1 ਸਵੇਰੇ-ਸਵੇਰੇ ਯੇਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਲੋਕ ਸ਼ਿੱਟੀਮ ਤੋਂ ਕੂਚ ਕਰ ਕੇ ਯਰਦਨ ਨਦੀ ਨੂੰ ਗਏ, ਜਿੱਥੇ ਉਨ੍ਹਾਂ ਨੇ ਪਾਰ ਲੰਘਣ ਤੋਂ ਪਹਿਲਾਂ ਡੇਰਾ ਲਾਇਆ। 2 ਤਿੰਨ ਦਿਨਾਂ ਬਾਅਦ ਅਧਿਕਾਰੀ ਡੇਰੇ ਦੇ ਵਿਚਕਾਰ ਦੀ ਲੰਘੇ, 3 ਅਤੇ ਉਹਨਾਂ ਨੇ ਲੋਕਾਂ ਨੂੰ ਇਹ ਹੁਕਮ ਦਿੱਤਾ, "ਜਦੋਂ ਤੁਸੀਂ ਲੇਵੀ ਜਾਜਕਾਂ ਨੂੰ ਆਪਣੇ ਯਾਹਵੇਹ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਹੋਏ ਦੇਖੋ, ਤਾਂ ਤੁਸੀਂ ਆਪਣੇ ਸਥਾਨ ਤੋਂ ਉੱਠ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਿਓ। 4 ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਰਾਹ ਜਾਣਾ ਹੈ ਕਿਉਂਕਿ ਤੁਸੀਂ ਪਹਿਲਾਂ ਕਦੇ ਇਸ ਰਸਤੇ ਨਹੀਂ ਗਏ, ਪਰ ਆਪਣੇ ਅਤੇ ਨੇਮ ਦੇ ਸੰਦੂਕ ਦੇ ਵਿਚਕਾਰ ਲਗਭਗ ਦੋ ਹਜ਼ਾਰ ਹੱਥ ਦੀ ਦੂਰੀ ਰੱਖੋ ਅਤੇ ਇਸ ਦੇ ਨੇੜੇ ਨਾ ਜਾਣਾ।"
5 ਯੇਹੋਸ਼ੁਆ ਨੇ ਲੋਕਾਂ ਨੂੰ ਕਿਹਾ, "ਆਪਣੇ ਆਪ ਨੂੰ ਪਵਿੱਤਰ ਕਰੋ, ਕਿਉਂਕਿ ਕੱਲ੍ਹ ਯਾਹਵੇਹ ਤੁਹਾਡੇ ਵਿਚਕਾਰ ਅਦਭੁਤ ਕੰਮ ਕਰੇਗਾ।"
6 ਯੇਹੋਸ਼ੁਆ ਨੇ ਜਾਜਕਾਂ ਨੂੰ ਕਿਹਾ, "ਨੇਮ ਦੇ ਸੰਦੂਕ ਨੂੰ ਚੁੱਕੋ ਅਤੇ ਲੋਕਾਂ ਦੇ ਅੱਗੇ-ਅੱਗੇ ਚੱਲੋ।" ਇਸ ਲਈ ਉਹ ਇਸਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ ਚੱਲ ਪਏ।
7 ਅਤੇ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ, "ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੀਆਂ ਨਜ਼ਰਾਂ ਵਿੱਚ ਤੈਨੂੰ ਉੱਚਾ ਕਰਨਾ ਸ਼ੁਰੂ ਕਰਾਂਗਾ, ਤਾਂ ਜੋ ਉਹ ਜਾਣ ਸਕਣ ਕਿ ਜਿਵੇਂ ਮੈਂ ਮੋਸ਼ੇਹ ਦੇ ਨਾਲ ਸੀ ਮੈਂ ਤੇਰੇ ਨਾਲ ਹਾਂ। 8 ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕਾਂ ਨੂੰ ਆਖੋ, ‘ਜਦੋਂ ਤੁਸੀਂ ਯਰਦਨ ਦੇ ਪਾਣੀਆਂ ਦੇ ਕਿਨਾਰੇ ਪਹੁੰਚੋ, ਤਾਂ ਜਾ ਕੇ ਨਦੀ ਵਿੱਚ ਖੜ੍ਹੇ ਹੋ ਜਾਣਾ।’ "
9 ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, "ਇੱਥੇ ਆਉ ਅਤੇ ਆਪਣੇ ਯਾਹਵੇਹ ਪਰਮੇਸ਼ਵਰ ਦੇ ਬਚਨਾਂ ਨੂੰ ਸੁਣੋ। 10 ਇਸ ਤਰ੍ਹਾਂ ਤੁਸੀਂ ਜਾਣੋਗੇ ਕਿ ਜਿਉਂਦਾ ਪਰਮੇਸ਼ਵਰ ਤੁਹਾਡੇ ਵਿੱਚ ਹੈ ਅਤੇ ਉਹ ਜ਼ਰੂਰ ਤੁਹਾਡੇ ਅੱਗੇ ਕਨਾਨੀਆਂ, ਹਿੱਤੀਆਂ, ਹਿੱਵੀਆਂ, ਪਰਿੱਜ਼ੀਆਂ, ਗਿਰਗਾਸ਼ੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਬਾਹਰ ਕੱਢ ਦੇਵੇਗਾ। 11 ਵੇਖੋ, ਯਾਹਵੇਹ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ। 12 ਹੁਣ, ਇਸਰਾਏਲ ਦੇ ਗੋਤਾਂ ਵਿੱਚੋਂ ਬਾਰਾਂ ਆਦਮੀਆਂ ਨੂੰ ਚੁਣੋ, ਹਰੇਕ ਗੋਤ ਵਿੱਚੋਂ ਇੱਕ-ਇੱਕ ਮਨੁੱਖ ਆਪਣੇ ਲਈ ਲਓ। 13 ਅਤੇ ਜਿਵੇਂ ਹੀ ਜਾਜਕ ਜੋ ਯਾਹਵੇਹ ਦੇ ਸੰਦੂਕ ਨੂੰ ਚੁੱਕਦੇ ਹਨ ਅਤੇ ਯਰਦਨ ਵਿੱਚ ਪੈਰ ਰੱਖਣਗੇ, ਉਸ ਦਾ ਪਾਣੀ ਹੇਠਾਂ ਵੱਲ ਵਗਦਾ ਹੈ, ਵੱਖਰਾ ਹੋ ਜਾਵੇਗਾ ਅਤੇ ਇੱਕ ਢੇਰ ਵਿੱਚ ਖੜ੍ਹਾ ਹੋ ਜਾਵੇਗਾ।"
14 ਇਸ ਲਈ ਜਦੋਂ ਲੋਕਾਂ ਨੇ ਯਰਦਨ ਪਾਰ ਕਰਨ ਲਈ ਡੇਰਿਆਂ ਨੂੰ ਛੱਡਿਆ, ਤਾਂ ਜਾਜਕ ਨੇਮ ਦੇ ਸੰਦੂਕ ਨੂੰ ਚੁੱਕ ਕੇ ਉਨ੍ਹਾਂ ਦੇ ਅੱਗੇ-ਅੱਗੇ ਚਲਦੇ ਸਨ। 15 ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੱਕ ਆਏ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਉਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫਸਲ ਵੱਢਣ ਦੇ ਸਾਰੇ ਸਮੇਂ ਵਿੱਚ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ। 16 ਉੱਪਰੋਂ ਪਾਣੀ ਵਗਣਾ ਬੰਦ ਹੋ ਗਿਆ ਅਤੇ ਇਹ ਜ਼ਰਥਾਨ ਦੇ ਆਸ-ਪਾਸ ਦੇ ਆਦਮ ਨਾਮਕ ਕਸਬੇ ਵਿੱਚ, ਇੱਕ ਬਹੁਤ ਦੂਰ ਇੱਕ ਢੇਰ ਵਿੱਚ ਢੇਰ ਹੋ ਗਿਆ, ਜਦੋਂ ਕਿ ਅਰਾਬਾਹ ਸਾਗਰ (ਅਰਥਾਤ, ਲਾਲ ਸਾਗਰ) ਵੱਲ ਵਹਿੰਦਾ ਪਾਣੀ ਪੂਰੀ ਤਰ੍ਹਾਂ ਕੱਟਿਆ ਗਿਆ ਸੀ ਤਾਂ ਇਸ ਲਈ ਲੋਕ ਯਰੀਹੋ ਦੇ ਸਾਹਮਣੇ ਪਾਰ ਲੰਘ ਗਏ। 17 ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਰੁਕ ਗਏ ਅਤੇ ਸੁੱਕੀ ਜ਼ਮੀਨ ਉੱਤੇ ਖੜ੍ਹੇ ਹੋ ਗਏ, ਜਦੋਂ ਕਿ ਸਾਰਾ ਇਸਰਾਏਲ ਉਦੋਂ ਤੱਕ ਲੰਘਦਾ ਰਿਹਾ ਜਦੋਂ ਤੱਕ ਸਾਰੀ ਕੌਮ ਸੁੱਕੀ ਜ਼ਮੀਨ ਉੱਤੇ ਪਾਰ ਨਹੀਂ ਕਰ ਲੈਂਦੀ।