1 ਤਦ ਗਿਦਾਊਨ ਜੋ ਯਰੁੱਬਆਲ ਵੀ ਕਹਾਉਂਦਾ ਹੈ ਅਤੇ ਉਹ ਸਾਰੇ ਲੋਕ ਜੋ ਉਸ ਦੇ ਨਾਲ ਸਨ, ਸਵੇਰ ਨੂੰ ਉੱਠੇ ਅਤੇ ਹਰੋਦ ਦੇ ਸੋਤੇ ਕੋਲ ਆਪਣੇ ਤੰਬੂ ਲਾਏ, ਅਤੇ ਮਿਦਯਾਨੀਆਂ ਦੀ ਛਾਉਣੀ ਉਨ੍ਹਾਂ ਦੇ ਉੱਤਰ ਵੱਲ ਮੋਹਰ ਪਹਾੜ ਦੇ ਕੋਲ ਘਾਟੀ ਵਿੱਚ ਸੀ। 2 ਯਾਹਵੇਹ ਨੇ ਗਿਦਾਊਨ ਨੂੰ ਆਖਿਆ, "ਮਿਦਯਾਨੀਆਂ ਤੇਰੇ ਵੱਸ ਵਿੱਚ ਕਰਨ ਲਈ ਤੇਰੇ ਕੋਲ ਲੋਕ ਬਹੁਤ ਜ਼ਿਆਦਾ ਹਨ। ਅਜਿਹਾ ਨਾ ਹੋਵੇ ਕਿ ਇਸਰਾਏਲ ‘ਮੇਰੇ ਸਾਹਮਣੇ ਆਕੜ ਕਹੇ ਕਿ ਅਸੀਂ ਆਪਣੀ ਤਾਕਤ ਤੋਂ ਛੁਟਕਾਰਾ ਪਿਆ ਹੈ।’ 3 ਹੁਣ ਫ਼ੌਜ ਨੂੰ ਐਲਾਨ ਕਰ, ‘ਜੇ ਕੋਈ ਵੀ ਵਿਅਕਤੀ ਜੋ ਡਰ ਨਾਲ ਕੰਬਦਾ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਵਾਪਸ ਮੁੜ ਸਕਦਾ ਹੈ।’ " ਤਦ ਲੋਕਾਂ ਵਿੱਚੋਂ ਬਾਈ ਹਜ਼ਾਰ ਮਨੁੱਖ ਵਾਪਸ ਮੁੜ ਗਏ ਅਤੇ ਦਸ ਹਜ਼ਾਰ ਬਾਕੀ ਰਹਿ ਗਏ।
4 ਪਰ ਯਾਹਵੇਹ ਨੇ ਗਿਦਾਊਨ ਨੂੰ ਆਖਿਆ, "ਅਜੇ ਵੀ ਬਹੁਤ ਸਾਰੇ ਆਦਮੀ ਹਨ। ਉਨ੍ਹਾਂ ਨੂੰ ਪਾਣੀ ਦੇ ਸੋਤੇ ਦੇ ਨੇੜੇ ਲੈ ਆ ਅਤੇ ਉੱਥੇ ਮੈਂ ਤੇਰੇ ਲਈ ਉਨ੍ਹਾਂ ਨੂੰ ਪਰਖਾਂਗਾ। ਜੇ ਮੈਂ ਕਹਾਂ, ‘ਇਹ ਤੇਰੇ ਨਾਲ ਜਾਵੇ,’ ਤਾਂ ਉਹ ਤੇਰੇ ਨਾਲ ਜਾਵੇ, ਪਰ ਜੇ ਮੈਂ ਕਹਾਂ, ‘ਇਹ ਤੇਰੇ ਨਾਲ ਨਾ ਜਾਣ,’ ਤਾਂ ਉਹ ਨਾ ਜਾਣ।"
5 ਤਦ ਗਿਦਾਊਨ ਉਨ੍ਹਾਂ ਲੋਕਾਂ ਨੂੰ ਪਾਣੀ ਦੇ ਸੋਤੇ ਕੋਲ ਹੇਠਾਂ ਲੈ ਆਇਆ ਅਤੇ ਉੱਥੇ ਯਾਹਵੇਹ ਨੇ ਗਿਦਾਊਨ ਨੂੰ ਕਿਹਾ, "ਜਿਹੜੇ ਮਨੁੱਖ ਕੁੱਤੇ ਦੀ ਤਰ੍ਹਾਂ ਚਪ-ਚਪ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਵੱਖਰਾ ਕਰ ਅਤੇ ਉਸੇ ਤਰ੍ਹਾਂ ਉਹਨਾਂ ਨੂੰ ਵੀ ਵੱਖਰਾ ਕਰ ਜੋ ਗੋਡੇ ਨਿਵਾ ਕੇ ਵੀ ਪਾਣੀ ਪੀਣ।" 6 ਤਾਂ ਉਹ ਜਿਨ੍ਹਾਂ ਨੇ ਆਪਣਾ ਹੱਥ ਮੂੰਹ ਨੂੰ ਲਾ ਕੇ ਚਪ-ਚਪ ਕਰਕੇ ਪਾਣੀ ਪੀਤਾ, ਉਹਨਾਂ ਦੀ ਗਿਣਤੀ ਤਿੰਨ ਸੌ ਸੀ ਪਰ ਬਾਕੀ ਸਾਰੇ ਲੋਕਾਂ ਨੇ ਗੋਡਾ ਨਿਵਾ ਕੇ ਪਾਣੀ ਪੀਤਾ।
7 ਯਾਹਵੇਹ ਨੇ ਗਿਦਾਊਨ ਨੂੰ ਆਖਿਆ, "ਮੈਂ ਇਨ੍ਹਾਂ ਤਿੰਨ ਸੌ ਮਨੁੱਖਾਂ ਨਾਲ ਜਿਨ੍ਹਾਂ ਨੇ ਚਪ-ਚਪ ਕਰ ਕੇ ਪਾਣੀ ਪੀਤਾ ਹੈ ਤੁਹਾਨੂੰ ਬਚਾਵਾਂਗਾ ਅਤੇ ਮਿਦਯਾਨੀਆਂ ਨੂੰ ਤੇਰੇ ਹੱਥਾਂ ਵਿੱਚ ਦੇ ਦਿਆਂਗਾ। ਬਾਕੀ ਦੇ ਸਾਰੇ ਲੋਕਾਂ ਨੂੰ ਘਰ ਜਾਣ ਦਿਓ।" 8 ਤਦ ਉਨ੍ਹਾਂ ਲੋਕਾਂ ਨੇ ਆਪਣੀ ਭੋਜਨ ਸਮੱਗਰੀ ਲਈ ਅਤੇ ਆਪਣੀਆਂ ਤੁਰ੍ਹੀਆਂ ਚੁੱਕ ਲਈਆਂ ਅਤੇ ਗਿਦਾਊਨ ਨੇ ਇਸਰਾਏਲ ਦੇ ਬਾਕੀ ਸਾਰੇ ਪੁਰਖਾਂ ਨੂੰ ਆਪੋ-ਆਪਣੇ ਤੰਬੂ ਵੱਲ ਭੇਜ ਦਿੱਤਾ, ਪਰ ਉਨ੍ਹਾਂ ਤਿੰਨ ਸੌ ਪੁਰਖਾਂ ਨੂੰ ਉਸ ਨੇ ਆਪਣੇ ਕੋਲ ਰੱਖਿਆ।
ਅਤੇ ਮਿਦਯਾਨੀਆਂ ਦੀ ਛਾਉਣੀ ਉਸ ਦੇ ਹੇਠ ਘਾਟੀ ਵਿੱਚ ਸੀ। 9 ਉਸ ਰਾਤ ਯਾਹਵੇਹ ਨੇ ਗਿਦਾਊਨ ਨੂੰ ਆਖਿਆ, "ਉੱਠ, ਡੇਰੇ ਦੇ ਵਿਰੁੱਧ ਜਾ, ਕਿਉਂਕਿ ਮੈਂ ਇਸਨੂੰ ਤੇਰੇ ਹੱਥਾਂ ਵਿੱਚ ਦੇਣ ਜਾ ਰਿਹਾ ਹਾਂ। 10 ਜੇ ਤੁਸੀਂ ਹਮਲਾ ਕਰਨ ਤੋਂ ਡਰਦੇ ਹੋ, ਤਾਂ ਆਪਣੇ ਸੇਵਕ ਪੁਰਾਹ ਨਾਲ ਡੇਰੇ ਵਿੱਚ ਜਾਉ 11 ਉੱਥੇ ਜਾ ਕੇ ਸੁਣੋ ਕਿ ਮਿਦਯਾਨੀਆਂ ਕਿਸ ਬਾਰੇ ਗੱਲ ਕਰ ਰਹੇ ਹਨ। ਇਹ ਤੁਹਾਨੂੰ ਡੇਰੇ ਤੇ ਹਮਲਾ ਕਰਨ ਦੀ ਹਿੰਮਤ ਦੇਵੇਗਾ।" ਇਸ ਲਈ ਗਿਦਾਊਨ ਆਪਣੇ ਟਹਿਲੂਏ ਪੁਰਾਹ ਨੂੰ ਨਾਲ ਲੈ ਕੇ ਉਨ੍ਹਾਂ ਸਿਪਾਹੀਆਂ ਤੱਕ ਗਿਆ ਜਿਹੜੇ ਛਾਉਣੀ ਦੇ ਬੰਨ੍ਹੇ ਉੱਤੇ ਸਨ। 12 ਮਿਦਯਾਨੀ, ਅਮਾਲੇਕੀ ਅਤੇ ਹੋਰ ਸਾਰੇ ਪੂਰਬੀ ਲੋਕ ਟਿੱਡੀਆਂ ਵਾਂਗ ਘਾਟੀ ਵਿੱਚ ਵੱਸ ਗਏ ਸਨ। ਉਨ੍ਹਾਂ ਦੇ ਊਠ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਅਣਗਿਣਤ ਸਨ।
13 ਗਿਦਾਊਨ ਉੱਥੇ ਪਹੁੰਚਿਆ ਜਦੋਂ ਇੱਕ ਆਦਮੀ ਆਪਣੇ ਇੱਕ ਦੋਸਤ ਨੂੰ ਆਪਣਾ ਸੁਪਨਾ ਦੱਸ ਰਿਹਾ ਸੀ। ਉਹ ਕਹਿ ਰਿਹਾ ਸੀ, "ਮੈਂ ਇੱਕ ਸੁਪਨਾ ਵੇਖਿਆ, ਜੌਂ ਦੀ ਇੱਕ ਰੋਟੀ ਮਿਦਯਾਨੀਆਂ ਦੇ ਡੇਰੇ ਵਿੱਚ ਜਾ ਡਿੱਗੀ। ਇਸ ਨੇ ਤੰਬੂ ਨੂੰ ਇੰਨੀ ਤਾਕਤ ਨਾਲ ਮਾਰਿਆ ਕਿ ਤੰਬੂ ਪਲਟ ਗਿਆ ਅਤੇ ਢਹਿ ਗਿਆ।"
14 ਉਸਦੇ ਦੋਸਤ ਨੇ ਜਵਾਬ ਦਿੱਤਾ, "ਇਹ ਯੋਆਸ਼ ਦੇ ਪੁੱਤਰ ਗਿਦਾਊਨ, ਇੱਕ ਇਸਰਾਏਲੀ ਮਨੁੱਖ ਦੀ ਤਲਵਾਰ ਤੋਂ ਬਿਨ੍ਹਾਂ ਇਸਦਾ ਦਾ ਕੋਈ ਹੋਰ ਅਰਥ ਨਹੀਂ ਹੋ ਸਕਦਾ। ਪਰਮੇਸ਼ਵਰ ਨੇ ਮਿਦਯਾਨੀਆਂ ਅਤੇ ਪੂਰੇ ਡੇਰੇ ਨੂੰ ਉਸਦੇ ਹੱਥਾਂ ਵਿੱਚ ਦੇ ਦਿੱਤਾ ਹੈ।"
15 ਜਦੋਂ ਗਿਦਾਊਨ ਨੇ ਸੁਪਨਾ ਅਤੇ ਇਸਦਾ ਅਰਥ ਸੁਣਿਆ, ਤਾਂ ਉਸਨੇ ਗੋਡੇ ਟੇਕੇ ਅਤੇ ਅਰਾਧਨਾ ਕੀਤੀ। ਉਹ ਇਸਰਾਏਲ ਦੇ ਡੇਰੇ ਵੱਲ ਮੁੜਿਆ ਅਤੇ ਆਖਿਆ, "ਉੱਠੋ! ਯਾਹਵੇਹ ਨੇ ਮਿਦਯਾਨੀਆਂ ਦੇ ਡੇਰੇ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੱਤਾ ਹੈ।" 16 ਤਿੰਨ ਸੌ ਮਨੁੱਖਾਂ ਨੂੰ ਤਿੰਨ ਟੋਲੀਆਂ ਵਿੱਚ ਵੰਡ ਕੇ ਅਤੇ ਇੱਕ-ਇੱਕ ਦੇ ਹੱਥ ਵਿੱਚ ਇੱਕ-ਇੱਕ ਤੁਰ੍ਹੀ ਅਤੇ ਖਾਲੀ ਘੜਾ ਦਿੱਤਾ, ਅਤੇ ਇੱਕ-ਇੱਕ ਮਸ਼ਾਲ ਘੜਿਆਂ ਦੇ ਵਿੱਚ ਰੱਖੀ।
17 ਉਸਨੇ ਉਹਨਾਂ ਨੂੰ ਕਿਹਾ, "ਮੈਨੂੰ ਦੇਖੋ, ਅਤੇ ਮੇਰੇ ਵਾਂਗੂੰ ਹੀ ਕੰਮ ਕਰੋ ਅਤੇ ਸੁਚੇਤ ਰਹੋ। ਜਦੋਂ ਮੈਂ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚ ਜਾਂਵਾ, ਤਾਂ ਜੋ ਕੁਝ ਮੈਂ ਕਰਾਂ ਤੁਸੀਂ ਵੀ ਉਸੇ ਤਰ੍ਹਾਂ ਹੀ ਕਰਨਾ। 18 ਜਦੋਂ ਮੈਂ ਅਤੇ ਮੇਰੇ ਨਾਲ ਦੇ ਸਾਰੇ ਲੋਕ ਆਪਣੀਆਂ ਤੁਰ੍ਹੀਆਂ ਵਜਾਉਂਣ, ਤਦ ਤੁਸੀਂ ਸਾਰੇ ਵੀ ਛਾਉਣੀ ਦੇ ਸਾਰਿਆਂ ਬੰਨ੍ਹਿਆਂ ਉੱਤੇ ਤੁਰ੍ਹੀਆਂ ਵਜਾਉਣਾ ਅਤੇ ਇਹ ਜੈਕਾਰਾ ਬੁਲਾਉਣਾ, ਯਾਹਵੇਹ ਅਤੇ ਗਿਦਾਊਨ ਦੀ ਤਲਵਾਰ!"
19 ਗਿਦਾਊਨ ਅਤੇ ਉਸਦੇ ਨਾਲ ਦੇ ਸੌ ਆਦਮੀ ਦੂਸਰੇ ਪਹਿਰ ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਪਹੁੰਚੇ, ਜਦੋਂ ਉਨ੍ਹਾਂ ਨੇ ਪਹਿਰੇਦਾਰ ਬਦਲਿਆ ਸੀ ਤਾਂ ਉਨ੍ਹਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਜੋ ਘੜੇ ਸਨ ਉਹ ਤੋੜ ਦਿੱਤੇ। 20 ਤਿੰਨਾਂ ਟੋਲੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਘੜਿਆਂ ਨੂੰ ਭੰਨ ਦਿੱਤਾ, ਆਪਣੇ ਖੱਬੇ ਹੱਥਾਂ ਵਿੱਚ ਮਸ਼ਾਲਾਂ ਨੂੰ ਫੜ੍ਹਿਆ ਅਤੇ ਆਪਣੇ ਸੱਜੇ ਹੱਥਾਂ ਵਿੱਚ ਵਜਾਉਣ ਵਾਲੀਆਂ ਤੁਰ੍ਹੀਆਂ ਫੜ੍ਹ ਕੇ ਜ਼ੋਰ ਨਾਲ ਜੈਕਾਰਾ ਬੁਲਾਇਆ, ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, "ਯਾਹਵੇਹ ਦੀ ਅਤੇ ਗਿਦਾਊਨ ਦੀ ਤਲਵਾਰ!" 21 ਹਰ ਇੱਕ ਆਦਮੀ ਡੇਰੇ ਦੇ ਆਲੇ-ਦੁਆਲੇ ਆਪਣੇ ਸਥਾਨ ਤੇ ਖੜਾ ਸੀ, ਤਾਂ ਸਾਰੇ ਮਿਦਯਾਨੀ ਚੀਕ ਮਾਰਦੇ ਹੋਏ ਭੱਜਦੇ ਸਨ।
22 ਉਨ੍ਹਾਂ ਨੇ ਓਹ ਤਿੰਨ ਸੌ ਤੁਰ੍ਹੀਆਂ ਵਜਾਈਆਂ ਅਤੇ ਯਾਹਵੇਹ ਨੇ ਸਭਨਾਂ ਦੀ ਤਲਵਾਰ ਉਨ੍ਹਾਂ ਦੇ ਨਾਲ ਦਿਆਂ ਸਾਥੀਆਂ ਅਤੇ ਸਾਰੀ ਫੌਜ ਉੱਤੇ ਚਲਵਾਈ ਅਤੇ ਫੌਜ ਬੈਤ ਸ਼ਿੱਟਾਹ ਨੂੰ ਸਰੇਰਹ ਦੀ ਵੱਲ ਅਬੇਲ ਮਹੋਲਾਹ ਤੀਕ ਜੋ ਟੱਬਾਥ ਕੋਲ ਹੈ ਭੱਜ ਗਈ। 23 ਨਫ਼ਤਾਲੀ, ਆਸ਼ੇਰ ਅਤੇ ਸਾਰੇ ਮਨੱਸ਼ੇਹ ਵਿੱਚੋਂ ਇਸਰਾਏਲੀਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਮਿਦਯਾਨੀਆਂ ਦਾ ਪਿੱਛਾ ਕੀਤਾ। 24 ਗਿਦਾਊਨ ਨੇ ਇਫ਼ਰਾਈਮ ਦੇ ਸਾਰੇ ਪਹਾੜੀ ਦੇਸ਼ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਕਿਹਾ, "ਆਓ ਅਤੇ ਮਿਦਯਾਨੀਆਂ ਦਾ ਸਾਹਮਣਾ ਕਰੋ ਅਤੇ ਉਨ੍ਹਾਂ ਦੇ ਆਉਣ ਤੋਂ ਪਹਿਲਾ ਯਰਦਨ ਨਦੀ ਦੇ ਘਾਟਾਂ ਨੂੰ ਬੈਤ-ਬਾਰਾਹ ਤੱਕ ਯਰਦਨ ਦੇ ਪਾਣੀਆਂ ਉੱਤੇ ਕਬਜ਼ਾ ਕਰ ਲਓ।"
ਇਸ ਲਈ ਇਫ਼ਰਾਈਮ ਦੇ ਸਾਰੇ ਆਦਮੀਆਂ ਨੇ ਇਕੱਠੇ ਹੋ ਕੇ ਯਰਦਨ ਨਦੀ ਨੂੰ ਬੈਤ-ਬਾਰਾਹ ਤੱਕ ਆਪਣੇ ਕਬਜ਼ੇ ਵਿੱਚ ਲੈ ਲਿਆ। 25 ਉਨ੍ਹਾਂ ਨੇ ਦੋ ਮਿਦਯਾਨੀ ਆਗੂਆਂ, ਓਰੇਬ ਅਤੇ ਜ਼ਏਬ ਨੂੰ ਵੀ ਫੜ੍ਹ ਲਿਆ। ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚੱਟਾਨ ਉੱਤੇ ਅਤੇ ਜ਼ਏਬ ਨੂੰ ਜ਼ਏਬ ਦੇ ਚੁਬਾਰੇ ਉੱਤੇ ਮਾਰਿਆ। ਫਿਰ ਉਹ ਮਿਦਯਾਨੀਆਂ ਦੇ ਪਿੱਛੇ ਪਏ ਅਤੇ ਓਰੇਬ ਅਤੇ ਜ਼ਏਬ ਦੇ ਸਿਰ ਨੂੰ ਜੋ ਯਰਦਨ ਦੇ ਕੰਢੇ ਗਿਦਾਊਨ ਕੋਲ ਲੈ ਆਏ।