Publicidade

Josué 6

1 ਯਰੀਹੋ ਸ਼ਹਿਰ ਦੇ ਦਰਵਾਜ਼ੇ ਇਸਰਾਏਲੀਆਂ ਦੇ ਕਾਰਨ ਬੰਦ ਕਰ ਦਿੱਤੇ ਗਏ ਸਨ, ਨਾ ਕੋਈ ਬਾਹਰ ਜਾ ਸਕਦਾ ਸੀ, ਤੇ ਨਾ ਕੋਈ ਅੰਦਰ ਆ ਸਕਦਾ ਸੀ।

2 ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, "ਵੇਖ, ਮੈਂ ਯਰੀਹੋ ਨੂੰ ਉਸਦੇ ਰਾਜੇ ਅਤੇ ਉਸਦੀਆਂ ਸੈਨਾਂ ਸਮੇਤ ਤੇਰੇ ਹੱਥਾਂ ਵਿੱਚ ਦੇ ਦਿੱਤੇ ਹਨ। 3 ਸਾਰੇ ਹਥਿਆਰਬੰਦ ਬੰਦਿਆਂ ਨਾਲ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਗਾਓ ਅਤੇ ਤੁਹਾਨੂੰ ਇਹ ਛੇ ਦਿਨਾਂ ਲਈ ਕਰਨਾ ਪਵੇਗਾ। 4 ਸੱਤ ਜਾਜਕਾਂ ਨੂੰ ਸੰਦੂਕ ਦੇ ਸਾਹਮਣੇ ਭੇਡੂ ਦੇ ਸਿੰਗਾਂ ਦੀਆਂ ਤੁਰ੍ਹੀਆਂ ਲੈ ਕੇ ਜਾਣ ਲਈ ਕਹੋ ਅਤੇ ਸੱਤਵੇਂ ਦਿਨ, ਜਾਜਕ ਤੁਰ੍ਹੀਆਂ ਵਜਾਉਂਦੇ ਹੋਏ ਸ਼ਹਿਰ ਦੇ ਦੁਆਲੇ ਸੱਤ ਵਾਰੀ ਚੱਕਰ ਲਗਾਉਣ ਗਏ। 5 ਜਦੋਂ ਉਹਨਾਂ ਦੇ ਦੇਰ ਤੱਕ ਤੁਰ੍ਹੀਆਂ ਵਜਾਉਂਣ ਦੀ ਆਵਾਜ਼ ਤੁਸੀਂ ਸੁਣੋ ਤਾਂ ਸਾਰੇ ਲੋਕ ਵੱਡੇ ਜ਼ੋਰ ਨਾਲ ਜੈਕਾਰੇ ਲਗਾਉਣ, ਤਦ ਸ਼ਹਿਰਪਨਾਹ ਢਹਿ ਜਾਵੇਗੀ ਅਤੇ ਸਾਰੇ ਲੋਕ ਸਿੱਧੇ ਅੰਦਰ ਪ੍ਰਵੇਸ਼ ਕਰ ਪਾਉਣਗੇ।"

6 ਇਸ ਲਈ ਨੂਨ ਦੇ ਪੁੱਤਰ ਯੇਹੋਸ਼ੁਆ ਨੇ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, "ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਸੱਤ ਜਾਜਕਾਂ ਨੂੰ ਇਸ ਦੇ ਅੱਗੇ ਤੁਰ੍ਹੀਆਂ ਵਜਾਉਣ ਲਈ ਕਹੋ।" 7 ਅਤੇ ਉਸਨੇ ਸੈਨਾਂ ਨੂੰ ਹੁਕਮ ਦਿੱਤਾ, "ਅੱਗੇ ਵਧੋ! ਸ਼ਹਿਰ ਦੇ ਦੁਆਲੇ ਚੱਕਰ ਲਗਾਓ, ਹਥਿਆਰਬੰਦ ਯਾਹਵੇਹ ਦੇ ਸੰਦੂਕ ਦੇ ਅੱਗੇ ਜਾਣ।"

8 ਜਦੋਂ ਯੇਹੋਸ਼ੁਆ ਨੇ ਲੋਕਾਂ ਨਾਲ ਗੱਲ ਕੀਤੀ, ਤਾਂ ਸੱਤ ਜਾਜਕ ਆਪਣੀਆਂ ਤੁਰ੍ਹੀਆਂ ਵਜਾਉਂਦੇ ਹੋਏ, ਸੱਤ ਤੁਰ੍ਹੀਆਂ ਲੈ ਕੇ ਯਾਹਵੇਹ ਦੇ ਅੱਗੇ ਤੁਰ ਪਏ ਅਤੇ ਯਾਹਵੇਹ ਦੇ ਨੇਮ ਦਾ ਸੰਦੂਕ ਉਨ੍ਹਾਂ ਦੇ ਮਗਰ ਆਉਂਦਾ ਸੀ। 9 ਹਥਿਆਰਬੰਦ ਪਹਿਰੇਦਾਰ ਤੁਰ੍ਹੀਆਂ ਵਜਾਉਣ ਵਾਲੇ ਜਾਜਕਾਂ ਤੋਂ ਅੱਗੇ ਚੱਲੇ ਗਏ ਅਤੇ ਪਿੱਛਲੇ ਪਹਿਰੇਦਾਰ ਸੰਦੂਕ ਦੇ ਮਗਰ-ਮਗਰ ਤੁਰੇ ਆਉਂਦੇ ਸਨ, ਇਸ ਸਾਰੇ ਸਮੇਂ ਦੌਰਾਨ ਤੁਰ੍ਹੀਆਂ ਵੱਜ ਰਹੀਆਂ ਸਨ। 10 ਪਰ ਯੇਹੋਸ਼ੁਆ ਨੇ ਸੈਨਾ ਨੂੰ ਹੁਕਮ ਦਿੱਤਾ ਸੀ, "ਜੈਕਾਰਾ ਨਾ ਗਜਾਉਣਾ, ਆਪਣੀਆਂ ਆਵਾਜ਼ਾਂ ਨੂੰ ਉੱਚਾ ਨਾ ਕਰੋ, ਇੱਕ ਸ਼ਬਦ ਨਾ ਬੋਲੋ ਜਦੋਂ ਤੱਕ ਮੈਂ ਤੁਹਾਨੂੰ ਜੈਕਾਰਾ ਗਜਾਉਣ ਲਈ ਨਾ ਆਖਾਂ, ਤਦ ਤੁਸੀਂ ਜੈਕਾਰਾ ਗਜਾਇਓ!" 11 ਇਸ ਲਈ ਉਸਨੇ ਯਾਹਵੇਹ ਦੇ ਸੰਦੂਕ ਨੂੰ ਇੱਕ ਵਾਰ ਸ਼ਹਿਰ ਦੇ ਦੁਆਲੇ ਘੁੰਮਾਇਆ, ਤਾਂ ਫਿਰ ਉਹ ਡੇਰੇ ਵਿੱਚ ਵਾਪਸ ਆ ਗਏ ਅਤੇ ਰਾਤ ਰਹੇ।

12 ਯੇਹੋਸ਼ੁਆ ਅਗਲੀ ਸਵੇਰੇ ਉੱਠਿਆ ਅਤੇ ਜਾਜਕਾਂ ਨੇ ਯਾਹਵੇਹ ਦੇ ਸੰਦੂਕ ਨੂੰ ਚੁੱਕ ਲਿਆ। 13 ਸੱਤ ਜਾਜਕ ਸੱਤ ਤੁਰ੍ਹੀਆਂ ਲੈ ਕੇ ਅੱਗੇ ਵਧੇ, ਯਾਹਵੇਹ ਦੇ ਸੰਦੂਕ ਦੇ ਅੱਗੇ-ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਸਨ। ਹਥਿਆਰਬੰਦ ਆਦਮੀ ਉਨ੍ਹਾਂ ਤੋਂ ਅੱਗੇ ਚਲੇ ਗਏ ਅਤੇ ਪਿੱਛਲੇ ਪਹਿਰੇਦਾਰ ਯਾਹਵੇਹ ਦੇ ਸੰਦੂਕ ਦੇ ਮਗਰ-ਮਗਰ ਤੁਰੇ ਜਾਂਦੇ ਸਨ, ਉਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ। 14 ਇਸ ਲਈ ਦੂਜੇ ਦਿਨ ਉਨ੍ਹਾਂ ਨੇ ਇੱਕ ਵਾਰ ਸ਼ਹਿਰ ਦੇ ਦੁਆਲੇ ਚੱਕਰ ਲਾਇਆ ਅਤੇ ਡੇਰੇ ਨੂੰ ਵਾਪਸ ਪਰਤ ਆਏ। ਉਨ੍ਹਾਂ ਨੇ ਛੇ ਦਿਨਾਂ ਤੱਕ ਇਸ ਤਰ੍ਹਾਂ ਕੀਤਾ।

15 ਸੱਤਵੇਂ ਦਿਨ, ਉਹ ਸਵੇਰ ਵੇਲੇ ਉੱਠੇ ਅਤੇ ਉਸੇ ਤਰ੍ਹਾਂ ਸੱਤ ਵਾਰੀ ਸ਼ਹਿਰ ਦੇ ਦੁਆਲੇ ਚੱਕਰ ਲਗਾਏ, ਸਿਵਾਏ ਉਸ ਦਿਨ ਉਨ੍ਹਾਂ ਨੇ ਸੱਤ ਵਾਰੀ ਸ਼ਹਿਰ ਦਾ ਚੱਕਰ ਲਗਾਇਆ। 16 ਸੱਤਵੀਂ ਵਾਰ ਜਦੋਂ ਜਾਜਕਾਂ ਨੇ ਤੁਰ੍ਹੀ ਵਜਾਈ ਤਾਂ ਯੇਹੋਸ਼ੁਆ ਨੇ ਸੈਨਾਂ ਨੂੰ ਹੁਕਮ ਦਿੱਤਾ, "ਜੈਕਾਰਾ ਲਗਾਉ! ਕਿਉਂ ਜੋ ਯਾਹਵੇਹ ਨੇ ਤੁਹਾਨੂੰ ਸ਼ਹਿਰ ਦੇ ਦਿੱਤਾ ਹੈ! 17 ਸ਼ਹਿਰ ਅਤੇ ਜੋ ਕੁਝ ਇਸ ਵਿੱਚ ਹੈ, ਯਾਹਵੇਹ ਨੂੰ ਸਮਰਪਿਤ ਕੀਤਾ ਜਾਵੇਗਾ, ਸਿਰਫ ਰਾਹਾਬ ਵੇਸਵਾ ਅਤੇ ਉਸ ਦੇ ਘਰ ਵਿੱਚ ਉਸ ਦੇ ਨਾਲ ਰਹਿਣ ਵਾਲੇ ਸਾਰੇ ਲੋਕਾਂ ਨੂੰ ਬਚਾਇਆ ਜਾਵੇਗਾ, ਕਿਉਂਕਿ ਉਸ ਨੇ ਸਾਡੇ ਭੇਜੇ ਗਏ ਖੋਜੀਆਂ ਨੂੰ ਲੁਕਾਇਆ ਸੀ। 18 ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਚੜ੍ਹਾਵੇ ਦੀਆਂ ਚੀਜ਼ਾਂ ਤੋਂ ਬਚਾ ਕੇ ਰੱਖਿਓ ਕਿਤੇ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ। 19 ਸਾਰੀ ਚਾਂਦੀ, ਸੋਨਾ, ਪਿੱਤਲ ਅਤੇ ਲੋਹੇ ਦੀਆਂ ਵਸਤੂਆਂ ਯਾਹਵੇਹ ਲਈ ਪਵਿੱਤਰ ਹਨ ਇਸ ਲਈ ਉਹ ਯਾਹਵੇਹ ਦੇ ਖ਼ਜ਼ਾਨੇ ਵਿੱਚ ਰੱਖੀਆਂ ਜਾਣਗੀਆਂ ਹਨ।"

20 ਜਦੋਂ ਤੁਰ੍ਹੀਆਂ ਵਜਾਈਆਂ ਗਈਆਂ ਤਾਂ ਫ਼ੌਜਾਂ ਨੇ ਜੈਕਾਰਾ ਲਗਾਇਆ, ਅਤੇ ਤੁਰ੍ਹੀ ਦੀ ਆਵਾਜ਼ ਸੁਣਦਿਆਂ ਜਦੋਂ ਆਦਮੀਆਂ ਨੇ ਉੱਚੀ ਆਵਾਜ਼ ਦਿੱਤੀ ਤਾਂ ਕੰਧ ਢਹਿ ਗਈ। ਇਸ ਲਈ ਹਰ ਕੋਈ ਸਿੱਧਾ ਅੰਦਰ ਚਲਾ ਗਿਆ, ਅਤੇ ਉਨ੍ਹਾਂ ਨੇ ਸ਼ਹਿਰ ਲੈ ਲਿਆ। 21 ਉਨ੍ਹਾਂ ਨੇ ਸ਼ਹਿਰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਅਤੇ ਤਲਵਾਰ ਨਾਲ ਇਸ ਵਿੱਚ ਹਰ ਜੀਵਤ ਚੀਜ਼ ਨੂੰ ਤਬਾਹ ਕਰ ਦਿੱਤਾ ਆਦਮੀ ਅਤੇ ਔਰਤਾਂ, ਜਵਾਨ ਅਤੇ ਬੁੱਢੇ, ਪਸ਼ੂ, ਭੇਡਾਂ ਅਤੇ ਗਧੇ।

22 ਯੇਹੋਸ਼ੁਆ ਨੇ ਉਨ੍ਹਾਂ ਦੋ ਆਦਮੀਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਜਾਸੂਸੀ ਕੀਤੀ ਸੀ ਕਿਹਾ, "ਵੇਸਵਾ ਦੇ ਘਰ ਵਿੱਚ ਜਾਓ ਅਤੇ ਆਪਣੀ ਸਹੁੰ ਦੇ ਅਨੁਸਾਰ, ਉਸ ਨੂੰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲਿਆਓ।" 23 ਤਾਂ ਉਹ ਜੁਆਨ ਜਿਨ੍ਹਾਂ ਨੇ ਜਾਸੂਸੀ ਕੀਤੀ ਸੀ ਅੰਦਰ ਜਾ ਕੇ ਰਾਹਾਬ, ਉਸ ਦੇ ਮਾਤਾ-ਪਿਤਾ, ਉਸ ਦੇ ਭਰਾਵਾਂ ਅਤੇ ਭੈਣਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਾਹਰ ਲੈ ਆਏ। ਉਨ੍ਹਾਂ ਨੇ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲਿਆਂਦਾ ਅਤੇ ਇਸਰਾਏਲ ਦੇ ਡੇਰੇ ਤੋਂ ਬਾਹਰ ਇੱਕ ਜਗ੍ਹਾ ਵਿੱਚ ਰੱਖ ਦਿੱਤਾ।

24 ਤਦ ਉਨ੍ਹਾਂ ਨੇ ਸਾਰਾ ਸ਼ਹਿਰ ਅਤੇ ਉਸ ਵਿੱਚਲੀ ਹਰ ਚੀਜ਼ ਨੂੰ ਸਾੜ ਦਿੱਤਾ, ਪਰ ਉਨ੍ਹਾਂ ਨੇ ਚਾਂਦੀ ਅਤੇ ਸੋਨਾ ਅਤੇ ਪਿੱਤਲ ਅਤੇ ਲੋਹੇ ਦੇ ਸਮਾਨ ਨੂੰ ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਵਿੱਚ ਰੱਖ ਦਿੱਤਾ। 25 ਪਰ ਯੇਹੋਸ਼ੁਆ ਨੇ ਰਾਹਾਬ ਵੇਸਵਾ ਨੂੰ ਉਸ ਦੇ ਪਰਿਵਾਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਚਾਇਆ, ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯੇਹੋਸ਼ੁਆ ਨੇ ਜਾਸੂਸ ਵਜੋਂ ਯਰੀਹੋ ਵਿੱਚ ਭੇਜਿਆ ਸੀ ਅਤੇ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੀ ਹੈ।

26 ਉਸ ਸਮੇਂ ਯੇਹੋਸ਼ੁਆ ਨੇ ਇਹ ਪੱਕੀ ਸਹੁੰ ਖਾਧੀ ਸੀ ਕਿ "ਯਾਹਵੇਹ ਦੇ ਅੱਗੇ ਉਹ ਜੋ ਇਸ ਯਰੀਹੋ ਸ਼ਹਿਰ ਨੂੰ ਦੁਬਾਰਾ ਬਣਾਏ ਸਰਾਪਿਆ ਹੋਇਆ ਹੈ,

"ਆਪਣੇ ਜੇਠੇ ਪੁੱਤਰ ਦੀ ਮੌਤ ਦੀ ਕੀਮਤ ਉੱਤੇ ਉਹ ਇਸਦੀ ਨੀਂਹ ਰੱਖੇਗਾ,

ਆਪਣੇ ਤੋਂ ਛੋਟੇ ਪੁੱਤਰ ਮੌਤ ਦੀ ਕੀਮਤ ਤੇ

ਉਸ ਤੇ ਦਰਵਾਜ਼ਾ ਸਥਾਪਤ ਕਰੇਗਾ।"

27 ਇਸ ਲਈ ਯਾਹਵੇਹ ਯੇਹੋਸ਼ੁਆ ਦੇ ਨਾਲ ਸੀ, ਅਤੇ ਉਸਦੀ ਧੁੰਮ ਸਾਰੇ ਦੇਸ਼ ਵਿੱਚ ਫੈਲ ਗਈ।

Veja também

Publicidade
Bíblia Online Bíblia Online

Bíblia Online • Versão: 2026-06-16_06-50-08-