1 ਜਦੋਂ ਯਿਸ਼ੂ ਹੈਕਲ ਤੋਂ ਬਾਹਰ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, "ਗੁਰੂ ਜੀ, ਵੇਖੋ! ਕਿੰਨੇ ਵੱਡੇ ਪੱਥਰਾਂ! ਕਿੰਨੀ ਸ਼ਾਨਦਾਰ ਇਮਾਰਤਾਂ ਹਨ!"
2 ਯਿਸ਼ੂ ਨੇ ਜਵਾਬ ਦਿੱਤਾ, "ਕੀ ਤੁਸੀਂ ਇਹ ਸਾਰੀਆਂ ਵੱਡੀਆਂ-ਵੱਡੀਆਂ ਇਮਾਰਤਾਂ ਵੇਖ ਰਹੇ ਹੋ? ਇੱਥੇ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ; ਹਰੇਕ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।"
3 ਜਦੋਂ ਯਿਸ਼ੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਹੋਏ ਸਨ ਤਾਂ ਪਤਰਸ, ਯਾਕੋਬ, ਯੋਹਨ ਅਤੇ ਆਂਦਰੇਯਾਸ ਨੇ ਉਸ ਕੋਲੋ ਨਿੱਜੀ ਤੌਰ ਤੇ ਆ ਕੇ ਪੁੱਛਿਆ, 4 "ਸਾਨੂੰ ਦੱਸੋ, ਇਹ ਸਭ ਕੁਝ ਕਦੋਂ ਹੋਵੇਗਾ? ਅਤੇ ਕੀ ਚਿੰਨ੍ਹ ਹੋਵੇਗਾ ਕਿ ਉਹ ਸਾਰੇ ਪੂਰੇ ਹੋਣ ਵਾਲੇ ਹਨ?"
5 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: "ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ। 6 ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ, ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ। 7 ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂਂ ਅਫਵਾਹਾਂ ਬਾਰੇ ਸੁਣੋ, ਤਾਂ ਚਿੰਤਤ ਨਾ ਹੋਣਾ। ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ। 8 ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। ਅਤੇ ਥਾਂ-ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ। ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਣਗੀਆਂ।
9 "ਤੁਸੀਂ ਸਾਵਧਾਨ ਹੋ ਜਾਓ। ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੇ ਜਾਣਗੇ। ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਗਵਾਹ ਬਣ ਕੇ ਖੜ੍ਹਾ ਕੀਤਾ ਜਾਵੇਗਾ। 10 ਅਤੇ ਇਸ ਤੋਂ ਪਹਿਲਾਂ ਸਾਰੀਆਂ ਕੌਮਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। 11 ਜਦੋਂ ਤੁਹਾਨੂੰ ਬੰਦੀ ਬਣਾਇਆ ਜਾਵੇ ਅਤੇ ਤੁਹਾਡੇ ਉੱਤੇ ਮਕੱਦਮਾ ਚਲਾਇਆ ਜਾਵੇ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਬੋਲਾਂਗੇ ਪਰ ਜੋ ਕੁਝ ਉਸ ਸਮੇਂ ਤੁਹਾਨੂੰ ਦਿੱਤਾ ਜਾਵੇ ਉਹ ਹੀ ਬੋਲਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ।
12 "ਭਰਾ ਆਪਣੇ ਭਰਾ ਨੂੰ ਅਤੇ ਪਿਤਾ ਆਪਣੇ ਪੁੱਤਰ ਨੂੰ ਮੌਤ ਲਈ ਫੜਵਾਏਗਾ; ਅਤੇ ਬੱਚੇ ਆਪਣੇ ਮਾਂ-ਪਿਉ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ। 13 ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਂਗਾ, ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ।
14 "ਜਦੋਂ ਤੁਸੀਂ, ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਉੱਥੇ ਖੜੇ ਵੇਖੋ,’ ਜਿੱਥੇ ਨਹੀਂ ਹੋਣੀ ਚਾਹੀਦੀ, ਪੜ੍ਹਨ ਵਾਲਾ ਸਮਝ ਲਵੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ। 15 ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ। 16 ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ। 17 ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ! 18 ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਵਾਪਰੇ, 19 ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀਆਂ ਮੁਸੀਬਤਾਂ ਹੋਣਗੀਆਂ, ਜਦੋਂ ਤੋਂ ਪਰਮੇਸ਼ਵਰ ਨੇ ਸੰਸਾਰ ਨੂੰ ਬਣਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਇਸ ਤਰ੍ਹਾਂ ਫਿਰ ਕਦੇ ਵੀ ਨਹੀਂ ਹੋਵੇਗਾ।
20 "ਜੇ ਪ੍ਰਭੂ ਦੁਆਰਾ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਵੀ ਆਦਮੀ ਨਾ ਬਚਦਾ। ਪਰ ਚੁਣਿਆ ਹੋਇਆ ਦੇ ਕਾਰਨ, ਜਿਸ ਨੂੰ ਉਸ ਨੇ ਚੁਣਿਆ ਹੈ, ਉਸ ਨੇ ਉਹ ਦਿਨ ਘਟਾ ਦਿੱਤੇ ਹਨ। 21 ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਦੇਖੋ, ਉਹ ਉੱਥੇ ਹੈ!’ ਇਸ ਤੇ ਵਿਸ਼ਵਾਸ ਨਾ ਕਰਨਾ। 22 ਕਿਉਂਕਿ ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਉੱਠਣਗੇ ਅਤੇ ਉਹ ਚਿੰਨ੍ਹ ਅਤੇ ਅਚਰਜ਼ ਕੰਮ ਵਿਖਾਉਣਗੇ ਜੇ ਹੋ ਸਕੇ, ਤਾਂ ਉਹ ਪਰਮੇਸ਼ਵਰ ਦੇ ਚੁਣਿਆ ਹੋਇਆ ਨੂੰ ਵੀ ਭਰਮਾ ਲੈਣਗੇ। 23 ਤਾਂ ਸਾਵਧਾਨ ਰਹੋ; ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ।
24 "ਪਰ ਉਹਨਾਂ ਦਿਨਾਂ ਵਿੱਚ, ਇਸ ਪਰੇਸ਼ਾਨੀ ਦੇ ਬਾਅਦ,
" ‘ਸੂਰਜ ਹਨੇਰਾ ਹੋ ਜਾਵੇਗਾ,
ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;
25 ਤਾਰੇ ਅਕਾਸ਼ ਤੋਂ ਡਿੱਗ ਪੈਣਗੇ,
ਅਤੇ ਅਕਾਸ਼ ਦੀਆਂਂ ਸ਼ਕਤੀਆਂ ਹਿਲਾਈਆਂ ਜਾਣਗੀਆਂ।’
26 "ਉਸ ਵੇਲੇ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਆਉਂਦਿਆਂ ਵੇਖਣਗੇ। 27 ਅਤੇ ਉਹ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਛੋਰ ਤੋਂ ਇਕੱਠਾ ਕਰੇਗਾ, ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ।
28 "ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ, ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ। 29 ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਤੁਸੀਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਦਾ ਆਉਣਾ ਨੇੜੇ ਹੈ, ਸਗੋਂ ਦਰਵਾਜ਼ੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ। 31 ਸਵਰਗ ਅਤੇ ਧਰਤੀ ਟਲ ਜਾਣਗੇ, ਪਰ ਮੇਰੇ ਵਚਨ ਕਦੇ ਵੀ ਨਹੀਂ ਟਲਣਗੇ।
32 "ਪਰ ਉਸ ਦਿਨ ਜਾਂ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ, ਪਰ ਸਿਰਫ ਪਿਤਾ ਜਾਣਦਾ ਹੈ। 33 ਖਬ਼ਰਦਾਰ! ਜਾਗਦੇ ਰਹੋ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ। 34 ਇਹ ਗੱਲ ਇੱਕ ਪ੍ਰਦੇਸ ਜਾ ਰਹੇ ਆਦਮੀ ਵਰਗੀ ਹੈ: ਜਿਸ ਨੇ ਘਰੋਂ ਜਾਂਦੇ ਸਮੇਂ ਆਪਣੇ ਘਰ ਨੂੰ ਆਪਣੇ ਨੌਕਰਾਂ ਹਵਾਲੇ ਕਰ ਦਿੱਤਾ ਅਤੇ ਆਪਣੇ ਹਰੇਕ ਨੌਕਰ ਨੂੰ ਉਸ ਦਾ ਕੰਮ ਸੌਂਪ ਦਿੱਤਾ, ਅਤੇ ਦਰਬਾਨ ਨੂੰ ਜਾਗਦੇ ਰਹਿਣ ਦਾ ਹੁਕਮ ਦਿੱਤਾ।
35 "ਇਸ ਲਈ ਜਾਗਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ ਚਾਹੇ ਸ਼ਾਮ ਨੂੰ, ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ। 36 ਤਾਂ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤਾ ਪਾਵੇ 37 ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਮੈਂ ਹਰ ਇੱਕ ਨੂੰ ਕਹਿੰਦਾ ਹਾਂ: ‘ਜਾਗਦੇ ਰਹੋ।’ "