Pular para o conteúdo
Publicidade

ਨਿਆਈਂ 19

ਇੱਕ ਲੇਵੀ ਅਤੇ ਉਸਦੀ ਰਾਖ਼ੇਲ

1 ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ।

ਤਾਂ ਇੱਕ ਲੇਵੀ ਜੋ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਰਹਿੰਦਾ ਸੀ, ਉਸ ਨੇ ਆਪਣੇ ਲਈ ਯਹੂਦਾਹ ਦੇ ਬੈਤਲਹਮ ਤੋਂ ਇੱਕ ਰਖੇਲ ਨੂੰ ਰੱਖ ਲਿਆ। 2 ਪਰ ਉਹ ਰਖੇਲ ਵਿਭਚਾਰ ਕਰਕੇ ਉਸਨੂੰ ਛੱਡ ਕੇ ਯਹੂਦਾਹ ਦੇ ਬੈਤਲਹਮ ਵਿੱਚ ਆਪਣੇ ਮਾਪਿਆਂ ਦੇ ਘਰ ਵਾਪਸ ਚਲੀ ਗਈ। ਚਾਰ ਮਹੀਨੇ ਉੱਥੇ ਰਹਿਣ ਤੋਂ ਬਾਅਦ, 3 ਉਸਦਾ ਪਤੀ ਉਸਨੂੰ ਵਾਪਸ ਲਿਆਉਣ ਦੇ ਲਈ ਉੱਠ ਕੇ ਉਸਦੇ ਨੂੰ ਮਨਾਉਣ ਲਈ ਉਸਦੇ ਕੋਲ ਗਿਆ। ਉਹ ਆਪਣੇ ਨਾਲ ਇੱਕ ਨੌਕਰ ਅਤੇ ਦੋ ਗਧੇ ਲੈ ਗਿਆ। ਉਹ ਉਸ ਨੂੰ ਆਪਣੇ ਮਾਤਾ-ਪਿਤਾ ਦੇ ਘਰ ਲੈ ਗਈ, ਅਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ। 4 ਉਸ ਦਾ ਸਹੁਰਾ, ਔਰਤ ਦਾ ਪਿਤਾ, ਉਸ ਉੱਤੇ ਰੁਕਣ ਲਈ ਜੋਰ ਪਾਉਣ ਲੱਗਾ; ਇਸ ਲਈ ਉਹ ਤਿੰਨ ਦਿਨ ਉਸਦੇ ਨਾਲ ਰਿਹਾ ਅਤੇ ਉੱਥੇ ਖਾਧਾ ਪੀਂਦਾ ਅਤੇ ਉੱਥੇ ਹੀ ਰਿਹਾ।

5 ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, "ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।" 6 ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, "ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।" 7 ਅਤੇ ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸਦੇ ਸਹੁਰੇ ਨੇ ਉਸਨੂੰ ਮਨਾ ਲਿਆ, ਇਸ ਲਈ ਉਹ ਉਸ ਰਾਤ ਉੱਥੇ ਹੀ ਰਿਹਾ। 8 ਪੰਜਵੇਂ ਦਿਨ ਦੀ ਸਵੇਰ ਨੂੰ, ਜਦੋਂ ਉਹ ਜਾਣ ਲਈ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ, "ਮੈ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ!" ਇਸ ਲਈ ਦੋਹਾਂ ਨੇ ਇਕੱਠੇ ਖਾਧਾ ਪੀਤਾ।

9 ਫਿਰ ਜਦੋਂ ਉਹ ਆਦਮੀ ਆਪਣੀ ਰਖੇਲ ਅਤੇ ਨੌਕਰ ਸਮੇਤ ਵਿਦਾ ਹੋਣ ਲਈ ਉੱਠਿਆ, ਤਾਂ ਉਸਦੇ ਸਹੁਰੇ, ਔਰਤ ਦੇ ਪਿਤਾ ਨੇ ਕਿਹਾ, "ਹੁਣ ਦੇਖੋ, ਸ਼ਾਮ ਲਗਭਗ ਹੋ ਗਈ ਹੈ। ਇੱਥੇ ਰਾਤ ਕੱਟੋ; ਦਿਨ ਲਗਭਗ ਖਤਮ ਹੋ ਗਿਆ ਹੈ। ਰੁਕ ਜਾਓ ਅਤੇ ਆਪਣੇ ਆਪ ਦਾ ਆਨੰਦ ਕਰੋ ਕੱਲ੍ਹ ਸਵੇਰੇ ਜਲਦੀ ਤੁਸੀਂ ਉੱਠ ਸਕਦੇ ਹੋ ਅਤੇ ਆਪਣੇ ਘਰ ਜਾ ਸਕਦੇ ਹੋ।" 10 ਪਰ ਉਹ ਆਦਮੀ ਇੱਕ ਹੋਰ ਰਾਤ ਰੁਕਣ ਲਈ ਤਿਆਰ ਨਹੀਂ ਹੋਇਆ, ਉਹ ਆਦਮੀ ਉੱਥੋਂ ਚਲਾ ਗਿਆ ਅਤੇ ਆਪਣੇ ਦੋ ਕਾਠੀ ਵਾਲੇ ਗਧਿਆਂ ਅਤੇ ਆਪਣੀ ਰਖੇਲ ਨਾਲ ਯਬੂਸ (ਯਾਨੀ ਯੇਰੂਸ਼ਲੇਮ) ਵੱਲ ਚਲਾ ਗਿਆ।

11 ਜਦੋਂ ਉਹ ਯਬੂਸ ਦੇ ਨੇੜੇ ਸਨ ਅਤੇ ਦਿਨ ਢਲ ਗਿਆ ਸੀ, ਤਾਂ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ, "ਆਓ, ਯਬੂਸੀਆਂ ਦੇ ਇਸ ਸ਼ਹਿਰ ਵਿੱਚ ਰਹੀਏ ਅਤੇ ਰਾਤ ਕੱਟੀਏ।"

12 ਉਸ ਦੇ ਮਾਲਕ ਨੇ ਜਵਾਬ ਦਿੱਤਾ, "ਅਸੀਂ ਕਿਸੇ ਵੀ ਸ਼ਹਿਰ ਵਿੱਚ ਨਹੀਂ ਜਾਵਾਂਗੇ ਜਿਸ ਦੇ ਲੋਕ ਇਸਰਾਏਲੀ ਨਹੀਂ ਹਨ, ਪਰ ਅਸੀਂ ਗਿਬਆਹ ਨੂੰ ਜਾਵਾਂਗੇ।" 13 ਉਸਨੇ ਅੱਗੋਂ ਕਿਹਾ, "ਆਓ, ਅਸੀਂ ਗਿਬਆਹ ਜਾਂ ਰਾਮਾਹ ਪਹੁੰਚਣ ਦੀ ਕੋਸ਼ਿਸ਼ ਕਰੀਏ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਵਿੱਚ ਰਾਤ ਕੱਟੀਏ।" 14 ਸੋ ਉਹ ਚੱਲੇ ਅਤੇ ਬਿਨਯਾਮੀਨ ਵਿੱਚ ਗਿਬਆਹ ਦੇ ਨੇੜੇ ਸੂਰਜ ਢਲ ਗਿਆ। 15 ਅਤੇ ਉਹ ਗਿਬਆਹ ਵਿੱਚ ਰਾਤ ਕੱਟਣ ਲਈ ਰੁਕ ਗਏ ਅਤੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਕੇ ਬੈਠ ਗਏ, ਪਰ ਰਾਤ ਨੂੰ ਕੋਈ ਅਜਿਹਾ ਨਹੀਂ ਸੀ ਜੋ ਉਨ੍ਹਾਂ ਨੂੰ ਰਾਤ ਕੱਟਣ ਲਈ ਆਪਣੇ ਘਰ ਲੈ ਜਾਂਦਾ।

16 ਤਦ ਵੇਖੋ, ਸ਼ਾਮ ਦੇ ਵੇਲੇ ਇੱਕ ਬਜ਼ੁਰਗ ਆਪਣੇ ਖੇਤ ਵਿੱਚੋਂ ਕੰਮ ਧੰਦਾ ਮੁਕਾ ਕੇ ਉੱਥੇ ਆਇਆ, ਉਹ ਵੀ ਇਫ਼ਰਾਈਮ ਦੇ ਪਹਾੜੀ ਦੇਸ਼ ਦਾ ਸੀ, ਜੋ ਗਿਬਆਹ ਵਿੱਚ ਆ ਕੇ ਵੱਸ ਗਿਆ ਸੀ ਪਰ ਉੱਥੇ ਦੇ ਵਾਸੀ ਬਿਨਯਾਮੀਨੀ ਸਨ। 17 ਜਦੋਂ ਉਸਨੇ ਸ਼ਹਿਰ ਦੇ ਚੌਂਕ ਵਿੱਚ ਯਾਤਰੀਆਂ ਨੂੰ ਵੇਖਿਆ, ਤਾਂ ਬਜ਼ੁਰਗ ਆਦਮੀ ਨੇ ਪੁੱਛਿਆ, "ਤੁਸੀਂ ਕਿੱਥੇ ਜਾ ਰਹੇ ਹੋ? ਤੁਸੀਂ ਕਿੱਥੋਂ ਆਏ ਹੋ?"

18 ਉਸ ਨੇ ਉਸ ਨੂੰ ਕਿਹਾ, "ਅਸੀਂ ਬੈਤਲਹਮ ਯਹੂਦਾਹ ਤੋਂ ਆਏ ਅਤੇ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਦੂਸਰੇ ਪਾਸੇ ਜਾਣਾ ਹੈ। ਮੈਂ ਉੱਥੇ ਦਾ ਹੀ ਹਾਂ। ਮੈਂ ਬੈਤਲਹਮ ਯਹੂਦਾਹ ਨੂੰ ਗਿਆ ਸੀ ਅਤੇ ਹੁਣ ਆਪਣੇ ਘਰ ਦੇ ਵੱਲ ਜਾਂਦਾ ਹਾਂ। ਪਰ ਇੱਥੇ ਅਜਿਹਾ ਕੋਈ ਮਨੁੱਖ ਨਹੀਂ ਜੋ ਸਾਨੂੰ ਆਪਣੇ ਘਰ ਠਹਿਰਾਵੇ। 19 ਸਾਡੇ ਕੋਲ ਸਾਡੇ ਗਧਿਆਂ ਲਈ ਤੂੜੀ ਅਤੇ ਚਾਰਾ ਵੀ ਹੈ ਅਤੇ ਮੇਰੇ ਲਈ ਅਤੇ ਤੇਰੀ ਦਾਸੀ ਲਈ ਅਤੇ ਜੁਆਨ ਦੇ ਲਈ ਜੋ ਤੇਰੇ ਸੇਵਕਾਂ ਦੇ ਨਾਲ ਹੈ, ਰੋਟੀ ਅਤੇ ਦਾਖ਼ਰਸ ਦੋਵੇਂ ਹਨ, ਸਾਨੂੰ ਕਿਸੇ ਵਸਤੂ ਦੀ ਘਾਟ ਨਹੀਂ ਹੈ।"

20 ਉਸ ਬਜ਼ੁਰਗ ਨੇ ਕਿਹਾ, "ਮੇਰੇ ਘਰ ਵਿੱਚ ਤੁਹਾਡਾ ਸੁਆਗਤ ਹੈ, ਤੈਨੂੰ ਸੁੱਖ-ਸਾਂਦ ਹੋਵੇ ਅਤੇ ਤੇਰੀ ਸਾਰੀ ਲੋੜ ਸਾਡੇ ਸਿਰ ਤੇ ਹੋਵੇ ਪਰ ਤੂੰ ਚੌਂਕ ਵਿੱਚ ਰਾਤ ਬਿਲਕੁਲ ਨਾ ਕੱਟ।" 21 ਇਸ ਲਈ ਉਹ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸਦੇ ਗਧਿਆਂ ਨੂੰ ਚਾਰਾ ਪਾਇਆ ਅਤੇ ਫਿਰ ਪੈਰ ਧੋਣ ਤੋਂ ਬਾਅਦ, ਉਹ ਖਾਣ-ਪੀਣ ਲੱਗੇ।

22 ਜਦੋਂ ਉਹ ਖਾ ਪੀ ਅਤੇ ਆਨੰਦ ਮਾਣ ਰਹੇ ਸਨ, ਤਾਂ ਸ਼ਹਿਰ ਦੇ ਕੁਝ ਦੁਸ਼ਟ ਆਦਮੀਆਂ ਨੇ ਘਰ ਨੂੰ ਘੇਰ ਲਿਆ। ਦਰਵਾਜ਼ੇ ਤੇ ਧੱਕਾ ਮਾਰ ਕੇ, ਉਨ੍ਹਾਂ ਨੇ ਘਰ ਦੇ ਮਾਲਕ ਬਜ਼ੁਰਗ ਆਦਮੀ ਨੂੰ ਉੱਚੀ ਆਵਾਜ਼ ਵਿੱਚ ਕਹਿਣ ਲੱਗੇ, "ਉਸ ਆਦਮੀ ਨੂੰ ਬਾਹਰ ਲਿਆ ਜੋ ਤੁਹਾਡੇ ਘਰ ਆਇਆ ਸੀ ਤਾਂ ਜੋ ਅਸੀਂ ਉਸ ਨਾਲ ਸੰਭੋਗ ਕਰ ਸਕੀਏ।"

23 ਘਰ ਦਾ ਮਾਲਕ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, "ਨਹੀਂ, ਮੇਰੇ ਦੋਸਤੋ, ਅਜਿਹੀ ਬੁਰਿਆਈ ਨਾ ਕਰੋ ਕਿਉਂਕਿ ਇਹ ਆਦਮੀ ਮੇਰਾ ਮਹਿਮਾਨ ਹੈ, ਇਸ ਲਈ ਇਹ ਅਜਿਹੀ ਦੁਸ਼ਟਤਾ ਨਾ ਕਰੋ। 24 ਵੇਖੋ, ਇੱਥੇ ਮੇਰੀ ਕੁਆਰੀ ਧੀ ਹੈ ਅਤੇ ਇਸ ਪੁਰਖ ਦੀ ਰਖੇਲ ਹੈ। ਮੈਂ ਹੁਣ ਉਨ੍ਹਾਂ ਨੂੰ ਤੁਹਾਡੇ ਕੋਲ ਲਿਆਵਾਂਗਾ ਅਤੇ ਤੁਸੀਂ ਉਨ੍ਹਾਂ ਨਾਲ ਜੋ ਚੰਗਾ ਲੱਗਦਾ ਹੈ ਕਰ ਸਕਦੇ ਹੋ ਅਤੇ ਉਨ੍ਹਾਂ ਨਾਲ ਜੋ ਚਾਹੋ ਕਰ ਸਕਦੇ ਹੋ, ਪਰ ਇਸ ਆਦਮੀ ਨਾਲ ਅਜਿਹੀ ਦੁਸ਼ਟਤਾ ਨਾ ਕਰੋ।"

25 ਪਰ ਆਦਮੀਆਂ ਨੇ ਉਸਦੀ ਗੱਲ ਨਹੀਂ ਸੁਣੀ। ਤਦ ਉਹ ਮਨੁੱਖ ਆਪਣੀ ਰਖੇਲ ਨੂੰ ਫੜ੍ਹ ਕੇ ਉਨ੍ਹਾਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਰਾਤ ਭਰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਜਦੋਂ ਸਵੇਰ ਹੋਈ ਉਸ ਵੇਲੇ ਉਸ ਨੂੰ ਛੱਡ ਗਏ। 26 ਸਵੇਰ ਹੋਣ ਤੇ ਉਹ ਔਰਤ ਉਸ ਮਨੁੱਖ ਦੇ ਘਰ ਦੇ ਦਰਵਾਜ਼ੇ ਉੱਤੇ ਡਿੱਗ ਪਈ। ਜਿੱਥੇ ਉਸ ਦਾ ਪਤੀ ਸੀ ਅਤੇ ਦਿਨ ਚੜ੍ਹਨ ਤੱਕ ਉੱਥੇ ਹੀ ਪਈ ਰਹੀ।

27 ਜਦੋਂ ਉਸ ਦੇ ਮਾਲਕ ਨੇ ਸਵੇਰੇ ਉੱਠ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਾਪਸ ਜਾਣ ਲਈ ਬਾਹਰ ਨਿੱਕਲਿਆ, ਤਾਂ ਉਸ ਦੀ ਰਖੇਲ ਘਰ ਦੇ ਦਰਵਾਜ਼ੇ ਵਿੱਚ ਡਿੱਗੀ ਹੋਈ ਸੀ ਅਤੇ ਉਸਦੇ ਹੱਥ ਡਿਉੜ੍ਹੀ ਨਾਲ ਲੱਗੇ ਹੋਏ ਸਨ। 28 ਉਸਨੇ ਉਸਨੂੰ ਕਿਹਾ, "ਉੱਠ, ਅਸੀਂ ਚੱਲੀਏ।" ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾ। ਤਦ ਆਦਮੀ ਨੇ ਉਸ ਨੂੰ ਆਪਣੇ ਗਧੇ ਉੱਤੇ ਰੱਖ ਲਿਆ ਅਤੇ ਘਰ ਨੂੰ ਚੱਲ ਪਿਆ।

29 ਜਦੋਂ ਉਹ ਘਰ ਪਹੁੰਚਿਆ, ਤਾਂ ਉਸਨੇ ਇੱਕ ਚਾਕੂ ਲਿਆ ਅਤੇ ਆਪਣੀ ਰਖੇਲ ਦੇ ਅੰਗ-ਅੰਗ ਕੱਟ ਕੇ ਬਾਰਾਂ ਟੁੱਕੜੇ ਕੀਤੇ ਅਤੇ ਇਸਰਾਏਲ ਦੇ ਸਾਰੇ ਇਲਾਕਿਆਂ ਵਿੱਚ ਭੇਜ ਦਿੱਤਾ। 30 ਤਦ ਜਿਸ ਕਿਸੇ ਨੇ ਇਹ ਵੇਖਿਆ ਉਹ ਆਪਸ ਵਿੱਚ ਕਹਿਣ ਲੱਗੇ, "ਇਸਰਾਏਲੀਆਂ ਦੇ ਮਿਸਰ ਤੋਂ ਨਿਕਲ ਕੇ ਆਉਣ ਦੇ ਸਮੇਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਅਜਿਹਾ ਕਦੇ ਨਹੀਂ ਹੋਇਆ, ਅਤੇ ਨਾ ਹੀ ਕਿਸੇ ਨੇ ਵੇਖਿਆ! ਇਸ ਵੱਲ ਧਿਆਨ ਕਰੋ ਅਤੇ ਸਲਾਹ ਕਰਕੇ ਬੋਲੋ ਕਿ ਹੁਣ ਕੀ ਕਰਨਾ ਚਾਹੀਦਾ ਹੈ!"

Estes versículos te tocaram? Ore agora!

+581 estão orando agora.

Junte-se à corrente de oração.