1 ਉਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਏ ਅਤੇ ਉਸ ਤੰਬੂ ਦੇ ਅੰਦਰ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ ਅਤੇ ਪਰਮੇਸ਼ਵਰ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। 2 ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸ ਨੇ ਲੋਕਾਂ ਨੂੰ ਯਾਹਵੇਹ ਦੇ ਨਾਮ ਉੱਤੇ ਅਸੀਸ ਦਿੱਤੀ। 3 ਤਦ ਉਸਨੇ ਹਰੇਕ ਇਸਰਾਏਲੀ ਆਦਮੀ ਅਤੇ ਔਰਤਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਖਜ਼ੂਰ ਅਤੇ ਦਾਖ ਦੀ ਟਿੱਕੀ ਦਿੱਤੀ।
4 ਉਸ ਨੇ ਕੁਝ ਲੇਵੀਆਂ ਨੂੰ ਯਾਹਵੇਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ ਲਈ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਵਡਿਆਈ, ਧੰਨਵਾਦ ਅਤੇ ਉਸਤਤ ਕਰਨ ਲਈ ਨਿਯੁਕਤ ਕੀਤਾ। 5 ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ, 6 ਬਨਾਯਾਹ ਅਤੇ ਯਹਜ਼ੀਏਲ ਜਾਜਕਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਅੱਗੇ ਨਿਯਮਿਤ ਤੌਰ ਉੱਤੇ ਤੁਰ੍ਹੀਆਂ ਵਜਾਉਣੀਆਂ ਸਨ।
7 ਉਸ ਦਿਨ ਦਾਵੀਦ ਨੇ ਸਭ ਤੋਂ ਪਹਿਲਾਂ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਇਸ ਤਰੀਕੇ ਨਾਲ ਯਾਹਵੇਹ ਦੀ ਉਸਤਤ ਕਰਨ ਲਈ ਨਿਯੁਕਤ ਕੀਤਾ:
8 ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ,
ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।
9 ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,
ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।
10 ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ,
ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।
11 ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,
ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
12 ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ,
ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,
13 ਹੇ ਉਸ ਦੇ ਸੇਵਕੋ, ਇਸਰਾਏਲ ਦੀ ਸੰਤਾਨ,
ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ!
14 ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ,
ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।
15 ਉਸ ਨੇ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖਿਆ,
ਉਸ ਬਚਨ ਨੂੰ ਜਿਸ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਵਾਅਦਾ ਕੀਤਾ ਸੀ,
16 ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ,
ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।
17 ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ,
ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ:
18 "ਮੈਂ ਤੁਹਾਨੂੰ ਕਨਾਨ ਦੀ ਧਰਤੀ ਦਿਆਂਗਾ,
ਜਿਸ ਨੂੰ ਤੁਸੀਂ ਵਿਰਾਸਤ ਵਜੋਂ ਪ੍ਰਪਾਤ ਕਰੋਗੇ।"
19 ਜਦੋਂ ਉਹ ਗਿਣਤੀ ਵਿੱਚ ਥੋੜ੍ਹੇ ਸਨ,
ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸੀ,
20 ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ,
ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭਟਕਦੇ ਰਹੇ।
21 ਉਸ ਨੇ ਕਿਸੇ ਵੀ ਕੌਮ ਨੂੰ ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ,
ਉਹਨਾਂ ਦੇ ਲਈ ਪਰਮੇਸ਼ਵਰ ਨੇ ਰਾਜਿਆਂ ਨੂੰ ਝਿੜਕਿਆ:
22 "ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ,
ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ।"
23 ਯਾਹਵੇਹ ਲਈ ਗਾਓ, ਸਾਰੀ ਧਰਤੀ
ਹਰ ਦਿਨ ਉਸ ਦੀ ਮੁਕਤੀ ਦਾ ਪ੍ਰਚਾਰ ਕਰੋ।
24 ਕੌਮਾਂ ਵਿੱਚ ਉਸ ਦੀ ਮਹਿਮਾ,
ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
25 ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,
ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।
26 ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,
ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।
27 ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ,
ਸਮਰੱਥਾ ਅਤੇ ਅਨੰਦ ਉਸ ਦੇ ਸਥਾਨ ਵਿੱਚ ਹਨ।
28 ਹੇ ਕੌਮਾਂ ਦੇ ਸਾਰੇ ਘਰਾਣੇ, ਯਾਹਵੇਹ ਨੂੰ ਮੰਨੋ,
ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।
29 ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,
ਭੇਟ ਲੈ ਕੇ ਉਸ ਦੇ ਅੱਗੇ ਆਓ।
ਉਸ ਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ।
30 ਹੇ ਸਾਰੀ ਧਰਤੀ, ਉਸ ਦੇ ਅੱਗੇ ਕੰਬ ਜਾਓ!
ਕੌਮਾਂ ਵਿੱਚ ਆਖੋ ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।
31 ਅਕਾਸ਼ ਅਨੰਦ ਕਰਨ, ਧਰਤੀ ਖੁਸ਼ ਹੋਵੇ,
ਉਹ ਕੌਮਾਂ ਵਿੱਚ ਆਖਣ, "ਯਾਹਵੇਹ ਰਾਜ ਕਰਦਾ ਹੈ!"
32 ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ,
ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ!
33 ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ,
ਉਹ ਯਾਹਵੇਹ ਦੇ ਅੱਗੇ ਖੁਸ਼ੀ ਵਿੱਚ ਗਾਉਣ,
ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।
34 ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ;
ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
35 ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ,
ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ,
ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ,
ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।
36 ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,
ਆਦ ਤੋਂ ਅੰਤ ਤੱਕ ਮੁਬਾਰਕ ਹੋਵੇ।
ਤਦ ਸਾਰੇ ਲੋਕਾਂ ਨੇ ਕਿਹਾ, "ਆਮੀਨ" ਅਤੇ "ਯਾਹਵੇਹ ਦੀ ਉਸਤਤ ਹੋਵੇ।"
37 ਦਾਵੀਦ ਨੇ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਛੱਡ ਦਿੱਤਾ ਤਾਂ ਜੋ ਉੱਥੇ ਹਰ ਰੋਜ਼ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ ਉੱਤੇ ਸੇਵਾ ਕੀਤੀ ਜਾ ਸਕੇ। 38 ਉਸ ਨੇ ਓਬੇਦ-ਅਦੋਮ ਅਤੇ ਆਪਣੇ ਅਠਾਹਟ ਸਾਥੀਆਂ ਨੂੰ ਵੀ ਉਹਨਾਂ ਦੇ ਨਾਲ ਸੇਵਾ ਕਰਨ ਲਈ ਛੱਡ ਦਿੱਤਾ। ਯਦੂਥੂਨ ਦਾ ਪੁੱਤਰ ਓਬੇਦ-ਅਦੋਮ ਅਤੇ ਹੋਸਾਹ ਵੀ ਦਰਬਾਨ ਸਨ।
39 ਨਾਲੇ ਸਾਦੋਕ ਜਾਜਕ ਤੇ ਉਹ ਦੇ ਭਰਾਵਾਂ ਜਾਜਕਾਂ ਨੂੰ ਕਿ ਉਹ ਯਾਹਵੇਹ ਦੇ ਡੇਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ 40 ਯਾਹਵੇਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਾਹਵੇਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ। 41 ਉਹਨਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਅਤੇ ਬਾਕੀ ਦੇ ਚੁਣੇ ਹੋਏ ਅਤੇ ਨਾਮ ਦੁਆਰਾ ਚੁਣੇ ਗਏ ਯਾਹਵੇਹ ਦਾ ਧੰਨਵਾਦ ਕਰਨ ਲਈ ਸਨ, "ਕਿਉਂ ਜੋ ਉਹ ਦਾ ਪਿਆਰ ਸਦਾ ਕਾਇਮ ਰਹੇਗਾ।" 42 ਹੇਮਾਨ ਅਤੇ ਯਦੂਥੂਨ ਤੂਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਪਵਿੱਤਰ ਗੀਤ ਦੇ ਹੋਰ ਸਾਜ਼ ਵਜਾਉਣ ਲਈ ਜ਼ਿੰਮੇਵਾਰ ਸਨ। ਯਦੂਥੂਨ ਦੇ ਪੁੱਤਰ ਫਾਟਕ ਉੱਤੇ ਠਹਿਰੇ ਹੋਏ ਸਨ।
43 ਤਦ ਸਾਰੇ ਲੋਕ ਆਪੋ-ਆਪਣੇ ਘਰ ਨੂੰ ਚਲੇ ਗਏ ਅਤੇ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਮੁੜਿਆ।