Publicidade

Marcos 14

ਬੈਥਨੀਆ ਵਿੱਚ ਯਿਸ਼ੂ ਦਾ ਮਸਹ ਕੀਤਾ ਜਾਣਾ

1 ਹੁਣ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਸਿਰਫ ਦੋ ਦਿਨਾਂ ਬਾਅਦ ਹੋਣ ਵਾਲਾ ਸੀ, ਅਤੇ ਮੁੱਖ ਜਾਜਕਾਂ ਤੇ ਬਿਵਸਥਾ ਦੇ ਉਪਦੇਸ਼ਕਾ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗਿਰਫ਼ਤਾਰ ਕਰਨ ਅਤੇ ਉਸਨੂੰ ਮਾਰ ਦੇਣ ਦੀ ਯੋਜਨਾ ਬਣਾਈ। 2 ਉਹਨਾਂ ਨੇ ਆਪਸ ਵਿੱਚ ਆਖਿਆ, "ਪਰ ਤਿਉਹਾਰ ਦੇ ਦਿਨ ਦੌਰਾਨ ਨਹੀਂ, ਕਿਉਂਕਿ ਲੋਕ ਦੰਗੇ ਕਰ ਸਕਦੇ ਹਨ।"

3 ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ, ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਉਹ ਅਤਰ ਸ਼ੁੱਧ ਜਟਾਮਾਸੀ ਦਾ ਬਣਿਆ ਹੋਇਆ ਸੀ। ਉਸਨੇ ਸ਼ੀਸ਼ੀ ਨੂੰ ਤੋੜਿਆ ਅਤੇ ਯਿਸ਼ੂ ਦੇ ਸਿਰ ਉੱਤੇ ਅਤਰ ਪਾ ਦਿੱਤਾ।

4 ਉੱਥੇ ਮੌਜੂਦ ਕੁਝ ਲੋਕ ਇੱਕ ਦੂਸਰੇ ਨੂੰ ਗੁੱਸੇ ਨਾਲ ਕਹਿ ਰਹੇ ਸਨ, "ਇਹ ਅਤਰ ਦੀ ਬਰਬਾਦੀ ਕਿਉਂ? 5 ਇਹ ਇੱਕ ਸਾਲ ਤੋਂ ਵੱਧ ਦੀ ਮਜ਼ਦੂਰੀ ਦੀ ਕੀਮਤ ਉੱਤੇ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।" ਅਤੇ ਉਹਨਾਂ ਨੇ ਉਸ ਔਰਤ ਨੂੰ ਸਖ਼ਤੀ ਨਾਲ ਝਿੜਕਿਆ।

6 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਉਸ ਨੂੰ ਇਕੱਲੇ ਰਹਿਣ ਦਿਓ, ਤੁਸੀਂ ਉਸ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਉਸਨੇ ਮੇਰੇ ਲਈ ਇੱਕ ਚੰਗਾ ਕੰਮ ਕੀਤਾ ਹੈ। 7 ਗਰੀਬ ਤਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੇ, ਅਤੇ ਤੁਸੀਂ ਜਦੋਂ ਚਾਹੋ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ। 8 ਉਸ ਨੇ ਉਹ ਕੀਤਾ ਜੋ ਉਹ ਕਰ ਸਕਦੀ ਸੀ। ਉਸ ਨੇ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਕਰਨ ਲਈ ਪਹਿਲਾਂ ਹੀ ਮੇਰੇ ਸਰੀਰ ਤੇ ਅਤਰ ਡੋਲ੍ਹਿਆ ਹੈ। 9 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿੱਥੇ ਵੀ ਖੁਸ਼ਖ਼ਬਰੀ ਦਾ ਪ੍ਰਚਾਰ ਦੁਨੀਆਂ ਭਰ ਵਿੱਚ ਕੀਤਾ ਜਾਵੇਗਾ, ਉਸ ਦੀ ਯਾਦ ਵਿੱਚ ਉਸ ਨੇ ਜੋ ਕੁਝ ਵੀ ਕੀਤਾ ਉਹ ਵੀ ਦੱਸਿਆ ਜਾਵੇਗਾ।"

10 ਤਦ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਇਸਕਾਰਿਯੋਤ ਵਾਸੀ ਯਹੂਦਾਹ ਯਿਸ਼ੂ ਨੂੰ ਉਹਨਾਂ ਦੇ ਹਵਾਲੇ ਕਰਨ ਲਈ ਮੁੱਖ ਜਾਜਕਾਂ ਕੋਲ ਗਿਆ। 11 ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ ਅਤੇ ਉਸ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ। ਇਸ ਲਈ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।

ਆਖਰੀ ਰਾਤ ਦਾ ਖਾਣਾ

12 ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਸਾਹ ਦੇ ਲੇਲੇ ਦੀ ਬਲੀ ਦੇਣ ਦਾ ਰਿਵਾਜ ਸੀ, ਤਾਂ ਯਿਸ਼ੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, "ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਜਾ ਕੇ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?"

13 ਇਸ ਲਈ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, "ਸ਼ਹਿਰ ਵਿੱਚ ਜਾਓ ਅਤੇ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਤੁਹਾਨੂੰ ਮਿਲੇਗਾ। ਉਸ ਦਾ ਪਿੱਛਾ ਕਰੋ। 14 ਉਹ ਜਿਸ ਘਰ ਵਿੱਚ ਦਾਖਲ ਹੁੰਦਾ ਹੈ ਉਸ ਘਰ ਦੇ ਮਾਲਕ ਨੂੰ ਕਹੋ ਕਿ, ‘ਗੁਰੂ ਜੀ ਪੁੱਛਦੇ ਹਨ: ਮੇਰਾ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾਵਾਂਗਾ?’ 15 ਉਹ ਤੁਹਾਨੂੰ ਉੱਪਰ ਇੱਕ ਵੱਡਾ ਅਤੇ ਤਿਆਰ ਕੀਤਾ ਹੋਇਆ ਕਮਰਾ ਵਿਖਾਏਗਾ। ਸਾਡੇ ਲਈ ਉੱਥੇ ਤਿਆਰੀ ਕਰੋ।"

16 ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਉਹਨਾਂ ਨੂੰ ਉਹੀ ਕੁਝ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।

17 ਜਦੋਂ ਸ਼ਾਮ ਹੋਈ ਤਾਂ ਯਿਸ਼ੂ ਆਪਣੇ ਬਾਰ੍ਹਾਂ ਚੇਲਿਆਂ ਨਾਲ ਆਏ। 18 ਜਦੋਂ ਉਹ ਮੇਜ਼ ਤੇ ਖਾਣਾ ਖਾ ਰਹੇ ਸਨ, ਯਿਸ਼ੂ ਨੇ ਆਖਿਆ, "ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਂਗਾ ਜਿਹੜਾ ਮੇਰੇ ਨਾਲ ਖਾ ਰਿਹਾ ਹੈ।"

19 ਉਹ ਉਦਾਸ ਹੋ ਗਏ, ਅਤੇ ਇੱਕ-ਇੱਕ ਕਰਕੇ ਯਿਸ਼ੂ ਨੂੰ ਪੁੱਛਣ ਲੱਗੇ, "ਯਕੀਨਨ, ਕੀ ਮੈਂ ਉਹ ਤਾਂ ਨਹੀਂ?"

20 ਯਿਸ਼ੂ ਨੇ ਉੱਤਰ ਦਿੱਤਾ, "ਇਹ ਬਾਰ੍ਹਾਂ ਵਿੱਚੋਂ ਇੱਕ ਹੈ, ਜਿਹੜਾ ਮੇਰੇ ਨਾਲ ਕਟੋਰੇ ਵਿੱਚ ਰੋਟੀ ਡੁਬੋਉਂਦਾ ਹੈ। 21 ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਵੇਗਾ, ਜਿਵੇਂ ਉਸ ਦੇ ਬਾਰੇ ਲਿਖਿਆ ਹੈ। ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖਾ ਦੇਵੇਗਾ! ਉਸ ਲਈ ਇਹ ਚੰਗਾ ਹੁੰਦਾ ਜੇ ਉਹ ਨਾ ਜੰਮਦਾ।"

22 ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ, ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, "ਲਓ; ਇਹ ਮੇਰਾ ਸਰੀਰ ਹੈ।"

23 ਫਿਰ ਉਸ ਨੇ ਇੱਕ ਪਿਆਲਾ ਲਿਆ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰ ਕੇ, ਉਸ ਨੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਇਸ ਵਿੱਚੋਂ ਪੀਤਾ।

24 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਕਿ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ। 25 ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਉਸ ਦਿਨ ਤੋਂ ਫਿਰ ਉਸ ਦਾਖ ਦੇ ਰਸ ਵਿੱਚੋਂ ਕਦੇ ਨਹੀਂ ਪੀਵਾਂਗਾ, ਜਦੋਂ ਤੱਕ ਮੈਂ ਇਸ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਨਵਾਂ ਨਾ ਪੀਵਾਂਗਾ।"

26 ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।

ਯਿਸ਼ੂ ਨੇ ਪਤਰਸ ਦੇ ਇਨਕਾਰ ਦੀ ਭਵਿੱਖਬਾਣੀ ਕੀਤੀ

27 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਤੁਸੀਂ ਸਾਰੇ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ:

" ‘ਮੈਂ ਚਰਵਾਹੇ ਨੂੰ ਮਾਰਾਂਗਾ,

ਅਤੇ ਭੇਡਾਂ ਖਿੱਲਰ ਜਾਣਗੀਆਂ।’

28 ਪਰ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਅੱਗੇ ਗਲੀਲ ਜਾਵਾਂਗਾ।"

29 ਪਤਰਸ ਨੇ ਐਲਾਨ ਕੀਤਾ, "ਭਾਵੇਂ ਸਾਰੇ ਡਿੱਗ ਜਾਣ, ਮੈਂ ਨਹੀਂ ਡਿੱਗਾਂਗਾ।"

30 ਯਿਸ਼ੂ ਨੇ ਉੱਤਰ ਦਿੱਤਾ, "ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਆਪ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ।"

31 ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ, "ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੁਹਾਡਾ ਇਨਕਾਰ ਕਦੀ ਨਹੀਂ ਕਰਾਂਗਾ।" ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।

ਗਥਸਮਨੀ

32 ਉਹ ਗਥਸਮਨੀ ਨਾਮ ਦੇ ਇੱਕ ਜਗ੍ਹਾ ਵਿੱਚ ਗਏ, ਅਤੇ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, "ਜਦੋਂ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤਾਂ ਤੁਸੀਂ ਇੱਥੇ ਬੈਠੋ।" 33 ਉਹ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲੈ ਗਏ, ਅਤੇ ਯਿਸ਼ੂ ਦੁਖੀ ਅਤੇ ਪਰੇਸ਼ਾਨ ਹੋਣ ਲੱਗਾ। 34 ਯਿਸ਼ੂ ਨੇ ਉਹਨਾਂ ਨੂੰ ਕਿਹਾ, "ਮੇਰਾ ਪ੍ਰਾਣ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕ ਹੈ, ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ।"

35 ਥੋੜ੍ਹੀ ਹੀ ਦੂਰ ਜਾ ਕੇ ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਉਹ ਵਕਤ ਉਸ ਤੋਂ ਟਲ ਜਾਵੇ। 36 ਉਸ ਨੇ ਕਿਹਾ, "ਅੱਬਾ, ਹੇ ਪਿਤਾ, ਤੁਹਾਡੇ ਲਈ ਸਭ ਕੁਝ ਸੰਭਵ ਹੈ। ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਫਿਰ ਵੀ ਮੇਰੀ ਨਹੀਂ ਤੁਹਾਡੀ ਮਰਜ਼ੀ ਅਨੁਸਾਰ ਹੋਵੇ।"

37 ਤਦ ਯਿਸ਼ੂ ਆਪਣੇ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਸੁੱਤਿਆ ਪਾਇਆ। ਉਸਨੇ ਪਤਰਸ ਨੂੰ ਆਖਿਆ, "ਸ਼ਿਮਓਨ, ਤੂੰ ਸੌ ਰਿਹਾ ਹੈ? ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ? 38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।"

39 ਇੱਕ ਵਾਰ ਫਿਰ ਯਿਸ਼ੂ ਚਲੇ ਗਏ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ। 40 ਜਦੋਂ ਉਹ ਵਾਪਸ ਆਏ ਤਾਂ ਫਿਰ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆ ਹੋਈਆ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਯਿਸ਼ੂ ਨੂੰ ਕੀ ਜਵਾਬ ਦੇਣ।

41 ਤੀਜੀ ਵਾਰ ਵਾਪਸ ਆ ਕੇ, ਯਿਸ਼ੂ ਨੇ ਉਹਨਾਂ ਨੂੰ ਆਖਿਆ, "ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਇਹ ਕਾਫ਼ੀ ਹੈ! ਸਮਾਂ ਆ ਗਿਆ ਹੈ। ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। 42 ਉੱਠੋ! ਆਉ ਚੱਲੀਏ! ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!"

ਯਿਸ਼ੂ ਦਾ ਗਿਰਫ਼ਤਾਰ ਕੀਤਾ ਜਾਣਾ

43 ਜਿਵੇਂ ਯਿਸ਼ੂ ਬੋਲ ਹੀ ਰਿਹਾ ਸੀ, ਉਸੇ ਵੇਲੇ ਯਹੂਦਾਹ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਆਇਆ। ਉਸ ਦੇ ਨਾਲ ਤਲਵਾਰਾਂ ਅਤੇ ਡਾਂਗਾ ਫੜੀ ਹੋਈ ਇੱਕ ਭੀੜ ਸੀ, ਜਿਨ੍ਹਾਂ ਨੂੰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਭੇਜਿਆ ਸੀ।

44 ਹੁਣ ਫੜਵਾਉਣ ਵਾਲੇ ਨੇ ਉਹਨਾਂ ਨੂੰ ਇੱਕ ਸੰਕੇਤ ਦਿੱਤਾ ਸੀ: "ਕਿ ਜਿਸ ਆਦਮੀ ਨੂੰ ਮੈਂ ਚੁੰਮਾਂ ਉਸ ਨੂੰ ਫੜ੍ਹ ਲੈਣਾ ਅਤੇ ਉਸ ਨੂੰ ਨਿਗਰਾਨੀ ਹੇਠ ਲੈ ਲੈਣਾ।" 45 ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, "ਗੁਰੂ ਜੀ!" ਅਤੇ ਉਸ ਨੂੰ ਚੁੰਮਿਆ। 46 ਆਦਮੀਆਂ ਨੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ। 47 ਤਾਂ ਨੇੜੇ ਖੜ੍ਹੇ ਲੋਕਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਮਹਾਂ ਜਾਜਕ ਦੇ ਨੌਕਰ ਤੇ ਚਲਾ ਕੇ ਉਸ ਦਾ ਕੰਨ ਵੱਢ ਸੁੱਟਿਆ।

48 ਯਿਸ਼ੂ ਨੇ ਉਹਨਾਂ ਨੂੰ ਆਖਿਆ, "ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ? 49 ਹਰ ਦਿਨ ਮੈਂ ਤੁਹਾਡੇ ਨਾਲ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਦੇ ਰਿਹਾ ਸੀ, ਅਤੇ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਪਵਿੱਤਰ ਸ਼ਾਸਤਰ ਦਾ ਪੂਰਾ ਹੋਣਾ ਜ਼ਰੂਰੀ ਹੈ।" 50 ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।

51 ਇੱਕ ਜਵਾਨ ਆਦਮੀ, ਜਿਸਨੇ ਇੱਕ ਮਖਮਲ ਦੀ ਚਾਦਰ ਨੂੰ ਛੱਡ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਯਿਸ਼ੂ ਦੇ ਮਗਰ ਤੁਰ ਪਿਆ। ਜਦੋਂ ਉਹਨਾਂ ਨੇ ਉਸ ਨੂੰ ਫੜਨਾ ਚਾਹਿਆ, 52 ਉਹ ਨੰਗਾ ਹੀ ਭੱਜ ਗਿਆ, ਅਤੇ ਆਪਣੇ ਕੱਪੜੇ ਨੂੰ ਪਿੱਛੇ ਛੱਡ ਗਿਆ।

ਯਿਸ਼ੂ ਮਹਾਸਭਾ ਤੋਂ ਪਹਿਲਾਂ

53 ਉਹ ਯਿਸ਼ੂ ਨੂੰ ਮਹਾਂ ਜਾਜਕ ਕੋਲ ਲੈ ਗਏ ਅਤੇ ਸਾਰੇ ਮੁੱਖ ਜਾਜਕਾਂ, ਬਜ਼ੁਰਗ ਅਤੇ ਨੇਮ ਦੇ ਉਪਦੇਸ਼ਕ ਇੱਕਠੇ ਹੋਏ। 54 ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ। ਉੱਥੇ ਉਹ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।

55 ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। ਪਰ ਉਹਨਾਂ ਨੂੰ ਕੁਝ ਨਾ ਮਿਲਿਆ। 56 ਕਈਆਂ ਨੇ ਉਹ ਦੇ ਵਿਰੁੱਧ ਝੂਠੀ ਗਵਾਹੀ ਦਿੱਤੀ, ਪਰ ਉਹਨਾਂ ਦੇ ਬਿਆਨ ਨਹੀਂ ਮਿਲਦੇ ਸਨ।

57 ਤਦ ਕੁਝ ਲੋਕ ਖੜ੍ਹੇ ਹੋ ਗਏ ਅਤੇ ਉਸ ਦੇ ਵਿਰੁੱਧ ਇਹ ਝੂਠੀ ਗਵਾਹੀ ਦਿੱਤੀ: 58 "ਅਸੀਂ ਉਸ ਨੂੰ ਇਹ ਕਹਿੰਦੇ ਸੁਣਿਆ, ‘ਮੈਂ ਮਨੁੱਖਾਂ ਦੇ ਹੱਥਾਂ ਨਾਲ ਬਣੀ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਬਣਾਵਾਂਗਾ, ਜਿਹੜਾ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’ " 59 ਫਿਰ ਵੀ ਉਹਨਾਂ ਦੀ ਗਵਾਹੀ ਨਹੀਂ ਮਿਲਦੀ ਸੀ।

60 ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਨੂੰ ਪੁੱਛਿਆ, "ਕੀ ਤੂੰ ਕੁਝ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?" 61 ਪਰ ਯਿਸ਼ੂ ਚੁੱਪ ਹੀ ਰਿਹਾ ਅਤੇ ਕੋਈ ਜਵਾਬ ਨਾ ਦਿੱਤਾ।

ਮਹਾਂ ਜਾਜਕ ਨੇ ਉਸ ਨੂੰ ਫਿਰ ਪੁੱਛਿਆ, "ਕੀ ਤੂੰ ਮਸੀਹ, ਪਰਮ ਪ੍ਰਧਾਨ ਦਾ ਪੁੱਤਰ ਹੈਂ?"

62 ਯਿਸ਼ੂ ਨੇ ਕਿਹਾ, "ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਗੇ।"

63 ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ। ਉਸ ਨੇ ਪੁੱਛਿਆ, "ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ? 64 ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। ਹੁਣ ਤੁਹਾਡਾ ਕੀ ਵਿਚਾਰ ਹੈ?"

ਉਹਨਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਮੰਨਿਆ। 65 ਫੇਰ ਕੁਝ ਉਸ ਉੱਤੇ ਥੁੱਕਣ ਲੱਗੇ; ਉਹਨਾਂ ਨੇ ਯਿਸ਼ੂ ਦੀਆਂਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਮੁੱਕੇ ਮਾਰ ਕੇ ਆਖਿਆ, "ਭਵਿੱਖਬਾਣੀ ਕਰ!" ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਿਆ।

ਪਤਰਸ ਦਾ ਯਿਸ਼ੂ ਨੂੰ ਇਨਕਾਰ ਕਰਨਾ

66 ਉਸ ਸਮੇਂ ਜਦੋਂ ਪਤਰਸ ਵਿਹੜੇ ਦੇ ਹੇਠਾਂ ਸੀ, ਮਹਾਂ ਜਾਜਕ ਦੀ ਇੱਕ ਦਾਸੀ ਲੜਕੀ ਆ ਗਈ। 67 ਜਦੋਂ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ, ਤਾਂ ਉਸ ਨੇ ਉਸ ਵੱਲ ਨਜ਼ਦੀਕੀ ਨਾਲ ਵੇਖਿਆ।

ਉਸ ਨੇ ਕਿਹਾ, "ਤੂੰ ਵੀ ਉਸ ਨਾਜ਼ਰੇਥ ਵਾਸੀ ਯਿਸ਼ੂ ਨਾਲ ਸੀ।"

68 ਪਰ ਉਸ ਨੇ ਇਸ ਤੋਂ ਇਨਕਾਰ ਕੀਤਾ। "ਮੈਂ ਨਹੀਂ ਜਾਣਦਾ ਜਾਂ ਸਮਝ ਨਹੀਂ ਰਿਹਾ ਕਿ ਤੂੰ ਕਿਸ ਬਾਰੇ ਗੱਲ ਕਰ ਰਹੀ ਹੈ," ਅਤੇ ਉਹ ਬੂਹੇ ਵੱਲ ਚਲਾ ਗਿਆ।

69 ਜਦੋਂ ਨੌਕਰ ਕੁੜੀ ਨੇ ਉਸ ਨੂੰ ਉੱਥੇ ਵੇਖਿਆ ਤਾਂ ਉਸ ਨੇ ਦੁਬਾਰਾ ਖੜ੍ਹੇ ਲੋਕਾਂ ਨੂੰ ਕਿਹਾ, "ਇਹ ਵਿਅਕਤੀ ਵੀ ਉਹਨਾਂ ਵਿੱਚੋਂ ਇੱਕ ਹੈ।" 70 ਦੁਬਾਰਾ ਉਸ ਨੇ ਇਸ ਤੋਂ ਇਨਕਾਰ ਕੀਤਾ।

ਥੋੜ੍ਹੀ ਦੇਰ ਬਾਅਦ, ਜਿਹੜੇ ਲੋਕ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕਿਹਾ, "ਸੱਚ-ਮੁੱਚ ਤੂੰ ਉਹਨਾਂ ਵਿੱਚੋਂ ਇੱਕ ਹੋ, ਕਿਉਂਕਿ ਤੂੰ ਵੀ ਗਲੀਲੀ ਵਾਸੀ ਹੈ।"

71 ਪਤਰਸ ਸ਼ਰਾਪਾਂ ਨੂੰ ਬੁਲਾਉਂਦਾ ਹੋਇਆ ਉਹਨਾਂ ਅੱਗੇ ਸੋਂਹਾ ਖਾਂਦਾ ਹੈ ਕਿ, "ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ।"

72 ਤੁਰੰਤ ਹੀ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: "ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।" ਅਤੇ ਉਹ ਟੁੱਟ ਗਿਆ ਅਤੇ ਰੋਇਆ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-