1 ਤਦ ਯੇਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਬੁਲਾਇਆ 2 ਅਤੇ ਉਨ੍ਹਾਂ ਨੂੰ ਕਿਹਾ, "ਤੁਸੀਂ ਉਹ ਸਭ ਕੁਝ ਕੀਤਾ ਹੈ ਜਿਸਦਾ ਯਾਹਵੇਹ ਦੇ ਦਾਸ ਮੋਸ਼ੇਹ ਨੇ ਹੁਕਮ ਦਿੱਤਾ ਸੀ ਅਤੇ ਤੁਸੀਂ ਉਨ੍ਹਾਂ ਸਾਰੀਆਂ ਗੱਲਾਂ ਵਿੱਚ ਮੇਰੀ ਪਾਲਣਾ ਕੀਤੀ ਹੈ ਜਿਸਦਾ ਮੈਂ ਹੁਕਮ ਦਿੱਤਾ ਸੀ। 3 ਲੰਬੇ ਸਮੇਂ ਤੋਂ ਅੱਜ ਤੱਕ ਤੁਸੀਂ ਆਪਣੇ ਸੰਗੀ ਇਸਰਾਏਲੀਆਂ ਨੂੰ ਤਿਆਗਿਆ ਨਹੀਂ ਹੈ ਪਰ ਉਸ ਕੰਮ ਨੂੰ ਪੂਰਾ ਕੀਤਾ ਹੈ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਸੀ। 4 ਹੁਣ ਜਦੋਂ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਉਨ੍ਹਾਂ ਨੂੰ ਆਪਣੇ ਵਾਅਦੇ ਅਨੁਸਾਰ ਅਰਾਮ ਦਿੱਤਾ ਹੈ, ਤਾਂ ਤੁਸੀਂ ਉਸ ਧਰਤੀ ਵਿੱਚ ਆਪਣੇ ਘਰਾਂ ਨੂੰ ਮੁੜੋ ਜਿਹੜੀ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਤੁਹਾਨੂੰ ਯਰਦਨ ਦੇ ਦੂਜੇ ਪਾਸੇ ਦਿੱਤੀ ਸੀ। 5 ਪਰ ਉਸ ਹੁਕਮ ਅਤੇ ਬਿਵਸਥਾ ਦੀ ਪਾਲਣਾ ਕਰਨ ਲਈ ਜੋ ਯਾਹਵੇਹ ਦੇ ਦਾਸ ਮੋਸ਼ੇਹ ਨੇ ਤੁਹਾਨੂੰ ਦਿੱਤੀ ਸੀ, ਬਹੁਤ ਧਿਆਨ ਰੱਖੋ, ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸ ਦੀ ਆਗਿਆਕਾਰੀ ਵਿੱਚ ਰਹੋ, ਉਸ ਦੇ ਹੁਕਮਾਂ ਦੀ ਪਾਲਣਾ ਕਰੋ, ਉਸ ਨੂੰ ਫੜੀ ਰੱਖੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਆਤਮਾ ਨਾਲ ਉਸ ਦੀ ਸੇਵਾ ਕਰੋ।"
6 ਤਦ ਯੇਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਘਰਾਂ ਨੂੰ ਚਲੇ ਗਏ। 7 (ਮਨੱਸ਼ੇਹ ਦੇ ਅੱਧੇ ਗੋਤ ਨੂੰ ਮੋਸ਼ੇਹ ਨੇ ਬਾਸ਼ਾਨ ਵਿੱਚ ਜ਼ਮੀਨ ਦਿੱਤੀ ਸੀ ਅਤੇ ਬਾਕੀ ਦੇ ਅੱਧੇ ਗੋਤ ਨੂੰ ਯੇਹੋਸ਼ੁਆ ਨੇ ਯਰਦਨ ਦੇ ਪੱਛਮ ਵਾਲੇ ਪਾਸੇ ਆਪਣੇ ਸਾਥੀ ਇਸਰਾਏਲੀਆਂ ਸਮੇਤ ਜ਼ਮੀਨ ਦਿੱਤੀ ਸੀ।) ਜਦੋਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਘਰ ਭੇਜਿਆ, ਉਸਨੇ ਉਨ੍ਹਾਂ ਨੂੰ ਅਸੀਸ ਦਿੱਤੀ। 8 ਅਤੇ ਯੇਹੋਸ਼ੁਆ ਨੇ ਉਹਨਾਂ ਨੂੰ ਆਖਿਆ, "ਆਪਣੀ ਵੱਡੀ ਦੌਲਤ ਨਾਲ, ਪਸ਼ੂਆਂ ਦੇ ਵੱਡੇ ਇੱਜੜ, ਚਾਂਦੀ, ਸੋਨਾ, ਪਿੱਤਲ, ਲੋਹਾ ਅਤੇ ਬਹੁਤ ਸਾਰੇ ਕੱਪੜੇ ਲੈ ਕੇ ਆਪਣੇ ਘਰਾਂ ਨੂੰ ਮੁੜੋ ਅਤੇ ਆਪਣੇ ਦੁਸ਼ਮਣਾਂ ਤੋਂ ਲੁੱਟ ਨੂੰ ਆਪਣੇ ਸਾਥੀ ਇਸਰਾਏਲੀਆਂ ਨਾਲ ਵੰਡੋ।"
9 ਇਸ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲੀਆਂ ਨੂੰ ਕਨਾਨ ਦੇ ਸ਼ੀਲੋਹ ਵਿੱਚ ਛੱਡ ਦਿੱਤਾ ਤਾਂ ਜੋ ਉਨ੍ਹਾਂ ਦੀ ਆਪਣੀ ਧਰਤੀ ਗਿਲਆਦ ਵਿੱਚ ਵਾਪਸ ਆ ਜਾਣ ਜੋ ਉਨ੍ਹਾਂ ਨੇ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਦੇ ਅਨੁਸਾਰ ਹਾਸਲ ਕੀਤੀ ਸੀ।
10 ਜਦੋਂ ਉਹ ਕਨਾਨ ਦੇਸ਼ ਵਿੱਚ ਯਰਦਨ ਦੇ ਨੇੜੇ ਗਲੀਲੋਥ ਵਿੱਚ ਆਏ, ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਯਰਦਨ ਦੇ ਕੋਲ ਇੱਕ ਸ਼ਾਨਦਾਰ ਜਗਵੇਦੀ ਬਣਾਈ। 11 ਅਤੇ ਜਦੋਂ ਇਸਰਾਏਲੀਆਂ ਨੇ ਸੁਣਿਆ ਕਿ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਨੇ ਕਨਾਨ ਦੀ ਸਰਹੱਦ ਉੱਤੇ ਯਰਦਨ ਦੇ ਨੇੜੇ ਗਲੀਲੋਥ ਵਿੱਚ ਇਸਰਾਏਲੀਆਂ ਦੇ ਪਾਸੇ ਜਗਵੇਦੀ ਬਣਾਈ ਹੈ। 12 ਇਸਰਾਏਲ ਦੀ ਸਾਰੀ ਸਭਾ ਸ਼ੀਲੋਹ ਵਿੱਚ ਉਨ੍ਹਾਂ ਦੇ ਵਿਰੁੱਧ ਲੜਨ ਲਈ ਇਕੱਠੀ ਹੋਈ।
13 ਇਸ ਲਈ ਇਸਰਾਏਲੀਆਂ ਨੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਗਿਲਆਦ ਦੀ ਧਰਤੀ ਨੂੰ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ ਭੇਜਿਆ। 14 ਉਸ ਦੇ ਨਾਲ ਉਨ੍ਹਾਂ ਨੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ, ਇਸਰਾਏਲ ਦੇ ਗੋਤਾਂ ਵਿੱਚੋਂ ਇੱਕ-ਇੱਕ ਪਰਿਵਾਰ-ਸਮੂਹ ਦੇ ਮੁਖੀਆਂ ਵਿੱਚੋਂ ਦਸ ਆਦਮੀ ਭੇਜੇ।
15 ਜਦੋਂ ਉਹ ਗਿਲਆਦ ਵਿੱਚ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਕੋਲ ਗਏ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, 16 "ਯਾਹਵੇਹ ਦੀ ਸਾਰੀ ਸਭਾ ਆਖਦੀ ਹੈ, ‘ਤੁਸੀਂ ਇਸਰਾਏਲ ਦੇ ਪਰਮੇਸ਼ਵਰ ਨਾਲ ਇਸ ਤਰ੍ਹਾਂ ਵਿਸ਼ਵਾਸ ਕਿਵੇਂ ਤੋੜ ਸਕਦੇ ਹੋ? ਤੁਸੀਂ ਹੁਣ ਯਾਹਵੇਹ ਤੋਂ ਦੂਰ ਕਿਵੇਂ ਹੋ ਸਕਦੇ ਹੋ ਅਤੇ ਉਸ ਦੇ ਵਿਰੁੱਧ ਬਗਾਵਤ ਵਿੱਚ ਆਪਣੇ ਆਪ ਲਈ ਕਿਵੇਂ ਇੱਕ ਜਗਵੇਦੀ ਬਣਾ ਸਕਦੇ ਹੋ? 17 ਕੀ ਪਿਓਰ ਦਾ ਪਾਪ ਸਾਡੇ ਲਈ ਕਾਫ਼ੀ ਨਹੀਂ ਸੀ? ਅੱਜ ਤੱਕ ਅਸੀਂ ਆਪਣੇ ਆਪ ਨੂੰ ਉਸ ਪਾਪ ਤੋਂ ਸ਼ੁੱਧ ਨਹੀਂ ਕੀਤਾ, ਭਾਵੇਂ ਕਿ ਯਾਹਵੇਹ ਦੀ ਸੰਗਤ ਉੱਤੇ ਇੱਕ ਮਹਾਂਮਾਰੀ ਡਿੱਗ ਪਈ! 18 ਅਤੇ ਕੀ ਤੁਸੀਂ ਹੁਣ ਯਾਹਵੇਹ ਤੋਂ ਮੂੰਹ ਮੋੜ ਰਹੇ ਹੋ?
" ‘ਜੇ ਤੁਸੀਂ ਅੱਜ ਯਾਹਵੇਹ ਦੇ ਵਿਰੁੱਧ ਬਗਾਵਤ ਕਰਦੇ ਹੋ, ਤਾਂ ਕੱਲ੍ਹ ਉਹ ਇਸਰਾਏਲ ਦੀ ਸਾਰੀ ਕੌਮ ਨਾਲ ਗੁੱਸੇ ਹੋ ਜਾਵੇਗਾ। 19 ਜੇਕਰ ਤੁਹਾਡੀ ਧਰਤੀ ਅਸ਼ੁੱਧ ਹੈ, ਤਾਂ ਯਾਹਵੇਹ ਦੀ ਧਰਤੀ ਉੱਤੇ ਆਓ, ਜਿੱਥੇ ਯਾਹਵੇਹ ਦਾ ਤੰਬੂ ਹੈ ਅਤੇ ਸਾਡੇ ਨਾਲ ਧਰਤੀ ਸਾਂਝੀ ਕਰੋ, ਪਰ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਨੂੰ ਛੱਡ ਕੇ ਆਪਣੇ ਲਈ ਇੱਕ ਜਗਵੇਦੀ ਬਣਾ ਕੇ ਯਾਹਵੇਹ ਦੇ ਵਿਰੁੱਧ ਜਾਂ ਸਾਡੇ ਵਿਰੁੱਧ ਵਿਦਰੋਹ ਨਾ ਕਰੋ। 20 ਜਦੋਂ ਜ਼ੇਰਾਹ ਦਾ ਪੁੱਤਰ ਆਕਾਨ ਭੇਟ ਯਾਹਵੇਹ ਨੂੰ ਕੀਤੀਆਂ ਚੀਜ਼ਾਂ ਵਿੱਚ ਬੇਵਫ਼ਾ ਸੀ, ਤਾਂ ਕੀ ਇਸਰਾਏਲ ਦੀ ਸਾਰੀ ਕੌਮ ਉੱਤੇ ਕ੍ਰੋਧ ਨਹੀਂ ਆਇਆ? ਉਹ ਇਕੱਲਾ ਨਹੀਂ ਸੀ ਜੋ ਆਪਣੇ ਪਾਪ ਲਈ ਮਰਿਆ ਸੀ।’ "
21 ਤਦ ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੂੰ ਉੱਤਰ ਦਿੱਤਾ: 22 "ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਸ਼ਕਤੀਮਾਨ, ਪਰਮੇਸ਼ਵਰ, ਯਾਹਵੇਹ! ਜੋ ਸਭ ਕੁਝ ਜਾਣਦਾ ਹੈ ਅਤੇ ਇਸਰਾਏਲ ਨੂੰ ਦੱਸੋ! ਜੇ ਇਹ ਯਾਹਵੇਹ ਦੀ ਬਗਾਵਤ ਜਾਂ ਅਣਆਗਿਆਕਾਰੀ ਵਿੱਚ ਹੋਇਆ ਹੈ, ਤਾਂ ਅੱਜ ਸਾਨੂੰ ਨਾ ਬਖਸ਼ੋ। 23 ਜੇ ਅਸੀਂ ਆਪਣੀ ਜਗਵੇਦੀ ਯਾਹਵੇਹ ਤੋਂ ਦੂਰ ਰਹਿਣ ਅਤੇ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ ਜਾਂ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਲਈ ਬਣਾਈ ਹੈ, ਤਾਂ ਯਾਹਵੇਹ ਆਪ ਸਾਨੂੰ ਲੇਖਾ ਦੇਵੇ।
24 "ਨਹੀਂ! ਅਸੀਂ ਇਹ ਇਸ ਡਰੋਂ ਕੀਤਾ ਹੈ ਕਿ ਕਿਸੇ ਦਿਨ ਤੁਹਾਡੇ ਉੱਤਰਾਧਿਕਾਰੀ ਸਾਨੂੰ ਆਖਣਗੇ, ‘ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨਾਲ ਤੁਹਾਡਾ ਕੀ ਲੈਣਾ-ਦੇਣਾ ਹੈ? 25 ਯਾਹਵੇਹ ਨੇ ਯਰਦਨ ਨਦੀ ਨੂੰ ਸਾਡੇ ਅਤੇ ਤੁਹਾਡੇ ਵਿਚਕਾਰ ਇੱਕ ਸੀਮਾ ਬਣਾ ਦਿੱਤਾ ਹੈ, ਹੇ ਰਊਬੇਨੀਓ ਅਤੇ ਗਾਦੀਓ! ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’ ਇਸ ਲਈ ਤੁਹਾਡੀ ਪੀੜ੍ਹੀਆਂ ਸ਼ਾਇਦ ਸਾਡੀ ਪੀੜ੍ਹੀਆਂ ਯਾਹਵੇਹ ਤੋਂ ਡਰਨਾ ਛੱਡ ਦੇਣ।
26 "ਇਸੇ ਕਰਕੇ ਅਸੀਂ ਕਿਹਾ, ‘ਆਓ ਅਸੀਂ ਤਿਆਰ ਹੋਈਏ ਅਤੇ ਇੱਕ ਜਗਵੇਦੀ ਬਣਾਈਏ, ਪਰ ਹੋਮ ਦੀਆਂ ਭੇਟਾਂ ਜਾਂ ਬਲੀਆਂ ਲਈ ਨਹੀਂ।’ 27 ਇਸ ਦੇ ਉਲਟ, ਇਹ ਸਾਡੇ ਅਤੇ ਤੁਹਾਡੇ ਵਿਚਕਾਰ ਅਤੇ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਵਿਚਕਾਰ ਗਵਾਹ ਹੋਣ ਲਈ, ਕਿ ਅਸੀਂ ਉਸ ਦੇ ਪਵਿੱਤਰ ਅਸਥਾਨ ਵਿੱਚ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ ਅਤੇ ਸੰਗਤੀ ਭੇਟਾਂ ਨਾਲ ਯਾਹਵੇਹ ਦੀ ਪੂਜਾ ਕਰਾਂਗੇ। ਫਿਰ ਭਵਿੱਖ ਵਿੱਚ ਤੁਹਾਡੀ ਸੰਤਾਨ ਸਾਡੇ ਲੋਕਾਂ ਨੂੰ ਇਹ ਨਹੀਂ ਕਹਿ ਸਕੇਗੀ, ‘ਯਾਹਵੇਹ ਵਿੱਚ ਤੁਹਾਡਾ ਕੋਈ ਹਿੱਸਾ ਨਹੀਂ ਹੈ।’
28 "ਅਤੇ ਅਸੀਂ ਕਿਹਾ, ‘ਜੇਕਰ ਉਹ ਕਦੇ ਸਾਨੂੰ ਜਾਂ ਸਾਡੇ ਉੱਤਰਾਧਿਕਾਰੀਆਂ ਨੂੰ ਇਹ ਕਹਿੰਦੇ ਹਨ, ਤਾਂ ਅਸੀਂ ਜਵਾਬ ਦੇਵਾਂਗੇ, ਯਾਹਵੇਹ ਦੀ ਜਗਵੇਦੀ ਦੀ ਨਮੂਨਾ ਵੇਖੋ, ਜੋ ਸਾਡੇ ਪੁਰਖਿਆਂ ਨੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਨਹੀਂ, ਸਗੋਂ ਸਾਡੇ ਵਿਚਕਾਰ ਇੱਕ ਗਵਾਹ ਵਜੋਂ ਬਣਾਈ ਸੀ।’
29 "ਅਜਿਹਾ ਨਾ ਹੋਵੇ ਕਿ ਅਸੀਂ ਯਾਹਵੇਹ ਦੇ ਵਿਰੁੱਧ ਬਗਾਵਤ ਕਰੀਏ ਅਤੇ ਯਾਹਵੇਹ ਸਾਡੇ ਪਰਮੇਸ਼ਵਰ ਦੀ ਜਗਵੇਦੀ ਤੋਂ ਇਲਾਵਾ ਜੋ ਉਸ ਦੇ ਡੇਰੇ ਦੇ ਅੱਗੇ ਖੜ੍ਹੀ ਹੈ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਬਲੀਆਂ ਲਈ ਇੱਕ ਜਗਵੇਦੀ ਬਣਾ ਕੇ ਅੱਜ ਉਸ ਤੋਂ ਦੂਰ ਰਹੀਏ।"
30 ਜਦੋਂ ਫੀਨਹਾਸ ਜਾਜਕ ਅਤੇ ਕੌਮ ਦੇ ਆਗੂਆਂ ਅਤੇ ਇਸਰਾਏਲੀਆਂ ਦੇ ਪਰਿਵਾਰਾਂ ਦੇ ਸਮੂਹਾਂ ਦੇ ਮੁਖੀਆਂ ਨੇ ਸੁਣਿਆ ਕਿ ਰਊਬੇਨ, ਗਾਦ ਅਤੇ ਮਨੱਸ਼ੇਹ ਨੇ ਕੀ ਕਹਿਣਾ ਹੈ, ਉਹ ਖੁਸ਼ ਹੋਏ। 31 ਅਤੇ ਜਾਜਕ ਅਲਆਜ਼ਾਰ ਦੇ ਪੁੱਤਰ ਫੀਨਹਾਸ ਨੇ ਰਊਬੇਨ, ਗਾਦ ਅਤੇ ਮਨੱਸ਼ੇਹ ਨੂੰ ਆਖਿਆ, "ਅੱਜ ਅਸੀਂ ਜਾਣਦੇ ਹਾਂ ਕਿ ਯਾਹਵੇਹ ਸਾਡੇ ਨਾਲ ਹੈ, ਕਿਉਂਕਿ ਤੁਸੀਂ ਇਸ ਗੱਲ ਵਿੱਚ ਯਾਹਵੇਹ ਨਾਲ ਬੇਵਫ਼ਾ ਨਹੀਂ ਹੋਏ। ਹੁਣ ਤੁਸੀਂ ਇਸਰਾਏਲੀਆਂ ਨੂੰ ਯਾਹਵੇਹ ਦੇ ਹੱਥੋਂ ਛੁਡਾਇਆ ਹੈ।"
32 ਤਦ ਅਲਆਜ਼ਾਰ ਦਾ ਪੁੱਤਰ ਫੀਨਹਾਸ ਜਾਜਕ ਅਤੇ ਆਗੂ ਗਿਲਆਦ ਵਿੱਚ ਰਊਬੇਨੀਆਂ ਅਤੇ ਗਾਦੀਆਂ ਨਾਲ ਮਿਲਾਪ ਕਰਕੇ ਕਨਾਨ ਨੂੰ ਮੁੜੇ ਅਤੇ ਇਸਰਾਏਲੀਆਂ ਨੂੰ ਖ਼ਬਰ ਦਿੱਤੀ। 33 ਅਤੇ ਇਸਰਾਏਲੀ ਉਹ ਖ਼ਬਰ ਸੁਣ ਕੇ ਬਹੁਤ ਖੁਸ਼ ਹੋਏ ਅਤੇ ਪਰਮੇਸ਼ਵਰ ਦੀ ਉਸਤਤ ਕੀਤੀ ਅਤੇ ਉਨ੍ਹਾਂ ਨੇ ਉਸ ਦੇਸ਼ ਨੂੰ ਤਬਾਹ ਕਰਨ ਲਈ ਜਿੱਥੇ ਰਊਬੇਨੀਆਂ ਅਤੇ ਗਾਦੀਆਂ ਦੇ ਲੋਕ ਰਹਿੰਦੇ ਸਨ, ਉਨ੍ਹਾਂ ਦੇ ਵਿਰੁੱਧ ਯੁੱਧ ਕਰਨ ਬਾਰੇ ਹੋਰ ਕੋਈ ਗੱਲ ਨਹੀਂ ਕੀਤੀ।
34 ਅਤੇ ਰਊਬੇਨੀਆਂ ਅਤੇ ਗਾਦੀਆਂ ਨੇ ਜਗਵੇਦੀ ਨੂੰ ਇਹ ਨਾਮ ਦਿੱਤਾ: ਸਾਡੇ ਵਿਚਕਾਰ ਯਾਹਵੇਹ ਪਰਮੇਸ਼ਵਰ ਇੱਕ ਗਵਾਹ ਹੈ।