ਗੁਆਚੇ ਪੁੱਤਰ ਦਾ ਦ੍ਰਿਸ਼ਟਾਂਤ
11 ਯਿਸ਼ੂ ਨੇ ਅੱਗੇ ਆਖਿਆ: "ਇੱਕ ਆਦਮੀ ਸੀ ਜਿਸ ਦੇ ਦੋ ਪੁੱਤਰ ਸਨ। 12 ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਵਿੱਚੋਂ ਮੈਨੂੰ ਮੇਰਾ ਹਿੱਸਾ ਦੇ ਦਿਓ।’ ਇਸ ਲਈ ਉਸ ਨੇ ਆਪਣੀ ਜਾਇਦਾਦ ਨੂੰ ਦੋਵੇਂ ਪੁੱਤਰਾਂ ਦੇ ਵਿੱਚ ਵੰਡ ਦਿੱਤਾ।
13 "ਇਸ ਤੋਂ ਥੋੜ੍ਹੀ ਦੇਰ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਆਈ ਸਾਰੀ ਜਾਇਦਾਦ ਲੈ ਲਈ ਅਤੇ ਇੱਕ ਦੂਰ ਦੇਸ਼ ਲਈ ਰਵਾਨਾ ਹੋ ਗਿਆ। ਉੱਥੇ ਉਸ ਨੇ ਆਪਣੀ ਮ਼ਰਜੀ ਦਾ ਜੀਵਨ ਜਿਓਣ ਲਈ ਆਪਣਾ ਸਾਰਾ ਪੈਸਾ ਬਰਬਾਦ ਕਰ ਦਿੱਤਾ। 14 ਜਦੋਂ ਉਸ ਨੇ ਸਭ ਕੁਝ ਖਰਚ ਲਿਆ, ਉਸ ਦੇ ਬਾਅਦ ਸਾਰੇ ਦੇਸ਼ ਵਿੱਚ ਇੱਕ ਭਿਆਨਕ ਕਾਲ ਪੈ ਗਿਆ ਪਰ ਉਸ ਕੋਲ ਹੁਣ ਕੁਝ ਵੀ ਬਾਕੀ ਨਹੀਂ ਬਚਿਆ ਸੀ। 15 ਇਸ ਲਈ ਉਹ ਉਸ ਦੇਸ਼ ਦੇ ਇੱਕ ਨਾਗਰਿਕ ਕੋਲ ਗਿਆ ਤਾਂ ਅਤੇ ਉਸ ਨੇ ਉਹ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਉਹ ਸੂਰਾਂ ਦੇ ਚਾਰੇ ਨਾਲ ਹੀ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਸੇ ਨੇ ਉਸ ਨੂੰ ਖਾਣ ਨੂੰ ਕੁਝ ਨਹੀਂ ਦਿੱਤਾ।
17 "ਜਦੋਂ ਉਸ ਨੂੰ ਸੁਰਤ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੇਰੇ ਪਿਤਾ ਦੇ ਭਾੜੇ ਦੇ ਕਿੰਨੇ ਨੌਕਰਾਂ ਕੋਲ ਕਿੰਨਾ ਜ਼ਿਆਦਾ ਭੋਜਨ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ! 18 ਮੈਂ ਆਪਣੇ ਪਿਤਾ ਕੋਲ ਵਾਪਸ ਜਾਵਾਂਗਾ ਅਤੇ ਉਹਨਾਂ ਨੂੰ ਆਖਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। 19 ਮੈਂ ਹੁਣ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ। ਮੈਨੂੰ ਆਪਣੇ ਭਾੜੇ ਦੇ ਨੌਕਰਾਂ ਵਾਂਗ ਹੀ ਰੱਖ ਲਓ।’ 20 ਤਾਂ ਉਹ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
"ਪਰ ਜਦੋਂ ਉਹ ਅਜੇ ਬਹੁਤ ਦੂਰ ਹੀ ਸੀ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਉਹ ਤਰਸ ਨਾਲ ਭਰ ਗਿਆ। ਉਹ ਭੱਜ ਕੇ ਆਪਣੇ ਪੁੱਤਰ ਕੋਲ ਗਿਆ ਅਤੇ ਉਸੇ ਨੂੰ ਆਪਣੇ ਗਲੇ ਨਾਲ ਲਾ ਕੇ ਚੁੰਮਿਆ।
21 "ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ ਹਾਂ।’
22 "ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵਧੀਆ ਬਸਤਰ ਲਿਆਓ ਅਤੇ ਇਸ ਨੂੰ ਪਹਿਨਾਓ ਅਤੇ ਇਸ ਦੀ ਉਂਗਲ ਵਿੱਚ ਅੰਗੂਠੀ ਅਤੇ ਇਸ ਦੇ ਪੈਰੀਂ ਜੁੱਤੀ ਪਾਓ। 23 ਅਤੇ ਪਲਿਆ ਹੋਇਆ ਵੱਛਾ ਲਿਆ ਕੇ ਦਾਵਤ ਤਿਆਰ ਕਰੋ ਤਾਂ ਜੋ ਅਸੀਂ ਖੁਸ਼ੀ ਮਨਾਈਏ। 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਉਹ ਫੇਰ ਜਿਉਂਦਾ ਹੋ ਗਿਆ ਹੈ; ਉਹ ਗੁੰਮ ਗਿਆ ਸੀ ਅਤੇ ਉਹ ਲੱਭ ਗਿਆ ਹੈ।’ ਇਸ ਲਈ ਉਹਨਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।