Pular para o conteúdo
Publicidade

1 ਇਤਿਹਾਸ 22

1 ਤਦ ਦਾਵੀਦ ਨੇ ਆਖਿਆ, "ਯਾਹਵੇਹ ਦਾ ਘਰ ਅਤੇ ਇਸਰਾਏਲ ਲਈ ਹੋਮ ਬਲੀ ਦੀ ਜਗਵੇਦੀ ਵੀ ਇੱਥੇ ਹੋਵੇਗੀ।"

ਹੈਕਲ ਦੀਆਂ ਤਿਆਰੀਆਂ

2 ਇਸ ਲਈ ਦਾਵੀਦ ਨੇ ਇਸਰਾਏਲ ਵਿੱਚ ਰਹਿਣ ਵਾਲੇ ਪਰਦੇਸੀਆਂ ਨੂੰ ਇਕੱਠਾ ਕਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਵਿੱਚੋਂ ਪੱਥਰ ਕੱਟਣ ਵਾਲਿਆਂ ਨੂੰ ਪਰਮੇਸ਼ਵਰ ਦੇ ਭਵਨ ਦੀ ਉਸਾਰੀ ਲਈ ਪੱਥਰ ਤਿਆਰ ਕਰਨ ਲਈ ਨਿਯੁਕਤ ਕੀਤਾ। 3 ਅਤੇ ਦਾਵੀਦ ਨੇ ਬੂਹਿਆਂ ਦੀਆਂ ਚੁਗਾਠਾਂ ਦੇ ਲਈ ਕਿੱਲਾਂ ਅਤੇ ਕਬਜ਼ਿਆਂ ਦੇ ਲਈ ਬਹੁਤ ਸਾਰਾ ਲੋਹਾ ਤਿਆਰ ਕੀਤਾ ਅਤੇ ਪਿੱਤਲ ਦੇ ਤੋਲ ਦੀ ਕੁਝ ਗਿਣਤੀ ਨਹੀਂ ਸੀ, ਕਿਉਂਕਿ ਪਿੱਤਲ ਢੇਰ ਸਾਰਾ ਸੀ। 4 ਉਸ ਨੇ ਬੇਅੰਤ ਦਿਆਰ ਦੀਆਂ ਲੱਕੜਾਂ ਇਕੱਠੀ ਕੀਤੀਆਂ, ਕਿਉਂ ਜੋ ਸੀਦੋਨੀ ਅਤੇ ਸੂਰ ਦੇ ਲੋਕ ਦਾਵੀਦ ਦੇ ਕੋਲ ਵੱਡੀ ਗਿਣਤੀ ਵਿੱਚ ਦਿਆਰ ਦੀ ਲੱਕੜੀ ਲਿਆਏ ਸਨ।

5 ਦਾਵੀਦ ਨੇ ਕਿਹਾ, "ਮੇਰਾ ਪੁੱਤਰ ਸ਼ਲੋਮੋਨ ਅਜੇ ਤਾਂ ਨਿਆਣਾ ਅਤੇ ਅਨੁਭਵਹੀਣ ਹੈ ਅਤੇ ਯਾਹਵੇਹ ਦੇ ਲਈ ਬਣਾਇਆ ਜਾਣ ਵਾਲਾ ਘਰ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਵਿੱਚ ਬਹੁਤ ਸ਼ਾਨਦਾਰ, ਪ੍ਰਤਾਪੀ ਅਤੇ ਸ਼ਾਨ ਵਾਲਾ ਹੋਣਾ ਚਾਹੀਦਾ ਹੈ, ਇਸ ਲਈ ਮੈਂ ਇਸ ਦੀਆਂ ਤਿਆਰੀਆਂ ਆਪ ਹੀ ਕਰਾਂਗਾ।" ਇਸ ਲਈ ਦਾਵੀਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ।

6 ਤਦ ਉਸ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਬੁਲਾਇਆ ਅਤੇ ਉਸ ਨੂੰ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਲਈ ਇੱਕ ਘਰ ਬਣਾਉਣ ਲਈ ਕਿਹਾ। 7 ਦਾਵੀਦ ਨੇ ਸ਼ਲੋਮੋਨ ਨੂੰ ਆਖਿਆ, "ਹੇ ਮੇਰੇ ਪੁੱਤਰ, ਮੇਰੇ ਦਿਲ ਵਿੱਚ ਇਹ ਸੋਚ ਸੀ ਕਿ ਮੈਂ ਆਪਣੇ ਪਰਮੇਸ਼ਵਰ ਯਾਹਵੇਹ ਦੇ ਨਾਮ ਲਈ ਇੱਕ ਘਰ ਬਣਾਵਾਂ। 8 ਪਰ ਯਾਹਵੇਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਖੂਨ ਵਹਾਇਆ ਹੈ ਅਤੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਲਈ ਕੋਈ ਘਰ ਨਾ ਬਣਾਵੇਂਗਾ ਕਿਉਂਕਿ ਤੂੰ ਮੇਰੀ ਨਜ਼ਰ ਵਿੱਚ ਧਰਤੀ ਉੱਤੇ ਬਹੁਤ ਖੂਨ ਵਹਾਇਆ ਹੈ। 9 ਪਰ ਤੇਰੇ ਕੋਲ ਇੱਕ ਪੁੱਤਰ ਹੋਵੇਗਾ ਜੋ ਸ਼ਾਂਤੀ ਅਤੇ ਅਰਾਮ ਦਾ ਮਨੁੱਖ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਸਾਰੇ ਵੈਰੀਆਂ ਤੋਂ ਹਰ ਪਾਸਿਓਂ ਅਰਾਮ ਦਿਆਂਗਾ। ਉਸਦਾ ਨਾਮ ਸ਼ਲੋਮੋਨ22:9 ਸ਼ਲੋਮੋਨ ਅਰਥ ਸ਼ਾਂਤੀ ਹੋਵੇਗਾ, ਅਤੇ ਮੈਂ ਉਸਦੇ ਰਾਜ ਦੌਰਾਨ ਇਸਰਾਏਲ ਨੂੰ ਸ਼ਾਂਤੀ ਅਤੇ ਮੇਲ-ਮਿਲਾਪ ਬਖ਼ਸ਼ਾਂਗਾ। 10 ਉਹੀ ਹੈ ਜੋ ਮੇਰੇ ਨਾਮ ਲਈ ਇੱਕ ਘਰ ਬਣਾਵੇਗਾ। ਉਹ ਮੇਰਾ ਪੁੱਤਰ ਹੋਵੇਗਾ, ਅਤੇ ਮੈਂ ਉਸਦਾ ਪਿਤਾ ਹੋਵਾਂਗਾ ਅਤੇ ਮੈਂ ਉਸ ਦੇ ਰਾਜ ਦਾ ਸਿੰਘਾਸਣ ਇਸਰਾਏਲ ਉੱਤੇ ਸਦਾ ਲਈ ਕਾਇਮ ਕਰਾਂਗਾ।’

11 "ਹੁਣ, ਹੇ ਮੇਰੇ ਪੁੱਤਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ, ਅਤੇ ਤੂੰ ਸਫ਼ਲ ਹੋਵੇ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਦਾ ਘਰ ਬਣਾਵੇਂ, ਜਿਵੇਂ ਉਸ ਨੇ ਤੇਰੇ ਲਈ ਆਖਿਆ ਹੈ। 12 ਜਦੋਂ ਯਾਹਵੇਹ ਕੇਵਲ ਤੈਨੂੰ ਬੁੱਧ ਅਤੇ ਸਮਝ ਦੇਵੇ ਅਤੇ ਇਸਰਾਏਲ ਦੇ ਲਈ ਤੈਨੂੰ ਖ਼ਾਸ ਆਗਿਆ ਦੇਵੇ, ਤਾਂ ਜੋ ਤੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਿਵਸਥਾ ਦੀ ਪਾਲਨਾ ਕਰੇ। 13 ਤੂੰ ਤਦ ਸਫ਼ਲ ਹੋਵੇਂਗਾ ਜੇਕਰ ਤੂੰ ਉਹਨਾਂ ਬਿਧੀਆਂ ਅਤੇ ਬਿਵਸਥਾ ਦੇ ਅਨੁਸਾਰ ਚੱਲੇਂਗਾ, ਜਿਹੜੀਆਂ ਯਾਹਵੇਹ ਨੇ ਇਸਰਾਏਲ ਦੇ ਲਈ ਮੋਸ਼ੇਹ ਨੂੰ ਆਗਿਆ ਦਿੱਤੀਆਂ ਸਨ। ਤਕੜਾ ਹੋ ਅਤੇ ਉਤਸ਼ਾਹ ਰੱਖ, ਨਾ ਡਰ ਅਤੇ ਨਾ ਘਬਰਾ।

14 "ਵੇਖ, ਮੈਂ ਆਪਣੀ ਕਸ਼ਟ ਦੀ ਦਸ਼ਾ ਵਿੱਚ ਯਾਹਵੇਹ ਦੇ ਮੰਦਰ ਲਈ ਇੱਕ ਲੱਖ ਤੋੜਾ ਸੋਨਾ ਅਤੇ ਦਸ ਲੱਖ ਤੋੜਾ ਚਾਂਦੀ ਅਤੇ ਹੱਦੋਂ ਵੱਧ ਪਿੱਤਲ ਅਤੇ ਲੋਹਾ ਇਕੱਠਾ ਕੀਤਾ, ਜੋ ਉਹ ਤਾਂ ਬਹੁਤਾਇਤ ਨਾਲ ਹੈ, ਅਤੇ ਲੱਕੜ ਅਤੇ ਪੱਥਰ ਨੂੰ ਵੀ ਤਿਆਰ ਕੀਤਾ, ਤਾਂ ਤੂੰ ਉਨ੍ਹਾਂ ਨੂੰ ਹੋਰ ਵਾਧਾ ਕਰ ਸਕੇਂ। 15 ਤੇਰੇ ਕੋਲ ਬਹੁਤ ਸਾਰੇ ਕਾਰੀਗਰ ਵੀ ਹਨ, ਅਰਥਾਤ ਪੱਥਰ ਘੜਨ ਵਾਲੇ, ਪੱਥਰ ਤੋੜਨ ਵਾਲੇ ਅਤੇ ਤਰਖਾਣ, ਸਭ ਤਰ੍ਹਾਂ ਦੇ ਕਾਰੀਗਰ ਹਰੇਕ ਕੰਮ ਦੇ ਲਈ ਤੇਰੇ ਕੋਲ ਹਨ। 16 ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ।"

17 ਤਦ ਦਾਵੀਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸ਼ਲੋਮੋਨ ਦੀ ਸਹਾਇਤਾ ਕਰਨ ਦਾ ਹੁਕਮ ਦਿੱਤਾ। 18 ਉਸ ਨੇ ਉਹਨਾਂ ਨੂੰ ਆਖਿਆ, "ਕੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ? ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸੇ ਆਰਾਮ ਨਹੀਂ ਦਿੱਤਾ? ਕਿਉਂਕਿ ਉਸਨੇ ਧਰਤੀ ਦੇ ਵਾਸੀਆਂ ਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ, ਅਤੇ ਧਰਤੀ ਯਾਹਵੇਹ ਅਤੇ ਉਸਦੇ ਲੋਕਾਂ ਦੇ ਅਧੀਨ ਹੈ। 19 ਹੁਣ ਆਪਣੇ ਮਨ ਅਤੇ ਆਤਮਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭਾਲਣ ਲਈ ਸਮਰਪਿਤ ਕਰ। ਯਾਹਵੇਹ ਪਰਮੇਸ਼ਵਰ ਦੇ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ, ਤਾਂ ਜੋ ਤੁਸੀਂ ਯਾਹਵੇਹ ਦੇ ਨੇਮ ਦੇ ਸੰਦੂਕ ਅਤੇ ਪਰਮੇਸ਼ਵਰ ਨਾਲ ਸਬੰਧਤ ਪਵਿੱਤਰ ਵਸਤੂਆਂ ਨੂੰ ਮੰਦਰ ਵਿੱਚ ਲਿਆ ਸਕੋ ਜੋ ਯਾਹਵੇਹ ਦੇ ਨਾਮ ਲਈ ਬਣਾਇਆ ਜਾਵੇਗਾ।"

Estes versículos te tocaram? Ore agora!

+581 estão orando agora.

Junte-se à corrente de oração.