1 ਫਿਰ ਯੇਹੋਸ਼ੁਆ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਸ਼ੇਕੇਮ ਵਿੱਚ ਇਕੱਠਾ ਕੀਤਾ ਅਤੇ ਉਸਨੇ ਇਸਰਾਏਲ ਦੇ ਬਜ਼ੁਰਗਾਂ, ਆਗੂਆਂ, ਨਿਆਂਕਾਰਾਂ ਅਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਾਹਮਣੇ ਪੇਸ਼ ਕੀਤਾ।
2 ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਆਖਿਆ, "ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਅਬਰਾਹਾਮ ਅਤੇ ਨਾਹੋਰ ਦਾ ਪਿਤਾ ਤਾਰਹ ਸਮੇਤ ਤੁਹਾਡੇ ਪੁਰਖੇ ਬਹੁਤ ਸਮਾਂ ਪਹਿਲਾਂ ਫ਼ਰਾਤ ਨਦੀ ਦੇ ਪਾਰ ਰਹਿੰਦੇ ਸਨ ਅਤੇ ਹੋਰ ਦੇਵਤਿਆਂ ਦੀ ਪੂਜਾ ਕਰਦੇ ਸਨ। 3 ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਫ਼ਰਾਤ ਦੇ ਪਾਰ ਦੇ ਦੇਸ਼ ਤੋਂ ਲੈ ਗਿਆ ਅਤੇ ਕਨਾਨ ਵਿੱਚ ਉਸਦੀ ਅਗਵਾਈ ਕੀਤੀ ਅਤੇ ਉਸਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿੱਤੇ। ਮੈਂ ਉਸਨੂੰ ਇਸਹਾਕ ਦਿੱਤਾ, 4 ਫਿਰ ਇਸਹਾਕ ਨੂੰ ਮੈਂ ਯਾਕੋਬ ਅਤੇ ਏਸਾਓ ਦਿੱਤੇ ਅਤੇ ਮੈਂ ਏਸਾਓ ਨੂੰ ਸੇਈਰ ਦਾ ਪਹਾੜੀ ਦੇਸ਼ ਸੌਂਪਿਆ, ਪਰ ਯਾਕੂਬ ਅਤੇ ਉਸਦਾ ਪਰਿਵਾਰ ਮਿਸਰ ਨੂੰ ਚਲਾ ਗਿਆ।
5 " ‘ਫਿਰ ਮੈਂ ਮੋਸ਼ੇਹ ਅਤੇ ਹਾਰੋਨ ਨੂੰ ਭੇਜਿਆ ਅਤੇ ਮੈਂ ਮਿਸਰੀਆਂ ਨੂੰ ਬਵਾ ਨਾਲ ਮਾਰਿਆਂ, ਇਹ ਕਰਨ ਤੋਂ ਬਾਅਦ ਮੈਂ ਤੁਹਾਨੂੰ ਬਾਹਰ ਕੱਢ ਲਿਆਇਆ। 6 ਜਦੋਂ ਮੈਂ ਤੁਹਾਡੀ ਪਰਜਾ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਤਾਂ ਤੁਸੀਂ ਸਮੁੰਦਰ ਤੱਕ ਆਏ ਅਤੇ ਮਿਸਰੀਆਂ ਨੇ ਰਥਾਂ ਅਤੇ ਘੋੜ-ਸਵਾਰਾਂ ਨਾਲ ਲਾਲ ਸਾਗਰ ਤੱਕ ਪਿੱਛਾ ਕੀਤਾ। 7 ਪਰ ਉਨ੍ਹਾਂ ਨੇ ਮਦਦ ਲਈ ਯਾਹਵੇਹ ਨੂੰ ਪੁਕਾਰਿਆ ਅਤੇ ਉਸਨੇ ਤੁਹਾਡੇ ਅਤੇ ਮਿਸਰੀਆਂ ਵਿਚਕਾਰ ਘੁੱਪ ਹਨੇਰਾ ਕਰ ਦਿੱਤਾ। ਉਸਨੇ ਸਮੁੰਦਰ ਨੂੰ ਉਨ੍ਹਾਂ ਦੇ ਉੱਪਰ ਲਿਆਂਦਾ ਅਤੇ ਜਿਸ ਨੇ ਉਨ੍ਹਾਂ ਨੂੰ ਢੱਕ ਲਿਆ। ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਸੀ। ਫ਼ੇਰ ਤੁਸੀਂ ਲੰਮਾ ਸਮਾਂ ਉਜਾੜ ਵਿੱਚ ਰਹੇ।
8 " ‘ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਵਿੱਚ ਲਿਆਇਆ ਜੋ ਯਰਦਨ ਦੇ ਪੂਰਬ ਵੱਲ ਰਹਿੰਦੇ ਸਨ। ਉਹ ਤੁਹਾਡੇ ਵਿਰੁੱਧ ਲੜੇ, ਪਰ ਮੈਂ ਉਨ੍ਹਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ। ਮੈਂ ਉਨ੍ਹਾਂ ਨੂੰ ਤੁਹਾਡੇ ਸਾਹਮਣੇ ਤਬਾਹ ਕਰ ਦਿੱਤਾ ਅਤੇ ਤੁਸੀਂ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ। 9 ਜਦੋਂ ਮੋਆਬ ਦੇ ਰਾਜੇ ਸਿੱਪੋਰ ਦੇ ਪੁੱਤਰ ਬਾਲਾਕ ਨੇ ਇਸਰਾਏਲ ਨਾਲ ਲੜਨ ਲਈ ਤਿਆਰ ਕੀਤਾ, ਤਾਂ ਉਸਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਡੇ ਉੱਤੇ ਸਰਾਪ ਦੇਣ ਲਈ ਭੇਜਿਆ। 10 ਪਰ ਮੈਂ ਬਿਲਆਮ ਦੀ ਗੱਲ ਨਾ ਸੁਣੀ, ਇਸ ਲਈ ਉਸ ਨੇ ਤੁਹਾਨੂੰ ਬਾਰ-ਬਾਰ ਅਸੀਸ ਦਿੱਤੀ ਅਤੇ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ।
11 " ‘ਤੁਸੀਂ ਯਰਦਨ ਨਦੀ ਪਾਰ ਕਰਕੇ ਯਰੀਹੋ ਪਹੁੰਚੇ ਅਤੇ ਯਰੀਹੋ ਦੇ ਸਰਦਾਰ ਤੁਹਾਡੇ ਨਾਲ ਲੜੇ। ਇਨ੍ਹਾਂ ਤੋਂ ਇਲਾਵਾ ਅਮੋਰੀ, ਪਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸ਼ੀ, ਹਿੱਵੀਆਂ ਅਤੇ ਯਬੂਸੀ ਵੀ ਤੇਰੇ ਨਾਲ ਲੜੇ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਆਪਣੇ ਅਧੀਨ ਕਰ ਲਿਆ। 12 ਤਦ ਮੈਂ ਤੁਹਾਡੇ ਅੱਗੇ ਉਹਨਾਂ ਉੱਤੇ ਡਰ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁੱਖ ਨਾਲ ਇਹ ਹੋਇਆ। 13 ਇਸ ਲਈ ਮੈਂ ਤੁਹਾਨੂੰ ਅਜਿਹੀ ਧਰਤੀ ਦਿੱਤੀ ਜਿਸ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਨਹੀਂ ਬਣਾਏ ਅਤੇ ਤੁਸੀਂ ਉਨ੍ਹਾਂ ਵਿੱਚ ਰਹਿੰਦੇ ਹੋ ਅਤੇ ਅੰਗੂਰੀ ਬਾਗਾਂ ਅਤੇ ਜ਼ੈਤੂਨ ਦੇ ਬਾਗਾਂ ਤੋਂ ਖਾਂਦੇ ਹੋ ਜੋ ਤੁਸੀਂ ਨਹੀਂ ਬੀਜੇ।’
14 "ਹੁਣ ਯਾਹਵੇਹ ਤੋਂ ਡਰੋ ਅਤੇ ਪੂਰੀ ਵਫ਼ਾਦਾਰੀ ਨਾਲ ਉਸਦੀ ਸੇਵਾ ਕਰੋ। ਉਨ੍ਹਾਂ ਦੇਵਤਿਆਂ ਨੂੰ ਸੁੱਟ ਦਿਓ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪੁਰਖਿਆਂ ਨੇ ਫ਼ਰਾਤ ਦਰਿਆ ਦੇ ਪਾਰ ਅਤੇ ਮਿਸਰ ਵਿੱਚ ਕੀਤੀ ਸੀ ਅਤੇ ਹੁਣ ਯਾਹਵੇਹ ਦੀ ਸੇਵਾ ਕਰੋ। 15 ਜੇਕਰ ਤੁਸੀਂ ਇਸ ਵੇਲੇ ਯਾਹਵੇਹ ਦੀ ਸੇਵਾ ਕਰਨ ਦਾ ਮਨ ਨਹੀਂ ਕਰਦੇ, ਤਾਂ ਅੱਜ ਹੀ ਫ਼ੈਸਲਾ ਕਰੋ ਕਿ ਤੁਸੀਂ ਕਿਸ ਦੀ ਸੇਵਾ ਕਰੋਗੇ। ਕੀ ਤੁਹਾਡੇ ਪੁਰਖਿਆਂ ਨੇ ਫ਼ਰਾਤ ਦੇ ਪਾਰ ਉਨ੍ਹਾਂ ਦੇਵਤਿਆਂ ਦੀ ਸੇਵਾ ਕੀਤੀ ਸੀ ਜਾਂ ਅਮੋਰੀਆਂ ਦੇ ਦੇਵਤੇ ਸਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ, ਪਰ ਮੈਂ ਅਤੇ ਮੇਰਾ ਘਰਾਣਾ ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
16 ਇਹ ਸੁਣ ਕੇ ਹਾਜ਼ਰ ਲੋਕਾਂ ਨੇ ਕਿਹਾ, "ਇਹ ਕਦੇ ਨਹੀਂ ਹੋਵੇਗਾ ਕਿ ਅਸੀਂ ਯਾਹਵੇਹ ਨੂੰ ਛੱਡ ਕੇ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਕਰੀਏ! 17 ਇਹ ਯਾਹਵੇਹ ਸਾਡਾ ਪਰਮੇਸ਼ਵਰ ਹੀ ਸੀ ਜਿਸ ਨੇ ਸਾਨੂੰ ਅਤੇ ਸਾਡੇ ਮਾਤਾ-ਪਿਤਾ ਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਬਾਹਰ ਲਿਆਂਦਾ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਮਹਾਨ ਨਿਸ਼ਾਨ ਅਤੇ ਚਿੰਨ੍ਹ ਵਿਖਾਏ। ਉਸ ਨੇ ਸਾਡੀ ਸਾਰੀ ਯਾਤਰਾ ਦੌਰਾਨ ਅਤੇ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਸਾਡੀ ਰੱਖਿਆ ਕੀਤੀ ਜਿਨ੍ਹਾਂ ਵਿੱਚੋਂ ਅਸੀਂ ਯਾਤਰਾ ਕੀਤੀ ਸੀ। 18 ਅਤੇ ਯਾਹਵੇਹ ਨੇ ਸਾਡੇ ਅੱਗੋਂ ਸਾਰੀਆਂ ਕੌਮਾਂ ਨੂੰ ਬਾਹਰ ਕੱਢ ਦਿੱਤਾ, ਜਿਨ੍ਹਾਂ ਵਿੱਚ ਅਮੋਰੀਆਂ ਵੀ ਸ਼ਾਮਲ ਸਨ, ਜਿਹੜੇ ਦੇਸ਼ ਵਿੱਚ ਰਹਿੰਦੇ ਸਨ। ਅਸੀਂ ਤਾਂ ਯਾਹਵੇਹ ਦੀ ਸੇਵਾ ਕਰਾਂਗੇ, ਕਿਉਂਕਿ ਉਹ ਸਾਡਾ ਪਰਮੇਸ਼ਵਰ ਹੈ।"
19 ਯੇਹੋਸ਼ੁਆ ਨੇ ਲੋਕਾਂ ਨੂੰ ਆਖਿਆ, "ਤੁਸੀਂ ਯਾਹਵੇਹ ਦੀ ਸੇਵਾ ਕਰਨ ਦੇ ਯੋਗ ਨਹੀਂ ਹੋ ਕਿਉਂ ਜੋ ਉਹ ਇੱਕ ਪਵਿੱਤਰ ਪਰਮੇਸ਼ਵਰ ਹੈ; ਉਹ ਈਰਖਾਲੂ ਪਰਮੇਸ਼ਵਰ ਹੈ। ਉਹ ਤੁਹਾਡੀ ਬਗਾਵਤ ਅਤੇ ਤੁਹਾਡੇ ਪਾਪ ਮਾਫ਼ ਨਹੀਂ ਕਰੇਗਾ। 20 ਜੇਕਰ ਤੁਸੀਂ ਯਾਹਵੇਹ ਨੂੰ ਤਿਆਗ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੋਗੇ, ਤਾਂ ਉਹ ਤੁਹਾਡੇ ਵਿਰੁੱਧ ਹੋ ਜਾਵੇਗਾ ਅਤੇ ਤੁਹਾਡੇ ਉੱਤੇ ਤਬਾਹੀ ਲਿਆਵੇਗਾ ਅਤੇ ਤੁਹਾਡਾ ਅੰਤ ਕਰ ਦੇਵੇਗਾ, ਭਾਵੇਂ ਉਸ ਨੇ ਹੁਣ ਤੱਕ ਤੁਹਾਡਾ ਭਲਾ ਹੀ ਕੀਤਾ ਹੈ।"
21 ਪਰ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, "ਨਹੀਂ! ਅਸੀਂ ਯਾਹਵੇਹ ਦੀ ਸੇਵਾ ਕਰਾਂਗੇ।"
22 ਤਦ ਯੇਹੋਸ਼ੁਆ ਨੇ ਆਖਿਆ, "ਤੁਸੀਂ ਆਪਣੇ ਆਪ ਦੇ ਵਿਰੁੱਧ ਗਵਾਹ ਹੋ ਜੋ ਤੁਸੀਂ ਯਾਹਵੇਹ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਚੁਣਿਆ ਹੈ।"
ਉਨ੍ਹਾਂ ਨੇ ਜਵਾਬ ਦਿੱਤਾ, "ਹਾਂ, ਅਸੀਂ ਗਵਾਹ ਹਾਂ।"
23 ਯੇਹੋਸ਼ੁਆ ਨੇ ਕਿਹਾ, "ਹੁਣ ਉਨ੍ਹਾਂ ਦੂਜੇ ਦੇਵਤਿਆਂ ਨੂੰ ਸੁੱਟ ਦਿਓ ਜਿਹੜੇ ਤੁਹਾਡੇ ਵਿੱਚ ਹਨ ਅਤੇ ਆਪਣੇ ਮਨ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਨੂੰ ਸੌਂਪ ਦਿਓ।"
24 ਅਤੇ ਲੋਕਾਂ ਨੇ ਯੇਹੋਸ਼ੁਆ ਨੂੰ ਆਖਿਆ, "ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਸੇਵਾ ਕਰਾਂਗੇ ਅਤੇ ਉਸਦਾ ਹੁਕਮ ਮੰਨਾਂਗੇ।"
25 ਉਸ ਦਿਨ ਯੇਹੋਸ਼ੁਆ ਨੇ ਲੋਕਾਂ ਲਈ ਇੱਕ ਨੇਮ ਬੰਨ੍ਹਿਆ, ਅਤੇ ਉੱਥੇ ਸ਼ੇਕੇਮ ਵਿੱਚ ਉਸਨੇ ਉਨ੍ਹਾਂ ਲਈ ਫ਼ਰਮਾਨਾਂ ਅਤੇ ਕਾਨੂੰਨਾਂ ਦੀ ਪੁਸ਼ਟੀ ਕੀਤੀ। 26 ਅਤੇ ਯੇਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ਵਰ ਦੀ ਬਿਵਸਥਾ ਦੀ ਪੋਥੀ ਵਿੱਚ ਦਰਜ ਕੀਤਾ। ਫ਼ੇਰ ਉਸਨੇ ਇੱਕ ਵੱਡਾ ਪੱਥਰ ਲਿਆ ਅਤੇ ਉਸਨੂੰ ਬਲੂਤ ਦੇ ਰੁੱਖ ਦੇ ਹੇਠਾਂ ਯਾਹਵੇਹ ਦੇ ਪਵਿੱਤਰ ਸਥਾਨ ਦੇ ਕੋਲ ਖੜ੍ਹਾਂ ਕਰ ਦਿੱਤਾ।
27 ਯੇਹੋਸ਼ੁਆ ਨੇ ਸਾਰੇ ਲੋਕਾਂ ਨੂੰ ਕਿਹਾ, "ਵੇਖੋ! ਇਹ ਪੱਥਰ ਸਾਡੇ ਵਿਰੁੱਧ ਗਵਾਹ ਹੋਵੇਗਾ। ਇਸ ਨੇ ਉਹ ਸਾਰੇ ਸ਼ਬਦ ਸੁਣ ਲਏ ਹਨ ਜੋ ਯਾਹਵੇਹ ਨੇ ਸਾਨੂੰ ਕਹੇ ਹਨ। ਇਹ ਤੁਹਾਡੇ ਵਿਰੁੱਧ ਗਵਾਹ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ਵਰ ਤੋਂ ਮੁੱਕਰ ਜਾਓ।"
28 ਇਹ ਕਹਿ ਕੇ ਯੇਹੋਸ਼ੁਆ ਨੇ ਲੋਕਾਂ ਨੂੰ ਵਿਦਾ ਕਰ ਦਿੱਤਾ ਅਤੇ ਸਾਰੇ ਆਪੋ-ਆਪਣੇ ਘਰਾਂ ਨੂੰ ਚਲੇ ਗਏ।
29 ਇਨ੍ਹਾਂ ਗੱਲਾਂ ਤੋਂ ਬਾਅਦ, ਨੂਨ ਦਾ ਪੁੱਤਰ ਯੇਹੋਸ਼ੁਆ, ਯਾਹਵੇਹ ਦਾ ਸੇਵਕ, ਇੱਕ ਸੌ ਦਸ ਸਾਲ ਦੀ ਉਮਰ ਵਿੱਚ ਮਰ ਗਿਆ। 30 ਅਤੇ ਉਨ੍ਹਾਂ ਨੇ ਉਸਨੂੰ ਉਸਦੀ ਵਿਰਾਸਤ ਦੇ ਦੇਸ਼ ਵਿੱਚ, ਗਾਸ਼ ਪਰਬਤ ਦੇ ਉੱਤਰ ਵਿੱਚ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ ਵਿੱਚ ਦਫ਼ਨਾਇਆ।
31 ਇਸਰਾਏਲ ਨੇ ਯੇਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਾਹਵੇਹ ਦੀ ਉਪਸਾਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯੇਹੋਸ਼ੁਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਾਹਵੇਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸਨੇ ਇਸਰਾਏਲ ਦੇ ਲਈ ਕੀਤਾ।
32 ਅਤੇ ਯੋਸੇਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਵਿੱਚੋਂ ਲਿਆਏ ਸਨ, ਸ਼ੇਕੇਮ ਵਿੱਚ ਉਸ ਜ਼ਮੀਨ ਦੇ ਖੇਤ ਵਿੱਚ ਦੱਬੀਆਂ ਗਈਆਂ ਜੋ ਯਾਕੋਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ ਸੌ ਸਿੱਕਿਆਂ ਵਿੱਚ ਮੁੱਲ ਲਈ ਸੀ। ਇਹ ਯੋਸੇਫ਼ ਦੇ ਉੱਤਰਾਧਿਕਾਰੀਆਂ ਦੀ ਵਿਰਾਸਤ ਬਣ ਗਈ।
33 ਅਤੇ ਹਾਰੋਨ ਦਾ ਪੁੱਤਰ ਅਲਆਜ਼ਾਰ ਮਰ ਗਿਆ ਅਤੇ ਗਿਬਆਹ ਵਿੱਚ ਦਫ਼ਨਾਇਆ ਗਿਆ, ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਉਸਦੇ ਪੁੱਤਰ ਫੀਨਹਾਸ ਨੂੰ ਦਿੱਤਾ ਗਿਆ ਸੀ।