Pular para o conteúdo
Publicidade

ਗਿਣਤੀ 21

ਅਰਾਦ ਦਾ ਨਾਸ਼

1 ਜਦੋਂ ਨੇਗੇਵ ਵਿੱਚ ਰਹਿਣ ਵਾਲੇ ਅਰਾਦ ਦੇ ਕਨਾਨੀ ਰਾਜੇ ਨੇ ਸੁਣਿਆ ਕਿ ਇਸਰਾਏਲ ਅਥਾਰਿਮ ਦੇ ਰਸਤੇ ਵਿੱਚ ਆ ਰਿਹਾ ਹੈ, ਤਾਂ ਉਸਨੇ ਇਸਰਾਏਲੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ। 2 ਫਿਰ ਇਸਰਾਏਲ ਨੇ ਯਾਹਵੇਹ ਅੱਗੇ ਇਹ ਸੁੱਖਣਾ ਸੁੱਖੀ ਕਿ "ਜੇ ਤੁਸੀਂ ਇਨ੍ਹਾਂ ਲੋਕਾਂ ਨੂੰ ਸਾਡੇ ਹੱਥਾਂ ਵਿੱਚ ਸੌਂਪ ਦਿਓਗੇ, ਤਾਂ ਅਸੀਂ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵਾਂਗੇ।" 3 ਯਾਹਵੇਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਇਸਰਾਏਲੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਇਸ ਲਈ ਉਸ ਥਾਂ ਦਾ ਨਾਂ ਹੋਰਮਾਹ21:3 ਹੋਰਮਾਹ ਅਰਥ ਵਿਨਾਸ਼ ਰੱਖਿਆ ਗਿਆ।

ਪਿੱਤਲ ਦਾ ਸੱਪ

4 ਉਹ ਹੋਰ ਨਾਮੀ ਪਹਾੜ ਤੋਂ ਲਾਲ ਸਾਗਰ ਦੇ ਰਸਤੇ ਅਦੋਮ ਦੇ ਆਲੇ-ਦੁਆਲੇ ਜਾਣ ਲਈ ਸਫ਼ਰ ਕਰਦੇ ਸਨ, ਪਰ ਲੋਕ ਰਸਤੇ ਵਿੱਚ ਬੇਸਬਰੇ ਹੋ ਗਏ; 5 ਉਹ ਪਰਮੇਸ਼ਵਰ ਅਤੇ ਮੋਸ਼ੇਹ ਦੇ ਵਿਰੁੱਧ ਬੋਲੇ ਅਤੇ ਆਖਿਆ, "ਤੁਸੀਂ ਸਾਨੂੰ ਮਿਸਰ ਵਿੱਚੋਂ ਉਜਾੜ ਵਿੱਚ ਮਰਨ ਲਈ ਕਿਉਂ ਲਿਆਏ? ਜਿੱਥੇ ਨਾ ਕੋਈ ਰੋਟੀ ਹੈ! ਨਾ ਪਾਣੀ ਹੈ! ਅਤੇ ਅਸੀਂ ਇਸ ਨਿਕੰਮੇ ਭੋਜਨ ਤੋਂ ਅੱਕ ਗਏ ਹਾਂ!"

6 ਤਦ ਯਾਹਵੇਹ ਨੇ ਉਹਨਾਂ ਵਿੱਚ ਜ਼ਹਿਰੀਲੇ ਸੱਪ ਭੇਜੇ, ਉਹਨਾਂ ਨੇ ਲੋਕਾਂ ਨੂੰ ਡੱਸਿਆ ਅਤੇ ਬਹੁਤ ਸਾਰੇ ਇਸਰਾਏਲੀ ਮਰ ਗਏ। 7 ਲੋਕ ਮੋਸ਼ੇਹ ਕੋਲ ਆਏ ਅਤੇ ਆਖਿਆ, "ਅਸੀਂ ਪਾਪ ਕੀਤਾ ਜਦੋਂ ਅਸੀਂ ਯਾਹਵੇਹ ਅਤੇ ਤੁਹਾਡੇ ਵਿਰੁੱਧ ਬੋਲੇ, ਹੁਣ ਪ੍ਰਾਰਥਨਾ ਕਰੋ ਕਿ ਯਾਹਵੇਹ ਸਾਡੇ ਤੋਂ ਸੱਪਾਂ ਨੂੰ ਦੂਰ ਕਰ ਦੇਵੇ।" ਇਸ ਲਈ ਮੋਸ਼ੇਹ ਨੇ ਲੋਕਾਂ ਲਈ ਪ੍ਰਾਰਥਨਾ ਕੀਤੀ।

8 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਇੱਕ ਸੱਪ ਬਣਾ ਅਤੇ ਇੱਕ ਖੰਭੇ ਉੱਤੇ ਰੱਖ, ਕੋਈ ਵੀ ਜੋ ਡੱਸਿਆ ਜਾਵੇ ਉਹ ਇਸਨੂੰ ਦੇਖ ਲਵੇ ਅਤੇ ਆਪਣੀ ਜਾਨ ਬਚਾ ਸਕਦਾ ਹੈ।" 9 ਇਸ ਲਈ ਮੋਸ਼ੇਹ ਨੇ ਪਿੱਤਲ ਦਾ ਇੱਕ ਸੱਪ ਬਣਾਇਆ ਅਤੇ ਇੱਕ ਖੰਭੇ ਉੱਤੇ ਰੱਖਿਆ। ਫਿਰ ਜਦੋਂ ਕਿਸੇ ਨੂੰ ਸੱਪ ਨੇ ਡੰਗ ਮਾਰਿਆ ਅਤੇ ਉਸਨੇ ਪਿੱਤਲ ਦੇ ਸੱਪ ਵੱਲ ਦੇਖਿਆ ਤਾਂ ਉਹ ਜਿਉਂਦਾ ਰਹਿੰਦਾ ਸੀ।

ਮੋਆਬ ਦੀ ਯਾਤਰਾ

10 ਇਸਰਾਏਲੀਆਂ ਨੇ ਅੱਗੇ ਵੱਧ ਕੇ ਓਬੋਥ ਵਿੱਚ ਡੇਰਾ ਲਾਇਆ। 11 ਤਦ ਉਹਨਾਂ ਨੇ ਓਬੋਥ ਤੋਂ ਕੂਚ ਕਰ ਕੇ ਈਯੇ ਅਬਾਰੀਮ ਵਿੱਚ ਡੇਰੇ ਲਾਏ ਜੋ ਉਜਾੜ ਵਿੱਚ ਮੋਆਬ ਵੱਲ ਸੂਰਜ ਚੜ੍ਹਨ ਵੱਲ ਸੀ। 12 ਉੱਥੋਂ ਉਹਨਾਂ ਨੇ ਅੱਗੇ ਵੱਧ ਕੇ ਜ਼ਰਦ ਘਾਟੀ ਵਿੱਚ ਡੇਰੇ ਲਾਏ। 13 ਉਹਨਾਂ ਨੇ ਉੱਥੋਂ ਚੱਲ ਕੇ ਅਰਨੋਨ ਦੇ ਕੋਲ ਡੇਰੇ ਲਾਏ ਜੋ ਉਜਾੜ ਵਿੱਚ ਅਮੋਰੀਆਂ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਰਨੋਨ ਮੋਆਬ ਦੀ ਸਰਹੱਦ ਹੈ, ਜੋ ਮੋਆਬ ਅਤੇ ਅਮੋਰੀਆਂ ਵਿਚਕਾਰ ਸੀ। 14 ਇਸੇ ਲਈ ਯਾਹਵੇਹ ਦੇ ਯੁੱਧਾਂ ਦੀ ਪੋਥੀ ਆਖਦੀ ਹੈ:

"ਸੁਫਾਹ ਅਤੇ ਦਰਿਆਵਾਂ ਵਿੱਚ ਜ਼ਹਾਬਦ,

ਅਰਨੋਨ ਦੀਆਂ ਵਦੀਆਂ 15 ਅਤੇ ਵਾਦੀਆਂ ਦੀਆਂ ਢਾਲ਼

ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ।"

16 ਉੱਥੋਂ ਉਹ ਬਏਰ ਵੱਲ ਚੱਲ ਪਏ, ਉਹ ਖੂਹ ਜਿੱਥੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, "ਲੋਕਾਂ ਨੂੰ ਇਕੱਠਾ ਕਰੋ ਅਤੇ ਮੈਂ ਉਹਨਾਂ ਨੂੰ ਪਾਣੀ ਦਿਆਂਗਾ।"

17 ਤਦ ਇਸਰਾਏਲ ਨੇ ਇਹ ਗੀਤ ਗਾਇਆ:

"ਹੇ ਖੂਹ! ਭਰ ਜਾਉ!

ਉਸ ਲਈ ਗਾਓ,

18 ਉਹ ਖੂਹ ਜੋ ਸਰਦਾਰਾਂ ਨੇ ਪੁੱਟਿਆ,

ਅਤੇ ਜਿਸ ਨੂੰ ਪਤਵੰਤ ਲੋਕਾਂ ਨੇ,

ਅਤੇ ਰਾਜਿਆਂ ਦੀਆਂ ਲਾਠੀਆਂ ਨਾਲ ਕੱਢਿਆ।"

ਤਦ ਉਹ ਉਜਾੜ ਤੋਂ ਮੱਤਾਨਾਹ ਨੂੰ ਗਏ। 19 ਮੱਤਾਨਾਹ ਤੋਂ ਨਹਲੀਏਲ ਤੱਕ, ਨਹਲੀਏਲ ਤੋਂ ਬਾਮੋਥ ਤੱਕ, 20 ਅਤੇ ਬਾਮੋਥ ਤੋਂ ਮੋਆਬ ਦੀ ਘਾਟੀ ਤੱਕ ਜਿੱਥੇ ਪਿਸਗਾਹ ਦੀ ਸਿਖਰ ਨੂੰ ਜਿਹੜਾ ਉਜਾੜ ਵੱਲ ਨੂੰ ਝੁਕੀ ਹੋਈ ਹੈ।

ਸੀਹੋਨ ਅਤੇ ਓਗ ਦੀ ਹਾਰ

21 ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਇਹ ਕਹਿਣ ਲਈ ਸੰਦੇਸ਼ਵਾਹਕ ਭੇਜੇ:

22 "ਸਾਨੂੰ ਤੁਹਾਡੇ ਦੇਸ਼ ਵਿੱਚੋਂ ਦੀ ਲੰਘਣ ਦਿਓ। ਅਸੀਂ ਕਿਸੇ ਖੇਤ ਜਾਂ ਅੰਗੂਰੀ ਬਾਗ਼ ਵਿੱਚ ਨਹੀਂ ਜਾਵਾਂਗੇ, ਨਾ ਕਿਸੇ ਖੂਹ ਦਾ ਪਾਣੀ ਪੀਵਾਂਗੇ। ਅਸੀਂ ਪਾਤਸ਼ਾਹੀ ਸੜਕ ਦੇ ਰਾਸਤੇ ਤੇ ਯਾਤਰਾ ਕਰਾਂਗੇ ਜਦੋਂ ਤੱਕ ਅਸੀਂ ਤੁਹਾਡੇ ਖੇਤਰ ਵਿੱਚੋਂ ਪਾਰ ਨਹੀਂ ਲੰਘ ਜਾਂਦੇ।"

23 ਪਰ ਸੀਹੋਨ ਨੇ ਇਸਰਾਏਲ ਨੂੰ ਆਪਣੇ ਇਲਾਕੇ ਵਿੱਚੋਂ ਦੀ ਲੰਘਣ ਨਾ ਦਿੱਤਾ। ਉਸ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਇਸਰਾਏਲ ਦੇ ਵਿਰੁੱਧ ਉਜਾੜ ਵੱਲ ਕੂਚ ਕੀਤਾ। ਜਦੋਂ ਉਹ ਯਹਾਜ਼ ਪਹੁੰਚਿਆ, ਉਸਨੇ ਇਸਰਾਏਲ ਨਾਲ ਲੜਾਈ ਕੀਤੀ। 24 ਪਰ ਇਸਰਾਏਲ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਅਰਨੋਨ ਤੋਂ ਲੈ ਕੇ ਯਬੋਕ ਨਦੀ ਤੱਕ ਉਸ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਪਰ ਅੰਮੋਨੀਆਂ ਤੱਕ ਹੀ ਕਿਉਂ ਜੋ ਉਹਨਾਂ ਦੀ ਸਰਹੱਦ ਮਜ਼ਬੂਤ ਸੀ। 25 ਇਸਰਾਏਲ ਨੇ ਅਮੋਰੀਆਂ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਅਤੇ ਹੇਸ਼ਬੋਨ ਅਤੇ ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਬਸਤੀਆਂ ਸਣੇ ਉਹਨਾਂ ਉੱਤੇ ਕਬਜ਼ਾ ਕਰ ਲਿਆ। 26 ਹੇਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ ਜਿਸ ਨੇ ਮੋਆਬ ਦੇ ਪਹਿਲੇ ਰਾਜੇ ਦੇ ਵਿਰੁੱਧ ਲੜਾਈ ਕੀਤੀ ਸੀ ਅਤੇ ਅਰਨੋਨ ਤੱਕ ਉਸ ਦਾ ਸਾਰਾ ਦੇਸ਼ ਉਸ ਤੋਂ ਜਿੱਤ ਲਿਆ ਸੀ।

27 ਇਸ ਲਈ ਕਵੀ ਕਹਿੰਦੇ ਹਨ:

ਹੇਸ਼ਬੋਨ ਵਿੱਚ ਆਓ ਅਤੇ ਇਸਨੂੰ ਦੁਬਾਰਾ ਬਣਾਇਆ ਜਾਵੇ।

ਸੀਹੋਨ ਦੇ ਸ਼ਹਿਰ ਨੂੰ ਬਹਾਲ ਕੀਤਾ ਜਾਵੇ।

28 "ਹੇਸ਼ਬੋਨ ਵਿੱਚੋਂ ਅੱਗ ਨਿਕਲੀ,

ਸੀਹੋਨ ਦੇ ਸ਼ਹਿਰ ਵਿੱਚੋਂ ਇੱਕ ਅੱਗ ਨਿਕਲੀ।

ਉਸ ਨੇ ਮੋਆਬ ਦੇ ਆਰ ਨੂੰ,

ਅਰਨੋਨ ਦੀਆਂ ਉਚਾਈਆਂ ਦੇ ਨਾਗਰਿਕਾਂ ਨੂੰ ਭਸਮ ਕਰ ਦਿੱਤਾ।

29 ਹੇ ਮੋਆਬ, ਤੇਰੇ ਉੱਤੇ ਹਾਏ!

ਹੇ ਕਮੋਸ਼ ਦੇ ਲੋਕੋ, ਤੁਸੀਂ ਤਬਾਹ ਹੋ ਗਏ ਹੋ!

ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ

ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਹਵਾਲੇ ਦਾਸੀਆਂ ਹੋਣ ਲਈ ਦੇ ਦਿੱਤਾ ਹੈ।

30 "ਪਰ ਅਸੀਂ ਉਹਨਾਂ ਨੂੰ ਉਖਾੜ ਸੁੱਟਿਆ ਹੈ।

ਹੇਸ਼ਬੋਨ ਦਾ ਰਾਜ ਦੀਬੋਨ ਤੱਕ ਸਾਰੇ ਰਸਤੇ ਤਬਾਹ ਹੋ ਗਿਆ ਹੈ।

ਅਸੀਂ ਉਹਨਾਂ ਨੂੰ ਨੋਫਾਹ ਤੱਕ ਢਾਹ ਦਿੱਤਾ ਹੈ,

ਜੋ ਮੇਦੇਬਾ ਤੱਕ ਫੈਲਿਆ ਹੋਇਆ ਹੈ।"

31 ਸੋ ਇਸਰਾਏਲ ਅਮੋਰੀਆਂ ਦੇ ਦੇਸ਼ ਵਿੱਚ ਵੱਸ ਗਿਆ।

32 ਜਦੋਂ ਮੋਸ਼ੇਹ ਨੇ ਯਾਜ਼ਰ ਵਿੱਚ ਜਾਸੂਸ ਭੇਜੇ ਤਾਂ ਇਸਰਾਏਲੀਆਂ ਨੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਮੌਜੂਦ ਅਮੋਰੀਆਂ ਨੂੰ ਬਾਹਰ ਕੱਢ ਦਿੱਤਾ। 33 ਤਦ ਉਹ ਮੁੜੇ ਅਤੇ ਬਾਸ਼ਾਨ ਦੇ ਰਾਹ ਉੱਤੇ ਚੜ੍ਹ ਗਏ ਅਤੇ ਬਾਸ਼ਾਨ ਦਾ ਰਾਜਾ ਓਗ ਅਤੇ ਆਪਣੀ ਸਾਰੀ ਸੈਨਾਂ ਸਣੇ ਉਹਨਾਂ ਨਾਲ ਯੁੱਧ ਕਰਨ ਲਈ ਅਦਰਈ ਵਿੱਚ ਪਹੁੰਚ ਗਿਆ।

34 ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, "ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸਨੂੰ ਉਸਦੀ ਸਾਰੀ ਸੈਨਾ ਅਤੇ ਉਸਦੀ ਧਰਤੀ ਸਮੇਤ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਉਸ ਨਾਲ ਉਹੀ ਕਰੋ ਜੋ ਤੁਸੀਂ ਅਮੋਰੀਆਂ ਦੇ ਰਾਜੇ ਸੀਹੋਨ ਨਾਲ ਕੀਤਾ ਸੀ ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ।"

35 ਸੋ ਉਹਨਾਂ ਨੇ ਉਸ ਦੇ ਪੁੱਤਰਾਂ ਅਤੇ ਉਸ ਦੀ ਸਾਰੀ ਫ਼ੌਜ ਸਮੇਤ ਉਹ ਨੂੰ ਮਾਰ ਸੁੱਟਿਆ ਅਤੇ ਉਹਨਾਂ ਦਾ ਕੋਈ ਵੀ ਨਾ ਬਚਿਆ ਅਤੇ ਉਹਨਾਂ ਨੇ ਉਸਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

Estes versículos te tocaram? Ore agora!

+581 estão orando agora.

Junte-se à corrente de oração.