Publicidade

1 Crônicas 29

ਭਵਨ ਬਣਾਉਣ ਲਈ ਤੋਹਫ਼ੇ

1 ਤਦ ਰਾਜਾ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, "ਮੇਰਾ ਪੁੱਤਰ ਸ਼ਲੋਮੋਨ, ਜਿਸ ਨੂੰ ਪਰਮੇਸ਼ਵਰ ਨੇ ਚੁਣਿਆ ਹੈ, ਜਵਾਨ ਅਤੇ ਘੱਟ ਤਜਰਬੇਕਾਰ ਦਾ ਹੈ। ਕੰਮ ਬਹੁਤ ਵੱਡਾ ਹੈ, ਕਿਉਂ ਜੋ ਉਹ ਭਵਨ ਮਨੁੱਖ ਦੇ ਲਈ ਨਹੀਂ ਸਗੋਂ ਯਾਹਵੇਹ ਪਰਮੇਸ਼ਵਰ ਦੇ ਲਈ ਹੋਵੇਗਾ। 2 ਮੈਂ ਤਾਂ ਆਪਣੀ ਸਾਰੀ ਸ਼ਕਤੀ ਨਾਲ ਆਪਣੇ ਪਰਮੇਸ਼ਵਰ ਦੀ ਹੈਕਲ ਦੇ ਲਈ ਤਿਆਰੀ ਕੀਤੀ ਹੈ, ਸੋਨੇ ਦੀਆਂ ਵਸਤਾਂ ਦੇ ਲਈ ਸੋਨਾ, ਚਾਂਦੀ ਦੀਆਂ ਵਸਤਾਂ ਦੇ ਲਈ ਚਾਂਦੀ, ਪਿੱਤਲ ਦੀਆਂ ਵਸਤਾਂ ਦੇ ਲਈ ਪਿੱਤਲ, ਲੋਹੇ ਵਾਲੀਆਂ ਵਸਤਾਂ ਲਈ ਲੋਹਾ, ਲੱਕੜ ਗੜ੍ਹਾਂ ਦੇ ਲਈ ਲੱਕੜ, ਬਲੌਰੀ ਪੱਥਰ, ਜੜਨ ਘੜਨ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਹਰੇਕ ਪਰਕਾਰ ਦੇ ਅਨਮੋਲ ਪੱਥਰ ਅਤੇ ਬੇਅੰਤ ਚਿੱਟੇ ਪੱਥਰ ਤਿਆਰ ਕੀਤੇ। 3 ਇਸ ਤੋਂ ਇਲਾਵਾ, ਮੈਂ ਆਪਣਾ ਮਨ ਆਪਣੇ ਪਰਮੇਸ਼ਵਰ ਦੇ ਭਵਨ ਉੱਤੇ ਲਾਇਆ ਹੈ, ਇਸ ਲਈ ਮੈਂ ਇਸ ਤੋਂ ਇਲਾਵਾ ਜੋ ਮੈਂ ਪਵਿੱਤਰ ਸਥਾਨ ਦੇ ਲਈ ਤਿਆਰ ਕਰ ਛੱਡਿਆ, ਮੈਂ ਆਪਣੇ ਨਿੱਜ ਧਨ ਵਿੱਚੋਂ ਆਪਣੇ ਪਰਮੇਸ਼ਵਰ ਦੇ ਘਰ ਲਈ ਸੋਨਾ ਅਤੇ ਚਾਂਦੀ ਦਿੰਦਾ ਹਾਂ: 4 ਤਿੰਨ ਹਜ਼ਾਰ ਤੋੜੇ ਸੋਨਾ (ਓਫੀਰ ਦਾ ਸੋਨਾ) ਅਤੇ ਸੱਤ ਹਜ਼ਾਰ ਤੋੜੇ ਸ਼ੁੱਧ ਚਾਂਦੀ, ਇਮਾਰਤਾਂ ਦੀਆਂ ਕੰਧਾਂ ਤੇ ਮੜ੍ਹਨ ਲਈ, 5 ਸੋਨੇ ਦੇ ਕੰਮ ਲਈ ਅਤੇ ਚਾਂਦੀ ਦੇ ਕੰਮ ਲਈ ਅਤੇ ਕਾਰੀਗਰਾਂ ਦੁਆਰਾ ਕੀਤੇ ਜਾਣ ਵਾਲੇ ਸਾਰੇ ਕੰਮ ਲਈ। ਹੁਣ, ਅੱਜ ਕੌਣ ਆਪਣੇ ਆਪ ਨੂੰ ਯਾਹਵੇਹ ਲਈ ਸਮਰਪਿਤ ਕਰਨ ਲਈ ਤਿਆਰ ਹੈ?"

6 ਤਦ ਘਰਾਣਿਆਂ ਦੇ ਸਰਦਾਰਾਂ ਨੇ, ਇਸਰਾਏਲ ਦੇ ਗੋਤਾਂ ਦੇ ਸਰਦਾਰਾਂ, ਹਜ਼ਾਰਾਂ ਦੇ ਸਰਦਾਰਾਂ ਅਤੇ ਸੈਂਕੜਿਆਂ ਦੇ ਸਰਦਾਰਾਂ ਅਤੇ ਰਾਜੇ ਦੇ ਕੰਮ ਦੇ ਮੁਖੀਆਂ ਨੇ ਖੁਸ਼ੀ ਨਾਲ ਦਿੱਤਾ। 7 ਅਤੇ ਉਨ੍ਹਾਂ ਨੇ ਪਰਮੇਸ਼ਵਰ ਦੇ ਭਵਨ ਦੀ ਟਹਿਲ ਸੇਵਾ ਲਈ ਇੱਕ ਸੌ ਅਠਾਸੀ ਟਨ ਸੋਨਾ ਅਤੇ ਦਸ ਹਜ਼ਾਰ ਮੋਹਰਾਂ ਅਤੇ ਲਗਭਗ ਤਿੰਨ ਸੌ ਪੰਝੱਤਰ ਟਨ ਚਾਂਦੀ ਅਤੇ ਛੇ ਸੌ ਪੰਝੱਤਰ ਟਨ ਪਿੱਤਲ ਅਤੇ ਤਿੰਨ ਹਜ਼ਾਰ ਸੱਤ ਸੌ ਟਨ ਲੋਹਾ ਦਿੱਤਾ। 8 ਜਿਸ ਕਿਸੇ ਕੋਲ ਵੀ ਕੀਮਤੀ ਪੱਥਰ ਸਨ, ਉਹਨਾਂ ਨੇ ਉਹਨਾਂ ਨੂੰ ਗੇਰਸ਼ੋਨੀ ਯਹੀਏਲ ਦੀ ਹਿਰਾਸਤ ਵਿੱਚ ਯਾਹਵੇਹ ਦੇ ਭਵਨ ਦੇ ਖਜ਼ਾਨੇ ਵਿੱਚ ਦੇ ਦਿੱਤੇ। 9 ਤਾਂ ਲੋਕਾਂ ਨੇ ਵੱਡਾ ਅਨੰਦ ਕੀਤਾ ਇਸ ਕਾਰਨ ਜੋ ਉਨ੍ਹਾਂ ਨੇ ਮਨ ਦੇ ਖੁਸ਼ੀ ਨਾਲ ਭੇਟਾਂ ਦਿੱਤੀਆਂ ਸਨ, ਕਿਉਂ ਜੋ ਸਿੱਧੇ ਮਨ ਨਾਲ ਉਨ੍ਹਾਂ ਨੇ ਯਾਹਵੇਹ ਦੇ ਲਈ ਭੇਟਾਂ ਚੜ੍ਹਾਈਆਂ ਸਨ ਅਤੇ ਦਾਵੀਦ ਪਾਤਸ਼ਾਹ ਨੇ ਵੀ ਬਹੁਤ ਅਨੰਦ ਕੀਤਾ।

ਦਾਵੀਦ ਦੀ ਪ੍ਰਾਰਥਨਾ

10 ਦਾਵੀਦ ਨੇ ਸਾਰੀ ਸਭਾ ਦੇ ਸਾਹਮਣੇ ਯਾਹਵੇਹ ਦੀ ਉਸਤਤ ਕਰਦੇ ਹੋਏ ਕਿਹਾ,

"ਯਾਹਵੇਹ ਦੀ ਮਹਿਮਾ ਹੋਵੇ

ਸਾਡੇ ਪਿਤਾ ਇਸਰਾਏਲ ਦੇ ਪਰਮੇਸ਼ਵਰ,

ਤੂੰ ਸਦੀਪਕਾਲ ਤੱਕ ਧੰਨ ਹੋ।

11 ਹੇ ਯਾਹਵੇਹ, ਵਡਿਆਈ ਅਤੇ ਸ਼ਕਤੀ

ਅਤੇ ਮਹਿਮਾ, ਪਰਤਾਪ ਅਤੇ ਫਤਹਿ ਤੇਰੀ ਹੈ,

ਕਿਉਂਕਿ ਅਕਾਸ਼ ਅਤੇ ਧਰਤੀ ਵਿੱਚ ਸਭ ਕੁਝ ਤੇਰਾ ਹੈ।

ਹੇ ਯਾਹਵੇਹ, ਰਾਜ ਤੇਰਾ ਹੀ ਹੈ;

ਤੂੰ ਸਾਰਿਆਂ ਦੇ ਸਿਰ ਉੱਤੇ ਉੱਚੇ ਤੋਂ ਉੱਚਾ ਹੈ।

12 ਦੌਲਤ ਅਤੇ ਇੱਜ਼ਤ ਤੇਰੇ ਵੱਲੋਂ ਆਉਂਦੀ ਹੈ।

ਤੂੰ ਸਾਰੀਆਂ ਚੀਜ਼ਾਂ ਦਾ ਹਾਕਮ ਹੈ।

ਤੇਰੇ ਹੱਥਾਂ ਵਿੱਚ ਸ਼ਕਤੀ ਅਤੇ ਬਲ ਹੈ

ਸਾਰਿਆਂ ਨੂੰ ਉੱਚਾ ਕਰਨ ਅਤੇ ਤਾਕਤ ਦੇਣ ਲਈ।

13 ਹੁਣ, ਹੇ ਸਾਡੇ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ,

ਅਤੇ ਤੇਰੇ ਪ੍ਰਤਾਪ ਵਾਲੇ ਨਾਮ ਦੀ ਉਸਤਤ ਕਰਦੇ ਹਾਂ।

14 "ਪਰ ਮੈਂ ਕੌਣ ਹਾਂ ਅਤੇ ਮੇਰੇ ਲੋਕ ਕੌਣ ਹਨ ਜੋ ਅਸੀਂ ਇਸ ਪ੍ਰਕਾਰ ਮਨ ਦੇ ਪ੍ਰੇਮ ਨਾਲ ਭੇਟਾਂ ਚੜ੍ਹਾਉਣ ਦੀ ਸ਼ਕਤੀ ਰੱਖੀਏ? ਕਿਉਂ ਜੋ ਸਾਰੀਆਂ ਵਸਤਾਂ ਤੇਰੀ ਵੱਲੋਂ ਹੀ ਆਉਂਦੀਆਂ ਹਨ ਅਤੇ ਤੇਰੇ ਹੱਥ ਦੀ ਦਾਤ ਤੋਂ ਅਸੀਂ ਤੈਨੂੰ ਦਿੱਤਾ ਹੈ। 15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗੂੰ ਤੇਰੇ ਅੱਗੇ ਓਪਰੇ ਅਤੇ ਰਾਹੀ ਹਾਂ, ਧਰਤੀ ਉੱਤੇ ਸਾਡੇ ਦਿਨ ਛਾਂ ਵਾਂਗੂੰ ਹਨ ਅਤੇ ਕੁਝ ਠਿਕਾਣਾ ਹੈ ਨਹੀਂ। 16 ਹੇ ਯਾਹਵੇਹ, ਸਾਡੇ ਪਰਮੇਸ਼ਵਰ, ਇਹ ਸਾਰੀ ਬਹੁਤਾਤ ਜੋ ਅਸੀਂ ਤੁਹਾਡੇ ਪਵਿੱਤਰ ਨਾਮ ਲਈ ਇੱਕ ਭਵਨ ਬਣਾਉਣ ਲਈ ਪ੍ਰਦਾਨ ਕੀਤੀ ਹੈ, ਤੁਹਾਡੇ ਹੱਥੋਂ ਆਉਂਦੀ ਹੈ, ਅਤੇ ਇਹ ਸਾਰਾ ਕੁਝ ਤੇਰਾ ਹੈ। 17 ਹੇ ਮੇਰੇ ਪਰਮੇਸ਼ਵਰ, ਮੈਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਪਰਖਦਾ ਹੈ ਅਤੇ ਖਰਿਆਈ ਨਾਲ ਪ੍ਰਸੰਨ ਹੈ। ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਇੱਛਾ ਨਾਲ ਅਤੇ ਇਮਾਨਦਾਰੀ ਨਾਲ ਦਿੱਤੀਆਂ ਹਨ ਅਤੇ ਹੁਣ ਮੈਂ ਖੁਸ਼ੀ ਨਾਲ ਦੇਖਿਆ ਹੈ ਕਿ ਤੁਹਾਡੇ ਲੋਕਾਂ ਨੇ ਜੋ ਇੱਥੇ ਹਨ ਤੁਹਾਨੂੰ ਕਿੰਨੀ ਖੁਸ਼ੀ ਨਾਲ ਦਿੱਤਾ ਹੈ। 18 ਹੇ ਯਾਹਵੇਹ, ਸਾਡੇ ਪੁਰਖਿਆਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦੇ ਪਰਮੇਸ਼ਵਰ, ਆਪਣੀ ਪਰਜਾ ਦੇ ਹਿਰਦਿਆਂ ਦੇ ਧਿਆਨ ਅਤੇ ਵਿਚਾਰਾਂ ਵਿੱਚ ਸਦਾ ਇਹ ਦ੍ਰਿੜ੍ਹ ਕਰ। 19 ਅਤੇ ਮੇਰੇ ਪੁੱਤਰ ਸ਼ਲੋਮੋਨ ਨੂੰ ਸੱਚਾ ਮਨ ਬਖ਼ਸ਼ ਤਾਂ ਜੋ ਉਹ ਤੇਰਿਆਂ ਹੁਕਮਾਂ ਅਤੇ ਸਾਖੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਇੰਨ੍ਹਾਂ ਸਭਨਾਂ ਦੇ ਅਨੁਸਾਰ ਚੱਲੇ ਅਤੇ ਉਸ ਭਵਨ ਨੂੰ ਉਸਾਰੇ, ਜਿਸ ਦੇ ਲਈ ਮੈਂ ਤਿਆਰੀ ਕੀਤੀ ਹੈ।"

20 ਤਦ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, "ਯਾਹਵੇਹ ਆਪਣੇ ਪਰਮੇਸ਼ਵਰ ਦੀ ਉਸਤਤ ਕਰੋ।" ਇਸ ਲਈ ਉਹਨਾਂ ਸਾਰਿਆਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਸਤਤ ਕੀਤੀ। ਉਹਨਾਂ ਨੇ ਆਪਣੇ ਆਪ ਨੂੰ ਯਾਹਵੇਹ ਅਤੇ ਰਾਜੇ ਅੱਗੇ ਮੱਥਾ ਟੇਕਿਆ।

ਸ਼ਲੋਮੋਨ ਨੂੰ ਰਾਜਾ ਮੰਨ ਲਿਆ ਗਿਆ

21 ਅਗਲੇ ਦਿਨ ਉਹਨਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਉਸ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਇੱਕ ਹਜ਼ਾਰ ਬਲਦ, ਇੱਕ ਹਜ਼ਾਰ ਭੇਡੂ ਅਤੇ ਇੱਕ ਹਜ਼ਾਰ ਭੇਡ ਦੇ ਬੱਚੇ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਅਤੇ ਸਾਰੇ ਇਸਰਾਏਲ ਦੇ ਲਈ ਬਹੁਤਾਤ ਵਿੱਚ ਹੋਰ ਬਲੀਦਾਨ। 22 ਉਸ ਦਿਨ ਉਹਨਾਂ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਬੜੇ ਅਨੰਦ ਨਾਲ ਖਾਧਾ ਅਤੇ ਪੀਤਾ।

ਫਿਰ ਉਹਨਾਂ ਨੇ ਦਾਵੀਦ ਦੇ ਪੁੱਤਰ ਸ਼ਲੋਮੋਨ ਨੂੰ ਦੂਜੀ ਵਾਰ ਰਾਜਾ ਮੰਨ ਲਿਆ, ਉਸ ਨੂੰ ਯਾਹਵੇਹ ਦੇ ਸਾਹਮਣੇ ਰਾਜਾ ਬਣਨ ਲਈ ਅਤੇ ਸਾਦੋਕ ਨੂੰ ਜਾਜਕ ਬਣਨ ਲਈ ਮਸਹ ਕੀਤਾ। 23 ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਥਾਂ ਉੱਤੇ ਯਾਹਵੇਹ ਦੇ ਸਿੰਘਾਸਣ ਉੱਤੇ ਰਾਜਾ ਬਣਿਆ। ਉਹ ਖੁਸ਼ਹਾਲ ਹੋਇਆ ਅਤੇ ਸਾਰੇ ਇਸਰਾਏਲ ਨੇ ਉਸਦਾ ਕਹਿਣਾ ਮੰਨਿਆ। 24 ਅਤੇ ਸਾਰੇ ਸਰਦਾਰ, ਸੂਰਮੇ, ਦਾਵੀਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸ਼ਲੋਮੋਨ ਪਾਤਸ਼ਾਹ ਦੇ ਆਗਿਆਕਾਰੀ ਹੋਏ।

25 ਯਾਹਵੇਹ ਨੇ ਸਾਰੇ ਇਸਰਾਏਲ ਦੀ ਨਿਗਾਹ ਵਿੱਚ ਸ਼ਲੋਮੋਨ ਨੂੰ ਬਹੁਤ ਉੱਚਾ ਕੀਤਾ ਅਤੇ ਉਸਨੂੰ ਸ਼ਾਹੀ ਸ਼ਾਨ ਬਖ਼ਸ਼ਿਆ ਜਿਵੇਂ ਇਸਰਾਏਲ ਦੇ ਕਿਸੇ ਰਾਜੇ ਨੇ ਪਹਿਲਾਂ ਕਦੇ ਨਹੀਂ ਕੀਤਾ ਸੀ।

ਦਾਵੀਦ ਦੀ ਮੌਤ

26 ਯੱਸੀ ਦਾ ਪੁੱਤਰ ਦਾਵੀਦ ਸਾਰੇ ਇਸਰਾਏਲ ਦਾ ਪਾਤਸ਼ਾਹ ਸੀ। 27 ਉਸ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਹੇਬਰੋਨ ਵਿੱਚ ਸੱਤ ਅਤੇ ਯੇਰੂਸ਼ਲੇਮ ਵਿੱਚ ਤੇਤੀ ਸਾਲ। 28 ਉਹ ਲੰਮੀ ਉਮਰ, ਦੌਲਤ ਅਤੇ ਇੱਜ਼ਤ ਦਾ ਆਨੰਦ ਮਾਣਦਿਆਂ ਬੁਢਾਪੇ ਵਿੱਚ ਮਰ ਗਿਆ। ਉਸ ਦਾ ਪੁੱਤਰ ਸ਼ਲੋਮੋਨ ਉਸ ਤੋਂ ਬਾਅਦ ਰਾਜਾ ਬਣਿਆ।

29 ਅਤੇ ਦਾਵੀਦ ਪਾਤਸ਼ਾਹ ਘਟਨਾਵਾਂ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਦਰਸ਼ੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਦਰਸ਼ੀ ਦੇ ਇਤਿਹਾਸ ਵਿੱਚ ਲਿਖਿਆ ਹੈ। 30 ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸ਼ਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-