Publicidade

Marcos 9

1 ਅਤੇ ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਕਿ ਕਈ ਇਹਨਾਂ ਵਿੱਚੋਂ ਜਿਹੜੇ ਇੱਥੇ ਖੜ੍ਹੇ ਹਨ ਮੌਤ ਦਾ ਸੁਆਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਵਰ ਦੇ ਰਾਜ ਨੂੰ ਸ਼ਕਤੀ ਨਾਲ ਆਉਂਦਿਆਂ ਦੇਖ ਨਾ ਲੈਣ।"

ਯਿਸ਼ੂ ਦਾ ਰੂਪਾਂਤਰਣ

2 ਛੇ ਦਿਨਾਂ ਬਾਅਦ ਯਿਸ਼ੂ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲਿਆ ਅਤੇ ਉਹਨਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ, ਜਿੱਥੇ ਉਹ ਸਾਰੇ ਇਕੱਲੇ ਸਨ। ਉੱਥੇ ਉਹਨਾਂ ਦੇ ਸਾਹਮਣੇ ਯਿਸ਼ੂ ਦਾ ਰੂਪ ਬਦਲ ਗਿਆ। 3 ਉਹ ਦੇ ਕੱਪੜੇ ਚਮਕਦਾਰ ਚਿੱਟੇ ਹੋ ਗਏ, ਅਜਿਹੇ ਚਿੱਟੇ ਹੋ ਗਏ ਕਿ ਸੰਸਾਰ ਵਿੱਚ ਕੋਈ ਵੀ ਧੋਬੀ ਓਹੋ ਜਿਹੇ ਚਿੱਟੇ ਨਹੀਂ ਕਰ ਸਕਦਾ। 4 ਅਤੇ ਉਹਨਾਂ ਨੂੰ ਸਾਹਮਣੇ, ਏਲੀਯਾਹ ਅਤੇ ਮੋਸ਼ੇਹ ਯਿਸ਼ੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ।

5 ਪਤਰਸ ਨੇ ਯਿਸ਼ੂ ਨੂੰ ਆਖਿਆ, "ਗੁਰੂ ਜੀ, ਸਾਡੇ ਲਈ ਇੱਥੇ ਹੋਣਾ ਕਿੰਨਾ ਚੰਗਾ ਹੈ। ਆਓ ਆਪਾਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੋਸ਼ੇਹ ਲਈ ਅਤੇ ਇੱਕ ਏਲੀਯਾਹ ਲਈ।" 6 ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿਣ, ਇਸ ਲਈ ਜੋ ਉਹ ਬਹੁਤ ਡਰ ਗਏ ਸਨ।

7 ਤਦ ਇੱਕ ਬੱਦਲ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਬੱਦਲ ਵਿੱਚੋਂ ਇੱਕ ਆਵਾਜ਼ ਆਈ: "ਇਹ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਉਹ ਦੀ ਸੁਣੋ!"

8 ਅਚਾਨਕ, ਜਦੋਂ ਉਹਨਾਂ ਨੇ ਆਸੇ-ਪਾਸੇ ਵੇਖਿਆ, ਤਾਂ ਉਹਨਾਂ ਨੇ ਯਿਸ਼ੂ ਨੂੰ ਛੱਡ ਕਿਸੇ ਨੂੰ ਨਾ ਵੇਖਿਆ।

9 ਜਦੋਂ ਉਹ ਪਹਾੜ ਤੋਂ ਉੱਤਰ ਰਹੇ ਸਨ, ਯਿਸ਼ੂ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਜਦ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾ ਜੀ ਉੱਠੇ ਤਦ ਤੱਕ ਉਹ ਕਿਸੇ ਨੂੰ ਜੋ ਕੁਝ ਉਹਨਾਂ ਨੇ ਵੇਖਿਆ ਨਾ ਦੱਸਣ। 10 ਉਹਨਾਂ ਨੇ ਇਹ ਗੱਲ ਆਪਣੇ ਤੱਕ ਰੱਖੀ, ਤੇ ਆਪਸ ਵਿੱਚ ਵਿਚਾਰ-ਵਟਾਂਦਰਾ ਕਰਨ ਲੱਗੇ, "ਮੁਰਦਿਆਂ ਵਿੱਚੋਂ ਜੀ ਉੱਠਣ," ਦਾ ਮਤਲਬ ਕੀ ਹੈ?

11 ਅਤੇ ਉਹਨਾਂ ਨੇ ਉਸ ਨੂੰ ਪੁੱਛਿਆ, "ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?"

12 ਯਿਸ਼ੂ ਨੇ ਉੱਤਰ ਦਿੱਤਾ, "ਯਕੀਨਨ, ਏਲੀਯਾਹ ਪਹਿਲਾਂ ਆਣ ਕੇ ਸਭ ਕੁਝ ਬਹਾਲ ਕਰੇਂਗਾ। ਤਾਂ ਇਹ ਕਿਉਂ ਲਿਖਿਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਨੂੰ ਬਹੁਤ ਦੁੱਖ ਝੱਲਣੇ ਪੈਣਗੇ ਅਤੇ ਉਸਨੂੰ ਤੁੱਛ ਗਿਣਿਆ ਜਾਵੇਗਾ? 13 ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਏਲੀਯਾਹ ਆ ਚੁੱਕਿਆ ਹੈ ਅਤੇ ਪਰ ਜੋ ਕੁਝ ਉਹ ਚਾਹੁੰਦੇ ਸਨ ਉਹਨਾਂ ਨੇ ਆਪਣੇ ਅਨੁਸਾਰ ਉਸ ਨਾਲ ਸਭ ਕੁਝ ਕੀਤਾ, ਜਿਵੇਂ ਕਿ ਇਸ ਬਾਰੇ ਲਿਖਿਆ ਗਿਆ ਹੈ।"

ਇੱਕ ਦੁਸ਼ਟ ਆਤਮਾ ਆਦਮੀ ਦਾ ਚੰਗਾ ਹੋਣਾ

14 ਜਦੋਂ ਉਹ ਦੂਜੇ ਚੇਲਿਆਂ ਕੋਲ ਆਏ, ਉਹਨਾਂ ਨੇ ਆਪਣੇ ਆਲੇ-ਦੁਆਲੇ ਇੱਕ ਵੱਡੀ ਭੀੜ ਨੂੰ ਵੇਖਿਆ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਹਨਾਂ ਨਾਲ ਬਹਿਸ ਕੀਤੀ। 15 ਜਿਵੇਂ ਹੀ ਸਾਰੇ ਲੋਕਾਂ ਨੇ ਯਿਸ਼ੂ ਨੂੰ ਵੇਖਿਆ, ਉਹ ਹੈਰਾਨ ਹੋ ਗਏ ਅਤੇ ਉਸਦਾ ਸਵਾਗਤ ਕਰਨ ਲਈ ਭੱਜੇ।

16 ਯਿਸ਼ੂ ਨੇ ਪੁੱਛਿਆ, "ਤੁਸੀਂ ਉਹਨਾਂ ਨਾਲ ਕਿਸ ਬਾਰੇ ਬਹਿਸ ਕਰ ਰਹੇ ਹੋ?"

17 ਭੀੜ ਵਿੱਚੋਂ ਇੱਕ ਆਦਮੀ ਨੇ ਉੱਤਰ ਦਿੱਤਾ, "ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਤੁਹਾਡੇ ਕੋਲ ਲਿਆਇਆ ਹਾਂ ਇਸ ਨੂੰ ਇੱਕ ਗੂੰਗਾ ਕਰਨ ਵਾਲੀ ਆਤਮਾ ਚਿੰਬੜੀ ਹੋਈ ਹੈ। 18 ਜਦੋਂ ਵੀ ਇਹ ਦੁਸ਼ਟ ਆਤਮਾ ਉਸਨੂੰ ਫੜ ਲੈਂਦੀ ਹੈ, ਇਹ ਉਸਨੂੰ ਜ਼ਮੀਨ ਤੇ ਸੁੱਟ ਦਿੰਦੀ ਹੈ। ਉਸਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ ਅਤੇ ਉਹ ਆਪਣੇ ਦੰਦ ਪੀਂਹਦਾ ਅਤੇ ਕਠੋਰ ਹੋ ਜਾਂਦਾ ਹੈ। ਮੈਂ ਤੁਹਾਡੇ ਚੇਲਿਆਂ ਨੂੰ ਆਤਮਾ ਕੱਢਣ ਲਈ ਕਿਹਾ, ਪਰ ਉਹ ਉਸ ਵਿੱਚੋਂ ਕੱਢ ਨਾ ਸਕੇ।"

19 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, "ਹੇ ਅਵਿਸ਼ਵਾਸੀ ਅਤੇ ਭ੍ਰਿਸ਼ਟ ਪੀੜ੍ਹੀ, ਕਿੰਨਾ ਚਿਰ ਮੈਂ ਤੁਹਾਡੇ ਨਾਲ ਰਹਾਂਗਾ? ਮੈਂ ਤੁਹਾਨੂੰ ਕਿੰਨਾ ਚਿਰ ਸਹਾਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ।"

20 ਲੋਕ ਉਸ ਮੁੰਡੇ ਨੂੰ ਯਿਸ਼ੂ ਕੋਲ ਲੈ ਆਏ। ਜਦੋਂ ਦੁਸ਼ਟ ਆਤਮਾ ਨੇ ਯਿਸ਼ੂ ਨੂੰ ਵੇਖਿਆ, ਤਾਂ ਉਸ ਨੇ ਤੁਰੰਤ ਹੀ ਲੜਕੇ ਨੂੰ ਬਹੁਤ ਮਰੋੜਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਅਤੇ ਮੂੰਹ ਤੋਂ ਝੱਗ ਛੱਡਦਾ ਹੋਇਆ ਲੇਟਣ ਲੱਗਾ।

21 ਯਿਸ਼ੂ ਨੇ ਮੁੰਡੇ ਦੇ ਪਿਤਾ ਨੂੰ ਪੁੱਛਿਆ, "ਇਸ ਦਾ ਇਹ ਹਾਲ ਕਦੋਂ ਤੋਂ ਹੈ?"

ਉਸ ਨੇ ਜਵਾਬ ਦਿੱਤਾ, "ਬਚਪਨ ਤੋਂ ਹੀ। 22 ਦੁਸ਼ਟ ਆਤਮਾ ਉਸਨੂੰ ਮਾਰਨ ਲਈ ਅਕਸਰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਦੀ ਸੀ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾਓ ਅਤੇ ਸਾਡੀ ਸਹਾਇਤਾ ਕਰੋ।"

23 ਯਿਸ਼ੂ ਨੇ ਕਿਹਾ, "ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ।"

24 ਤੁਰੰਤ ਹੀ ਲੜਕੇ ਦੇ ਪਿਤਾ ਨੇ ਉੱਚੀ ਆਵਾਜ਼ ਵਿੱਚ ਕਿਹਾ, "ਮੈਂ ਵਿਸ਼ਵਾਸ ਕਰਦਾ ਹਾਂ; ਮੇਰੇ ਅਵਿਸ਼ਵਾਸ ਨੂੰ ਦੂਰ ਕਰਨ ਵਿੱਚ ਮੇਰੀ ਮਦਦ ਕਰੋ!"

25 ਜਦੋਂ ਯਿਸ਼ੂ ਨੇ ਵੇਖਿਆ ਕਿ ਭੀੜ ਉਸ ਜਗ੍ਹਾ ਵੱਲ ਭੱਜ ਰਹੀ ਹੈ, ਤਾਂ ਯਿਸ਼ੂ ਨੇ ਅਸ਼ੁੱਧ ਆਤਮਾ ਨੂੰ ਝਿੜਕਦੇ ਹੋਏ ਕਿਹਾ, "ਹੇ ਗੂੰਗੀ ਅਤੇ ਬੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ, ਉਸ ਵਿੱਚੋਂ ਬਾਹਰ ਆ ਜਾ ਅਤੇ ਕਦੀ ਵੀ ਉਸ ਵਿੱਚ ਮੁੜ ਨਾ ਵੜੀਂ।"

26 ਦੁਸ਼ਟ ਆਤਮਾ ਪਰੇਸ਼ਾਨ ਹੋ ਗਈ ਅਤੇ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ। ਲੜਕਾ ਮੁਰਦਾ ਜਿਹਾ ਹੋ ਗਿਆ। ਕਿ ਕਈਆਂ ਨੇ ਕਿਹਾ, "ਉਹ ਮਰ ਗਿਆ ਹੈ।" 27 ਪਰ ਯਿਸ਼ੂ ਨੇ ਉਸਦਾ ਹੱਥ ਫੜ੍ਹ ਕੇ ਉਠਾਇਆ ਅਤੇ ਉਹ ਆਪਣੇ ਪੈਰਾਂ ਤੇ ਖੜ੍ਹਾ ਹੋ ਗਿਆ।

28 ਜਦੋਂ ਯਿਸ਼ੂ ਘਰ ਦੇ ਅੰਦਰ ਚਲਾ ਗਿਆ ਸੀ, ਉਸਦੇ ਚੇਲਿਆਂ ਨੇ ਉਸਨੂੰ ਇਕਾਂਤ ਵਿੱਚ ਪੁੱਛਿਆ, "ਅਸੀਂ ਇਸ ਨੂੰ ਕਿਉਂ ਨਹੀਂ ਕੱਢ ਸਕੇ?"

29 ਉਸਨੇ ਜਵਾਬ ਦਿੱਤਾ, "ਕਿ ਅਜਿਹੀ ਕਿਸਮ ਦੇ ਬੁਰੇ ਆਤਮੇ, ਪ੍ਰਾਰਥਨਾ ਅਤੇ ਵਰਤ ਤੋਂ ਬਿਨ੍ਹਾਂ ਨਹੀਂ ਨਿੱਕਲ ਸਕਦੇ।"

ਯਿਸ਼ੂ ਦੁਆਰਾ ਆਪਣੀ ਮੌਤ ਦੀ ਦੂਜੀ ਭਵਿੱਖਬਾਣੀ

30 ਉਹ ਉਸ ਜਗ੍ਹਾ ਨੂੰ ਛੱਡ ਕੇ ਗਲੀਲ ਵਿੱਚੋਂ ਦੀ ਲੰਘੇ। ਯਿਸ਼ੂ ਨਹੀਂ ਚਾਹੁੰਦਾ ਸੀ ਕਿ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਸਨ, 31 ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦੇ ਰਹੇ ਸਨ। ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫ਼ੜਵਾ ਦਿੱਤਾ ਜਾਵੇਗਾ। ਉਹ ਉਸਨੂੰ ਮਾਰ ਦੇਣਗੇ ਅਤੇ ਤਿੰਨ ਦਿਨਾਂ ਬਾਅਦ ਉਹ ਜੀ ਉੱਠੇਗਾ।" 32 ਪਰ ਉਹ ਉਸਨੂੰ ਸਮਝ ਨਾ ਸਕੇ ਅਤੇ ਉਹ ਇਸ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।

33 ਉਹ ਕਫ਼ਰਨਹੂਮ ਵਿੱਚ ਆਏ। ਜਦੋਂ ਉਹ ਘਰ ਵਿੱਚ ਸੀ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਰਸਤੇ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ?" 34 ਪਰ ਉਹ ਚੁੱਪ ਰਹੇ ਕਿਉਂਕਿ ਰਸਤੇ ਵਿੱਚ ਉਹਨਾਂ ਨੇ ਬਹਿਸ ਕੀਤੀ ਸੀ ਜੋ ਸਾਡੇ ਵਿੱਚੋਂ ਸਭ ਤੋਂ ਵੱਡਾ ਕੌਣ ਹੈ?

35 ਫਿਰ ਬੈਠ ਕੇ ਯਿਸ਼ੂ ਨੇ ਬਾਰ੍ਹਾਂ ਨੂੰ ਬੁਲਾਇਆ ਅਤੇ ਕਿਹਾ, "ਜਿਹੜਾ ਵੀ ਪਹਿਲੇ ਹੋਣਾ ਚਾਹੁੰਦਾ ਹੈ, ਉਹ ਆਖਰੀ ਅਤੇ ਸਭ ਦਾ ਦਾਸ ਹੋਣਾ ਚਾਹੀਦਾ ਹੈ।"

36 ਉਸਨੇ ਇੱਕ ਛੋਟੇ ਬੱਚੇ ਨੂੰ ਲਿਆ। ਜਿਸ ਨੂੰ ਉਸਨੇ ਉਹਨਾਂ ਦੇ ਵਿੱਚਕਾਰ ਖੜ੍ਹਾ ਕਰ ਦਿੱਤਾ। ਅਤੇ ਉਸ ਨੂੰ ਗੋਦ ਵਿੱਚ ਚੁੱਕ ਕੇ ਉਹਨਾਂ ਨੂੰ ਕਿਹਾ, 37 "ਜਿਹੜਾ ਵੀ ਮੇਰੇ ਨਾਮ ਵਿੱਚ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ ਕਿਸੇ ਨੂੰ ਕਬੂਲ ਕਰਦਾ ਹੈ, ਉਹ ਮੈਨੂੰ ਕਬੂਲ ਕਰਦਾ ਹੈ; ਅਤੇ ਜੋ ਕੋਈ ਮੈਨੂੰ ਕਬੂਲ ਕਰੇ ਸੋ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ।"

ਜੋ ਕੋਈ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਨਾਲ ਹੈ

38 ਯੋਹਨ ਨੇ ਕਿਹਾ, "ਗੁਰੂ ਜੀ, ਅਸੀਂ ਕਿਸੇ ਨੂੰ ਤੁਹਾਡੇ ਨਾਮ ਤੇ ਭੂਤਾਂ ਨੂੰ ਕੱਢਦੇ ਵੇਖਿਆ ਅਤੇ ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਵਿੱਚੋਂ ਨਹੀਂ ਸੀ।"

39 ਯਿਸ਼ੂ ਨੇ ਕਿਹਾ, "ਉਸਨੂੰ ਨਾ ਰੋਕੋ, ਕਿਉਂਕਿ ਜਿਹੜਾ ਵੀ ਮੇਰੇ ਨਾਮ ਵਿੱਚ ਕੋਈ ਚਮਤਕਾਰ ਕਰਦਾ ਹੈ, ਅਗਲੇ ਹੀ ਪਲ ਵਿੱਚ ਉਹ ਮੇਰੇ ਬਾਰੇ ਕੁਝ ਬੁਰਾ ਨਹੀਂ ਕਹਿ ਸਕਦਾ, 40 ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਹੈ ਉਹ ਸਾਡੇ ਨਾਲ ਹੈ। 41 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਕੋਈ ਵੀ ਮੇਰੇ ਨਾਮ ਤੇ ਤੁਹਾਨੂੰ ਇੱਕ ਗਿਲਾਸ ਪਾਣੀ ਦੇਵੇਗਾ ਕਿਉਂਕਿ ਤੁਸੀਂ ਮਸੀਹਾ ਦੇ ਹੋ, ਉਹ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।

ਠੋਕਰ ਖਾਣ ਦੇ ਕਾਰਨ

42 "ਜੇ ਕੋਈ ਇਨ੍ਹਾਂ ਛੋਟੇ ਬੱਚਿਆਂ ਵਿੱਚੋਂ, ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਠੋਕਰ ਦਾ ਕਾਰਨ ਬਣਨ, ਤਾਂ ਉਹਨਾਂ ਲਈ ਚੰਗਾ ਹੋਵੇਗਾ ਜੇ ਉਹਨਾਂ ਦੇ ਗਲੇ ਵਿੱਚ ਇੱਕ ਵੱਡਾ ਚੱਕੀ ਦਾ ਪੁੜਾ ਬੰਨ੍ਹਿਆ ਜਾਂਦਾ ਅਤੇ ਉਸਨੂੰ ਸਮੁੰਦਰ ਵਿੱਚ ਸੁੱਟਿਆ ਜਾਂਦਾ। 43 ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਇੱਕ ਹੱਥ ਨਾਲ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚੰਗਾ ਹੈ, ਜੋ ਦੋ ਹੱਥਾਂ ਨਾਲ ਨਰਕ ਵਿੱਚ ਜਾਵੇ ਜਿੱਥੇ ਅੱਗ ਕਦੇ ਨਹੀਂ ਬੁਝਦੀ। 44 ਜਿੱਥੇ,

"ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ,

ਅਤੇ ਅੱਗ ਕਦੀ ਨਹੀਂ ਬੁਝਦੀ।"

45 ਅਤੇ ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦਿਓ। ਤੁਹਾਡੇ ਲਈ ਲੰਗੜੇ ਹੋ ਕੇ ਜੀਵਨ ਵਿੱਚ ਦਾਖਲ ਹੋਣਾ ਭਲਾ ਹੈ ਜੋ ਦੋ ਪੈਰ ਹੋਣ ਅਤੇ ਨਰਕ ਵਿੱਚ ਸੁੱਟਿਆ ਜਾਵੇਂ। 46 ਜਿੱਥੇ,

"ਉੱਥੋਂ ਦਾ ਕੀੜਾ ਕਦੇ ਨਹੀਂ ਮਰਦਾ,

ਅਤੇ ਅੱਗ ਕਦੀ ਨਹੀਂ ਬੁਝਦੀ।"

47 ਅਤੇ ਜੇ ਤੇਰੀ ਅੱਖ ਤੈਨੂੰ ਠੋਕਰ ਖੁਵਾਉਂਦੀ ਹੈ, ਤਾਂ ਉਸ ਨੂੰ ਬਾਹਰ ਕੱਢ ਕੇ ਸੁੱਟ ਦਿਓ। ਇੱਕ ਅੱਖ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਤੇਰੇ ਲਈ ਇਸ ਨਾਲੋਂ ਚੰਗਾ ਹੈ, ਜੋ ਦੋ ਅੱਖਾਂ ਹੁੰਦਿਆਂ ਤੂੰ ਨਰਕ ਵਿੱਚ ਸੁੱਟਿਆ ਜਾਵੇਂ। 48 ਜਿੱਥੇ,

"ਉੱਥੋਂ ਦਾ ਕੀੜਾ ਕਦੀ ਨਹੀਂ ਮਰਦਾ,

ਅਤੇ ਨਾ ਕਦੀ ਅੱਗ ਬੁਝਦੀ।"

49 ਕਿਉਂਕਿ ਹਰ ਇੱਕ ਜਨ ਅੱਗ ਨਾਲ ਸਲੂਣਾ ਕੀਤਾ ਜਾਵੇਗਾ।

50 "ਨਮਕ ਚੰਗਾ ਹੈ, ਪਰ ਜੇ ਨਮਕ ਹੀ ਬੇਸੁਆਦ ਹੋ ਜਾਵੇ, ਤਾਂ ਫਿਰ ਕਿਵੇਂ ਦੁਬਾਰਾ ਉਸ ਨੂੰ ਨਮਕੀਨ ਕੀਤਾ ਜਾਵੇਗਾ? ਆਪਣੇ ਵਿੱਚ ਨਮਕ ਰੱਖੋ ਅਤੇ ਇੱਕ-ਦੂਜੇ ਨਾਲ ਮੇਲ-ਮਿਲਾਪ ਰੱਖੋ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-