3 ਕੁਝ ਲੋਕ ਇੱਕ ਅਧਰੰਗੀ ਨੂੰ ਯਿਸ਼ੂ ਦੇ ਕੋਲ ਲੈ ਕੇ ਆਏ, ਜਿਸਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ। 4 ਭੀੜ ਦੇ ਕਾਰਨ ਉਹ ਯਿਸ਼ੂ ਦੇ ਕੋਲ ਪਹੁੰਚ ਨਾ ਸਕੇ, ਇਸ ਲਈ ਉਹਨਾਂ ਨੇ ਜਿੱਥੇ ਯਿਸ਼ੂ ਸਨ, ਉੱਥੇ ਦੀ ਕੱਚੀ ਛੱਤ ਨੂੰ ਹਟਾ ਕੇ ਉੱਥੇ ਉਸ ਰੋਗੀ ਨੂੰ ਵਿਛੌਣੇ ਸਮੇਤ ਹੇਠਾਂ ਉਤਾਰ ਦਿੱਤਾ। 5 ਉਹਨਾਂ ਦੇ ਵਿਸ਼ਵਾਸ ਨੂੰ ਵੇਖ, ਯਿਸ਼ੂ ਨੇ ਅਧਰੰਗੀ ਨੂੰ ਕਿਹਾ, "ਹੇ ਪੁੱਤਰ, ਤੇਰੇ ਪਾਪ ਮਾਫ਼ ਹੋ ਚੁੱਕੇ ਹਨ।"
6 ਉੱਥੇ ਮੌਜੂਦ ਕੁਝ ਧਰਮ ਦੇ ਉਪਦੇਸ਼ਕ ਆਪਣੇ ਮਨ ਵਿੱਚ ਇਹ ਵਿਚਾਰ ਕਰਨ ਲੱਗੇ, 7 "ਇਹ ਵਿਅਕਤੀ ਅਜਿਹਾ ਕਿਉਂ ਕਹਿ ਰਿਹਾ ਹੈ? ਇਹ ਤਾਂ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ! ਪਰਮੇਸ਼ਵਰ ਤੋਂ ਇਲਾਵਾ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?"
8 ਉਸੇ ਪਲ ਯਿਸ਼ੂ ਨੇ ਆਪਣੀ ਆਤਮਾ ਵਿੱਚ ਇਹ ਜਾਣ ਕੇ ਜੋ ਉਹ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹਨ, ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, "ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 9 ਕਿਹੜੀ ਗੱਲ ਸੌਖੀ ਹੈ, ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ,’ ਜਾਂ ਇਹ, ‘ਉੱਠ! ਆਪਣਾ ਵਿਛੌਣਾ ਚੁੱਕ ਅਤੇ ਤੁਰ ਫਿਰ?’ 10 ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।" ਫਿਰ ਯਿਸ਼ੂ ਨੇ ਰੋਗੀ ਨੂੰ ਕਿਹਾ, 11 "ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਚਲਾ ਜਾ।" 12 ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਚੁੱਕ ਕੇ ਉਹਨਾਂ ਸਭਨਾਂ ਦੇ ਵੇਖਦੇ-ਵੇਖਦੇ ਉੱਥੋਂ ਚਲਾ ਗਿਆ। ਇਸ ਉੱਤੇ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, "ਅਜਿਹਾ ਅਸੀਂ ਕਦੇ ਨਹੀਂ ਵੇਖਿਆ।"