1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਕੁੱਟੇ ਹੋਏ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ, ਅਤੇ ਉਹਨਾਂ ਦੀ ਵਰਤੋਂ ਲੋਕਾਂ ਨੂੰ ਇਕੱਠੇ ਕਰਨ ਲਈ ਅਤੇ ਡੇਰੇ ਲਗਾਉਣ ਲਈ ਕਰੋ। 3 ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ। 4 ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾ ਦੇ ਮੁਖੀ ਤੁਹਾਡੇ ਸਾਹਮਣੇ ਇਕੱਠੇ ਹੋਣ। 5 ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ। 6 ਜਦੋਂ ਸਾਹ ਖਿੱਚ ਕੇ ਦੂਸਰੀ ਵਾਰ ਤੁਰ੍ਹੀ ਵਜਾਈ ਜਾਂਦੀ ਹੈ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ। ਇਸ ਤਰ੍ਹਾਂ ਕੂਚ ਕਰਨ ਲਈ ਉਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਸੀ। 7 ਜਦੋਂ ਵੀ ਸਭਾ ਇਕੱਠੀ ਹੋਵੇ, ਤੁਸੀਂ ਬਿਨਾਂ ਕਿਸੇ ਚੇਤਾਵਨੀ ਦੇ ਤੁਰ੍ਹੀ ਵਜਾਓ।
8 "ਹਾਰੋਨ ਦੇ ਪੁੱਤਰ, ਜਾਜਕ ਤੁਰ੍ਹੀਆਂ ਵਜਾਉਣ। ਇਹ ਤੁਹਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦਾ ਨਿਯਮ ਹੋਵੇ। 9 ਜਦੋਂ ਤੁਸੀਂ ਆਪਣੇ ਦੇਸ਼ ਵਿੱਚ ਕਿਸੇ ਦੁਸ਼ਮਣ ਦੇ ਵਿਰੁੱਧ ਲੜਾਈ ਵਿੱਚ ਜਾਂਦੇ ਹੋ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਹਨ, ਤਾਂ ਸਾਹ ਖਿੱਚ ਕੇ ਤੁਰ੍ਹੀ ਬਜਾਓ। ਫਿਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਦੁਆਰਾ ਚੇਤੇ ਕੀਤੇ ਜਾਓਗੇ, ਅਤੇ ਤੁਸੀਂ ਆਪ ਨੇ ਦੁਸ਼ਮਣਾਂ ਤੋਂ ਬਚਾਏ ਜਾਓਗੇ। 10 ਅਤੇ ਤੁਹਾਡੇ ਅਨੰਦ ਦੇ ਸਮੇਂ, ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਅਤੇ ਨਵੇਂ ਚੰਦ ਦੇ ਤਿਉਹਾਰਾਂ ਉੱਤੇ, ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਉੱਤੇ ਤੁਰ੍ਹੀਆਂ ਵਜਾਉਣੀਆਂ ਹਨ, ਅਤੇ ਉਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਯਾਦਗਾਰ ਹੋਣਗੀਆਂ। ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ।"
11 ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ, ਨੇਮ ਦੇ ਤੰਬੂ ਦੇ ਉੱਪਰੋਂ ਬੱਦਲ ਉੱਠਿਆ। 12 ਫਿਰ ਇਸਰਾਏਲੀ ਸੀਨਾਈ ਦੇ ਉਜਾੜ ਵਿੱਚੋਂ ਨਿਕਲੇ ਅਤੇ ਇੱਕ ਥਾਂ ਤੋਂ ਦੂਜੇ ਸਥਾਨ ਤੇ ਤੁਰੇ ਜਦੋਂ ਤੱਕ ਪਾਰਾਨ ਦੇ ਉਜਾੜ ਵਿੱਚ ਬੱਦਲ ਟਿਕ ਨਾ ਗਿਆ। 13 ਉਹ ਪਹਿਲੀ ਵਾਰ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਨਿਕਲੇ।
14 ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ। 15 ਸੂਆਰ ਦਾ ਪੁੱਤਰ ਨਥਾਨੇਲ ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੀ, 16 ਅਤੇ ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਸੀ। 17 ਤਦ ਤੰਬੂ ਨੂੰ ਉਤਾਰਿਆ ਗਿਆ ਅਤੇ ਗੇਰਸ਼ੋਨੀ ਅਤੇ ਮੇਰਾਰੀ ਜਿਹੜੇ ਉਸ ਨੂੰ ਚੁੱਕਦੇ ਸਨ, ਚੱਲ ਪਏ।
18 ਫਿਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਅਤੇ ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ। 19 ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਸੀ। 20 ਅਤੇ ਦੇਊਏਲ ਦਾ ਪੁੱਤਰ ਏਲੀਯਾਸਾਫ਼ ਗਾਦ ਦੇ ਗੋਤ ਦਾ ਸੈਨਾਪਤੀ ਸੀ। 21 ਫਿਰ ਕੋਹਾਥੀ ਪਵਿੱਤਰ ਵਸਤੂਆਂ ਨੂੰ ਲੈ ਕੇ ਚੱਲ ਪਏ ਅਤੇ ਦੂਸਰਿਆਂ ਨੇ ਉਹਨਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।
22 ਫਿਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਉਹਨਾਂ ਦਾ ਸੈਨਾਪਤੀ ਸੀ। 23 ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ੇਹ ਦੇ ਗੋਤ ਦਾ ਸੈਨਾਪਤੀ ਸੀ, 24 ਅਤੇ ਗਿਦਾਓਨੀ ਦਾ ਪੁੱਤਰ ਅਬੀਦਾਨ ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਸੀ।
25 ਫਿਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਸੀ। 26 ਓਕਰਾਨ ਦਾ ਪੁੱਤਰ ਪਗੀਏਲ ਆਸ਼ੇਰ ਦੇ ਗੋਤ ਦਾ ਸੈਨਾਪਤੀ ਸੀ, 27 ਅਤੇ ਏਨਾਨ ਦਾ ਪੁੱਤਰ ਅਹੀਰਾ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਸੀ। 28 ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵੱਧਦੇ ਹੁੰਦੇ ਸਨ।
29 ਹੁਣ ਮੋਸ਼ੇਹ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ, "ਅਸੀਂ ਉਸ ਥਾਂ ਵੱਲ ਜਾ ਰਹੇ ਹਾਂ ਜਿਸ ਬਾਰੇ ਯਾਹਵੇਹ ਨੇ ਆਖਿਆ ਸੀ, ‘ਮੈਂ ਤੈਨੂੰ ਦਿਆਂਗਾ।’ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂਕਿ ਯਾਹਵੇਹ ਨੇ ਇਸਰਾਏਲ ਨਾਲ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।"
30 ਉਸ ਨੇ ਉੱਤਰ ਦਿੱਤਾ, "ਨਹੀਂ, ਮੈਂ ਨਹੀਂ ਜਾਵਾਂਗਾ, ਮੈਂ ਆਪਣੀ ਧਰਤੀ ਅਤੇ ਆਪਣੇ ਲੋਕਾਂ ਵਿੱਚ ਵਾਪਸ ਜਾ ਰਿਹਾ ਹਾਂ।"
31 ਪਰ ਮੋਸ਼ੇਹ ਨੇ ਆਖਿਆ, "ਕਿਰਪਾ ਕਰਕੇ ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈ ਕਿ ਸਾਨੂੰ ਉਜਾੜ ਵਿੱਚ ਕਿੱਥੇ ਡੇਰਾ ਲਾਉਣਾ ਚਾਹੀਦਾ ਹੈ, ਸਗੋਂ ਤੇਰੀਆਂ ਅੱਖਾਂ ਸਾਡੇ ਲਈ ਅਗਵਾਈ ਦਾ ਕੰਮ ਕਰਦੀਆਂ ਹਨ। 32 ਜੇਕਰ ਤੂੰ ਸਾਡੇ ਨਾਲ ਚੱਲੇਗਾ, ਤਾਂ ਜੋ ਵੀ ਚੰਗੀਆਂ ਚੀਜ਼ਾਂ ਯਾਹਵੇਹ ਸਾਨੂੰ ਦੇਵੇਗਾ, ਤੇਰੇ ਨਾਲ ਸਾਂਝਾ ਕਰਾਂਗੇ।"
33 ਇਸ ਲਈ ਉਹ ਯਾਹਵੇਹ ਦੇ ਪਰਬਤ ਤੋਂ ਨਿਕਲੇ ਅਤੇ ਤਿੰਨ ਦਿਨ ਸਫ਼ਰ ਕੀਤਾ। ਯਾਹਵੇਹ ਦੇ ਨੇਮ ਦਾ ਸੰਦੂਕ ਉਹਨਾਂ ਤਿੰਨਾਂ ਦਿਨਾਂ ਵਿੱਚ ਉਹਨਾਂ ਦੇ ਅੱਗੇ-ਅੱਗੇ ਚੱਲਿਆ ਤਾਂ ਜੋ ਉਹਨਾਂ ਨੂੰ ਆਰਾਮ ਕਰਨ ਲਈ ਜਗ੍ਹਾ ਮਿਲੇ। 34 ਯਾਹਵੇਹ ਦਾ ਬੱਦਲ ਦਿਨ ਵੇਲੇ ਉਹਨਾਂ ਉੱਤੇ ਛਾਇਆ ਹੋਇਆ ਸੀ ਜਦੋਂ ਉਹ ਡੇਰੇ ਤੋਂ ਨਿਕਲਦੇ ਸਨ।
35 ਇਸ ਤਰ੍ਹਾਂ ਹੁੰਦਾ ਸੀ, ਜਦ ਸੰਦੂਕ ਦਾ ਕੂਚ ਹੁੰਦਾ ਸੀ, ਮੋਸ਼ੇਹ ਆਖਦਾ ਸੀ,
"ਉੱਠ, ਯਾਹਵੇਹ!
ਤੇਰੇ ਦੁਸ਼ਮਣ ਖਿੱਲਰ ਜਾਣ;
ਤੇਰੇ ਦੁਸ਼ਮਣ ਤੇਰੇ ਅੱਗੋਂ ਭੱਜ ਜਾਣ।"
36 ਜਦੋਂ ਵੀ ਇਹ ਆਰਾਮ ਕਰਨ ਲਈ ਠਹਿਰਦਾ, ਮੋਸ਼ੇਹ ਆਖਦਾ ਹੁੰਦਾ ਸੀ,
"ਹੇ ਯਾਹਵੇਹ,
ਇਸਰਾਏਲ ਦੇ ਅਣਗਿਣਤ ਹਜ਼ਾਰਾਂ ਲੋਕਾਂ ਕੋਲ ਵਾਪਸ ਆ।"