ਇੱਕ ਮਰੀ ਹੋਈ ਲੜਕੀ ਦਾ ਜੀਉਂਦਾ ਹੋਣਾ ਅਤੇ ਇੱਕ ਬਿਮਾਰ ਔਰਤ ਦਾ ਚੰਗਾ ਹੋਣਾ
21 ਜਦੋਂ ਯਿਸ਼ੂ ਮੁੜ ਕਿਸ਼ਤੀ ਰਾਹੀ ਝੀਲ ਦੇ ਦੂਜੇ ਪਾਸੇ ਗਏ ਤਾਂ ਇੱਕ ਵੱਡੀ ਭੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਜਦੋਂ ਉਹ ਝੀਲ ਦੇ ਕੋਲ ਹੀ ਸੀ। 22 ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ ਆਇਆ ਅਤੇ ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਅਤੇ ਉਹ ਯਿਸ਼ੂ ਦੇ ਪੈਰੀਂ ਡਿੱਗ ਗਿਆ। 23 ਉਸਨੇ ਯਿਸ਼ੂ ਅੱਗੇ ਦਿਲੋਂ ਬੇਨਤੀ ਕੀਤੀ, "ਮੇਰੀ ਛੋਟੀ ਧੀ ਮਰਨ ਵਾਲੀ ਹੈ। ਕਿਰਪਾ ਕਰਕੇ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖੋ ਤਾਂ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।" 24 ਇਸ ਲਈ ਯਿਸ਼ੂ ਉਸ ਦੇ ਨਾਲ ਚਲੇ ਗਏ।
ਇੱਕ ਵੱਡੀ ਭੀੜ ਵੀ ਉਹਨਾਂ ਦੇ ਮਗਰ ਆ ਗਈ ਅਤੇ ਉਹਨਾਂ ਦੇ ਦੁਆਲੇ ਇੱਕ-ਦੂਜੇ ਉੱਤੇ ਡਿੱਗ ਰਹੀ ਸੀ। 25 ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ। 26 ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖ਼ਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਦਾ ਹੋਰ ਵੀ ਮਾੜਾ ਹਾਲ ਹੋ ਗਿਆ ਸੀ। 27 ਜਦੋਂ ਉਸਨੇ ਯਿਸ਼ੂ ਬਾਰੇ ਸੁਣਿਆ, ਤਾਂ ਉਹ ਭੀੜ ਦੇ ਵਿੱਚੋਂ ਦੀ ਹੋ ਕੇ ਉਸਦੇ ਪਿੱਛੇ ਆਈ ਅਤੇ ਉਸ ਦੇ ਕੱਪੜੇ ਦੇ ਪੱਲੇ ਨੂੰ ਛੂਹਿਆ, 28 ਕਿਉਂਕਿ ਉਸਨੇ ਸੋਚਿਆ, "ਜੇ ਮੈਂ ਬਸ ਉਹ ਦੇ ਕੱਪੜੇ ਨੂੰ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ।" 29 ਅਤੇ ਉਸੇ ਵੇਲੇ ਲਹੂ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਬਿਮਾਰੀ ਤੋਂ ਚੰਗੀ ਹੋ ਗਈ ਹੈ।
30 ਉਸੇ ਵਕਤ ਯਿਸ਼ੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿੱਕਲੀ ਹੈ। ਉਸ ਭੀੜ ਦੀ ਵੱਲ ਮੁੜ ਕੇ ਪੁੱਛਿਆ, "ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ?"
31 ਉਸਦੇ ਚੇਲਿਆਂ ਨੇ ਜਵਾਬ ਦਿੱਤਾ, "ਤੁਸੀਂ ਤਾਂ ਆਪਣੇ ਆਲੇ-ਦੁਆਲੇ ਭੀੜ ਵੇਖ ਹੀ ਰਹੇ ਹੋ, ਪਰ ਫਿਰ ਵੀ ਤੁਸੀਂ ਪੁੱਛਦੇ ਹੋ, ‘ਮੈਨੂੰ ਕਿਸ ਨੇ ਛੂਹਿਆ?’ "
32 ਪਰ ਯਿਸ਼ੂ ਨੇ ਇਹ ਵੇਖਣ ਲਈ ਇਧਰ-ਉਧਰ ਨਿਗਾਹ ਮਾਰੀ ਕਿ ਕਿਸ ਨੇ ਇਹ ਕੀਤਾ ਸੀ। 33 ਤਦ ਉਹ ਔਰਤ ਜਾਣਦੀ ਸੀ ਕਿ ਉਸ ਦੇ ਨਾਲ ਕੀ ਵਾਪਰਿਆ ਸੀ, ਉਹ ਅੱਗੇ ਆਈ ਅਤੇ ਯਿਸ਼ੂ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਡਰ ਨਾਲ ਕੰਬਦੀ ਹੋਈ ਨੇ ਉਸ ਨੂੰ ਸਾਰੀ ਸੱਚਾਈ ਦੱਸੀ। 34 ਯਿਸ਼ੂ ਨੇ ਉਸ ਔਰਤ ਨੂੰ ਕਿਹਾ, "ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਬਚੀ ਰਹਿ।"
35 ਜਦੋਂ ਯਿਸ਼ੂ ਅਜੇ ਬੋਲ ਹੀ ਰਿਹਾ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦਾ ਆਗੂ ਸੀ, ਉਹਨਾਂ ਨੇ ਕਿਹਾ, "ਤੇਰੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੋਈ ਲੋੜ ਨਹੀਂ ਹੈ?"
36 ਉਹਨਾਂ ਦੀ ਗੱਲ ਯਿਸ਼ੂ ਨੇ ਅਣਸੁਣੀ ਕਰ ਕੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, "ਨਾ ਡਰ; ਕੇਵਲ ਵਿਸ਼ਵਾਸ ਕਰ।"
37 ਯਿਸ਼ੂ ਨੇ ਪਤਰਸ, ਯਾਕੋਬ ਅਤੇ ਯਾਕੋਬ ਦੇ ਭਰਾ ਯੋਹਨ ਨੂੰ ਛੱਡ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਾ ਆਉਣ ਦਿੱਤਾ। 38 ਜਦੋਂ ਉਹ ਪ੍ਰਾਰਥਨਾ ਸਥਾਨ ਦੇ ਆਗੂ ਦੇ ਘਰ ਆਏ, ਯਿਸ਼ੂ ਨੇ ਇੱਕ ਸ਼ੋਰ ਕਰਦੀ, ਰੋਂਦੀ ਅਤੇ ਉੱਚੀ ਆਵਾਜ਼ ਵਿੱਚ ਵਿਲਕਦੀ ਭੀੜ ਨੂੰ ਵੇਖਿਆ। 39 ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, "ਇਹ ਸਾਰਾ ਰੋਣਾ ਅਤੇ ਪਿਟਣਾ ਕਿਉਂ? ਬੱਚੀ ਮਰੀ ਨਹੀਂ ਪਰ ਸੁੱਤੀ ਹੋਈ ਹੈ।" 40 ਇਹ ਸੁਣ ਕੇ ਉਹ ਮਸੀਹ ਯਿਸ਼ੂ ਦਾ ਮਜ਼ਾਕ ਉਡਾਉਣ ਲੱਗੇ।
ਯਿਸ਼ੂ ਨੇ ਸਭ ਨੂੰ ਬਾਹਰ ਕੱਢਣ ਤੋਂ ਬਾਅਦ, ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲੇ ਜੋ ਨਾਲ ਸਨ, ਉਹਨਾਂ ਨੂੰ ਲੈ ਕੇ ਅੰਦਰ ਗਏ ਜਿੱਥੇ ਉਹ ਬੱਚੀ ਸੀ। 41 ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, "ਤਾਲੀਥਾ ਕੌਉਮ" (ਜਿਸਦਾ ਅਰਥ ਇਹ ਹੈ, "ਹੇ ਕੰਨਿਆ, ਮੈਂ ਤੈਨੂੰ ਕਹਿੰਦਾ ਹਾਂ, ਉੱਠ!")। 42 ਤੁਰੰਤ ਹੀ ਲੜਕੀ ਉੱਠ ਖੜੀ ਹੋਈ ਅਤੇ ਤੁਰਨ ਲੱਗੀ ਉਹ ਬਾਰ੍ਹਾਂ ਸਾਲਾਂ ਦੀ ਸੀ। ਇਸ ਤੇ ਉਹ ਸਾਰੇ ਹੈਰਾਨ ਰਹਿ ਗਏ। 43 ਯਿਸ਼ੂ ਨੇ ਸਖ਼ਤ ਆਦੇਸ਼ ਦਿੱਤੇ ਕਿ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ ਅਤੇ ਕਿਹਾ ਇਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ।