Publicidade

Juízes 9

ਅਬੀਮੇਲੇਕ

1 ਯਰੁੱਬਆਲ ਦਾ ਪੁੱਤਰ ਅਬੀਮੇਲੇਕ ਸ਼ੇਕੇਮ ਵਿੱਚ ਆਪਣਿਆ ਮਾਮਿਆ ਕੋਲ ਜਾ ਕੇ ਉਨ੍ਹਾਂ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ, 2 "ਸ਼ੇਕੇਮ ਦੇ ਸਾਰੇ ਨਿਵਾਸੀਆਂ ਨੂੰ ਪੁੱਛੋ, ‘ਤੁਹਾਡੇ ਲਈ ਕਿਹੜਾ ਚੰਗਾ ਹੈ: ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ, ਜਾਂ ਸਿਰਫ ਇੱਕ ਆਦਮੀ?’ ਯਾਦ ਰੱਖੋ, ਮੈਂ ਤੁਹਾਡੇ ਹੀ ਘਰਾਣੇ ਦਾ ਹਾਂ।"

3 ਜਦੋਂ ਅਬੀਮੇਲੇਕ ਮਾਮਿਆਂ ਨੇ ਸ਼ੇਕੇਮ ਦੇ ਸਾਰੇ ਲੋਕਾਂ ਨੂੰ ਇਹ ਸਭ ਕੁਝ ਦੁਹਰਾਇਆ, ਤਾਂ ਉਹ ਅਬੀਮੇਲੇਕ ਦੇ ਪਿੱਛੇ ਚੱਲਣ ਲਈ ਤਿਆਰ ਸਨ, ਕਿਉਂਕਿ ਉਨ੍ਹਾਂ ਨੇ ਕਿਹਾ, "ਇਹ ਸਾਡਾ ਰਿਸ਼ਤੇਦਾਰ ਹੈ।" 4 ਉਨ੍ਹਾਂ ਨੇ ਉਸ ਨੂੰ ਬਆਲ ਬਰੀਤ ਦੇ ਮੰਦਰ ਵਿੱਚੋਂ ਚਾਂਦੀ ਦੇ ਸੱਤਰ ਤੋਲੇ ਕੱਢ ਦਿੱਤੇ, ਅਤੇ ਉਸ ਦੇ ਨਾਲ ਅਬੀਮੇਲੇਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ। 5 ਉਹ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਗਿਆ ਅਤੇ ਇੱਕ ਪੱਥਰ ਉੱਤੇ ਆਪਣੇ ਸੱਤਰ ਭਰਾਵਾਂ, ਯਰੁੱਬਆਲ ਦੇ ਪੁੱਤਰਾਂ ਨੂੰ ਮਾਰ ਦਿੱਤਾ। ਪਰ ਯਰੁੱਬਆਲ ਦਾ ਸਭ ਤੋਂ ਛੋਟਾ ਪੁੱਤਰ ਯੋਥਾਮ ਲੁੱਕ ਕੇ ਬਚ ਗਿਆ। 6 ਤਦ ਸ਼ੇਕੇਮ ਦੇ ਸਾਰੇ ਲੋਕ ਅਤੇ ਬੈਤ-ਮਿਲੋ ਦੇ ਸਾਰੇ ਨਾਗਰਿਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਬਲੂਤ ਦੇ ਰੁੱਖ ਦੇ ਥਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮੇਲੇਕ ਨੂੰ ਰਾਜਾ ਬਣਾਇਆ।

7 ਜਦੋਂ ਯੋਥਾਮ ਨੂੰ ਇਸ ਬਾਰੇ ਦੱਸਿਆ ਗਿਆ, ਤਾਂ ਉਹ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਬੋਲ ਕਹਿਣ ਲੱਗਾ, "ਹੇ ਸ਼ੇਕੇਮ ਦੇ ਵਾਸੀਓ, ਮੇਰੀ ਗੱਲ ਸੁਣੋ, ਤਾਂ ਜੋ ਪਰਮੇਸ਼ਵਰ ਤੁਹਾਡੀ ਸੁਣੇ। 8 ਇੱਕ ਦਿਨ ਦਰਖ਼ਤ ਆਪਣੇ ਲਈ ਇੱਕ ਰਾਜੇ ਨੂੰ ਮਸਹ ਕਰਨ ਲਈ ਨਿਕਲੇ। ਉਨ੍ਹਾਂ ਨੇ ਜ਼ੈਤੂਨ ਦੇ ਦਰਖ਼ਤ ਨੂੰ ਕਿਹਾ, ‘ਸਾਡਾ ਰਾਜਾ ਬਣ।’

9 "ਪਰ ਜ਼ੈਤੂਨ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣਾ ਤੇਲ ਦੇਣ ਛੱਡ ਦੇਵਾਂ, ਜਿਸ ਨਾਲ ਪਰਮੇਸ਼ਵਰ ਅਤੇ ਮਨੁੱਖ ਦੋਵੇਂ ਸਤਿਕਾਰੇ ਜਾਂਦੇ ਹਨ?’

10 "ਇਸ ਤੋਂ ਬਾਅਦ ਦਰਖ਼ਤਾਂ ਨੇ ਹੰਜੀਰ ਦੇ ਦਰਖ਼ਤ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’

11 "ਪਰ ਹੰਜੀਰ ਦੇ ਦਰਖ਼ਤ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੇ ਚੰਗੇ ਅਤੇ ਮਿੱਠੇ ਫਲ ਨੂੰ ਛੱਡ ਦੇਵਾਂ?’

12 "ਤਦ ਦਰਖ਼ਤਾਂ ਨੇ ਅੰਗੂਰ ਦੀ ਵੇਲ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’

13 "ਪਰ ਅੰਗੂਰ ਦੀ ਵੇਲ ਨੇ ਜਵਾਬ ਦਿੱਤਾ, ‘ਕੀ ਮੈਂ ਦਰਖ਼ਤਾਂ ਉੱਤੇ ਰਾਜ ਕਰਨ ਲਈ ਆਪਣੀ ਦਾਖ ਛੱਡ ਦੇਵਾਂ ਜੋ ਪਰਮੇਸ਼ਵਰ ਅਤੇ ਮਨੁੱਖਾਂ ਦੋਵਾਂ ਨੂੰ ਖੁਸ਼ ਕਰਦੀ ਹੈ?’

14 "ਆਖਰਕਾਰ ਸਾਰੇ ਦਰਖ਼ਤਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, ‘ਆ ਅਤੇ ਸਾਡਾ ਰਾਜਾ ਬਣ।’

15 "ਕੰਡਿਆਲੀ ਝਾੜੀ ਨੇ ਦਰਖ਼ਤਾਂ ਨੂੰ ਕਿਹਾ, ‘ਜੇ ਤੁਸੀਂ ਸੱਚਮੁੱਚ ਮੈਨੂੰ ਆਪਣੇ ਉੱਤੇ ਰਾਜਾ ਅਭਿਸ਼ੇਕ ਕਰਨਾ ਚਾਹੁੰਦੇ ਹੋ ਤਾਂ ਆਓ ਅਤੇ ਮੇਰੀ ਛਾਂ ਵਿੱਚ ਪਨਾਹ ਲਓ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਅੱਗ ਨਿੱਕਲ ਕੇ ਲਬਾਨੋਨ ਦੇ ਦਿਆਰਾ ਨੂੰ ਭਸਮ ਕਰ ਦੇਵੇ!’

16 "ਕੀ ਤੁਸੀਂ ਅਬੀਮੇਲੇਕ ਨੂੰ ਰਾਜਾ ਬਣਾ ਕੇ ਇੱਜ਼ਤ ਅਤੇ ਨੇਕ ਦਾ ਕੰਮ ਕੀਤਾ ਹੈ? ਕੀ ਤੁਸੀਂ ਯਰੁੱਬਆਲ ਅਤੇ ਉਸ ਦੇ ਪਰਿਵਾਰ ਨਾਲ ਨਿਆਂ ਕੀਤਾ ਹੈ? ਕੀ ਤੁਸੀਂ ਉਸ ਨਾਲ ਅਜਿਹਾ ਵਿਵਹਾਰ ਕੀਤਾ ਹੈ ਜਿਸਦਾ ਉਹ ਹੱਕਦਾਰ ਹੈ? 17 ਯਾਦ ਰੱਖੋ ਕਿ ਮੇਰਾ ਪਿਤਾ ਤੁਹਾਡੇ ਲਈ ਲੜਿਆ ਸੀ ਅਤੇ ਆਪਣੀ ਜਾਨ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਇਆ। 18 ਪਰ ਅੱਜ ਤੁਸੀਂ ਮੇਰੇ ਪਿਤਾ ਦੇ ਪਰਿਵਾਰ ਦੇ ਵਿਰੁੱਧ ਬਗਾਵਤ ਕਰ ਦਿੱਤੀ ਹੈ। ਤੁਸੀਂ ਉਸ ਦੇ ਸੱਤਰ ਪੁੱਤਰਾਂ ਨੂੰ ਇੱਕੋ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮੇਲੇਕ ਨੂੰ ਸ਼ੇਕੇਮ ਦੇ ਲੋਕਾਂ ਦਾ ਰਾਜਾ ਬਣਾ ਦਿੱਤਾ ਕਿਉਂਕਿ ਉਹ ਤੁਹਾਡੇ ਰਿਸ਼ਤੇਦਾਰ ਹੈ। 19 ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮੇਲੇਕ ਨਾਲ ਅਨੰਦ ਰਹੋ, ਅਤੇ ਉਹ ਤੁਹਾਡੇ ਨਾਲ ਅਨੰਦ ਰਹੇ! 20 ਪਰ ਜੇ ਨਹੀਂ ਤਾਂ ਅਬੀਮੇਲੇਕ ਤੋਂ ਅੱਗ ਨਿੱਕਲੇ ਅਤੇ ਸ਼ੇਕੇਮ ਦੇ ਲੋਕਾਂ ਨੂੰ ਅਤੇ ਮਿਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ! ਅਤੇ ਸ਼ੇਕੇਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋ ਅਜਿਹੀ ਅੱਗ ਨਿੱਕਲੇ ਅਤੇ ਅਬੀਮੇਲੇਕ ਨੂੰ ਭਸਮ ਕਰ ਦੇਵੇ!"

21 ਤਦ ਯੋਥਾਮ ਭੱਜ ਕੇ ਬਏਰ ਨੂੰ ਗਿਆ ਅਤੇ ਉਹ ਉੱਥੇ ਰਹਿਣ ਲੱਗਾ ਕਿਉਂਕਿ ਉਹ ਆਪਣੇ ਭਰਾ ਅਬੀਮੇਲੇਕ ਤੋਂ ਡਰਦਾ ਸੀ।

22 ਅਬੀਮੇਲੇਕ ਦੇ ਇਸਰਾਏਲ ਉੱਤੇ ਤਿੰਨ ਸਾਲ ਰਾਜ ਕਰਨ ਤੋਂ ਬਾਅਦ, 23 ਪਰਮੇਸ਼ਵਰ ਨੇ ਅਬੀਮੇਲੇਕ ਅਤੇ ਸ਼ੇਕੇਮ ਦੇ ਲੋਕਾਂ ਵਿੱਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਤਾਂ ਸ਼ਕਮ ਦੇ ਲੋਕ ਅਬੀਮੇਲੇਕ ਦੇ ਨਾਲ ਧੋਖਾ ਕਰਨ ਲੱਗ ਪਏ। 24 ਪਰਮੇਸ਼ਵਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਯਰੁੱਬਆਲ ਦੇ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮੇਲੇਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆਂ ਅਤੇ ਸ਼ੇਕੇਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਮਦਦ ਕੀਤੀ ਸੀ। 25 ਉਸ ਦੇ ਵਿਰੋਧ ਵਿੱਚ ਸ਼ੇਕੇਮ ਦੇ ਲੋਕਾਂ ਨੇ ਪਹਾੜਾਂ ਦੀ ਚੋਟੀ ਉੱਤੇ ਆਪਣੇ ਆਦਮੀਆਂ ਨੂੰ ਮਰਨ ਲਈ ਬਿਠਾਇਆ ਅਤੇ ਹਰ ਇੱਕ ਜੋ ਉੱਥੋਂ ਲੰਘਦਾ ਸੀ ਉਸਨੂੰ ਲੁੱਟ ਲੈਂਦੇ ਸਨ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ ਸੀ।

26 ਹੁਣ ਏਬੇਦ ਦਾ ਪੁੱਤਰ ਗਆਲ ਆਪਣੇ ਪਰਿਵਾਰ ਸਮੇਤ ਸ਼ੇਕੇਮ ਵਿੱਚ ਆਇਆ ਅਤੇ ਉੱਥੋਂ ਦੇ ਲੋਕਾਂ ਨੇ ਉਸ ਉੱਤੇ ਭਰੋਸਾ ਕੀਤਾ। 27 ਫਿਰ ਉਹਨਾਂ ਨੇ ਖੇਤਾਂ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ, ਉਨ੍ਹਾਂ ਨੇ ਆਪਣੇ ਦੇਵਤੇ ਦੇ ਮੰਦਰ ਵਿੱਚ ਇੱਕ ਤਿਉਹਾਰ ਮਨਾਇਆ। ਜਦੋਂ ਉਹ ਖਾਂਦੇ-ਪੀਂਦੇ ਸਨ, ਉਨ੍ਹਾਂ ਨੇ ਅਬੀਮੇਲੇਕ ਨੂੰ ਸਰਾਪ ਦਿੱਤਾ। 28 ਤਦ ਏਬੇਦ ਦੇ ਪੁੱਤਰ ਗਆਲ ਨੇ ਆਖਿਆ, "ਅਬੀਮੇਲੇਕ ਕੌਣ ਹੈ ਅਤੇ ਸ਼ੇਕੇਮ ਕੌਣ ਹੈ ਕਿ ਅਸੀਂ ਉਸ ਦੇ ਅਧੀਨ ਹੋਈਏ? ਕੀ ਉਹ ਯਰੁੱਬਆਲ ਦਾ ਪੁੱਤਰ ਨਹੀਂ ਹੈ, ਅਤੇ ਜ਼ਬੂਲ ਉਸਦਾ ਹਾਕਮ ਨਹੀਂ ਹੈ? ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਦੀ ਸੇਵਾ ਕਰੋ! ਅਸੀਂ ਅਬੀਮੇਲੇਕ ਦੀ ਸੇਵਾ ਕਿਉਂ ਕਰੀਏ? 29 ਕਾਸ਼ ਇਹ ਲੋਕ ਮੇਰੇ ਅਧੀਨ ਹੁੰਦੇ! ਫਿਰ ਮੈਂ ਅਬੀਮੇਲੇਕ ਨੂੰ ਇੱਕ ਪਾਸੇ ਕਰ ਦਿੰਦਾ। ਮੈਂ ਅਬੀਮੇਲੇਕ ਨੂੰ ਕਹਾਂਗਾ, ‘ਆਪਣੀ ਸਾਰੀ ਫ਼ੌਜ ਨੂੰ ਬੁਲਾ, ਅਤੇ ਨਿੱਕਲ ਆ!’ "

30 ਜਦੋਂ ਜ਼ਬੂਲ ਸ਼ਹਿਰ ਦੇ ਹਾਕਮ ਨੇ ਸੁਣਿਆ ਜੋ ਏਬੇਦ ਦੇ ਪੁੱਤਰ ਗਆਲ ਨੇ ਇਹ ਗੱਲਾਂ ਆਖੀਆਂ ਹਨ, ਤਾਂ ਉਹ ਬਹੁਤ ਗੁੱਸੇ ਵਿੱਚ ਆ ਗਿਆ। 31 ਅਤੇ ਚਲਾਕੀ ਨਾਲ ਉਸ ਨੇ ਅਬੀਮੇਲੇਕ ਕੋਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, "ਏਬੇਦ ਦਾ ਪੁੱਤਰ ਗਆਲ ਅਤੇ ਉਸਦਾ ਪਰਿਵਾਰ ਸ਼ੇਕੇਮ ਵਿੱਚ ਆਏ ਹਨ ਅਤੇ ਸ਼ਹਿਰ ਨੂੰ ਤੁਹਾਡੇ ਵਿਰੁੱਧ ਭੜਕਾਉਂਦੇ ਹਨ। 32 ਹੁਣ ਉੱਠ ਅਤੇ ਆਪਣੇ ਲੋਕਾਂ ਨਾਲ ਰਾਤ ਨੂੰ ਮੈਦਾਨ ਵਿੱਚ ਘਾਤ ਲਾ ਕੇ ਬੈਠ। 33 ਸਵੇਰੇ ਸੂਰਜ ਚੜ੍ਹਨ ਵੇਲੇ, ਸ਼ਹਿਰ ਦੇ ਵਿਰੁੱਧ ਅੱਗੇ ਵਧੋ। ਜਦੋਂ ਗਆਲ ਅਤੇ ਉਸਦੇ ਆਦਮੀ ਤੁਹਾਡੇ ਵਿਰੁੱਧ ਆਉਣ, ਤਾਂ ਜੋ ਕੁਝ ਤੇਰੇ ਕੋਲੋ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀ।"

34 ਇਸ ਲਈ ਅਬੀਮੇਲੇਕ ਅਤੇ ਉਸਦੀ ਸਾਰੀ ਫ਼ੌਜ ਰਾਤ ਨੂੰ ਉੱਠ ਕੇ ਚੱਲ ਪਈ ਅਤੇ ਚਾਰ ਟੋਲੀਆਂ ਬਣਾ ਕੇ ਸ਼ੇਕੇਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ। 35 ਅਤੇ ਏਬੇਦ ਦਾ ਪੁੱਤਰ ਗਆਲ ਬਾਹਰ ਜਾ ਕੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਜਿਵੇਂ ਅਬੀਮੇਲੇਕ ਅਤੇ ਉਹ ਦੀਆਂ ਫ਼ੌਜਾਂ ਆਪਣੇ ਛੁਪਣ ਦੇ ਸਥਾਨ ਤੋਂ ਬਾਹਰ ਆਈਆਂ ਸਨ।

36 ਜਦੋਂ ਗਆਲ ਨੇ ਉਨ੍ਹਾਂ ਨੂੰ ਦੇਖਿਆ ਤਾਂ ਜ਼ਬੂਲ ਨੂੰ ਕਿਹਾ, "ਵੇਖੋ, ਲੋਕ ਪਹਾੜਾਂ ਦੀਆਂ ਚੋਟੀਆਂ ਤੋਂ ਹੇਠਾਂ ਆ ਰਹੇ ਹਨ!"

ਜ਼ਬੂਲ ਨੇ ਜਵਾਬ ਦਿੱਤਾ, "ਇਹ ਸਿਰਫ ਪਹਾੜੀਆਂ ਤੇ ਪਰਛਾਵੇਂ ਹਨ ਜੋ ਆਦਮੀਆਂ ਵਰਗੇ ਦਿਖਾਈ ਦਿੰਦੇ ਹਨ।"

37 ਪਰ ਗਆਲ ਫਿਰ ਬੋਲਿਆ: "ਵੇਖੋ, ਲੋਕ ਪਹਾੜੀ ਤੋਂ ਹੇਠਾਂ ਆ ਰਹੇ ਹਨ, ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋ ਆਉਂਦੀ ਹੈ।"

38 ਤਦ ਜ਼ਬੂਲ ਨੇ ਉਹ ਨੂੰ ਆਖਿਆ, "ਹੁਣ ਤੇਰੀਆਂ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਤੂੰ ਜਿਹੜਾ ਆਖਦਾ ਸੀ, ‘ਅਬੀਮੇਲੇਕ ਕੌਣ ਹੈ ਜੋ ਅਸੀਂ ਉਹ ਦੇ ਅਧੀਨ ਹੋਈਏ?’ ਕੀ ਇਹ ਉਹ ਮਨੁੱਖ ਨਹੀਂ ਹਨ ਜਿਨ੍ਹਾਂ ਦਾ ਤੂੰ ਮਜ਼ਾਕ ਉਡਾਇਆ ਸੀ? ਇਸ ਲਈ ਹੁਣ ਬਾਹਰ ਜਾ ਅਤੇ ਉਨ੍ਹਾਂ ਨਾਲ ਲੜ!"

39 ਇਸ ਲਈ ਗਆਲ ਨੇ ਸ਼ੇਕੇਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮੇਲੇਕ ਨਾਲ ਲੜਿਆ। 40 ਅਬੀਮੇਲੇਕ ਨੇ ਫਾਟਕ ਦੇ ਪ੍ਰਵੇਸ਼ ਦੁਆਰ ਤੱਕ ਉਸਦੇ ਪਿੱਛੇ ਭੱਜਿਆ ਅਤੇ ਬਹੁਤ ਸਾਰੇ ਲੋਕ ਭੱਜਦੇ ਹੋਏ ਮਾਰੇ ਗਏ। 41 ਤਦ ਅਬੀਮੇਲੇਕ ਅਰੂਮਾਹ ਵਿੱਚ ਰਿਹਾ ਅਤੇ ਜ਼ਬੂਲ ਨੇ ਗਆਲ ਅਤੇ ਉਸਦੇ ਪਰਿਵਾਰ ਨੂੰ ਸ਼ੇਕੇਮ ਤੋਂ ਬਾਹਰ ਕੱਢ ਦਿੱਤਾ।

42 ਅਗਲੇ ਦਿਨ ਸ਼ਕਮ ਦੇ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮੇਲੇਕ ਨੂੰ ਇਹ ਖ਼ਬਰ ਦਿੱਤੀ ਗਈ। 43 ਇਸ ਲਈ ਉਸਨੇ ਆਪਣੇ ਆਦਮੀਆਂ ਨੂੰ ਲੈ ਕੇ, ਉਨ੍ਹਾਂ ਨੂੰ ਤਿੰਨ ਦਲਾਂ ਵਿੱਚ ਵੰਡਿਆ ਅਤੇ ਮੈਦਾਨ ਵਿੱਚ ਘਾਤ ਲਗਾ ਕੇ ਬੈਠ ਗਿਆ। ਜਦੋਂ ਉਸਨੇ ਲੋਕਾਂ ਨੂੰ ਸ਼ਹਿਰ ਤੋਂ ਬਾਹਰ ਆਉਂਦੇ ਦੇਖਿਆ, ਤਾਂ ਉਨ੍ਹਾਂ ਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਲਿਆ। 44 ਅਬੀਮੇਲੇਕ ਅਤੇ ਉਸਦੇ ਨਾਲ ਦੇ ਦਲ ਸ਼ਹਿਰ ਦੇ ਪ੍ਰਵੇਸ਼ ਫਾਟਕ ਉੱਤੇ ਜਾ ਪਹੁੰਚੇ। ਫਿਰ ਟੋਲੀਆਂ ਨੇ ਮੈਦਾਨ ਵਿੱਚ ਬੈਠੇ ਲੋਕਾਂ ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮਾਰ ਦਿੱਤਾ। 45 ਉਸ ਪੂਰੇ ਦਿਨ ਅਬੀਮੇਲੇਕ ਨੇ ਸ਼ਹਿਰ ਉੱਤੇ ਆਪਣਾ ਹਮਲਾ ਉਦੋਂ ਤੱਕ ਕੀਤਾ ਜਦੋਂ ਤੱਕ ਉਸਨੇ ਸ਼ਹਿਰ ਉੱਤੇ ਕਬਜ਼ਾ ਨਹੀਂ ਕਰ ਲਿਆ ਅਤੇ ਇਸਦੇ ਲੋਕਾਂ ਨੂੰ ਮਾਰ ਦਿੱਤਾ। ਫਿਰ ਉਸਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਉਸਦੇ ਉੱਪਰ ਲੂਣ ਖਿਲਾਰ ਦਿੱਤਾ।

46 ਇਹ ਸੁਣ ਕੇ, ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਲੋਕ ਅਲ-ਬੇਰੀਥ ਦੇ ਮੰਦਰ ਦੇ ਗੜ੍ਹ ਵਿੱਚ ਵੜ੍ਹ ਗਏ। 47 ਜਦੋਂ ਅਬੀਮੇਲੇਕ ਨੇ ਸੁਣਿਆ ਕਿ ਉਹ ਉੱਥੇ ਇਕੱਠੇ ਹੋਏ ਹਨ, 48 ਤਾਂ ਅਬੀਮੇਲੇਕ ਅਤੇ ਉਸਦੇ ਸਾਰੇ ਆਦਮੀ ਜ਼ਾਲਮੋਨ ਪਹਾੜ ਉੱਤੇ ਗਏ। ਉਸਨੇ ਇੱਕ ਕੁਹਾੜਾ ਲਿਆ ਅਤੇ ਕੁਝ ਟਹਿਣੀਆਂ ਕੱਟ ਦਿੱਤੀਆਂ, ਜੋ ਉਸਨੇ ਆਪਣੇ ਮੋਢਿਆਂ ਤੇ ਚੁੱਕ ਲਈਆਂ। ਉਸਨੇ ਆਪਣੇ ਨਾਲ ਦੇ ਬੰਦਿਆਂ ਨੂੰ ਹੁਕਮ ਦਿੱਤਾ, "ਛੇਤੀ ਉਹੀ ਕਰੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ!" 49 ਇਸ ਲਈ ਸਾਰੇ ਆਦਮੀਆਂ ਨੇ ਟਹਿਣੀਆਂ ਕੱਟੀਆਂ ਅਤੇ ਅਬੀਮੇਲੇਕ ਦੇ ਮਗਰ ਹੋ ਤੁਰੇ। ਉਨ੍ਹਾਂ ਨੇ ਟਹਿਣੀਆਂ ਦਾ ਉਸ ਗੜ੍ਹ ਉੱਤੇ ਢੇਰ ਲਾ ਦਿੱਤਾ ਅਤੇ ਅੰਦਰਲੇ ਲੋਕਾਂ ਸਮੇਤ ਉਸ ਨੂੰ ਅੱਗ ਲਗਾ ਦਿੱਤੀ। ਇਸ ਲਈ ਸ਼ੇਕੇਮ ਦੇ ਬੁਰਜ ਦੇ ਸਾਰੇ ਲੋਕ, ਲਗਭਗ ਇੱਕ ਹਜ਼ਾਰ ਆਦਮੀ ਅਤੇ ਔਰਤਾਂ ਮਰ ਗਏ।

50 ਫਿਰ ਅਬੀਮੇਲੇਕ ਤੇਬੇਸ ਨੂੰ ਗਿਆ ਅਤੇ ਉਸ ਨੂੰ ਘੇਰਾ ਪਾ ਲਿਆ। 51 ਸ਼ਹਿਰ ਦੇ ਅੰਦਰ, ਹਾਲਾਂਕਿ, ਇੱਕ ਮਜ਼ਬੂਤ ਬੁਰਜ ਸੀ, ਜਿਸ ਵੱਲ ਸਾਰੇ ਆਦਮੀ ਅਤੇ ਔਰਤਾਂ, ਸ਼ਹਿਰ ਦੇ ਸਾਰੇ ਲੋਕ ਭੱਜ ਗਏ ਸਨ। ਉਹ ਆਪਣੇ ਆਪ ਨੂੰ ਅੰਦਰ ਬੰਦ ਕਰਕੇ ਬੁਰਜ ਦੀ ਛੱਤ ਤੇ ਚੜ੍ਹ ਗਏ ਸਨ। 52 ਅਬੀਮੇਲੇਕ ਬੁਰਜ ਕੋਲ ਗਿਆ ਅਤੇ ਉਸ ਉੱਤੇ ਹਮਲਾ ਕੀਤਾ। ਪਰ ਜਦੋਂ ਉਹ ਅੱਗ ਲਗਾਉਣ ਲਈ ਬੁਰਜ ਦੇ ਦਰਵਾਜ਼ੇ ਦੇ ਕੋਲ ਪਹੁੰਚਿਆ, 53 ਤਦ ਕਿਸੇ ਔਰਤ ਨੇ ਅਬੀਮੇਲੇਕ ਦੇ ਸਿਰ ਤੇ ਚੱਕੀ ਦਾ ਉੱਪਰਲਾ ਪੁੜਾ ਸੁੱਟਿਆ ਅਤੇ ਉਸਦਾ ਸਿਰ ਫੱਟ ਗਿਆ।

54 ਉਸ ਨੇ ਜਲਦੀ ਨਾਲ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਬੁਲਾਇਆ ਅਤੇ ਕਿਹਾ, "ਆਪਣੀ ਤਲਵਾਰ ਕੱਢ ਕੇ ਮੈਨੂੰ ਮਾਰ ਦੇ, ਤਾਂ ਜੋ ਉਹ ਇਹ ਨਾ ਕਹਿ ਸਕਣ, ‘ਇੱਕ ਔਰਤ ਨੇ ਉਸਨੂੰ ਮਾਰਿਆ ਹੈ।’ " ਇਸ ਲਈ ਉਸਦੇ ਨੌਕਰ ਨੇ ਉਸਨੂੰ ਤਲਵਾਰ ਨਾਲ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ। 55 ਜਦੋਂ ਇਸਰਾਏਲੀਆਂ ਨੇ ਦੇਖਿਆ ਕਿ ਅਬੀਮੇਲੇਕ ਮਰ ਗਿਆ ਹੈ, ਤਾਂ ਉਹ ਘਰ ਚਲੇ ਗਏ।

56 ਇਸ ਤਰ੍ਹਾਂ ਪਰਮੇਸ਼ਵਰ ਨੇ ਉਸ ਬੁਰਾਈ ਦਾ ਬਦਲਾ ਦਿੱਤਾ ਜੋ ਅਬੀਮੇਲੇਕ ਨੇ ਆਪਣੇ ਸੱਤਰ ਭਰਾਵਾਂ ਦਾ ਕਤਲ ਕਰਕੇ ਆਪਣੇ ਪਿਤਾ ਨਾਲ ਕੀਤੀ ਸੀ। 57 ਪਰਮੇਸ਼ਵਰ ਨੇ ਸ਼ੇਕੇਮ ਦੇ ਲੋਕਾਂ ਦੀ ਬੁਰਿਆਈ ਵੀ ਪਰਮੇਸ਼ਵਰ ਨੇ ਉਨ੍ਹਾਂ ਦੇ ਸਿਰ ਉੱਤੇ ਪਾਈ। ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆਇਆ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-