1 ਗਿਲਆਦੀ ਯਿਫ਼ਤਾਹ ਇੱਕ ਸ਼ਕਤੀਸ਼ਾਲੀ ਯੋਧਾ ਸੀ ਅਤੇ ਉਸਦਾ ਪਿਤਾ ਗਿਲਆਦ ਸੀ, ਪਰ ਉਸਦੀ ਮਾਂ ਇੱਕ ਵੇਸਵਾ ਸੀ। 2 ਗਿਲਆਦ ਦੀ ਪਤਨੀ ਨੇ ਵੀ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦੋਂ ਉਹ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ। "ਤੈਨੂੰ ਸਾਡੇ ਪਰਿਵਾਰ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ, ਕਿਉਂਕਿ ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈ।" 3 ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।
4 ਕੁਝ ਸਮੇਂ ਬਾਅਦ ਜਦੋਂ ਅੰਮੋਨੀ ਇਸਰਾਏਲ ਦੇ ਵਿਰੁੱਧ ਲੜਨ ਲੱਗੇ, 5 ਗਿਲਆਦ ਦੇ ਬਜ਼ੁਰਗ ਤੋਬ ਦੀ ਧਰਤੀ ਤੋਂ ਯਿਫ਼ਤਾਹ ਨੂੰ ਲੈਣ ਲਈ ਗਏ। 6 ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, "ਆ, ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਨਾਲ ਲੜ ਸਕੀਏ।"
7 ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, "ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?"
8 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, "ਫਿਰ ਵੀ ਅਸੀਂ ਹੁਣ ਤੇਰੇ ਕੋਲ ਆਏ ਹਾਂ, ਇਸ ਲਈ ਹੁਣ ਅੰਮੋਨੀਆਂ ਨਾਲ ਲੜਨ ਲਈ ਸਾਡੇ ਨਾਲ ਆ, ਤਾਂ ਜੋ ਤੂੰ ਸਾਡਾ ਅਤੇ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਉੱਤੇ ਸਰਦਾਰ ਹੋਵੋਗੇ।"
9 ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਜਵਾਬ ਦਿੱਤਾ, "ਮੰਨ ਲਓ ਕਿ ਤੁਸੀਂ ਅੰਮੋਨੀਆਂ ਨਾਲ ਲੜਨ ਲਈ ਮੈਨੂੰ ਵਾਪਸ ਲੈ ਜਾਓ ਅਤੇ ਯਾਹਵੇਹ ਉਨ੍ਹਾਂ ਨੂੰ ਮੈਨੂੰ ਦੇ ਦੇਵੇ, ਕੀ ਮੈਂ ਸੱਚਮੁੱਚ ਤੁਹਾਡਾ ਮੁਖੀ ਹੋਵਾਗਾ?"
10 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਜਵਾਬ ਦਿੱਤਾ, "ਯਾਹਵੇਹ ਸਾਡਾ ਗਵਾਹ ਹੈ, ਜਿਵੇਂ ਤੂੰ ਕਹੇਗਾ ਅਸੀਂ ਉਸੇ ਅਨੁਸਾਰ ਜ਼ਰੂਰ ਕਰਾਂਗੇ।" 11 ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ ਦੇ ਨਾਲ ਗਿਆ ਅਤੇ ਲੋਕਾਂ ਨੇ ਉਸਨੂੰ ਉਨ੍ਹਾਂ ਦਾ ਆਗੂ ਅਤੇ ਸੈਨਾਪਤੀ ਬਣਾਇਆ ਅਤੇ ਉਸਨੇ ਮਿਸਪਾਹ ਵਿੱਚ ਯਾਹਵੇਹ ਦੇ ਅੱਗੇ ਆਪਣੀਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ।
12 ਤਦ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਇਹ ਪੁੱਛਿਆ, "ਮੇਰੇ ਨਾਲ ਤੇਰਾ ਕੀ ਕੰਮ ਹੈ ਜੋ ਤੂੰ ਮੇਰੇ ਦੇਸ਼ ਉੱਤੇ ਹਮਲਾ ਕੀਤਾ ਹੈ?"
13 ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, "ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਏ, ਤਾਂ ਉਨ੍ਹਾਂ ਨੇ ਅਰਨੋਨ ਤੋਂ ਯਬੋਕ ਤੱਕ, ਯਰਦਨ ਨਦੀ ਤੱਕ ਮੇਰੀ ਧਰਤੀ ਖੋਹ ਲਈ ਸੀ ਇਸ ਲਈ ਹੁਣ ਇਸਨੂੰ ਸ਼ਾਂਤੀ ਨਾਲ ਵਾਪਸ ਕਰ ਦੇ।"
14 ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਵਾਪਸ ਭੇਜ ਕੇ, 15 ਇਹ ਸੁਨੇਹਾ ਭੇਜਿਆ,
"ਯਿਫ਼ਤਾਹ ਇਹ ਆਖਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦੀ ਧਰਤੀ ਅਤੇ ਅੰਮੋਨੀਆਂ ਦੀ ਧਰਤੀ ਖੋਹੀ। 16 ਪਰ ਜਦੋਂ ਉਹ ਮਿਸਰ ਤੋਂ ਬਾਹਰ ਆਏ ਤਾਂ ਇਸਰਾਏਲ ਉਜਾੜ ਵਿੱਚੋਂ ਦੀ ਹੋ ਕੇ ਲਾਲ ਸਮੁੰਦਰ ਅਤੇ ਕਾਦੇਸ਼ ਵਿੱਚ ਆਏ। 17 ਤਦ ਇਸਰਾਏਲ ਨੇ ਅਦੋਮ ਦੇ ਰਾਜੇ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ, ‘ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦਿਓ,’ ਪਰ ਅਦੋਮ ਦੇ ਰਾਜੇ ਨੇ ਨਾ ਸੁਣੀ। ਉਨ੍ਹਾਂ ਨੇ ਮੋਆਬ ਦੇ ਰਾਜੇ ਨੂੰ ਵੀ ਭੇਜਿਆ ਅਤੇ ਉਸਨੇ ਵੀ ਇਨਕਾਰ ਕਰ ਦਿੱਤਾ। ਇਸ ਲਈ ਇਸਰਾਏਲ ਕਾਦੇਸ਼ ਵਿੱਚ ਠਹਿਰਿਆ।
18 "ਫਿਰ ਉਨ੍ਹਾਂ ਨੇ ਉਜਾੜ ਵਿੱਚੋਂ ਦੀ ਯਾਤਰਾ ਕੀਤੀ, ਉਹ ਅਦੋਮ ਅਤੇ ਮੋਆਬ ਦੇ ਦੇਸ਼ਾਂ ਵਿੱਚ ਨਾ ਵੜੇ, ਜਿਸ ਕਾਰਨ ਉਨ੍ਹਾਂ ਨੂੰ ਇੱਕ ਪਾਸੇ ਦੀ ਘੁੰਮਣਾ ਪਿਆ ਅਤੇ ਮੋਆਬ ਦੇ ਦੇਸ਼ ਦੇ ਪੂਰਬੀ ਪਾਸੇ ਤੱਕ ਪਹੁੰਚੇ ਅਤੇ ਅਰਨੋਨ ਦੇ ਦੂਜੇ ਪਾਸੇ ਡੇਰਾ ਲਾਇਆ। ਉਹ ਮੋਆਬ ਦੇ ਇਲਾਕੇ ਵਿੱਚ ਨਹੀਂ ਵੜੇ ਕਿਉਂਕਿ ਅਰਨੋਨ ਮੋਆਬ ਦੀ ਹੱਦ ਸੀ।
19 "ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਉਸਨੂੰ ਕਿਹਾ, ‘ਸਾਨੂੰ ਆਪਣੇ ਦੇਸ਼ ਵਿੱਚੋਂ ਦੀ ਲੰਘਣ ਦਿਓ।’ 20 ਪਰ ਸੀਹੋਨ ਨੇ ਇਸਰਾਏਲ ਉੱਤੇ ਭਰੋਸਾ ਨਹੀਂ ਕੀਤਾ ਅਤੇ ਆਪਣੇ ਇਲਾਕੇ ਵਿੱਚੋਂ ਲੰਘਣ ਨਹੀਂ ਦਿੱਤਾ। ਉਸ ਨੇ ਆਪਣੀਆਂ ਸਾਰੀਆਂ ਫ਼ੌਜਾਂ ਇਕੱਠੀਆਂ ਕੀਤੀਆਂ ਅਤੇ ਯਹਜ਼ਾਹ ਵਿੱਚ ਡੇਰਾ ਲਾਇਆ ਅਤੇ ਇਸਰਾਏਲ ਨਾਲ ਲੜਿਆ।
21 "ਤਦ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਨੇ ਸੀਹੋਨ ਅਤੇ ਉਸਦੀ ਸਾਰੀ ਸੈਨਾ ਨੂੰ ਇਸਰਾਏਲ ਦੇ ਹੱਥਾਂ ਵਿੱਚ ਦੇ ਦਿੱਤਾ ਅਤੇ ਇਸਰਾਏਲ ਨੇ ਉਹਨਾਂ ਨੂੰ ਹਰਾਇਆ। ਇਸਰਾਏਲ ਨੇ ਅਮੋਰੀਆਂ ਦੀ ਸਾਰੀ ਧਰਤੀ ਉੱਤੇ ਕਬਜ਼ਾ ਕਰ ਲਿਆ ਜੋ ਉਸ ਦੇਸ਼ ਵਿੱਚ ਰਹਿੰਦੇ ਸਨ। 22 ਉਨ੍ਹਾਂ ਨੇ ਅਰਨੋਨ ਤੋਂ ਲੈ ਕੇ ਯਬੋਕ ਤੱਕ ਅਤੇ ਮਾਰੂਥਲ ਤੋਂ ਲੈ ਕੇ ਯਰਦਨ ਤੱਕ ਸਭ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
23 "ਹੁਣ ਜਦੋਂ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਨੇ ਅਮੋਰੀਆਂ ਨੂੰ ਆਪਣੀ ਪਰਜਾ ਇਸਰਾਏਲ ਦੇ ਸਾਹਮਣੇ ਬਾਹਰ ਕੱਢ ਦਿੱਤਾ ਹੈ, ਤਾਂ ਤੁਹਾਨੂੰ ਇਸ ਉੱਤੇ ਕਬਜ਼ਾ ਕਰਨ ਦਾ ਕੀ ਹੱਕ ਹੈ? 24 ਕੀ ਤੂੰ ਉਹ ਨਹੀਂ ਲਵੇਗਾ ਜੋ ਤੇਰਾ ਦੇਵਤਾ ਕਮੋਸ਼ ਤੈਨੂੰ ਦਿੰਦਾ ਹੈ? ਇਸੇ ਤਰ੍ਹਾਂ, ਜੋ ਕੁਝ ਵੀ ਯਾਹਵੇਹ ਸਾਡੇ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ, ਅਸੀਂ ਉਸ ਦੇ ਮਾਲਕ ਹੋਵਾਂਗੇ। 25 ਕੀ ਤੂੰ ਮੋਆਬ ਦੇ ਰਾਜਾ ਸਿੱਪੋਰ ਦੇ ਪੁੱਤਰ ਬਾਲਾਕ ਨਾਲੋਂ ਚੰਗਾ ਹੈ? ਕੀ ਉਸਨੇ ਕਦੇ ਇਸਰਾਏਲ ਨਾਲ ਝਗੜਾ ਕੀਤਾ ਜਾਂ ਉਨ੍ਹਾਂ ਨਾਲ ਲੜਾਈ ਕੀਤੀ? 26 ਜਦੋਂ ਇਸਰਾਏਲ ਹੇਸ਼ਬੋਨ ਅਤੇ ਉਸ ਦੇ ਪਿੰਡਾਂ ਵਿੱਚ, ਅਰੋਆਰ ਅਤੇ ਉਸ ਦੇ ਪਿੰਡਾਂ ਵਿੱਚ ਅਤੇ ਅਰਨੋਨ ਦੇ ਕੰਢੇ ਦੇ ਸ਼ਹਿਰਾਂ ਵਿੱਚ ਤਿੰਨ ਸੌ ਸਾਲ ਤੱਕ ਰਹੇ, ਤਾਂ ਤੁਸੀਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਿਉਂ ਨਾ ਕੀਤੀ? 27 ਮੈਂ ਤੁਹਾਡੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ, ਪਰ ਤੁਸੀਂ ਮੇਰੇ ਵਿਰੁੱਧ ਜੰਗ ਛੇੜ ਕੇ ਮੇਰੇ ਨਾਲ ਗਲਤ ਕਰ ਰਹੇ ਹੋ। ਯਾਹਵੇਹ, ਨਿਆਂਕਾਰ, ਅੱਜ ਇਸਰਾਏਲੀਆਂ ਅਤੇ ਅੰਮੋਨੀਆਂ ਵਿੱਚਕਾਰ ਝਗੜੇ ਦਾ ਫੈਸਲਾ ਕਰੇ।"
28 ਪਰ ਅੰਮੋਨ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ ਵੱਲ ਕੋਈ ਧਿਆਨ ਨਹੀਂ ਦਿੱਤਾ।
29 ਫਿਰ ਯਾਹਵੇਹ ਦਾ ਆਤਮਾ ਯਿਫ਼ਤਾਹ ਉੱਤੇ ਆਇਆ। ਉਸ ਨੇ ਗਿਲਆਦ ਅਤੇ ਮਨੱਸ਼ੇਹ ਨੂੰ ਪਾਰ ਕੀਤਾ, ਗਿਲਆਦ ਦੇ ਮਿਸਪਾਹ ਵਿੱਚੋਂ ਦੀ ਲੰਘਿਆ ਅਤੇ ਉੱਥੋਂ ਉਹ ਅੰਮੋਨੀਆਂ ਦੇ ਵਿਰੁੱਧ ਅੱਗੇ ਵਧਿਆ। 30 ਅਤੇ ਯਿਫ਼ਤਾਹ ਨੇ ਯਾਹਵੇਹ ਅੱਗੇ ਸੁੱਖਣਾ ਸੁੱਖੀ, "ਜੇ ਤੂੰ ਅੰਮੋਨੀਆਂ ਨੂੰ ਮੇਰੇ ਹੱਥਾਂ ਵਿੱਚ ਦੇਵੇਂਗਾ, 31 ਜੋ ਵੀ ਮੇਰੇ ਘਰ ਦੇ ਦਰਵਾਜ਼ੇ ਵਿੱਚੋਂ ਮੈਨੂੰ ਮਿਲਣ ਲਈ ਬਾਹਰ ਆਵੇਗਾ ਜਦੋਂ ਮੈਂ ਅੰਮੋਨੀਆਂ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਆਵਾਂਗਾ, ਉਹ ਯਾਹਵੇਹ ਦਾ ਹੋਵੇਗਾ ਅਤੇ ਮੈਂ ਇਸਨੂੰ ਹੋਮ ਦੀ ਭੇਟ ਵਜੋਂ ਚੜ੍ਹਾ ਦਿਆਂਗਾ।"
32 ਤਦ ਯਿਫ਼ਤਾਹ ਅੰਮੋਨੀਆਂ ਨਾਲ ਲੜਨ ਲਈ ਗਿਆ ਅਤੇ ਯਾਹਵੇਹ ਨੇ ਉਨ੍ਹਾਂ ਨੂੰ ਆਪਣੇ ਹੱਥਾਂ ਵਿੱਚ ਦੇ ਦਿੱਤਾ। 33 ਉਸ ਨੇ ਅਰੋਏਰ ਤੋਂ ਲੈ ਕੇ ਮਿੰਨੀਥ ਦੇ ਆਸ-ਪਾਸ ਅਬੇਲ ਕਰੇਮੀਮ ਤੱਕ ਵੀਹ ਨਗਰਾਂ ਨੂੰ ਤਬਾਹ ਕਰ ਦਿੱਤਾ। ਇਸ ਤਰ੍ਹਾਂ ਇਸਰਾਏਲ ਨੇ ਅੰਮੋਨ ਨੂੰ ਆਪਣੇ ਅਧੀਨ ਕਰ ਲਿਆ।
34 ਤਦ ਯਿਫ਼ਤਾਹ ਮਿਸਪਾਹ ਨੂੰ ਆਪਣੇ ਘਰ ਆਇਆ ਅਤੇ ਵੇਖੋ, ਉਸ ਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਸਨੂੰ ਮਿਲਣ ਲਈ ਨਿੱਕਲੀ ਅਤੇ ਜੋ ਉਸਦੀ ਇਕਲੌਤੀ ਸੀ, ਉਸ ਤੋਂ ਬਿਨ੍ਹਾਂ ਉਸਦਾ ਕੋਈ ਹੋਰ ਪੁੱਤਰ ਜਾ ਧੀ ਨਹੀਂ ਸੀ। 35 ਜਦੋਂ ਉਸਨੇ ਉਸਨੂੰ ਦੇਖਿਆ, ਉਸਨੇ ਆਪਣੇ ਕੱਪੜੇ ਪਾੜੇ ਅਤੇ ਰੋਇਆ, "ਹਾਏ, ਮੇਰੀ ਬੇਟੀ! ਤੂੰ ਮੈਨੂੰ ਮਾਰ ਦਿੱਤਾ ਹੈ ਅਤੇ ਮੈਂ ਤਬਾਹ ਹੋ ਗਿਆ ਹਾਂ। ਮੈਂ ਯਾਹਵੇਹ ਅੱਗੇ ਸੁੱਖਣਾ ਸੁੱਖੀ ਹੈ ਜਿਸ ਨੂੰ ਮੈਂ ਤੋੜ ਨਹੀਂ ਸਕਦਾ।"
36 ਉਸਨੇ ਜਵਾਬ ਦਿੱਤਾ, "ਮੇਰੇ ਪਿਤਾ, ਤੁਸੀਂ ਆਪਣਾ ਬਚਨ ਯਾਹਵੇਹ ਨੂੰ ਦਿੱਤਾ ਹੈ। ਮੇਰੇ ਨਾਲ ਉਸੇ ਤਰ੍ਹਾਂ ਕਰੋ ਜਿਵੇਂ ਤੁਸੀਂ ਇਕਰਾਰ ਕੀਤਾ ਸੀ, ਹੁਣ ਜਦੋਂ ਯਾਹਵੇਹ ਨੇ ਤੁਹਾਡੇ ਦੁਸ਼ਮਣਾਂ, ਅੰਮੋਨੀਆਂ ਤੋਂ ਤੁਹਾਡਾ ਬਦਲਾ ਲਿਆ ਹੈ। 37 ਫਿਰ ਉਸਨੇ ਆਪਣੇ ਪਿਤਾ ਨੂੰ ਕਿਹਾ, ਮੇਰੇ ਲਈ ਸਿਰਫ ਇੰਨਾ ਕਰ ਕਿ ਦੋ ਮਹੀਨੇ ਮੈਨੂੰ ਛੱਡ ਦੇ ਤਾਂ ਜੋ ਮੈ ਪਹਾੜਾਂ ਵਿੱਚ ਫਿਰਦੀ ਹੋਈ ਆਪਣੀਆਂ ਸਹੇਲੀਆਂ ਨਾਲ ਆਪਣੇ ਕੁਆਰਪੁਣੇ ਦਾ ਸੋਗ ਕਰਾਂ।"
38 ਯਿਫ਼ਤਾਹ ਨੇ ਕਿਹਾ "ਤੂੰ ਜਾ ਸਕਦੀ ਹੈ।" ਅਤੇ ਉਸਨੇ ਉਸਨੂੰ ਦੋ ਮਹੀਨਿਆਂ ਲਈ ਜਾਣ ਦਿੱਤਾ ਅਤੇ ਉਹ ਆਪਣੀਆਂ ਸਹੇਲੀਆਂ ਨੂੰ ਲੈ ਗਈ ਅਤੇ ਪਹਾੜਾਂ ਉੱਤੇ ਆਪਣੇ ਕੁਆਰਪੁਣੇ ਤੇ ਰੋਂਦੀ ਰਹੀ। 39 ਦੋ ਮਹੀਨਿਆਂ ਬਾਅਦ, ਉਹ ਆਪਣੇ ਪਿਤਾ ਕੋਲ ਵਾਪਸ ਆਈ ਅਤੇ ਉਸਨੇ ਉਸਦੇ ਨਾਲ ਉਹੀ ਕੀਤਾ ਜਿਵੇਂ ਉਸਨੇ ਸੁੱਖਣਾ ਸੁੱਖੀ ਸੀ ਅਤੇ ਉਹ ਕੁਆਰੀ ਸੀ।
ਇਸ ਲਈ ਇਸਰਾਏਲੀਆਂ ਵਿੱਚ ਇਹ ਰੀਤ ਬਣੀ ਰਹੀ 40 ਕਿ ਹਰ ਸਾਲ ਇਸਰਾਏਲ ਦੀਆਂ ਮੁਟਿਆਰਾਂ ਗਿਲਆਦੀ ਯਿਫ਼ਤਾਹ ਦੀ ਧੀ ਦੀ ਯਾਦ ਵਿੱਚ ਚਾਰ ਦਿਨਾਂ ਲਈ ਬਾਹਰ ਜਾਂਦੀਆਂ ਸਨ।