1 ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਚਾਲੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦਿੱਤਾ।
2 ਦਾਨ ਦੇ ਟੱਬਰ ਵਿੱਚੋਂ ਮਾਨੋਆਹ ਨਾਮ ਦਾ ਇੱਕ ਆਦਮੀ ਸੀ ਜੋ ਜ਼ੋਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬੇ-ਔਲਾਦ ਸੀ ਅਤੇ ਜਨਮ ਦੇਣ ਵਿੱਚ ਅਯੋਗ ਸੀ। 3 ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, "ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। 4 ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕਿ ਤੂੰ ਕੋਈ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਹੋਰ ਚੀਜ਼ ਨਾ ਪੀਵੀ ਅਤੇ ਤੂੰ ਕੋਈ ਅਸ਼ੁੱਧ ਚੀਜ਼ ਨਾ ਖਾਵੀਂ। 5 ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਸ ਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲੱਗੇ ਕਿਉਂਕਿ ਲੜਕਾ ਇੱਕ ਨਜ਼ੀਰ ਹੋਵੇਗਾ, ਗਰਭ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਹੋਵੇਗਾ। ਉਹ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਉਣ ਲਈ ਅਗਵਾਈ ਕਰੇਗਾ।"
6 ਤਦ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਉਸਨੂੰ ਕਿਹਾ, "ਪਰਮੇਸ਼ਵਰ ਦਾ ਇੱਕ ਆਦਮੀ ਮੇਰੇ ਕੋਲ ਆਇਆ। ਉਹ ਪਰਮੇਸ਼ਵਰ ਦੇ ਦੂਤ ਵਾਂਗ ਦਿਖਾਈ ਦਿੰਦਾ ਸੀ, ਉਹ ਬਹੁਤ ਹੀ ਸ਼ਾਨਦਾਰ ਸੀ। ਮੈਂ ਉਸਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਆਇਆ ਹੈ, ਅਤੇ ਉਸਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ। 7 ਪਰ ਉਸਨੇ ਮੈਨੂੰ ਕਿਹਾ, ਤੂੰ ਗਰਭਵਤੀ ਹੋਵੇਗੀ ਅਤੇ ਤੇਰੇ ਇੱਕ ਪੁੱਤਰ ਹੋਵੇਗਾ। ਇਸ ਲਈ ਹੁਣ ਤੂੰ ਕੋਈ ਦਾਖ਼ਰਸ ਜਾਂ ਕੋਈ ਨਸ਼ੇ ਵਾਲੀ ਚੀਜ਼ ਨਾ ਪੀਵੀ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੀਂ, ਕਿਉਂਕਿ ਉਹ ਮੁੰਡਾ ਗਰਭ ਤੋਂ ਆਪਣੀ ਮੌਤ ਦੇ ਦਿਨ ਤੱਕ ਪਰਮੇਸ਼ਵਰ ਦਾ ਨਜ਼ੀਰ ਰਹੇਗਾ।"
8 ਫਿਰ ਮਾਨੋਆਹ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ ਅਤੇ ਕਿਹਾ, "ਹੇ ਯਾਹਵੇਹ, ਮੇਰੀ ਬੇਨਤੀ ਨੂੰ ਸੁਣ ਅਤੇ ਆਪਣੇ ਸੇਵਕ ਨੂੰ ਮਾਫ਼ ਕਰ ਅਤੇ ਪਰਮੇਸ਼ਵਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫਿਰ ਸਾਡੇ ਕੋਲ ਭੇਜ ਤਾਂ ਉਹ ਸਾਨੂੰ ਇਹ ਸਿਖਾਵੇ ਕਿ ਉਸ ਲੜਕੇ ਦਾ ਪਾਲਣ-ਪੋਸ਼ਣ ਕਿਵੇਂ ਕਰਨਾ ਹੈ ਜੋ ਪੈਦਾ ਹੋਣ ਵਾਲਾ ਹੈ।"
9 ਪਰਮੇਸ਼ਵਰ ਨੇ ਮਾਨੋਆਹ ਨੂੰ ਸੁਣਿਆ, ਅਤੇ ਪਰਮੇਸ਼ਵਰ ਦਾ ਦੂਤ ਉਸ ਔਰਤ ਕੋਲ ਦੁਬਾਰਾ ਆਇਆ ਜਦੋਂ ਉਹ ਖੇਤ ਵਿੱਚ ਸੀ, ਪਰ ਉਸਦਾ ਪਤੀ ਮਾਨੋਆਹ ਉਸਦੇ ਨਾਲ ਨਹੀਂ ਸੀ। 10 ਉਹ ਔਰਤ ਨੇ ਛੇਤੀ ਨਾਲ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, "ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ!"
11 ਮਾਨੋਆਹ ਉੱਠਿਆ ਅਤੇ ਆਪਣੀ ਪਤਨੀ ਦੇ ਮਗਰ ਤੁਰ ਪਿਆ। ਜਦੋਂ ਉਹ ਆਦਮੀ ਕੋਲ ਆਇਆ, ਉਸਨੇ ਕਿਹਾ, "ਕੀ ਤੁਸੀਂ ਉਹ ਆਦਮੀ ਹੋ ਜਿਸਨੇ ਮੇਰੀ ਪਤਨੀ ਨਾਲ ਗੱਲ ਕੀਤੀ ਸੀ?"
ਉਸਨੇ ਕਿਹਾ, "ਮੈਂ ਉਹੀ ਹਾਂ।"
12 ਇਸ ਲਈ ਮਾਨੋਆਹ ਨੇ ਉਸ ਨੂੰ ਪੁੱਛਿਆ, "ਜਦੋਂ ਤੇਰੀ ਗੱਲ ਪੂਰੀ ਹੋ ਜਾਵੇ, ਤਾਂ ਉਸ ਮੁੰਡੇ ਦੇ ਜੀਵਨ ਅਤੇ ਕੰਮ ਲਈ ਕਿਸ ਨਿਯਮ ਦਾ ਪਾਲਣ ਕੀਤਾ ਜਾਵੇ?"
13 ਯਾਹਵੇਹ ਦੇ ਦੂਤ ਨੇ ਮਾਨੋਆਹ ਨੂੰ ਜਵਾਬ ਦਿੱਤਾ, "ਤੇਰੀ ਪਤਨੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਮੈਂ ਉਸਨੂੰ ਕਿਹਾ ਹੈ। 14 ਉਹ ਅੰਗੂਰਾਂ ਦੀ ਕੋਈ ਵੀ ਬਣੀ ਚੀਜ਼ ਨਾ ਖਾਵੇ, ਨਾ ਕੋਈ ਦਾਖ਼ਰਸ ਨਾ ਕੋਈ ਹੋਰ ਨਸ਼ੇ ਵਾਲੀ ਚੀਜ਼ ਅਤੇ ਨਾ ਹੀ ਕੋਈ ਅਸ਼ੁੱਧ ਚੀਜ਼ ਖਾਵੇ। ਉਸਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜਿਸਦਾ ਮੈਂ ਉਸਨੂੰ ਹੁਕਮ ਦਿੱਤਾ ਹੈ।"
15 ਮਾਨੋਆਹ ਨੇ ਯਾਹਵੇਹ ਦੇ ਦੂਤ ਨੂੰ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਦੋਂ ਤੱਕ ਰੁਕੋ ਜਦੋਂ ਤੱਕ ਅਸੀਂ ਤੁਹਾਡੇ ਲਈ ਇੱਕ ਲੇਲਾ ਤਿਆਰ ਨਹੀਂ ਕਰ ਲੈਂਦੇ।"
16 ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, "ਭਾਵੇਂ ਤੁਸੀਂ ਮੈਨੂੰ ਰੋਕਦੇ ਹੋ, ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ, ਪਰ ਜੇ ਤੁਸੀਂ ਹੋਮ ਦੀ ਭੇਟ ਤਿਆਰ ਕਰਦੇ ਹੋ, ਤਾਂ ਇਸ ਨੂੰ ਯਾਹਵੇਹ ਨੂੰ ਚੜ੍ਹਾਓ।" ਮਾਨੋਆਹ ਨੂੰ ਇਹ ਨਹੀਂ ਪਤਾ ਸੀ ਕਿ ਇਹ ਯਾਹਵੇਹ ਦਾ ਦੂਤ ਸੀ।
17 ਤਦ ਮਾਨੋਆਹ ਨੇ ਯਾਹਵੇਹ ਦੇ ਦੂਤ ਤੋਂ ਪੁੱਛਿਆ, "ਤੇਰਾ ਨਾਮ ਕੀ ਹੈ, ਤਾਂ ਜੋ ਜਦੋਂ ਤੇਰਾ ਬਚਨ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਕਰੀਏ?"
18 ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, "ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋ? ਇਹ ਸਮਝ ਤੋਂ ਪਰੇ ਹੈ।" 19 ਫਿਰ ਮਾਨੋਆਹ ਨੇ ਅਨਾਜ਼ ਦੀ ਭੇਟ ਸਮੇਤ ਇੱਕ ਬੱਕਰੀ ਦਾ ਬੱਚਾ ਲਿਆ ਅਤੇ ਉਸਨੂੰ ਇੱਕ ਚੱਟਾਨ ਉੱਤੇ ਯਾਹਵੇਹ ਲਈ ਚੜ੍ਹਾਇਆ ਅਤੇ ਯਾਹਵੇਹ ਨੇ ਇੱਕ ਅਦਭੁਤ ਕੰਮ ਕੀਤਾ ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਦੇਖਿਆ: 20 ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ। 21 ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।
22 ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ "ਅਸੀਂ ਮਰਨ ਹੀ ਵਾਲੇ ਹਾਂ! ਅਸੀਂ ਪਰਮੇਸ਼ਵਰ ਨੂੰ ਦੇਖਿਆ ਹੈ!"
23 ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, "ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।"
24 ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸਮਸੂਨ ਰੱਖਿਆ। ਉਹ ਵੱਡਾ ਹੋਇਆ ਅਤੇ ਯਾਹਵੇਹ ਨੇ ਉਸਨੂੰ ਅਸੀਸ ਦਿੱਤੀ, 25 ਉਸ ਸਮੇਂ ਯਾਹਵੇਹ ਦਾ ਆਤਮਾ ਉਸ ਨੂੰ ਮਹਨੇਹ-ਦਾਨ ਵਿੱਚ, ਜੋ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਹੈ, ਉਕਸਾਉਣ ਲੱਗਾ।