1 ਏਹੂਦ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਫਿਰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। 2 ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜੇ ਯਾਬੀਨ ਦੇ ਹੱਥਾਂ ਵਿੱਚ ਵੇਚ ਦਿੱਤਾ, ਜੋ ਹਾਜ਼ੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ੇਥ ਹਗੋਇਮ ਨਗਰ ਦਾ ਵਾਸੀ ਸੀ। 3 ਕਿਉਂਕਿ ਉਸ ਕੋਲ ਲੋਹੇ ਦੇ ਨੌਂ ਸੌ ਰੱਥ ਸਨ ਅਤੇ ਉਨ੍ਹਾਂ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ ਸੀ, ਇਸ ਲਈ ਉਨ੍ਹਾਂ ਨੇ ਯਾਹਵੇਹ ਅੱਗੇ ਮਦਦ ਲਈ ਦੁਹਾਈ ਦਿੱਤੀ।
4 ਉਸ ਸਮੇਂ ਲੱਪੀਦੋਥ ਦੀ ਪਤਨੀ, ਦਬੋਰਾਹ, ਜੋ ਇੱਕ ਨਬੀ ਸੀ ਜਿਹੜੀ ਇਸਰਾਏਲ ਦੀ ਅਗਵਾਈ ਕਰਦੀ ਸੀ। 5 ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਾਹ ਅਤੇ ਬੈਤਏਲ ਦੇ ਵਿੱਚਕਾਰ ਦਬੋਰਾਹ ਖਜ਼ੂਰ ਦੇ ਰੁੱਖ ਹੇਠ ਬਹਿੰਦੀ ਸੀ ਅਤੇ ਇਸਰਾਏਲ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ। 6 ਤਦ ਉਸ ਨੇ ਕਾਦੇਸ਼ ਨਫ਼ਤਾਲੀ ਤੋਂ ਅਬੀਨੋਆਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, "ਕੀ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਨੇ ਆਗਿਆ ਨਹੀਂ ਦਿੱਤੀ ਕਿ ‘ਜਾ, ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ? 7 ਮੈਂ ਯਾਬੀਨ ਦੇ ਸੈਨਾ ਅਧਿਕਾਰੀ ਸੀਸਰਾ ਨੂੰ ਉਸਦੇ ਰਥਾਂ ਅਤੇ ਉਸਦੀ ਸੈਨਾ ਨੂੰ ਕੀਸ਼ੋਨ ਨਦੀ ਵੱਲ ਖਿੱਚ ਲਿਆਵਾਂਗਾ ਅਤੇ ਉਸਨੂੰ ਤੁਹਾਡੇ ਹੱਥਾਂ ਵਿੱਚ ਕਰ ਦਿਆਂਗਾ।’ "
8 ਬਾਰਾਕ ਨੇ ਉਸ ਨੂੰ ਕਿਹਾ, "ਜੇ ਤੂੰ ਮੇਰੇ ਨਾਲ ਜਾਵੇਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਜਾਵੇਗੀ ਤਾਂ ਮੈਂ ਵੀ ਨਹੀਂ ਜਾਵਾਂਗਾ।"
9 ਦਬੋਰਾਹ ਨੇ ਕਿਹਾ, "ਯਕੀਨਨ ਮੈਂ ਤੁਹਾਡੇ ਨਾਲ ਜਾਵਾਂਗੀ। ਪਰ ਇਸ ਸਫਰ ਵਿੱਚ ਜੋ ਕੁਝ ਤੂੰ ਕਰੇਗਾ ਉਸ ਤੇਰੀ ਕੋਈ ਇੱਜ਼ਤ ਨਾ ਹੋਵੇਗੀ, ਕਿਉਂਕਿ ਯਾਹਵੇਹ ਸੀਸਰਾ ਨੂੰ ਇੱਕ ਔਰਤ ਦੇ ਹੱਥਾਂ ਵਿੱਚ ਸੌਂਪ ਦੇਵੇਗਾ।" ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕਾਦੇਸ਼ ਨੂੰ ਚਲੀ ਗਈ 10 ਉੱਥੇ ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਬੁਲਾਇਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਆਦਮੀ ਲੈ ਕੇ ਚੜ੍ਹਿਆ। ਦਬੋਰਾਹ ਵੀ ਉਸ ਦੇ ਨਾਲ ਚੜ੍ਹ ਗਈ।
11 ਇਸ ਸਮੇਂ ਕੇਨੀ ਹੇਬਰ ਕੇਨੀਜ਼ ਤੋਂ ਵੱਖ ਹੋ ਗਿਆ ਸੀ। ਉਹ ਮੋਸ਼ੇਹ ਦੇ ਸਹੁਰੇ ਹੋਬਾਬ ਦੀ ਸੰਤਾਨ ਸਨ। ਹੇਬਰ ਨੇ ਸਨੀਮ ਦੇ ਬਲੂਤ ਦੇ ਰੁੱਖ ਦੇ ਕੋਲ ਆਪਣਾ ਡੇਰਾ ਲਾਇਆ। ਇਹ ਸਥਾਨ ਕਾਦੇਸ਼ ਦੇ ਨੇੜੇ ਹੈ।
12 ਜਦੋਂ ਉਨ੍ਹਾਂ ਨੇ ਸੀਸਰਾ ਨੂੰ ਦੱਸਿਆ ਕਿ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਉੱਤੇ ਚੜ੍ਹ ਗਿਆ ਹੈ, 13 ਤਾਂ ਸੀਸਰਾ ਨੇ ਹਰੋਸ਼ੇਥ ਹਗੋਇਮ ਤੋਂ ਕੀਸ਼ੋਨ ਨਦੀ ਤੱਕ ਆਪਣੇ ਸਾਰੇ ਆਦਮੀਆਂ ਅਤੇ ਲੋਹੇ ਦੇ ਨੌਂ ਸੌ ਰੱਥਾਂ ਨੂੰ ਬੁਲਾਇਆ।
14 ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ, "ਉੱਠ! ਇਹ ਉਹ ਦਿਨ ਹੈ ਜਦੋਂ ਯਾਹਵੇਹ ਨੇ ਸੀਸਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਕੀ ਯਾਹਵੇਹ ਤੇਰੇ ਅੱਗੇ ਨਹੀਂ ਨਿੱਕਲਿਆ?" ਇਸ ਲਈ ਬਾਰਾਕ ਤਾਬੋਰ ਪਰਬਤ ਤੋਂ ਹੇਠਾਂ ਉਤਰਿਆ ਅਤੇ ਦਸ ਹਜ਼ਾਰ ਆਦਮੀ ਉਸਦੇ ਪਿੱਛੇ ਗਏ। 15 ਬਾਰਾਕ ਦੇ ਅੱਗੇ ਵਧਣ ਤੇ, ਯਾਹਵੇਹ ਨੇ ਸੀਸਰਾ ਅਤੇ ਉਸਦੇ ਸਾਰੇ ਰਥਾਂ ਅਤੇ ਸੈਨਾ ਨੂੰ ਤਲਵਾਰ ਨਾਲ ਹਰਾਇਆ ਅਤੇ ਸੀਸਰਾ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਪੈਦਲ ਭੱਜ ਗਿਆ।
16 ਬਾਰਾਕ ਨੇ ਰੱਥਾਂ ਅਤੇ ਫ਼ੌਜਾਂ ਦਾ ਹਰੋਸ਼ੇਥ ਹਗੋਇਮ ਤੱਕ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਆਦਮੀ ਵੀ ਨਹੀਂ ਬਚਿਆ ਸੀ। 17 ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।
18 ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, "ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।" ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।
19 ਉਸਨੇ ਕਿਹਾ, "ਮੈਂ ਪਿਆਸਾ ਹਾਂ, ਕਿਰਪਾ ਕਰਕੇ ਮੈਨੂੰ ਥੋੜ੍ਹਾ ਪਾਣੀ ਦਿਓ।" ਤਦ ਉਸਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।
20 ਫਿਰ ਸੀਸਰਾ ਨੇ ਕਿਹਾ "ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਉਸਨੂੰ ਆਖੀ ਨਹੀਂ।"
21 ਪਰ ਹੇਬਰ ਦੀ ਪਤਨੀ ਯਾਏਲ ਨੇ ਇੱਕ ਤੰਬੂ ਦੀ ਕਿੱਲੀ ਅਤੇ ਇੱਕ ਹਥੌੜਾ ਚੁੱਕਿਆ ਅਤੇ ਚੁੱਪ-ਚਾਪ ਉਸ ਕੋਲ ਜਾ ਕੇ ਖਲੋ ਗਈ ਜਦੋਂ ਉਹ ਥੱਕਿਆ ਹੋਇਆ ਸੌਂ ਰਿਹਾ ਸੀ ਤਾਂ ਉਸਨੇ ਕਿੱਲੀ ਉਸਦੀ ਪੁੜਪੁੜੀ ਵਿੱਚ ਅਜਿਹੀ ਵਾੜ ਦਿੱਤੀ ਕਿ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਖੁੱਭ ਗਈ ਅਤੇ ਉਹ ਮਰ ਗਿਆ।
22 ਉਸੇ ਵੇਲੇ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੇ ਕਿਹਾ, "ਆਓ, ਮੈਂ ਤੈਨੂੰ ਉਹ ਆਦਮੀ ਦਿਖਾਵਾਂਗੀ ਜਿਸ ਨੂੰ ਤੂੰ ਲੱਭ ਰਿਹਾ ਸੀ।" ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ ਤੇ ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧੱਸੀ ਹੋਈ ਸੀ।
23 ਉਸ ਦਿਨ ਪਰਮੇਸ਼ਵਰ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਅਧੀਨ ਕਰ ਦਿੱਤਾ। 24 ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ਼ ਕਰ ਦਿੱਤਾ।