ਯਿਸ਼ੂ ਜੀ ਦਾ ਰਾਜਾ ਦੇ ਰੂਪ ਵਿੱਚ ਯੇਰੁਸ਼ੇਲੇਮ ਵਿੱਚ ਦਾਖਲ ਹੋਣਾ
1 ਜਦੋਂ ਯਿਸ਼ੂ ਅਤੇ ਉਹ ਦੇ ਚੇਲੇ ਯੇਰੂਸ਼ਲੇਮ ਆਏ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਥਫ਼ਗੇ ਕੋਲ ਪਹੁੰਚੇ, ਯਿਸ਼ੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 2 ਉਹਨਾਂ ਨੂੰ ਕਿਹਾ, "ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਹਮਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ। 3 ਜੇ ਕੋਈ ਤੁਹਾਨੂੰ ਪੁੱਛੇ, ‘ਜੋ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’ ਤਾਂ ਆਖਣਾ, ‘ਜੋ ਪ੍ਰਭੂ ਨੂੰ ਇਸਦੀ ਜ਼ਰੂਰਤ ਹੈ ਤਾਂ ਉਹ ਝੱਟ ਉਸ ਨੂੰ ਇੱਧਰ ਭੇਜ ਦੇਵੇਗਾ।’ "
4 ਉਹ ਗਏ ਅਤੇ ਉਹਨਾਂ ਨੇ ਗਲੀ ਦੇ ਬਾਹਰ ਇੱਕ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਦੇ ਕੋਲ ਬੰਨ੍ਹਿਆ ਵੇਖਿਆ। ਜਿਵੇਂ ਹੀ ਉਹਨਾਂ ਨੇ ਉਸ ਨੂੰ ਖੋਲ੍ਹਿਆ, 5 ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜੇ ਸਨ ਉਨ੍ਹਾਂ ਨੂੰ ਕਹਿਣ ਲੱਗੇ, "ਤੁਸੀਂ ਇਹ ਕੀ ਕਰਦੇ ਹੋ ਜੋ ਗਧੀ ਦੇ ਬੱਚੇ ਨੂੰ ਖੋਲ੍ਹਦੇ ਹੋ?" 6 ਉਹਨਾਂ ਨੇ ਉੱਤਰ ਦਿੱਤਾ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ, ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ। 7 ਜਦੋਂ ਉਹ ਗਧੀ ਦੇ ਬੱਚੇ ਨੂੰ ਯਿਸ਼ੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ, ਯਿਸ਼ੂ ਉਸ ਉੱਤੇ ਬੈਠ ਗਿਆ। 8 ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਜਦ ਕਿ ਦੂਸਰੇ ਲੋਕਾਂ ਨੇ ਟਹਿਣੀਆਂ ਨੂੰ ਵਿਛਾਇਆ ਜਿਹੜੀਆਂ ਉਹਨਾਂ ਨੇ ਖੇਤਾਂ ਵਿੱਚੋਂ ਵੱਢੀਆਂ ਸਨ। 9 ਜਿਹੜੇ ਅੱਗੇ-ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ,
"ਹੋਸਨਾ!"11:9 ਹੋਸਨਾ ਇਬਰਾਨੀ ਭਾਸ਼ਾ ਦਾ ਮਤਲਬ ਸਾਨੂੰ ਬਚਾ; ਇੱਕ ਅਰਦਾਸ
"ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!"11:9 ਜ਼ਬੂ 118:25-26
10 "ਮੁਬਾਰਕ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!"
"ਹੋਸਨਾ ਉੱਚੇ ਸਵਰਗ ਦੇ ਵਿੱਚ!"
11 ਯਿਸ਼ੂ ਯੇਰੂਸ਼ਲੇਮ ਵਿੱਚ ਦਾਖਲ ਹੋਇਆ ਅਤੇ ਹੈਕਲ ਦੇ ਵਿਹੜੇ ਵਿੱਚ ਗਿਆ। ਉਹ ਨੇ ਆਲੇ-ਦੁਆਲੇ ਹਰ ਚੀਜ਼ ਵੱਲ ਵੇਖਿਆ, ਪਰ ਦੇਰ ਹੋਣ ਕਾਰਨ, ਉਹ ਬਾਰ੍ਹਾਂ ਚੇਲਿਆਂ ਨਾਲ ਬੈਥਨੀਆ ਚਲਾ ਗਿਆ।