।

ਬਾਰਾਂ ਚੇਲਿਆਂ ਦੀ ਚੋਣ

13 ਇਸ ਦੇ ਬਾਅਦ ਯਿਸ਼ੂ ਪਹਾੜ ਉੱਤੇ ਚਲੇ ਗਏ ਅਤੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉੱਥੇ ਉਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਉਹ ਉਸ ਦੇ ਕੋਲ ਆਏ। 14 ਯਿਸ਼ੂ ਨੇ ਬਾਰਾਂ ਨੂੰ ਚੁਣਿਆ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਉਹ ਉਹਨਾਂ ਨੂੰ ਪ੍ਰਚਾਰ ਕਰਨ ਲਈ ਭੇਜ ਸਕਣ 15 ਅਤੇ ਉਹਨਾਂ ਨੂੰ ਦੁਸ਼ਟ ਆਤਮਾ ਕੱਢਣ ਦਾ ਅਧਿਕਾਰ ਦਿੱਤਾ।

16 ਯਿਸ਼ੂ ਦੁਆਰਾ ਚੁਣੇ ਹੋਏ ਬਾਰ੍ਹਾਂ ਦੇ ਨਾਮ ਇਸ ਪ੍ਰਕਾਰ ਹਨ:

ਸ਼ਿਮਓਨ (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ),

17 ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸ ਦਾ ਭਰਾ ਯੋਹਨ, ਜਿਨ੍ਹਾਂ ਨੂੰ ਉਹ ਨੇ ਬੋਏਨੇਰਗੇਸ ਨਾਮ ਦਿੱਤਾ ਸੀ, ਜਿਸਦਾ ਮਤਲਬ ਹੁੰਦਾ ਹੈ, "ਗਰਜਣ ਦੇ ਪੁੱਤਰ,"

18 ਆਂਦਰੇਯਾਸ,

ਫਿਲਿੱਪਾਸ,

ਬਾਰਥੋਲੋਮੇਯਾਸ,

ਮੱਤੀਯਾਹ,

ਥੋਮਸ,

ਹਲਫੇਯਾਸ ਦਾ ਪੁੱਤਰ ਯਾਕੋਬ,

ਥੱਦੇਇਯਾਸ,

ਸ਼ਿਮਓਨ ਕਨਾਨੀ

19 ਅਤੇ ਯਹੂਦਾ ਇਸਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਬਾਅਦ ਵਿੱਚ ਯਿਸ਼ੂ ਦੇ ਨਾਲ ਧੋਖਾ ਕੀਤਾ ਸੀ।

ਯਿਸ਼ੂ ਉੱਤੇ ਆਪਣੇ ਪਰਿਵਾਰ ਅਤੇ ਸ਼ਾਸਤਰੀਆਂ ਦੁਆਰਾ ਇਲਜ਼ਾਮ

20 ਜਦੋਂ ਯਿਸ਼ੂ ਕਿਸੇ ਦੇ ਘਰ ਵਿੱਚ ਸਨ ਤਾਂ ਮੁੜ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ, ਇੱਥੋਂ ਤੱਕ ਕਿ ਯਿਸ਼ੂ ਅਤੇ ਉਹ ਦੇ ਚੇਲਿਆਂ ਦੇ ਲਈ ਭੋਜਨ ਕਰਨਾ ਵੀ ਅਸੰਭਵ ਹੋ ਗਿਆ। 21 ਜਦੋਂ ਯਿਸ਼ੂ ਦੇ ਪਰਿਵਾਰ ਨੇ ਇਸ ਬਾਰੇ ਸੁਣਿਆ ਤਾਂ ਉਹ ਯਿਸ਼ੂ ਨੂੰ ਆਪਣੀ ਹਿਫਾਜ਼ਤ ਵਿੱਚ ਆਪਣੇ ਨਾਲ ਲੈ ਜਾਣ ਲਈ ਉੱਥੇ ਆ ਗਏ ਕਿਉਂਕਿ ਉਹਨਾਂ ਦਾ ਵਿਚਾਰ ਸੀ, "ਕਿ ਯਿਸ਼ੂ ਆਪਣੇ ਆਪੇ ਤੋਂ ਬਾਹਰ ਹੋ ਗਏ ਹਨ।"

22 ਯੇਰੂਸ਼ਲੇਮ ਨਗਰ ਵੱਲੋਂ ਉੱਥੇ ਆਏ ਹੋਏ ਧਰਮ ਦੇ ਉਪਦੇਸ਼ਕਾਂ ਨੇ ਕਿਹਾ, "ਯਿਸ਼ੂ ਵਿੱਚ ਬੇਲਜ਼ਬੂਲ ਸਮਾਇਆ ਹੋਇਆ ਹੈ ਅਤੇ ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।"

23 ਇਸ ਉੱਤੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਦ੍ਰਿਸ਼ਟਾਂਤ ਵਿੱਚ ਕਹਿਣਾ ਸ਼ੁਰੂ ਕੀਤਾ, "ਭਲਾ ਸ਼ੈਤਾਨ ਹੀ ਸ਼ੈਤਾਨ ਨੂੰ ਕਿਵੇਂ ਕੱਢ ਸਕਦਾ ਹੈ? 24 ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਬਣਿਆ ਨਹੀਂ ਰਹਿ ਸਕਦਾ। 25 ਉਸੇ ਤਰ੍ਹਾਂ ਹੀ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ। 26 ਅਤੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠ ਕੇ ਵਿਰੋਧ ਕਰੇ ਅਤੇ ਉਸ ਵਿੱਚ ਹੀ ਫੁੱਟ ਪੈ ਜਾਵੇਗੀ, ਤਾਂ ਉਹ ਨਹੀਂ ਬਚ ਸਕਦਾ; ਉਸ ਦਾ ਅੰਤ ਆ ਗਿਆ ਹੈ। 27 ਕੋਈ ਵੀ ਕਿਸੇ ਤਾਕਤਵਰ ਆਦਮੀ ਦੇ ਘਰ ਜ਼ਬਰਦਸਤੀ ਪਰਵੇਸ਼ ਕਰਕੇ ਉਸਦੀ ਸੰਪਤੀ ਉਸ ਸਮੇਂ ਤੱਕ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ। ਫਿਰ ਹੀ ਉਹ ਉਸ ਤਾਕਤਵਰ ਆਦਮੀ ਦੀ ਸੰਪਤੀ ਲੁੱਟ ਸਕੇਗਾ। 28 ਮੈਂ ਤੁਹਾਨੂੰ ਸੱਚ ਆਖਦਾ ਹਾਂ: ਮਨੁੱਖ ਦੁਆਰਾ ਕੀਤੇ ਗਏ ਸਾਰੇ ਪਾਪ ਅਤੇ ਨਿੰਦਿਆ ਮਾਫ਼ ਕੀਤੇ ਜਾ ਸਕਦੇ ਹਨ। 29 ਪਰ ਪਵਿੱਤਰ ਆਤਮਾ ਦੇ ਵਿਰੁੱਧ ਕੀਤੀ ਗਈ ਨਿੰਦਿਆ ਕਿਸੇ ਵੀ ਪ੍ਰਕਾਰ ਮਾਫ਼ੀ ਦੇ ਯੋਗ ਨਹੀਂ ਹੈ। ਉਹ ਵਿਅਕਤੀ ਅਨੰਤ ਪਾਪ ਦਾ ਦੋਸ਼ੀ ਹੈ।"

30 ਯਿਸ਼ੂ ਨੇ ਇਹ ਸਭ ਇਸ ਲਈ ਕਿਹਾ ਸੀ ਕਿਉਂਕਿ ਸ਼ਾਸਤਰੀਆਂ ਨੇ ਉਹਨਾਂ ਉੱਤੇ ਦੋਸ਼ ਲਗਾਇਆ ਸੀ, "ਕਿ ਯਿਸ਼ੂ ਵਿੱਚ ਦੁਸ਼ਟ ਆਤਮਾ ਸਮਾਇਆ ਹੋਈਆ।"

31 ਉਦੋਂ ਯਿਸ਼ੂ ਦੀ ਮਾਤਾ ਅਤੇ ਉਹ ਦੇ ਭਰਾ ਉੱਥੇ ਆ ਗਏ। ਉਹ ਬਾਹਰ ਹੀ ਖੜ੍ਹੇ ਰਹੇ। ਉਹਨਾਂ ਨੇ ਸੁਨੇਹਾ ਭੇਜ ਕੇ ਯਿਸ਼ੂ ਨੂੰ ਬਾਹਰ ਬੁਲਵਾਇਆ। 32 ਭੀੜ ਉਹਨਾਂ ਨੂੰ ਘੇਰੇ ਹੋਏ ਬੈਠੀ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਦੱਸਿਆ, "ਉਹ ਵੇਖੋ! ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਤੁਹਾਡੀ ਤਲਾਸ਼ ਕਰ ਰਹੇ ਹਨ।"

33 ਯਿਸ਼ੂ ਨੇ ਪੁੱਛਿਆ, "ਮੇਰੀ ਮਾਤਾ ਅਤੇ ਮੇਰੇ ਭਰਾ ਕੌਣ ਹਨ?"

34 ਤਦ ਆਪਣੇ ਆਲੇ-ਦੁਆਲੇ ਬੈਠੀ ਭੀੜ ਉੱਤੇ ਆਪਣੀ ਨਜ਼ਰ ਪਾਉਂਦੇ ਹੋਏ ਉਸ ਨੇ ਕਿਹਾ, "ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ! 35 ਜੋ ਕੋਈ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-