ਸੱਤ ਬਿਪਤਾਵਾਂ ਦੇ ਨਾਲ ਸੱਤ ਦੂਤ
1 ਇਸ ਤੋਂ ਬਾਅਦ ਮੈਂ ਸਵਰਗ ਵਿੱਚ ਇੱਕ ਹੋਰ ਮਹਾਨ ਅਤੇ ਸ਼ਾਨਦਾਰ ਚਿੰਨ੍ਹ ਵੇਖਿਆ: ਸੱਤ ਦੂਤ ਸੱਤ ਆਖਰੀ ਬਿਪਤਾਵਾਂ ਦੇ ਨਾਲ, ਕਿਉਂਕਿ ਉਹਨਾਂ ਨਾਲ ਪਰਮੇਸ਼ਵਰ ਦਾ ਕ੍ਰੋਧ ਪੂਰਾ ਹੋ ਗਿਆ ਹੈ। 2 ਅਤੇ ਮੈਂ ਉਹ ਵੇਖਿਆ ਜੋ ਸ਼ੀਸ਼ੇ ਦੇ ਸਮੁੰਦਰ ਵਰਗਾ ਦਿਖਾਈ ਦਿੰਦਾ ਸੀ ਜੋ ਅੱਗ ਨਾਲ ਚਮਕ ਰਿਹਾ ਸੀ ਅਤੇ ਸਮੁੰਦਰ ਦੇ ਕੋਲ ਉਹ ਖੜ੍ਹੇ ਸਨ, ਉਹ ਜਿਹੜੇ ਦਰਿੰਦੇ ਅਤੇ ਇਸ ਦੇ ਚਿੱਤਰ ਅਤੇ ਇਸ ਦੇ ਨਾਮ ਦੀ ਸੰਖਿਆ ਉੱਤੇ ਜਿੱਤ ਪ੍ਰਾਪਤ ਕਰ ਸਕੇ। ਉਹਨਾਂ ਨੇ ਪਰਮੇਸ਼ਵਰ ਦੁਆਰਾ ਦਿੱਤੀ ਗਈ ਬਰਬਤ ਫੜ੍ਹੀ ਹੋਈ ਸੀ 3 ਅਤੇ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਅਤੇ ਲੇਲੇ ਦਾ ਗੀਤ ਗਾਇਆ:
"ਤੁਹਾਡੇ ਕੰਮ ਮਹਾਨ ਅਤੇ ਅਦਭੁਤ ਹਨ,
ਸਰਵ ਸ਼ਕਤੀਮਾਨ ਪ੍ਰਭੂ।
ਤੁਹਾਡੇ ਰਾਹ ਸਹੀ ਅਤੇ ਸੱਚੇ ਹਨ,
ਕੌਮਾਂ ਦੇ ਰਾਜੇ।15:3 ਜ਼ਬੂ 111:2; 139:14; 145:17
4 ਹੇ ਪ੍ਰਭੂ, ਤੁਹਾਡੇ ਤੋਂ ਕੌਣ ਨਹੀਂ ਡਰੇਗਾ,
ਅਤੇ ਤੁਹਾਡੇ ਨਾਮ ਦੀ ਮਹਿਮਾ ਨਹੀਂ ਕਰੇਗਾ?
ਕੇਵਲ ਤੁਸੀਂ ਹੀ ਪਵਿੱਤਰ ਹੋ।
ਸਾਰੀਆਂ ਕੌਮਾਂ ਆਉਣਗੀਆਂ
ਅਤੇ ਤੁਹਾਡੀ ਆਰਧਨਾ ਕਰਨਗੀਆਂ,
ਕਿਉਂਕਿ ਤੁਹਾਡੇ ਧਰਮੀ ਕੰਮਾਂ ਦਾ ਖੁਲਾਸਾ ਹੋਇਆ ਹੈ।"15:4 ਜ਼ਬੂ 86:9; ਯਿਰ 10:7; ਮਲਾ 1:11
5 ਇਸ ਤੋਂ ਬਾਅਦ ਮੈਂ ਵੇਖਿਆ, ਅਤੇ ਮੈਂ ਸਵਰਗ ਵਿੱਚ ਹੈਕਲ15:5 ਹੈਕਲ ਯਹੂਦਿਆਂ ਦਾ ਮੰਦਰ ਨੂੰ ਵੇਖਿਆ ਅਰਥਾਤ ਨਵੇਂ ਨੇਮ ਦਾ ਤੰਬੂ ਅਤੇ ਇਸ ਨੂੰ ਖੋਲ੍ਹ ਦਿੱਤਾ ਗਿਆ। 6 ਹੈਕਲ ਦੇ ਬਾਹਰੋਂ ਸੱਤ ਦੂਤ ਸੱਤ ਬਿਪਤਾਵਾਂ ਦੇ ਨਾਲ ਆਏ। ਉਹਨਾਂ ਨੇ ਸਾਫ਼, ਚਮਕਦਾਰ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਉਹਨਾਂ ਦੀਆਂ ਛਾਤੀਆਂ ਦੇ ਦੁਆਲੇ ਸੁਨਹਿਰੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ। 7 ਫਿਰ ਚਾਰ ਜੀਵਾਂ ਵਿੱਚੋਂ ਇੱਕ ਨੇ ਸੱਤ ਦੂਤਾਂ ਨੂੰ ਸੱਤ ਸੋਨੇ ਦੇ ਕਟੋਰੇ ਦਿੱਤੇ ਜੋ ਪਰਮੇਸ਼ਵਰ ਦੇ ਕ੍ਰੋਧ ਨਾਲ ਭਰੇ ਹੋਏ ਸਨ, ਜੋ ਸਦਾ ਅਤੇ ਸਦਾ ਲਈ ਜੀਉਂਦਾ ਹੈ। 8 ਅਤੇ ਹੈਕਲ ਪਰਮੇਸ਼ਵਰ ਦੀ ਮਹਿਮਾ ਅਤੇ ਉਹਨਾਂ ਦੀ ਸ਼ਕਤੀ ਦੇ ਧੂੰਏਂ ਨਾਲ ਭਰਿਆ ਹੋਇਆ ਸੀ ਅਤੇ ਕੋਈ ਵੀ ਹੈਕਲ ਵਿੱਚ ਦਾਖਲ ਨਹੀਂ ਹੋ ਸਕਦਾ ਜਦੋਂ ਤੱਕ ਸੱਤ ਦੂਤਾਂ ਦੀਆਂ ਸੱਤ ਬਿਪਤਾਵਾਂ ਪੂਰੀਆਂ ਨਹੀਂ ਹੋ ਜਾਂਦੀਆਂ।15:8 ਯਸ਼ਾ 6:4