Publicidade

Marcos 11

ਯਿਸ਼ੂ ਜੀ ਦਾ ਰਾਜਾ ਦੇ ਰੂਪ ਵਿੱਚ ਯੇਰੁਸ਼ੇਲੇਮ ਵਿੱਚ ਦਾਖਲ ਹੋਣਾ

1 ਜਦੋਂ ਯਿਸ਼ੂ ਅਤੇ ਉਹ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਯਿਸ਼ੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 2 ਉਹਨਾਂ ਨੂੰ ਕਿਹਾ, "ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 3 ਜੇ ਕੋਈ ਤੁਹਾਨੂੰ ਪੁੱਛੇ, ‘ਜੋ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’ ਤਾਂ ਆਖਣਾ, ‘ਜੋ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ।’ "

4 ਉਹ ਗਏ ਅਤੇ ਉਹਨਾਂ ਨੇ ਗਲੀ ਦੇ ਬਾਹਰ ਇੱਕ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਦੇ ਕੋਲ ਬੰਨ੍ਹਿਆ ਵੇਖਿਆ। ਜਿਵੇਂ ਹੀ ਉਹਨਾਂ ਨੇ ਉਸ ਨੂੰ ਖੋਲ੍ਹਿਆ, 5 ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, "ਤੁਸੀਂ ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ?" 6 ਉਹਨਾਂ ਨੇ ਉੱਤਰ ਦਿੱਤਾ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ, ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। 7 ਜਦੋਂ ਉਹ ਗਧੀ ਦੇ ਬੱਚੇ ਨੂੰ ਯਿਸ਼ੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ, ਯਿਸ਼ੂ ਉਸ ਉੱਤੇ ਬੈਠ ਗਿਆ। 8 ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਜਦ ਕਿ ਦੂਸਰੇ ਲੋਕਾਂ ਨੇ ਟਹਿਣੀਆਂ ਨੂੰ ਵਿਛਾਇਆ ਜਿਹੜੀਆਂ ਉਹਨਾਂ ਨੇ ਖੇਤਾਂ ਵਿੱਚੋਂ ਵੱਢੀਆਂ ਸਨ। 9 ਜਿਹੜੇ ਅੱਗੇ-ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ,

"ਹੋਸਨਾ!"

"ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"

10 "ਮੁਬਾਰਕ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!"

"ਹੋਸਨਾ ਉੱਚੇ ਸਵਰਗ ਦੇ ਵਿੱਚ!"

11 ਯਿਸ਼ੂ ਯੇਰੂਸ਼ਲੇਮ ਵਿੱਚ ਦਾਖਲ ਹੋਇਆ ਅਤੇ ਹੈਕਲ ਦੇ ਵਿਹੜੇ ਵਿੱਚ ਗਿਆ। ਉਹ ਨੇ ਆਲੇ-ਦੁਆਲੇ ਹਰ ਚੀਜ਼ ਵੱਲ ਵੇਖਿਆ, ਪਰ ਦੇਰ ਹੋਣ ਕਾਰਨ, ਉਹ ਬਾਰ੍ਹਾਂ ਚੇਲਿਆਂ ਨਾਲ ਬੈਥਨੀਆ ਚਲਾ ਗਿਆ।

ਯਿਸ਼ੂ ਦਾ ਇੱਕ ਹੰਜ਼ੀਰ ਦੇ ਦਰੱਖਤ ਨੂੰ ਸਰਾਪ ਦੇਣਾ ਅਤੇ ਹੈਕਲ ਦੀਆਂਂ ਅਦਾਲਤਾਂ ਨੂੰ ਸਾਫ਼ ਕਰਨਾ

12 ਅਗਲੇ ਦਿਨ ਜਦੋਂ ਉਹ ਬੈਥਨੀਆ ਤੋਂ ਜਾ ਰਹੇ ਸਨ, ਯਿਸ਼ੂ ਨੂੰ ਭੁੱਖ ਲੱਗੀ। 13 ਅਤੇ ਉਹ ਦੂਰੋਂ ਹੰਜ਼ੀਰ ਦਾ ਇੱਕ ਹਰਾ-ਭਰਾ ਰੁੱਖ ਵੇਖ ਕੇ ਉਹ ਦੇ ਨੇੜੇ ਗਏ, ਕੀ ਜਾਣੀਏ ਜੋ ਉਸ ਤੋਂ ਕੁਝ ਲੱਭੇ ਪਰ ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਪੱਤਿਆਂ ਤੋਂ ਬਿਨ੍ਹਾਂ ਹੋਰ ਕੁਝ ਨਾ ਪਾਇਆ ਕਿਉਂਕਿ ਹੰਜ਼ੀਰ ਦੇ ਫ਼ਲ ਦੇਣ ਦੀ ਰੁੱਤ ਨਹੀਂ ਸੀ। 14 ਤਦ ਉਸਨੇ ਰੁੱਖ ਨੂੰ ਕਿਹਾ, "ਕੋਈ ਤੇਰਾ ਫ਼ਲ ਫੇਰ ਕਦੇ ਨਾ ਖਾਵੇ।" ਅਤੇ ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।

15 ਉਹ ਯੇਰੂਸ਼ਲੇਮ ਵਿੱਚ ਆਏ, ਯਿਸ਼ੂ ਹੈਕਲ ਦੇ ਵਿਹੜੇ ਵਿੱਚ ਗਏ ਅਤੇ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜਿਹੜੇ ਉੱਥੇ ਵਪਾਰ ਕਰ ਰਹੇ ਸਨ। ਉਹ ਨੇ ਪੈਸਾ ਬਦਲਣ ਵਾਲਿਆਂ ਦੀਆਂਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂਂ ਚੌਂਕੀਆਂ ਉਲਟਾ ਦਿੱਤੀਆਂ, 16 ਅਤੇ ਕਿਸੇ ਨੂੰ ਵੀ ਹੈਕਲ ਦੀਆਂਂ ਦਰਬਾਰਾਂ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਾ ਦਿੱਤੀ। 17 ਅਤੇ ਜਦੋਂ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਸਨੇ ਕਿਹਾ, "ਕੀ ਇਹ ਵਚਨ ਵਿੱਚ ਨਹੀਂ ਲਿਖਿਆ: ‘ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’? ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ "

18 ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਇਹ ਸੁਣਿਆ ਅਤੇ ਉਸਨੂੰ ਮਾਰ ਦੇਣ ਦਾ ਰਾਹ ਲੱਭਣ ਲੱਗੇ, ਉਹ ਯਿਸ਼ੂ ਤੋਂ ਡਰਦੇ ਸਨ, ਕਿਉਂਕਿ ਭੀੜ ਉਸ ਦੇ ਉਪਦੇਸ਼ਾਂ ਤੋਂ ਹੈਰਾਨ ਰਹਿ ਗਏ ਸਨ।

19 ਜਦੋਂ ਸ਼ਾਮ ਹੋਈ ਤਾਂ ਯਿਸ਼ੂ ਅਤੇ ਉਸਦੇ ਚੇਲੇ ਸ਼ਹਿਰ ਤੋਂ ਬਾਹਰ ਚਲੇ ਗਏ।

20 ਸਵੇਰ ਵੇਲੇ, ਜਦੋਂ ਚੇਲੇ ਚੱਲੇ ਆਉਂਦੇ ਸਨ, ਉਹਨਾਂ ਨੇ ਹੰਜ਼ੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਦਿਆਂ ਵੇਖਿਆ। 21 ਪਤਰਸ ਨੂੰ ਯਾਦ ਆਇਆ ਅਤੇ ਉਸਨੇ ਯਿਸ਼ੂ ਨੂੰ ਕਿਹਾ, "ਗੁਰੂ ਜੀ, ਵੇਖੋ! ਜਿਸ ਹੰਜ਼ੀਰ ਦੇ ਰੁੱਖ ਨੂੰ ਤੁਸੀਂ ਸਰਾਪ ਦਿੱਤਾ ਸੀ, ਉਹ ਸੁੱਕ ਗਿਆ ਹੈ।"

22 ਯਿਸ਼ੂ ਨੇ ਉੱਤਰ ਦਿੱਤਾ, "ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ। 23 ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਅਤੇ ਆਪਣੇ ਦਿਲ ਵਿੱਚ ਕੋਈ ਸ਼ੱਕ ਨਾ ਕਰੇ, ਪਰ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋਵੇਗਾ, ਉਹਨਾਂ ਲਈ ਅਜਿਹਾ ਹੋ ਜਾਵੇਗਾ। 24 ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ, ਵਿਸ਼ਵਾਸ ਕਰੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਇਹ ਤੁਹਾਡਾ ਹੋਵੇਗਾ। 25 ਅਤੇ ਜਦੋਂ ਤੁਸੀਂ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡੇ ਦਿਲ ਵਿੱਚ ਕਿਸੇ ਦੇ ਵਿਰੁੱਧ ਕੁਝ ਹੋਵੇ, ਤਾਂ ਉਹਨਾਂ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਸਵਰਗੀ ਪਿਤਾ ਤੁਹਾਡਿਆਂ ਪਾਪਾਂ ਨੂੰ ਮਾਫ਼ ਕਰੇ। 26 ਪਰ ਜੇ ਤੁਸੀਂ ਮਾਫ਼ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।"

ਯਿਸ਼ੂ ਦੇ ਅਧਿਕਾਰ ਉੱਤੇ ਪ੍ਰਸ਼ਨ

27 ਉਹ ਯੇਰੂਸ਼ਲੇਮ ਵਾਪਸ ਆਏ ਅਤੇ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਘੁੰਮ ਰਿਹਾ ਸੀ ਤਾਂ ਮੁੱਖ ਜਾਜਕ, ਬਿਵਸਥਾ ਦੇ ਉਪਦੇਸ਼ਕ ਅਤੇ ਬਜ਼ੁਰਗ ਉਸ ਦੇ ਕੋਲ ਆਏ। 28 ਉਹਨਾਂ ਨੇ ਉਸ ਨੂੰ ਪੁੱਛਿਆ, "ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?"

29 ਯਿਸ਼ੂ ਨੇ ਜਵਾਬ ਦਿੱਤਾ, "ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਮੈਨੂੰ ਉੱਤਰ ਦਿਓ ਅਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30 ਮੈਨੂੰ ਦੱਸੋ! ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ?"

31 ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, "ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’ 32 ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ " ਉਹ ਲੋਕਾਂ ਤੋਂ ਡਰਦੇ ਸਨ, ਕਿਉਂਕਿ ਹਰ ਕੋਈ ਮੰਨਦਾ ਸੀ ਕਿ ਯੋਹਨ ਸੱਚ-ਮੁੱਚ ਇੱਕ ਨਬੀ ਸੀ।

33 ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, "ਅਸੀਂ ਨਹੀਂ ਜਾਣਦੇ।"

ਯਿਸ਼ੂ ਨੇ ਕਿਹਾ, "ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਗੱਲਾਂ ਕਰ ਰਿਹਾ ਹਾਂ।"

Veja também

Publicidade
Bíblia Online Bíblia Online

Bíblia Online • Versão: 2026-06-15_21-32-39-