Publicidade

Juízes 6

ਗਿਦਾਊਨ

1 ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਸੱਤ ਸਾਲਾਂ ਲਈ ਮਿਦਯਾਨੀਆਂ ਦੇ ਹੱਥ ਵਿੱਚ ਦੇ ਦਿੱਤਾ। 2 ਕਿਉਂਕਿ ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ, ਇਸਰਾਏਲੀਆਂ ਨੇ ਪਹਾੜਾਂ ਵਿੱਚ ਆਪਣੇ ਲੁਕਣ ਲਈ ਗੁਫ਼ਾਂਵਾਂ, ਗੜ੍ਹ ਅਤੇ ਨਿਵਾਸ ਸਥਾਨ ਬਣਾਏ। 3 ਜਦੋਂ ਵੀ ਇਸਰਾਏਲੀ ਕੁਝ ਬੀਜਦੇ ਹੁੰਦੇ ਸਨ, ਤਾਂ ਮਿਦਯਾਨੀ ਅਤੇ ਅਮਾਲੇਕੀ ਅਤੇ ਹੋਰ ਪੂਰਬੀ ਲੋਕਾਂ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ। 4 ਅਤੇ ਉਨ੍ਹਾਂ ਦੇ ਸਾਹਮਣੇ ਅੱਜ਼ਾਹ ਤੱਕ ਤੰਬੂ ਲਾ ਕੇ ਗਾਜ਼ਾ ਤੱਕ ਦੇ ਖੇਤਾਂ ਨੂੰ ਬਰਬਾਦ ਕਰ ਦਿੰਦੇ ਸਨ ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਦਾ ਪਦਾਰਥ ਅਤੇ ਨਾ ਹੀ ਭੇਡ-ਬੱਕਰੀ ਨਾ ਬਲਦ ਅਤੇ ਨਾ ਗਧਾ ਛੱਡਦੇ ਸਨ। 5 ਉਹ ਆਪਣੇ ਪਸ਼ੂਆਂ ਅਤੇ ਟਿੱਡੀਆਂ ਦੇ ਝੁੰਡ ਵਾਂਗ ਆਪਣੇ ਤੰਬੂ ਨਾਲ ਲੈ ਕੇ ਆਏ। ਉਨ੍ਹਾਂ ਲੋਕਾਂ ਦੀ ਜਾਂ ਉਨ੍ਹਾਂ ਦੇ ਊਠਾਂ ਦੀ ਗਿਣਤੀ ਕਰਨਾ ਅਸੰਭਵ ਸੀ; ਉਨ੍ਹਾਂ ਨੇ ਜ਼ਮੀਨ ਨੂੰ ਤਬਾਹ ਕਰਨ ਲਈ ਹਮਲਾ ਕੀਤਾ। 6 ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ। ਤਦ ਉਨ੍ਹਾਂ ਨੇ ਮਦਦ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ।

7 ਜਦੋਂ ਇਸਰਾਏਲੀਆਂ ਨੇ ਮਿਦਯਾਨ ਦੇ ਕਾਰਨ ਯਾਹਵੇਹ ਨੂੰ ਪੁਕਾਰਿਆ, 8 ਯਾਹਵੇਹ ਨੇ ਉਨ੍ਹਾਂ ਲਈ ਇੱਕ ਨਬੀ ਭੇਜਿਆ, ਜਿਸ ਨੇ ਆਖਿਆ, "ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਕੱਢ ਲਿਆਇਆ। 9 ਮੈਂ ਤੁਹਾਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ ਅਤੇ ਮੈਂ ਤੁਹਾਨੂੰ ਤੁਹਾਡੇ ਸਾਰੇ ਜ਼ਾਲਮਾਂ ਦੇ ਹੱਥੋਂ ਛੁਡਾਇਆ। ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ। 10 ਮੈਂ ਤੁਹਾਨੂੰ ਆਖਿਆ, ‘ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। ਅਮੋਰੀਆਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ।’ ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।"

11 ਯਾਹਵੇਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਬੈਠ ਗਿਆ, ਜਿਹੜਾ ਅਬੀਅਜ਼ਰੀ ਯੋਆਸ਼ ਦਾ ਸੀ, ਜਿੱਥੇ ਉਸਦਾ ਪੁੱਤਰ ਗਿਦਾਊਨ ਮਿਦਯਾਨੀਆਂ ਤੋਂ ਬਚਾਉਣ ਲਈ ਇੱਕ ਚੁਬੱਚੇ ਵਿੱਚ ਕਣਕ ਛੱਟ ਰਿਹਾ ਸੀ। 12 ਜਦੋਂ ਯਾਹਵੇਹ ਦੇ ਦੂਤ ਨੇ ਗਿਦਾਊਨ ਨੂੰ ਦਰਸ਼ਨ ਦਿੱਤਾ, ਤਾਂ ਉਸਨੇ ਕਿਹਾ, "ਸ਼ਕਤੀਸ਼ਾਲੀ ਸੂਰਮਾ! ਯਾਹਵੇਹ ਤੇਰੇ ਨਾਲ ਹੈ।"

13 ਗਿਦਾਊਨ ਨੇ ਜਵਾਬ ਦਿੱਤਾ, "ਮੇਰੇ ਯਾਹਵੇਹ, ਮੈਨੂੰ ਮਾਫ਼ ਕਰ, ਪਰ ਜੇ ਯਾਹਵੇਹ ਸਾਡੇ ਨਾਲ ਹੁੰਦਾ, ਤਾਂ ਇਹ ਸਭ ਸਾਡੇ ਨਾਲ ਕਿਉਂ ਹੋਇਆ? ਉਸ ਦੇ ਉਹ ਸਾਰੇ ਅਚੰਭੇ ਕੰਮ ਕਿੱਥੇ ਹਨ ਜਿਨ੍ਹਾਂ ਬਾਰੇ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ, ‘ਕੀ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਬਾਹਰ ਨਹੀਂ ਲਿਆਇਆ?’ ਪਰ ਹੁਣ ਯਾਹਵੇਹ ਨੇ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਮਿਦਯਾਨ ਦੇ ਹੱਥ ਵਿੱਚ ਦੇ ਦਿੱਤਾ ਹੈ।"

14 ਯਾਹਵੇਹ ਉਸ ਵੱਲ ਮੁੜਿਆ ਅਤੇ ਆਖਿਆ, "ਤੂੰ ਆਪਣੀ ਤਾਕਤ ਨਾਲ ਜਾ ਅਤੇ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਬਚਾ। ਕੀ ਮੈਂ ਤੁਹਾਨੂੰ ਨਹੀਂ ਭੇਜ ਰਿਹਾ?"

15 ਗਿਦਾਊਨ ਨੇ ਜਵਾਬ ਦਿੱਤਾ, "ਮੇਰੇ ਮਾਲਕ, ਮੈਨੂੰ ਮਾਫ਼ ਕਰੋ, ਪਰ ਮੈਂ ਇਸਰਾਏਲ ਨੂੰ ਕਿਵੇਂ ਬਚਾ ਸਕਦਾ ਹਾਂ? ਮੇਰਾ ਗੋਤ ਮਨੱਸ਼ੇਹ ਵਿੱਚ ਸਭ ਤੋਂ ਕਮਜ਼ੋਰ ਹੈ, ਅਤੇ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਹਾਂ।"

16 ਯਾਹਵੇਹ ਨੇ ਉੱਤਰ ਦਿੱਤਾ, "ਮੈਂ ਤੇਰੇ ਨਾਲ ਹੋਵਾਂਗਾ, ਅਤੇ ਤੂੰ ਸਾਰੀ ਮਿਦਯਾਨ ਫ਼ੌਜ ਨੂੰ ਇਸ ਤਰ੍ਹਾਂ ਹਰਾ ਦੇਵੇਗਾ ਜਿਵੇਂ ਸਿਰਫ ਇੱਕ ਵਿਅਕਤੀ।"

17 ਗਿਦਾਊਨ ਨੇ ਜਵਾਬ ਦਿੱਤਾ, "ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ। 18 ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।"

ਅਤੇ ਉਸਨੇ ਨੇ ਕਿਹਾ, "ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।"

19 ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫਾਹ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।

20 ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, "ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।" ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ। 21 ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ। 22 ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, "ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਹਮਣੇ ਦੇਖਿਆ ਹੈ!"

23 ਪਰ ਯਾਹਵੇਹ ਨੇ ਉਸਨੂੰ ਕਿਹਾ, "ਸ਼ਾਂਤੀ ਹੋਵੇ! ਨਾ ਡਰ। ਤੂੰ ਮਰੇਗਾ ਨਹੀਂ।"

24 ਇਸ ਲਈ ਗਿਦਾਊਨ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਾਹਵੇਹ ਸ਼ਾਲੋਮ ਰੱਖਿਆ। ਇਹ ਅੱਜ ਤੱਕ ਉਹ ਜਗਵੇਦੀ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।

25 ਉਸੇ ਰਾਤ ਯਾਹਵੇਹ ਨੇ ਉਸ ਨੂੰ ਆਖਿਆ, "ਆਪਣੇ ਪਿਤਾ ਦੇ ਇੱਜੜ ਵਿੱਚੋਂ ਦੂਜਾ ਬਲਦ ਲੈ ਜੋ ਸੱਤ ਸਾਲ ਦਾ ਹੈ ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ। 26 ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਇਸ ਪੱਥਰ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾ, ਜਲਾ ਕੇ ਹੋਮ ਦੀ ਬਲੀ ਚੜ੍ਹਾਂ।"

27 ਇਸ ਲਈ ਗਿਦਾਊਨ ਨੇ ਆਪਣੇ ਦਸ ਸੇਵਕਾਂ ਨੂੰ ਲਿਆ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਕਿਹਾ ਸੀ, ਪਰ ਕਿਉਂਕਿ ਉਹ ਆਪਣੇ ਪਰਿਵਾਰ ਅਤੇ ਕਸਬੇ ਦੇ ਲੋਕਾਂ ਤੋਂ ਡਰਦਾ ਸੀ, ਉਸਨੇ ਇਹ ਕੰਮ ਦਿਨ ਦੀ ਬਜਾਏ ਰਾਤ ਨੂੰ ਕੀਤਾ।

28 ਸਵੇਰ ਨੂੰ ਜਦੋਂ ਨਗਰ ਦੇ ਲੋਕ ਉੱਠੇ, ਅਤੇ ਵੇਖਿਆ ਉੱਥੇ ਬਆਲ ਦੀ ਜਗਵੇਦੀ ਢਾਹ ਦਿੱਤੀ ਗਈ ਸੀ, ਉਸ ਦੇ ਕੋਲ ਅਸ਼ੇਰਾਹ ਦੇ ਥੰਮ ਨੂੰ ਕੱਟਿਆ ਗਿਆ ਸੀ ਅਤੇ ਦੂਜਾ ਬਲਦ ਉਸ ਨਵੀਂ ਬਣੀ ਜਗਵੇਦੀ ਉੱਤੇ ਚੜ੍ਹਾਇਆ ਗਿਆ ਸੀ!

29 ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, "ਇਹ ਕਿਸਨੇ ਕੀਤਾ?"

ਜਦੋਂ ਉਨ੍ਹਾਂ ਨੇ ਧਿਆਨ ਨਾਲ ਜਾਂਚ ਕੀਤੀ, ਤਾਂਂ ਕਹਿਣ ਲੱਗੇ, "ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਕੰਮ ਕੀਤਾ ਹੈ।"

30 ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, "ਆਪਣੇ ਪੁੱਤਰ ਨੂੰ ਬਾਹਰ ਲਿਆ। ਤਾਂ ਜੋ ਉਸਨੂੰ ਮਾਰਿਆ ਜਾਵੇ, ਕਿਉਂਕਿ ਉਸਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਹੈ ਅਤੇ ਉਸਦੇ ਨਾਲ ਦੇ ਅਸ਼ੇਰਾਹ ਦੇ ਖੰਭੇ ਨੂੰ ਵੱਢ ਦਿੱਤਾ ਹੈ।"

31 ਪਰ ਯੋਆਸ਼ ਨੇ ਆਪਣੇ ਆਲੇ-ਦੁਆਲੇ ਦੀ ਵਿਰੋਧੀ ਭੀੜ ਨੂੰ ਜਵਾਬ ਦਿੱਤਾ, "ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਿਹੜਾ ਵੀ ਉਹ ਦੇ ਲਈ ਲੜਦਾ ਹੈ ਉਹ ਸਵੇਰ ਨੂੰ ਮਾਰਿਆ ਜਾਵੇਗਾ! ਜੇਕਰ ਬਾਲ ਸੱਚਮੁੱਚ ਇੱਕ ਦੇਵਤਾ ਹੈ, ਤਾਂ ਉਹ ਆਪਣਾ ਬਚਾਅ ਕਰ ਸਕਦਾ ਹੈ ਜਦੋਂ ਕੋਈ ਉਸਦੀ ਜਗਵੇਦੀ ਨੂੰ ਤੋੜਦਾ ਹੈ।" 32 ਇਸ ਲਈ ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ, ਉਨ੍ਹਾਂ ਨੇ ਉਸ ਦਿਨ ਉਸ ਦਾ ਨਾਮ ਯਰੁੱਬਆਲ ਰੱਖਿਆ ਜਿਸ ਦਾ ਮਤਲਬ ਹੈ "ਬਾਲ ਉਸਦਾ ਵਿਰੋਧ ਕਰਦਾ ਹੈ," ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ।

33 ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ। 34 ਤਦ ਯਾਹਵੇਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ ਅਤੇ ਅਬੀਅਜ਼ਰੀਆਂ ਨੂੰ ਆਪਣੇ ਮਗਰ ਆਉਣ ਲਈ ਸੱਦਿਆ। 35 ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।

36 ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, "ਜੇਕਰ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ, 37 ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।" 38 ਅਤੇ ਇਹੀ ਹੋਇਆ। ਗਿਦਾਊਨ ਅਗਲੇ ਦਿਨ ਜਲਦੀ ਉੱਠਿਆ; ਉਸਨੇ ਉੱਨ ਦੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।

39 ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, "ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।" 40 ਉਸ ਰਾਤ ਪਰਮੇਸ਼ਵਰ ਨੇ ਅਜਿਹਾ ਹੀ ਕੀਤਾ। ਸਿਰਫ ਉੱਨ ਸੁੱਕੀ ਸੀ ਅਤੇ ਬਾਕੀ ਸਾਰੀ ਜ਼ਮੀਨ ਉੱਤੇ ਤ੍ਰੇਲ ਪਈ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-