1 ਜਦੋਂ ਸਾਰੀ ਕੌਮ ਯਰਦਨ ਪਾਰ ਕਰ ਚੁੱਕੀ ਸੀ, ਤਾਂ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, 2 "ਲੋਕਾਂ ਵਿੱਚੋਂ ਬਾਰਾਂ ਆਦਮੀਆਂ ਅਤੇ ਹਰੇਕ ਗੋਤ ਵਿੱਚੋਂ ਇੱਕ ਨੂੰ ਚੁਣੋ, 3 ਅਤੇ ਉਨ੍ਹਾਂ ਨੂੰ ਕਹੋ ਕਿ ਉਹ ਯਰਦਨ ਦੇ ਵਿਚਕਾਰੋਂ ਸੱਜੇ ਪਾਸੇ ਤੋਂ ਜਿੱਥੇ ਜਾਜਕ ਖੜ੍ਹੇ ਹਨ, ਬਾਰਾਂ ਪੱਥਰ ਚੁੱਕ ਕੇ ਆਪਣੇ ਨਾਲ ਲੈ ਜਾਣ ਅਤੇ ਉਨ੍ਹਾਂ ਨੂੰ ਉਸ ਥਾਂ ਉੱਤੇ ਰੱਖ ਦੇਣ ਜਿੱਥੇ ਤੁਸੀਂ ਅੱਜ ਰਾਤ ਠਹਿਰਨਾ ਹੈ।"
4 ਇਸ ਲਈ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਆਦਮੀਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ ਨੂੰ ਚੁਣਿਆ ਸੀ, 5 ਅਤੇ ਯੇਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ, "ਯਰਦਨ ਦੇ ਵਿਚਕਾਰ ਆਪਣੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ, 6 ਇਹ ਤੁਹਾਡੇ ਵਿਚਕਾਰ ਇੱਕ ਨਿਸ਼ਾਨੀ ਹੋਵੇ। ਭਵਿੱਖ ਵਿੱਚ, ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’ 7 ਤਾਂ ਉਨ੍ਹਾਂ ਨੂੰ ਦੱਸੋ ਕਿ ਯਰਦਨ ਦਾ ਪਾਣੀ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਵੱਖੋ-ਵੱਖ ਹੋ ਗਿਆ ਸੀ। ਜਦੋਂ ਲੋਕ ਯਰਦਨ ਦੇ ਪਾਰ ਗਏ, ਤਾਂ ਯਰਦਨ ਦਾ ਪਾਣੀ ਵੱਖੋ-ਵੱਖ ਹੋ ਗਿਆ ਅਤੇ ਇਹ ਪੱਥਰ ਇਸਰਾਏਲ ਦੇ ਲੋਕਾਂ ਲਈ ਸਦਾ ਲਈ ਇੱਕ ਯਾਦਗਾਰ ਬਣਨਗੇ।"
8 ਇਸ ਲਈ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯੇਹੋਸ਼ੁਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਉਨ੍ਹਾਂ ਨੇ ਯਰਦਨ ਦੇ ਵਿਚਕਾਰੋਂ ਬਾਰਾਂ ਪੱਥਰ ਲਏ, ਜਿਵੇਂ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਡੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਪੱਥਰਾਂ ਨੂੰ ਹੇਠਾਂ ਰੱਖਿਆ। 9 ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।
10 ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯੇਹੋਸ਼ੁਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯੇਹੋਸ਼ੁਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ, 11 ਅਤੇ ਜਿਵੇਂ ਹੀ ਉਹ ਸਾਰੇ ਪਾਰ ਹੋ ਗਏ, ਲੋਕਾਂ ਦੇ ਵੇਖਦੇ-ਵੇਖਦੇ ਹੀ ਯਾਹਵੇਹ ਦਾ ਸੰਦੂਕ ਅਤੇ ਜਾਜਕ ਦੂਜੇ ਪਾਸੇ ਆ ਗਏ। 12 ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਆਦਮੀ ਇਸਰਾਏਲੀਆਂ ਦੇ ਸਾਹਮਣੇ ਲੜਾਈ ਲਈ ਤਿਆਰ ਸਨ, ਜਿਵੇਂ ਮੋਸ਼ੇਹ ਨੇ ਉਨ੍ਹਾਂ ਨੂੰ ਕਿਹਾ ਸੀ, ਪਾਰ ਲੰਘ ਗਏ। 13 ਲਗਭਗ ਚਾਲੀ ਹਜ਼ਾਰ ਆਦਮੀ ਲੜਾਈ ਲਈ ਹਥਿਆਰਬੰਦ ਹੋ ਕੇ ਲੜਾਈ ਲਈ ਯਾਹਵੇਹ ਦੇ ਸਨਮੁਖ ਯਰੀਹੋ ਦੇ ਮੈਦਾਨਾਂ ਨੂੰ ਪਾਰ ਕਰ ਗਏ।
14 ਉਸ ਦਿਨ ਯਾਹਵੇਹ ਨੇ ਸਾਰੇ ਇਸਰਾਏਲ ਦੇ ਸਾਹਮਣੇ ਯੇਹੋਸ਼ੁਆ ਨੂੰ ਉੱਚਾ ਕੀਤਾ ਅਤੇ ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਤੋਂ ਡਰਦੇ ਰਹੇ, ਜਿਵੇਂ ਕਿ ਉਹ ਮੋਸ਼ੇਹ ਤੋਂ ਡਰਦੇ ਸਨ।
15 ਤਦ ਯਾਹਵੇਹ ਨੇ ਯੇਹੋਸ਼ੁਆ ਨੂੰ ਆਖਿਆ, 16 "ਨੇਮ ਦੇ ਸੰਦੂਕ ਨੂੰ ਲੈ ਕੇ ਜਾ ਰਹੇ ਜਾਜਕਾਂ ਨੂੰ ਯਰਦਨ ਵਿੱਚੋਂ ਬਾਹਰ ਆਉਣ ਦਾ ਹੁਕਮ ਦੇ।"
17 ਇਸ ਲਈ ਯੇਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ, "ਯਰਦਨ ਵਿੱਚੋਂ ਬਾਹਰ ਆ ਜਾਓ।"
18 ਅਤੇ ਜਾਜਕ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲੈ ਕੇ ਨਦੀ ਵਿੱਚੋਂ ਬਾਹਰ ਆਏ। ਜਿਵੇਂ ਹੀ ਉਨ੍ਹਾਂ ਨੇ ਸੁੱਕੀ ਜ਼ਮੀਨ ਉੱਤੇ ਆਪਣੇ ਪੈਰ ਰੱਖੇ ਸਨ ਤਾਂ ਯਰਦਨ ਦਾ ਪਾਣੀ ਆਪਣੇ ਸਥਾਨ ਤੇ ਵਾਪਸ ਆ ਗਿਆ ਅਤੇ ਪਹਿਲਾਂ ਵਾਂਗ ਆਪਣਿਆ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।
19 ਪਹਿਲੇ ਮਹੀਨੇ ਦੇ ਦਸਵੇਂ ਦਿਨ ਲੋਕ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਪੂਰਬੀ ਸਰਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ। 20 ਅਤੇ ਯੇਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ। 21 ਉਸ ਨੇ ਇਸਰਾਏਲੀਆਂ ਨੂੰ ਕਿਹਾ, "ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’ 22 ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’ 23 ਕਿਉਂਕਿ ਤੁਹਾਡੇ ਪਰਮੇਸ਼ਵਰ ਨੇ ਯਰਦਨ ਨਦੀ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ ਜਦੋਂ ਤੱਕ ਤੁਸੀਂ ਪਾਰ ਨਹੀਂ ਹੋ ਗਏ। ਤੁਹਾਡੇ ਪਰਮੇਸ਼ਵਰ ਨੇ ਯਰਦਨ ਨਾਲ ਉਹੀ ਕੀਤਾ ਜੋ ਉਸਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸਨੇ ਇਸਨੂੰ ਸਾਡੇ ਸਾਹਮਣੇ ਸੁੱਕਾ ਦਿੱਤਾ ਜਦੋਂ ਤੱਕ ਅਸੀਂ ਪਾਰ ਨਹੀਂ ਹੋ ਗਏ। 24 ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਸਕਣ ਕਿ ਯਾਹਵੇਹ ਦਾ ਹੱਥ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਆਪਣੇ ਯਾਹਵੇਹ ਤੋਂ ਡਰਦੇ ਰਹੋ।"