Pular para o conteúdo
Publicidade

ਨਿਆਈਂ 1

ਇਸਰਾਏਲੀਆਂ ਦਾ ਬਾਕੀ ਬਚੇ ਕਨਾਨੀਆਂ ਨਾਲ ਲੜਨਾ

1 ਯੇਹੋਸ਼ੁਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਯਾਹਵੇਹ ਨੂੰ ਪੁੱਛਿਆ, "ਸਾਡੇ ਵਿੱਚੋਂ ਕੌਣ ਕਨਾਨੀਆਂ ਨਾਲ ਲੜਨ ਲਈ ਪਹਿਲਾਂ ਚੜ੍ਹੇਗਾ?"

2 ਯਾਹਵੇਹ ਨੇ ਜਵਾਬ ਦਿੱਤਾ, "ਯਹੂਦਾਹ ਜਾਵੇਗਾ, ਮੈਂ ਸਾਰਾ ਦੇਸ਼ ਉਸਦੇ ਹੱਥ ਵਿੱਚ ਦੇ ਦਿੱਤਾ ਹੈ।"

3 ਤਦ ਯਹੂਦਾਹ ਦੇ ਬੰਦਿਆਂ ਨੇ ਆਪਣੇ ਇਸਰਾਏਲੀ ਭਰਾਂ ਸ਼ਿਮਓਨੀਆਂ ਨੂੰ ਆਖਿਆ, "ਸਾਡੇ ਹਿੱਸੇ ਦੀ ਵੰਡ ਵਿੱਚ ਸਾਡੇ ਨਾਲ ਆ ਤਾਂ ਜੋ ਅਸੀਂ ਕਨਾਨੀਆਂ ਨਾਲ ਲੜਾਈ ਕਰੀਏ ਅਤੇ ਇਸੇ ਤਰ੍ਹਾਂ ਅਸੀਂ ਵੀ ਤੁਹਾਡੇ ਹਿੱਸੇ ਦੀ ਵੰਡ ਵਿੱਚ ਤੁਹਾਡੇ ਨਾਲ ਆਵੇਗੇ।" ਇਸ ਲਈ ਸ਼ਿਮਓਨ ਦਾ ਵੰਸ਼ ਯਹੂਦਾਹ ਨਾਲ ਗਿਆ।

4 ਜਦੋਂ ਯਹੂਦਾਹ ਨੇ ਹਮਲਾ ਕੀਤਾ, ਯਾਹਵੇਹ ਨੇ ਕਨਾਨੀਆਂ ਅਤੇ ਪਰਿੱਜ਼ੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਉਹਨਾਂ ਨੇ ਬੇਜ਼ੇਕ ਵਿੱਚ ਦਸ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ। 5 ਬੇਜ਼ੇਕ ਵਿੱਚ ਉਹਨਾਂ ਨੇ ਅਦੋਨੀ-ਬੇਜ਼ੇਕ ਲੱਭ ਲਿਆਂ ਅਤੇ ਉਸ ਦੇ ਵਿਰੁੱਧ ਯੁੱਧ ਕੀਤਾ ਅਤੇ ਕਨਾਨੀਆਂ ਪਰਿੱਜ਼ੀਆਂ ਨੂੰ ਮਾਰ ਦਿੱਤਾ। 6 ਪਰ ਅਦੋਨੀ-ਬੇਜ਼ੇਕ ਭੱਜ ਗਿਆ, ਪਰ ਉਹਨਾਂ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ, ਅਤੇ ਉਸਦੇ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਦਿੱਤੇ।

7 ਤਦ ਅਦੋਨੀ-ਬੇਜ਼ੇਕ ਨੇ ਕਿਹਾ, "ਸੱਤਰ ਰਾਜਿਆਂ ਜਿਨ੍ਹਾਂ ਦੇ ਮੈਂ ਹੱਥਾਂ ਅਤੇ ਪੈਰਾਂ ਦੇ ਅੰਗੂਠੇ ਵੱਢ ਸੀ, ਉਹ ਮੇਰੀ ਮੇਜ਼ ਦੇ ਹੇਠਾਂ ਚੂਰ-ਭੂਰ ਚੁੱਕਦੇ ਸਨ। ਹੁਣ ਪਰਮੇਸ਼ਵਰ ਨੇ ਮੈਨੂੰ ਉਸ ਦਾ ਬਦਲਾ ਦਿੱਤਾ ਹੈ ਜੋ ਮੈਂ ਉਹਨਾਂ ਨਾਲ ਕੀਤਾ ਸੀ।" ਉਹ ਉਸਨੂੰ ਯੇਰੂਸ਼ਲੇਮ ਲੈ ਆਏ ਅਤੇ ਉਹ ਉੱਥੇ ਮਰ ਗਿਆ।

8 ਯਹੂਦਾਹ ਦੇ ਬੰਦਿਆਂ ਨੇ ਯੇਰੂਸ਼ਲੇਮ ਉੱਤੇ ਵੀ ਹਮਲਾ ਕੀਤਾ ਅਤੇ ਇਸਨੂੰ ਜਿੱਤ ਲਿਆ। ਉਹਨਾਂ ਨੇ ਤਲਵਾਰ ਦੀ ਧਾਰ ਨਾਲ ਉਸਦੇ ਵਾਸੀਆਂ ਨੂੰ ਮਾਰਿਆ ਅਤੇ ਸ਼ਹਿਰ ਨੂੰ ਅੱਗ ਨਾਲ ਸਾੜ ਦਿੱਤਾ।

9 ਉਸ ਤੋਂ ਬਾਅਦ, ਯਹੂਦਾਹ ਪਹਾੜੀ ਦੇਸ਼, ਨੇਗੇਵ ਅਤੇ ਪੱਛਮੀ ਤਲਹਟੀ ਵਿੱਚ ਰਹਿੰਦੇ ਕਨਾਨੀਆਂ ਨਾਲ ਲੜਨ ਲਈ ਹੇਠਾਂ ਚਲੇ ਗਏ। 10 ਅਤੇ ਯਹੂਦਾਹ ਉਹਨਾਂ ਕਨਾਨੀਆਂ ਦਾ ਜੋ ਹੇਬਰੋਨ ਵਿੱਚ ਰਹਿੰਦੇ ਸਨ ਸਾਹਮਣਾ ਕਰਨ ਲਈ ਗਿਆ। ਹਰਬੋਨ ਦਾ ਨਾਮ ਪਹਿਲਾ ਕਿਰਯਥ ਅਰਬਾ ਸੀ। ਉੱਥੇ ਉਨ੍ਹਾਂ ਨੇ ਸ਼ੇਸ਼ਈ, ਅਹੀਮਾਨ ਅਤੇ ਤਲਮਈ ਨੂੰ ਮਾਰ ਦਿੱਤਾ। 11 ਉੱਥੋਂ ਉਹਨਾਂ ਜਾ ਕੇ ਦਬੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਹਮਲਾ ਕੀਤਾ। ਦਬੀਰ ਦਾ ਪਹਿਲਾ ਨਾਮ ਕਿਰਯਥ-ਸੇਫਰ ਸੀ।

12 ਅਤੇ ਕਾਲੇਬ ਨੇ ਕਿਹਾ, "ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।" 13 ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ ਅਤੇ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।

14 ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, "ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?"

15 ਉਸ ਨੇ ਜਵਾਬ ਦਿੱਤਾ, "ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂ ਜੋ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।" ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।

16 ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ1:16 ਖਜ਼ੂਰ ਸ਼ਹਿਰ ਮਤਲਬ ਜਰੀਕੋ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।

17 ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ1:17 ਹੋਰਮਾਹ ਅਰਥ ਵਿਨਾਸ਼ ਕਿਹਾ ਜਾਂਦਾ ਸੀ। 18 ਯਹੂਦਾਹ ਨੇ ਗਾਜ਼ਾ, ਅਸ਼ਕਲੋਨ ਅਤੇ ਏਕਰੋਨ ਨੂੰ ਵੀ ਉਸਦੇ ਇਲਾਕੇ ਸਮੇਤ ਲੈ ਲਿਆ।

19 ਯਾਹਵੇਹ ਯਹੂਦਾਹ ਦੇ ਲੋਕਾਂ ਦੇ ਨਾਲ ਸੀ। ਉਹਨਾਂ ਨੇ ਪਹਾੜੀ ਦੇਸ਼ ਉੱਤੇ ਕਬਜ਼ਾ ਕਰ ਲਿਆ, ਪਰ ਉਹ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਭਜਾਉਣ ਵਿੱਚ ਅਸਫ਼ਲ ਰਹੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ। 20 ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ। 21 ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।

22 ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ। 23 ਜਦੋਂ ਯੋਸੇਫ਼ ਦੇ ਘਰਾਣੇ ਨੇ ਬੈਤਏਲ ਸ਼ਹਿਰ ਦੀ ਖੋਜ ਕਰਨ ਲਈ ਲੋਕ ਭੇਜੇ। ਬੈਤਏਲ ਦਾ ਪਹਿਲਾ ਨਾਮ ਲੂਜ਼ ਸੀ, 24 ਜਦ ਜਾਸੂਸਾਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦੀਆਂ ਵੇਖਿਆ ਅਤੇ ਉਸ ਨੂੰ ਕਿਹਾ, "ਜੇਕਰ ਤੂੰ ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਰਾਹ ਵਿਖਾਵੇ ਤਾਂ ਅਸੀਂ ਤੇਰੇ ਨਾਲ ਚੰਗਾ ਸਲੂਕ ਕਰਾਂਗੇ।" 25 ਇਸ ਲਈ ਉਸਨੇ ਉਹਨਾਂ ਨੂੰ ਰਾਹ ਦਿਖਾਇਆ ਅਤੇ ਉਹਨਾਂ ਨੇ ਸ਼ਹਿਰ ਨੂੰ ਤਲਵਾਰ ਨਾਲ ਮਾਰ ਦਿੱਤਾ, ਪਰ ਉਸ ਆਦਮੀ ਅਤੇ ਉਸਦੇ ਸਾਰੇ ਪਰਿਵਾਰ ਨੂੰ ਬਚਾਇਆ। 26 ਫਿਰ ਉਹ ਹਿੱਤੀਆਂ ਦੇ ਦੇਸ਼ ਵਿੱਚ ਗਿਆ, ਜਿੱਥੇ ਉਸਨੇ ਇੱਕ ਸ਼ਹਿਰ ਵਸਾਇਆ ਅਤੇ ਉਸਦਾ ਨਾਮ ਲੂਜ਼ ਰੱਖਿਆ, ਅਤੇ ਅੱਜ ਤੱਕ ਉਸਦਾ ਇਹ ਨਾਮ ਹੈ।

27 ਪਰ ਮਨੱਸ਼ੇਹ ਨੇ ਬੈਥ ਸ਼ਾਨ, ਤਾਨਾਖ, ਦੋਰ, ਯਿਬਲਾਮ, ਮਗਿੱਦੋ ਅਤੇ ਉਹਨਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਨਹੀਂ ਕੱਢਿਆ ਕਿਉਂਕਿ ਕਨਾਨੀਆਂ ਨੇ ਉਸ ਧਰਤੀ ਉੱਤੇ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। 28 ਜਦੋਂ ਇਸਰਾਏਲ ਮਜ਼ਬੂਤ ਹੋ ਗਏ, ਤਾਂ ਉਹ ਕਨਾਨੀਆਂ ਕੋਲੋ ਜ਼ਬਰਦਸਤੀ ਮਜ਼ਦੂਰੀ ਕਰਵਾਉਂਦੇ ਸਨ, ਪਰ ਉਹਨਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ। 29 ਨਾ ਹੀ ਇਫ਼ਰਾਈਮ ਨੇ ਗੇਜ਼ੇਰ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਪਰ ਕਨਾਨੀ ਉੱਥੇ ਉਹਨਾਂ ਦੇ ਵਿਚਕਾਰ ਰਹਿੰਦੇ ਰਹੇ। 30 ਨਾ ਹੀ ਜ਼ਬੂਲੁਨ ਨੇ ਕਿਤਰੋਨ ਜਾਂ ਨਹਲੋਲ ਵਿੱਚ ਰਹਿੰਦੇ ਕਨਾਨੀਆਂ ਨੂੰ ਬਾਹਰ ਕੱਢਿਆ, ਇਸ ਲਈ ਇਹ ਕਨਾਨੀ ਉਹਨਾਂ ਵਿੱਚ ਰਹਿੰਦੇ ਸਨ, ਪਰ ਜ਼ਬੂਲੁਨ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 31 ਨਾ ਹੀ ਆਸ਼ੇਰ ਨੇ ਅੱਕੋ, ਸੀਦੋਨ, ਅਹਲਾਬ, ਅਕਜ਼ੀਬ, ਹੇਲਬਾਹ, ਅਫੀਕ ਜਾਂ ਰੇਹੋਬ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ। 32 ਸਗੋਂ ਆਸ਼ੇਰੀ ਲੋਕ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਸੀ। 33 ਨਾ ਹੀ ਨਫ਼ਤਾਲੀ ਨੇ ਬੈਥ ਸ਼ੇਮੇਸ਼ ਜਾਂ ਬੈਥ ਅਨਾਥ ਵਿੱਚ ਰਹਿਣ ਵਾਲਿਆਂ ਨੂੰ ਬਾਹਰ ਕੱਢਿਆ, ਅਤੇ ਨਫ਼ਤਾਲੀ ਵੀ ਦੇਸ਼ ਦੇ ਕਨਾਨੀ ਵਾਸੀਆਂ ਵਿੱਚ ਰਹਿੰਦੇ ਸਨ, ਪਰ ਬੈਥ ਸ਼ਮੇਸ਼ ਅਤੇ ਬੈਥ ਅਨਾਥ ਦੇ ਵਾਸੀ, ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 34 ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭਜਾ ਦਿੱਤਾ, ਅਤੇ ਉਹਨਾਂ ਨੂੰ ਮੈਦਾਨ ਵਿੱਚ ਨਹੀਂ ਆਉਣ ਦਿੱਤਾ। 35 ਅਤੇ ਅਮੋਰੀਆਂ ਨੇ ਵੀ ਹੇਰੇਸ ਪਰਬਤ, ਅੱਯਾਲੋਨ ਅਤੇ ਸ਼ਾਲਬੀਮ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ, ਪਰ ਯੋਸੇਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ। 36 ਅਤੇ ਅਮੋਰੀਆਂ ਦੇ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ।

Estes versículos te tocaram? Ore agora!

+581 estão orando agora.

Junte-se à corrente de oração.