1 ਉਸ ਦਿਨ ਦਬੋਰਾਹ ਅਤੇ ਅਬੀਨੋਆਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ:
2 "ਇਸਰਾਏਲ ਦੇ ਆਗੂਆਂ ਦੀ ਅਗਵਾਈ ਲਈ,
ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ,
ਆਓ ਯਾਹਵੇਹ ਨੂੰ ਮੁਬਾਰਕ ਆਖੋ।
3 "ਹੇ ਰਾਜਿਓ, ਹੇ ਹਾਕਮੋ ਧਿਆਨ ਨਾਲ ਸੁਣੋ!
ਮੈ, ਹਾਂ ਮੈਂ ਯਾਹਵੇਹ ਲਈ ਗੀਤ ਗਾਵਾਂਗੀ,
ਮੈਂ ਗੀਤ ਵਿੱਚ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਕਰਾਂਗੀ।
4 "ਹੇ ਯਾਹਵੇਹ, ਜਦੋਂ ਤੂੰ ਸੇਈਰ ਤੋਂ ਨਿੱਕਲਿਆ,
ਜਦੋਂ ਤੂੰ ਅਦੋਮ ਦੀ ਧਰਤੀ ਤੋਂ ਕੂਚ ਕੀਤੀ,
ਤਾਂ ਧਰਤੀ ਕੰਬ ਗਈ, ਅਕਾਸ਼ ਹਿੱਲ੍ਹ ਗਏ,
ਬੱਦਲਾਂ ਤੋਂ ਵੀ ਮੀਹ ਵਰ੍ਹਿਆ।
5 ਯਾਹਵੇਹ ਦੇ ਅੱਗੇ ਪਹਾੜ ਕੰਬ ਗਏ, ਇੱਥੋਂ ਤੱਕ ਸੀਨਾਈ ਪਹਾੜ ਵੀ,
ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਅੱਗੇ ਪਿਘਲ ਗਿਆ।
6 "ਅਨਾਥ ਦੇ ਪੁੱਤਰ ਸ਼ਮਗਾਰ ਦੇ ਦਿਨਾਂ ਵਿੱਚ,
ਯਾਏਲ ਦੇ ਦਿਨਾਂ ਵਿੱਚ, ਸੜਕਾਂ ਖਾਲੀ ਰਹਿੰਦੀਆਂ ਸਨ,
ਅਤੇ ਮੁਸਾਫਰ ਪੈਹਿਆਂ ਦੇ ਰਸਤੇ ਤੁਰਦੇ ਸਨ।
7 ਇਸਰਾਏਲ ਵਿੱਚ ਆਗੂ ਮੁੱਕ ਗਏ,
ਉਹ ਉਦੋਂ ਤੱਕ ਰੁਕੇ ਰਹੇ ਜਦੋਂ ਤੱਕ ਮੈਂ,
ਦਬੋਰਾਹ ਅਹੁਦਾ ਨਹੀਂ ਸੰਭਾਲ ਲਿਆ,
ਜਦੋਂ ਤੱਕ ਮੈਂ ਇਸਰਾਏਲ ਵਿੱਚ ਇੱਕ ਮਾਂ ਵਾਂਗ ਨਹੀਂ ਉੱਠੀ।
8 ਜਦੋਂ ਉਨ੍ਹਾਂ ਨੇ ਨਵੇਂ ਦੇਵਤੇ ਚੁਣੇ
ਤਦ ਉਹਨਾਂ ਦੇ ਫਾਟਕਾਂ ਕੋਲ ਲੜਾਈ ਹੋਈ।
ਪਰ ਉਹਨਾਂ ਕੋਲ ਲੜਾਈ ਲਈ ਨਾ ਤਾਂ ਢਾਲ਼ ਤੇ ਨਾਂ ਹੀ ਬਰਛੇ ਸੀ,
ਜਦਕਿ ਇਸਰਾਏਲ ਦੇ ਚਾਲੀ ਹਜ਼ਾਰ ਲੋਕ ਸਨ।
9 ਮੇਰਾ ਦਿਲ ਇਸਰਾਏਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ,
ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਲੜਾਈ ਲਈ ਪੇਸ਼ ਕੀਤਾ।
ਯਾਹਵੇਹ ਨੂੰ ਮੁਬਾਰਕ ਆਖੋ!
10 "ਤੁਸੀਂ ਜਿਹੜੇ ਚਿੱਟੇ ਖੋਤਿਆਂ ਉੱਤੇ ਸਫ਼ਰ ਕਰਦੇ ਹੋ,
ਤੁਸੀਂ ਜੋ ਆਲੀਸ਼ਾਨ ਗਲੀਚਿਆਂ ਉੱਤੇ ਬੈਠਦੇ ਹੋ,
ਅਤੇ ਤੁਸੀਂ ਜਿਹੜੇ ਰਾਹ ਉੱਤੇ ਤੁਰਦੇ ਹੋ, ਇਸਦਾ ਵਿਚਾਰ ਕਰੋ।
11 ਪਾਣੀ ਪਿਲਾਉਣ ਵਾਲੀਆਂ ਥਾਵਾਂ ਤੇ ਗਾਇਕਾਂ ਦੀ ਆਵਾਜ਼ ਵੱਲ ਧਿਆਨ ਦਿਓ,
ਉਹ ਯਾਹਵੇਹ ਦੀਆਂ ਜਿੱਤਾਂ,
ਅਤੇ ਇਸਰਾਏਲ ਵਿੱਚ ਉਸਦੇ ਪਿੰਡ ਵਾਸੀਆਂ ਦੀਆਂ ਜਿੱਤਾਂ ਦਾ ਜਾਪ ਕਰਦੇ ਹਨ।
"ਤਦ ਯਾਹਵੇਹ ਦੇ ਲੋਕ
ਸ਼ਹਿਰ ਦੇ ਦਰਵਾਜ਼ਿਆਂ ਵੱਲ ਚਲੇ ਗਏ।
12 ‘ਜਾਗ, ਦਬੋਰਾਹ ਜਾਗ!
ਜਾਗ, ਜਾਗ, ਅਤੇ ਗੀਤ ਗਾ!
ਉਠੋ, ਬਾਰਾਕ!
ਅਬੀਨੋਆਮ ਦੇ ਪੁੱਤਰ, ਆਪਣੇ ਕੈਦੀਆਂ ਨੂੰ ਬੰਦੀ ਬਣਾ ਲਓ।’
13 "ਫਿਰ ਜਿਹੜੇ ਬਚੇ ਸਨ, ਉਹ ਅਧਿਕਾਰੀਆਂ ਨੂੰ ਮਿਲਣ ਆਏ।
ਯਾਹਵੇਹ ਦੇ ਬਲਵਾਨ ਲੋਕ ਮੇਰੇ ਕੋਲ ਆਏ।
14 ਕੁਝ ਇਫ਼ਰਾਈਮ ਤੋਂ ਆਏ ਜਿਨ੍ਹਾਂ ਦੀਆਂ ਜੜ੍ਹਾਂ ਅਮਾਲੇਕ ਵਿੱਚ ਸਨ,
ਬਿਨਯਾਮੀਨ ਉਨ੍ਹਾਂ ਲੋਕਾਂ ਦੇ ਨਾਲ ਸੀ ਜਿਹੜੇ ਤੁਹਾਡੇ ਮਗਰ ਆਉਂਦੇ ਸਨ।
ਮਾਕੀਰ ਤੋਂ ਕਪਤਾਨ ਉਤਰੇ,
ਜ਼ਬੂਲੁਨ ਤੋਂ ਉਹ ਜਿਹੜੇ ਸੈਨਾਪਤੀ ਦੀ ਲਾਠੀ ਵਰਤਦੇ ਸਨ।
15 ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ,
ਹਾਂ, ਯਿੱਸਾਕਾਰ ਬਾਰਾਕ ਦੇ ਨਾਲ ਸੀ,
ਉਸ ਦੇ ਆਦੇਸ਼ ਹੇਠ ਘਾਟੀ ਵਿੱਚ ਭੇਜਿਆ ਗਿਆ ਸੀ।
ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ
ਫੈਸਲਾ ਨਾ ਲੈ ਸਕੇ।
16 ਭੇਡਾਂ ਲਈ ਚਰਵਾਹਿਆਂ ਦੁਆਰਾ ਵਜਾਏ ਜਾ ਰਹੇ ਬੰਸਰੀ ਦੇ ਗੀਤ ਸੁਣਦਾ ਹੋਇਆ
ਤੂੰ ਕਿਉਂ ਭੇਡਾਂ ਦੇ ਵਾੜੇ ਵਿੱਚ ਰਿਹਾ?
ਪਰ ਰਊਬੇਨ ਦੀ ਗੋਤ ਯੁੱਧ ਵਿੱਚ ਆਉਣ ਦਾ
ਫੈਸਲਾ ਨਾ ਲੈ ਸਕੇ।
17 ਗਿਲਆਦ ਯਰਦਨ ਦੇ ਪਾਰ ਵੱਸਿਆ,
ਅਤੇ ਦਾਨ ਤੂੰ ਕਿਉਂ ਸਮੁੰਦਰੀ ਜਹਾਜ਼ਾਂ ਵਿੱਚ ਰਿਹਾ?
ਆਸ਼ੇਰ ਸਮੁੰਦਰੀ ਕੰਢੇ ਉੱਤੇ ਵੱਸਿਆ
ਅਤੇ ਆਪਣੀਆਂ ਖੱਡਾਂ ਵਿੱਚ ਰਿਹਾ।
18 ਜ਼ਬੂਲੁਨ ਦੇ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ।
ਨਫ਼ਤਾਲੀ ਨੇ ਵੀ ਮੈਦਾਨ ਵਿੱਚ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਈਆਂ।
19 "ਰਾਜੇ ਆਏ ਅਤੇ ਉਹ ਲੜੇ,
ਕਨਾਨ ਦੇ ਰਾਜੇ ਵੀ ਲੜੇ।
ਤਾਨਾਖ ਵਿੱਚ, ਮਗਿੱਦੋ ਦੇ ਪਾਣੀਆਂ ਦੇ ਕੋਲ,
ਉਨ੍ਹਾਂ ਨੇ ਚਾਂਦੀ ਦੀ ਕੋਈ ਲੁੱਟ ਨਹੀਂ ਕੀਤੀ।
20 ਅਕਾਸ਼ ਤੋਂ ਤਾਰੇ ਵੀ ਲੜੇ,
ਸਗੋਂ ਆਪਣੇ-ਆਪਣੇ ਮੰਡਲਾਂ ਵਿੱਚ ਸੀਸਰਾ ਨਾਲ ਲੜੇ।
21 ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਵਹਾ ਕੇ ਲੈ ਗਈ,
ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ।
ਹੇ ਮੇਰੀ ਜਾਨ ਤੂੰ ਤਾਕਤ ਨਾਲ ਅੱਗੇ ਵੱਧ!
22 ਫਿਰ ਘੋੜਿਆ ਦੇ ਖੁਰਾਂ ਦੇ ਗਰਜਨ ਦੀ ਆਵਾਜ਼ ਸੁਣਾਈ ਦਿੱਤੀ
ਬਲਵਾਨ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ।
23 ਯਾਹਵੇਹ ਦੇ ਦੂਤ ਨੇ ਕਿਹਾ, ‘ਮੇਰੋਜ਼ ਨੂੰ ਸਰਾਪ ਦਿਓ।
ਇਸ ਦੇ ਲੋਕਾਂ ਨੂੰ ਭਾਰੀ ਸਰਾਪ ਦਿਓ,
ਕਿਉਂਕਿ ਉਹ ਯਾਹਵੇਹ ਦੀ ਮਦਦ ਕਰਨ ਲਈ ਨਹੀਂ ਆਏ ਸਨ,
ਸੂਰਬੀਰਾਂ ਦੇ ਵਿਰੁੱਧ ਯਾਹਵੇਹ ਦੀ ਸਹਾਇਤਾ ਕਰਨ ਨੂੰ ਨਹੀਂ ਆਏ ਸਨ।’
24 "ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਯਾਏਲ,
ਹੇਬਰ ਕੇਨੀ ਦੀ ਪਤਨੀ,
ਤੰਬੂ ਵਿੱਚ ਰਹਿਣ ਵਾਲੀਆਂ ਔਰਤਾਂ ਵਿੱਚੋਂ ਸਭ ਤੋਂ ਵੱਧ ਮੁਬਾਰਕ ਹੋਵੇ।
25 ਉਸਨੇ ਪਾਣੀ ਮੰਗਿਆ, ਅਤੇ ਉਸਨੇ ਉਸਨੂੰ ਦੁੱਧ ਦਿੱਤਾ,
ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ।
26 ਉਸਦਾ ਹੱਥ ਤੰਬੂ ਦੇ ਕਿੱਲੀ ਤੱਕ ਪਹੁੰਚਿਆ,
ਅਤੇ ਉਸਨੇ ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ,
ਉਸਨੇ ਸੀਸਰਾ ਨੂੰ ਠੋਕਿਆ, ਉਸਨੇ ਉਸਦਾ ਸਿਰ ਕੁਚਲ ਦਿੱਤਾ,
ਉਸਨੇ ਉਸਦੀ ਪੁੜਪੁੜੀ ਨੂੰ ਆਰ-ਪਾਰ ਵਿੰਨ੍ਹ ਦਿੱਤਾ।
27 ਉਸਦੇ ਪੈਰਾਂ ਵਿੱਚ ਉਹ ਝੁੱਕਿਆ,
ਉਹ ਡਿੱਗ ਪਿਆ, ਉੱਥੇ ਹੀ ਉਹ ਲੇਟ ਗਿਆ।
ਉਸਦੇ ਪੈਰਾਂ ਵਿੱਚ ਉਹ ਝੁੱਕਿਆ,
ਉਹ ਡਿੱਗ ਪਿਆ, ਜਿੱਥੇ ਉਹ ਝੁੱਕਿਆ, ਉੱਥੇ ਉਹ ਮਰ ਗਿਆ।
28 "ਖਿੜਕੀ ਵਿੱਚੋਂ ਸੀਸਰਾ ਦੀ ਮਾਂ ਨੂੰ ਦੇਖਿਆ,
ਝਰੋਖੇ ਦੇ ਵਿੱਚੋਂ ਦੀ ਉਹ ਚਿੱਲਾਈ ਅਤੇ ਕਿਹਾ,
‘ਉਸ ਦਾ ਰੱਥ ਆਉਣ ਵਿੱਚ ਇੰਨੀ ਦੇਰ ਕਿਉਂ ਲੱਗੀ?
ਉਸ ਦੇ ਰੱਥਾਂ ਦੇ ਪਹੀਏ ਵਿੱਚ ਦੇਰੀ ਕਿਉਂ ਲਾਉਂਦੇ ਹਨ?’
29 ਉਸ ਦੀਆਂ ਸਭ ਤੋਂ ਸਿਆਣੀਆਂ ਔਰਤਾਂ ਉਸ ਨੂੰ ਜਵਾਬ ਦਿੰਦੀਆਂ ਹਨ,
ਸਗੋਂ, ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ,
30 ‘ਕੀ ਉਹ ਲੁੱਟ ਦਾ ਮਾਲ ਨਹੀਂ ਲੱਭ ਰਹੇ
ਅਤੇ ਵੰਡ ਰਹੇ ਹਨ:
ਹਰੇਕ ਆਦਮੀ ਲਈ ਇੱਕ ਜਾਂ ਦੋ ਔਰਤ,
ਸੀਸਰਾ ਲਈ ਲੁੱਟਣ ਲਈ ਰੰਗੀਨ ਕੱਪੜੇ, ਕਢਾਈ ਵਾਲੇ ਰੰਗੀਨ ਕੱਪੜੇ,
ਮੇਰੇ ਗਲੇ ਲਈ ਉੱਚੇ ਕਢਾਈ ਵਾਲੇ ਕੱਪੜੇ
ਇਹ ਸਭ ਲੁੱਟ ਦੇ ਰੂਪ ਵਿੱਚ?’
31 "ਇਸ ਤਰ੍ਹਾਂ, ਹੇ ਯਾਹਵੇਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ,
ਪਰ ਉਹ ਸਾਰੇ ਜੋ ਤੈਨੂੰ ਪਿਆਰ ਕਰਦੇ ਹਨ ਸੂਰਜ ਵਾਂਗ ਹੋਣ
ਜਦੋਂ ਇਹ ਆਪਣੀ ਤਾਕਤ ਨਾਲ ਚੜ੍ਹਦਾ ਹੈ।"
ਤਦ ਦੇਸ਼ ਵਿੱਚ ਚਾਲੀ ਸਾਲ ਸ਼ਾਂਤੀ ਰਹੀ।