Publicidade

Números 5

ਡੇਰੇ ਦੀ ਪਵਿੱਤਰਤਾਈ

1 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2 "ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਕਿਸੇ ਵੀ ਵਿਅਕਤੀ ਨੂੰ ਡੇਰੇ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ ਦੀ ਬੀਮਾਰੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਜਾਂ ਜੋ ਮਰੇ ਹੋਏ ਸਰੀਰ ਦੇ ਕਾਰਨ ਰਸਮੀ ਤੌਰ ਉੱਤੇ ਅਸ਼ੁੱਧ ਹੋਵੇ। 3 ਆਦਮੀ ਅਤੇ ਔਰਤ ਉਹਨਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਭੇਜ ਦਿਓ ਤਾਂ ਜੋ ਉਹ ਆਪਣੇ ਡੇਰੇ ਨੂੰ ਜਿੱਥੇ ਮੈਂ ਉਹਨਾਂ ਵਿੱਚ ਰਹਿੰਦਾ ਹਾਂ, ਅਸ਼ੁੱਧ ਨਾ ਕਰਨ।" 4 ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਹਨਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ, ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

ਗਲਤੀਆਂ ਦੀ ਭਰਪਾਈ

5 ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 6 "ਇਸਰਾਏਲੀਆਂ ਨੂੰ ਆਖ, ‘ਕੋਈ ਵੀ ਆਦਮੀ ਜਾਂ ਔਰਤ ਜੋ ਕਿਸੇ ਵੀ ਤਰੀਕੇ ਨਾਲ ਕਿਸੇ ਦੂਜੇ ਉੱਤੇ ਜ਼ੁਲਮ ਕਰਦਾ ਹੈ, ਉਹ ਯਾਹਵੇਹ ਦੇ ਲਈ ਬੇਵਫ਼ਾ ਅਤੇ ਦੋਸ਼ੀ ਹੋਵੇਗਾ। 7 ਤਦ ਉਹ ਆਪਣੇ ਕੀਤੇ ਹੋਏ ਪਾਪ ਦਾ ਇਕਰਾਰ ਕਰੇ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰਨ, ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਵੱਧ ਉਸ ਵਿਅਕਤੀ ਨੂੰ ਦੇਣ, ਜਿਸ ਦੇ ਨਾਲ ਉਹਨਾਂ ਨੇ ਗਲਤ ਕੀਤਾ ਹੈ। 8 ਪਰ ਜੇਕਰ ਉਸ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਤਾਂ ਗਲਤੀ ਦੀ ਭਰਪਾਈ ਯਾਹਵੇਹ ਨੂੰ ਦਿੱਤੀ ਜਾਵੇ, ਜਿਸਨੂੰ ਜਾਜਕ ਸਵੀਕਾਰ ਕਰੇ ਨਾਲੇ ਹੀ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ। 9 ਇਸਰਾਏਲੀ ਜੋ ਵੀ ਪਵਿੱਤਰ ਭੇਟ ਇੱਕ ਜਾਜਕ ਨੂੰ ਦਿੰਦੇ ਹਨ ਉਹ ਉਸ ਦਾ ਹੋਵੇਗਾ। 10 ਹਰ ਮਨੁੱਖ ਦੀਆਂ ਪਵਿੱਤਰ ਵਸਤੂਆਂ ਉਸ ਦੀਆਂ ਹੋਣ, ਪਰ ਜੋ ਉਹ ਜਾਜਕ ਨੂੰ ਦਿੰਦੇ ਹਨ ਉਹ ਜਾਜਕ ਦਾ ਹੀ ਹੋਵੇਗਾ।’ "

ਬੇਵਫ਼ਾ ਪਤਨੀ ਲਈ ਪਰੀਖਿਆ

11 ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 12 "ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕਿਸੇ ਆਦਮੀ ਦੀ ਪਤਨੀ ਕੁਰਾਹੇ ਪਈ ਹੈ ਅਤੇ ਉਸ ਨਾਲ ਬੇਵਫ਼ਾਈ ਕਰੇ। 13 ਤਾਂ ਜੋ ਕਿਸੇ ਹੋਰ ਆਦਮੀ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਅਤੇ ਇਹ ਉਸਦੇ ਪਤੀ ਤੋਂ ਛੁਪਿਆ ਰਹੇ ਅਤੇ ਉਸਦੀ ਅਸ਼ੁੱਧਤਾ ਦਾ ਪਤਾ ਨਾ ਲੱਗੇ (ਕਿਉਂਕਿ ਉਸਦੇ ਵਿਰੁੱਧ ਕੋਈ ਗਵਾਹ ਨਹੀਂ ਹੈ ਅਤੇ ਉਹ ਇਸ ਕੰਮ ਵਿੱਚ ਫੜੀ ਨਹੀਂ ਗਈ ਹੈ), 14 ਅਤੇ ਜੇ ਉਸ ਦੇ ਪਤੀ ਦੇ ਮਨ ਵਿੱਚ ਜਲਣ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ ਕਿ ਉਹ ਅਪਵਿੱਤਰ ਹੈ, ਜਾਂ ਜੇ ਉਹ ਜਲਣ ਕਰਦਾ ਹੈ ਅਤੇ ਉਸ ਉੱਤੇ ਸ਼ੱਕ ਕਰਦਾ ਹੈ ਭਾਵੇਂ ਉਹ ਅਪਵਿੱਤਰ ਨਹੀਂ ਹੈ। 15 ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫਾਹ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।

16 " ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ। 17 ਤਦ ਜਾਜਕ ਨੂੰ ਮਿੱਟੀ ਦੇ ਘੜੇ ਵਿੱਚ ਕੁਝ ਪਵਿੱਤਰ ਜਲ ਲਵੇ, ਅਤੇ ਡੇਰੇ ਦੇ ਫਰਸ਼ ਤੋਂ ਕੁਝ ਧੂੜ ਲੈ ਕੇ ਜਲ ਵਿੱਚ ਪਾਵੇ। 18 ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਹਮਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਅਰਥਾਤ ਜਲਣ ਦੀ ਭੇਟ ਵੀ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ। 19 ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, "ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ। 20 ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।" 21 ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, "ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ। 22 ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰੇ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।"

" ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, "ਆਮੀਨ। ਇਸ ਤਰ੍ਹਾਂ ਹੋਵੇ।"

23 " ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ। 24 ਉਹ ਤੀਵੀਂ ਨੂੰ ਉਹ ਕੌੜਾ ਪਾਣੀ ਪਿਲਾਵੇਗਾ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਇਹ ਪਾਣੀ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਕੌੜਾ ਦੁੱਖ ਲਿਆਉਂਦਾ ਹੈ ਉਹ ਦੇ ਸਰੀਰ ਵਿੱਚ ਵੜ ਜਾਵੇਗਾ। 25 ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਾਹਵੇਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਜਗਵੇਦੀ ਦੇ ਨੇੜੇ ਲਿਆਵੇ। 26 ਤਦ ਜਾਜਕ ਨੂੰ ਇੱਕ ਮੁੱਠੀ ਭਰ ਅਨਾਜ ਦੀ ਭੇਟ ਨੂੰ ਯਾਦਗਾਰੀ ਭੇਟ ਵਜੋਂ ਲੈ ਕੇ ਜਗਵੇਦੀ ਉੱਤੇ ਸਾੜੇ। ਉਸ ਤੋਂ ਬਾਅਦ, ਉਹ ਜਲ ਉਸ ਔਰਤ ਨੂੰ ਪਿਲਾਵੇ। 27 ਜੇ ਉਸ ਨੇ ਆਪਣੇ ਆਪ ਨੂੰ ਅਪਵਿੱਤਰ ਬਣਾਇਆ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ ਤਾਂ ਇਸ ਦਾ ਨਤੀਜਾ ਇਹ ਹੋਵੇਗਾ, ਜਦੋਂ ਉਸ ਨੂੰ ਉਹ ਪਾਣੀ ਪਿਲਾਇਆ ਜਾਂਦਾ ਹੈ ਜੋ ਸਰਾਪ ਲਿਆਉਂਦਾ ਹੈ ਅਤੇ ਕੌੜਾ ਕਸ਼ਟ ਲਿਆਉਂਦਾ ਹੈ, ਤਾਂ ਉਹ ਉਸ ਦੇ ਅੰਦਰ ਵੜ ਜਾਵੇਗਾ, ਉਸ ਦਾ ਪੇਟ ਸੁੱਜ ਜਾਵੇਗਾ। 28 ਪਰ ਜੇ ਔਰਤ ਨੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕੀਤਾ ਸਗੋਂ ਸ਼ੁੱਧ ਹੈ ਤਾਂ ਉਹ ਦੋਸ਼ ਤੋਂ ਮੁਕਤ ਹੋ ਜਾਵੇਗੀ ਅਤੇ ਬੱਚੇ ਪੈਦਾ ਕਰ ਸਕੇਗੀ।

29 " ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ, 30 ਜਾਂ ਜਦੋਂ ਇੱਕ ਆਦਮੀ ਦੇ ਮਨ ਵਿੱਚ ਜਲਣ ਹੋਵੇ ਕਿਉਂਕਿ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ। ਜਾਜਕ ਉਸ ਨੂੰ ਯਾਹਵੇਹ ਦੇ ਸਾਹਮਣੇ ਖੜ੍ਹਾ ਕਰੇ, ਅਤੇ ਇਸ ਪੂਰੇ ਕਾਨੂੰਨ ਨੂੰ ਉਸ ਉੱਤੇ ਲਾਗੂ ਕਰਨਾ ਹੈ। 31 ਪਤੀ ਕਿਸੇ ਵੀ ਗਲਤੀ ਤੋਂ ਨਿਰਦੋਸ਼ ਹੋਵੇਗਾ, ਉਹ ਔਰਤ ਆਪਣੀ ਬਦੀ ਨੂੰ ਆਪ ਚੁੱਕੇਗੀ।’ "

Veja também

Publicidade
Bíblia Online Bíblia Online

Bíblia Online • Versão: 2026-06-15_21-32-39-