Pular para o conteúdo
Publicidade

ਗਿਣਤੀ 12

ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ

1 ਮਰਿਯਮ ਅਤੇ ਹਾਰੋਨ ਮੋਸ਼ੇਹ ਦੇ ਵਿਰੁੱਧ ਉਸਦੀ ਕੂਸ਼ੀ ਪਤਨੀ ਦੇ ਕਾਰਨ ਬੁਰਾ ਬੋਲਣ ਲੱਗ ਪਏ, ਕਿਉਂਕਿ ਉਸਨੇ ਇੱਕ ਕੂਸ਼ੀ ਨਾਲ ਵਿਆਹ ਕੀਤਾ ਸੀ। 2 ਉਹਨਾਂ ਨੇ ਆਖਿਆ, "ਕੀ ਯਾਹਵੇਹ ਸਿਰਫ ਮੋਸ਼ੇਹ ਰਾਹੀਂ ਹੀ ਬੋਲਿਆ ਹੈ? ਕੀ ਉਹ ਸਾਡੇ ਰਾਹੀਂ ਨਹੀਂ ਬੋਲਿਆ?" ਅਤੇ ਯਾਹਵੇਹ ਨੇ ਉਹਨਾਂ ਦੀਆਂ ਇਹ ਗੱਲਾਂ ਸੁਣੀਆਂ।

3 (ਹੁਣ ਮੋਸ਼ੇਹ ਇੱਕ ਬਹੁਤ ਹੀ ਨਿਮਰ ਮਨੁੱਖ ਸੀ, ਜੋ ਧਰਤੀ ਉੱਤੇ ਵੱਸਦੇ ਸਾਰੇ ਮਨੁੱਖਾਂ ਨਾਲੋਂ ਨਿਮਰ ਸੀ।)

4 ਉਸੇ ਵੇਲੇ ਯਾਹਵੇਹ ਨੇ ਮੋਸ਼ੇਹ, ਹਾਰੋਨ ਅਤੇ ਮਰਿਯਮ ਨੂੰ ਆਖਿਆ, "ਤੁਸੀਂ ਤਿੰਨੋਂ, ਮੰਡਲੀ ਵਾਲੇ ਤੰਬੂ ਵੱਲ ਬਾਹਰ ਆਓ।" ਇਸ ਲਈ ਉਹ ਤਿੰਨੇ ਬਾਹਰ ਚਲੇ ਗਏ। 5 ਫਿਰ ਯਾਹਵੇਹ ਬੱਦਲ ਦੇ ਥੰਮ੍ਹ ਵਿੱਚ ਹੇਠਾਂ ਆਇਆ। ਉਹ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋਇਆ ਅਤੇ ਹਾਰੋਨ ਅਤੇ ਮਰਿਯਮ ਨੂੰ ਅੱਗੇ ਬੁਲਾਇਆ ਅਤੇ ਜਦੋਂ ਉਹ ਦੋਵੇਂ ਅੱਗੇ ਵਧੇ, 6 ਉਸ ਨੇ ਕਿਹਾ, "ਮੇਰੀਆਂ ਗੱਲਾਂ ਨੂੰ ਸੁਣੋ:

"ਜਦੋਂ ਤੁਹਾਡੇ ਵਿੱਚ ਕੋਈ ਨਬੀ ਹੁੰਦਾ ਹੈ,

ਮੈਂ ਯਾਹਵੇਹ, ਆਪਣੇ ਆਪ ਨੂੰ ਦਰਸ਼ਨਾਂ ਵਿੱਚ ਉਹਨਾਂ ਉੱਤੇ ਪਰਗਟ ਕਰਦਾ ਹਾਂ,

ਮੈਂ ਉਹਨਾਂ ਨਾਲ ਸੁਪਨਿਆਂ ਵਿੱਚ ਗੱਲ ਕਰਦਾ ਹਾਂ।

7 ਪਰ ਇਹ ਮੇਰੇ ਸੇਵਕ ਮੋਸ਼ੇਹ ਬਾਰੇ ਸੱਚ ਨਹੀਂ ਹੈ।

ਉਹ ਮੇਰੇ ਸਾਰੇ ਘਰ ਵਿੱਚ ਵਫ਼ਾਦਾਰ ਹੈ।

8 ਮੈਂ ਉਸ ਨਾਲ ਆਹਮੋ-ਸਾਹਮਣੇ ਗੱਲ ਕਰਦਾ ਹਾਂ,

ਸਾਫ਼-ਸਾਫ਼, ਬੁਝਾਰਤਾਂ ਵਿੱਚ ਨਹੀਂ,

ਉਹ ਯਾਹਵੇਹ ਦੇ ਰੂਪ ਨੂੰ ਵੇਖਦਾ ਹੈ।

ਫਿਰ ਤੁਸੀਂ ਮੇਰੇ ਸੇਵਕ ਮੋਸ਼ੇਹ ਦੇ ਵਿਰੁੱਧ ਬੁਰਾ ਬੋਲਣ ਤੋਂ ਕਿਉਂ ਨਹੀਂ ਡਰੇ?"

9 ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ ਅਤੇ ਉਹ ਉਹਨਾਂ ਨੂੰ ਛੱਡ ਚਲਾ ਗਿਆ।

10 ਜਦੋਂ ਬੱਦਲ ਤੰਬੂ ਦੇ ਉੱਪਰੋਂ ਉੱਠਿਆ, ਤਾਂ ਮਰਿਯਮ ਦੀ ਚਮੜੀ ਕੋੜ੍ਹ ਨਾਲ ਭਰ ਗਈ ਸੀ, ਇਹ ਬਰਫ਼ ਵਾਂਗ ਚਿੱਟੀ ਹੋ ਗਈ। ਹਾਰੋਨ ਉਸ ਵੱਲ ਮੁੜਿਆ ਅਤੇ ਦੇਖਿਆ ਕਿ ਉਸ ਨੂੰ ਚਮੜੀ ਦਾ ਰੋਗ ਹੈ, 11 ਅਤੇ ਹਾਰੋਨ ਨੇ ਮੋਸ਼ੇਹ ਨੂੰ ਕਿਹਾ, "ਮੇਰੇ ਮਹਾਰਾਜ, ਕਿਰਪਾ ਕਰਕੇ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਿਰੁੱਧ ਉਹ ਪਾਪ ਨਾ ਕਰੋ ਜੋ ਅਸੀਂ ਮੂਰਖਤਾ ਨਾਲ ਕੀਤਾ ਹੈ। 12 ਉਸ ਨੂੰ ਮਰੇ ਹੋਏ ਬੱਚੇ ਵਰਗਾ ਨਾ ਹੋਣ ਦਿਓ ਜਿਸ ਦਾ ਸਰੀਰ ਆਪਣੀ ਮਾਂ ਦੀ ਕੁੱਖ ਵਿੱਚ ਇਵੇਂ ਹੋਵੇ ਜਿਵੇਂ ਉਸ ਦਾ ਮਾਸ ਅੱਧਾ ਗਲਿਆ ਹੋਇਆ ਹੈ।"

13 ਤਾਂ ਮੋਸ਼ੇਹ ਨੇ ਯਾਹਵੇਹ ਅੱਗੇ ਦੁਹਾਈ ਦਿੱਤੀ, "ਹੇ ਪਰਮੇਸ਼ਵਰ, ਕਿਰਪਾ ਕਰਕੇ ਉਸਨੂੰ ਚੰਗਾ ਕਰ!"

14 ਯਾਹਵੇਹ ਨੇ ਮੋਸ਼ੇਹ ਨੂੰ ਉੱਤਰ ਦਿੱਤਾ, "ਜੇਕਰ ਉਸ ਦਾ ਪਿਤਾ ਉਸ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ, ਤਾਂ ਕੀ ਉਸਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਰਹਿੰਦੀ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ।" 15 ਇਸ ਲਈ ਮਰਿਯਮ ਨੂੰ ਡੇਰੇ ਤੋਂ ਬਾਹਰ ਸੱਤ ਦਿਨਾਂ ਤੱਕ ਬੰਦ ਰੱਖਿਆ ਗਿਆ ਅਤੇ ਜਦ ਤੱਕ ਮਰਿਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ।

16 ਉਸ ਤੋਂ ਬਾਅਦ ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਪਾਰਾਨ ਦੇ ਉਜਾੜ ਵਿੱਚ ਡੇਰੇ ਲਾਏ।

Estes versículos te tocaram? Ore agora!

+581 estão orando agora.

Junte-se à corrente de oração.