Publicidade

Ezequiel 11

ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਨਿਸ਼ਚਿਤ ਨਿਰਣਾ

1 ਤਦ ਆਤਮਾ ਨੇ ਮੈਨੂੰ ਉੱਪਰ ਚੁੱਕ ਲਿਆ ਅਤੇ ਮੈਨੂੰ ਯਾਹਵੇਹ ਦੇ ਘਰ ਦੇ ਦਰਵਾਜ਼ੇ ਕੋਲ ਲੈ ਗਿਆ ਜਿਸ ਦਾ ਮੂੰਹ ਪੂਰਬ ਵੱਲ ਹੈ। ਉੱਥੇ ਫਾਟਕ ਦੇ ਦਰਵਾਜ਼ੇ ਉੱਤੇ ਪੱਚੀ ਆਦਮੀ ਸਨ ਅਤੇ ਮੈਂ ਉਹਨਾਂ ਵਿੱਚੋਂ ਅੱਜ਼ੂਰ ਦੇ ਪੁੱਤਰ ਯਅਜ਼ਨਯਾਹ ਅਤੇ ਬਨਾਯਾਹ ਦੇ ਪੁੱਤਰ ਪਲਟਯਾਹ ਨੂੰ ਵੇਖਿਆ ਜੋ ਲੋਕਾਂ ਦੇ ਆਗੂ ਸਨ। 2 ਯਾਹਵੇਹ ਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਇਹ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਵਿੱਚ ਬਦੀ ਦੀ ਯੋਜਨਾ ਬਣਾਉਂਦੇ ਅਤੇ ਬੁਰੀ ਸਲਾਹ ਦਿੰਦੇ ਹਨ। 3 ਉਹ ਕਹਿੰਦੇ ਹਨ, ‘ਕੀ ਸਾਡੇ ਘਰ ਹਾਲ ਹੀ ਵਿੱਚ ਦੁਬਾਰਾ ਨਹੀਂ ਬਣਾਏ ਗਏ ਹਨ? ਇਹ ਸ਼ਹਿਰ ਇੱਕ ਘੜਾ ਹੈ ਅਤੇ ਅਸੀਂ ਇਸ ਵਿੱਚ ਮਾਸ ਹਾਂ।’ 4 ਇਸ ਲਈ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ।"

5 ਤਦ ਯਾਹਵੇਹ ਦਾ ਆਤਮਾ ਮੇਰੇ ਉੱਤੇ ਆਇਆ, ਅਤੇ ਉਸਨੇ ਮੈਨੂੰ ਇਹ ਕਹਿਣ ਲਈ ਕਿਹਾ: "ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ਹੇ ਇਸਰਾਏਲ ਦੇ ਆਗੂਓ, ਤੁਸੀਂ ਅਜਿਹਾ ਸੋਚਿਆ ਹੈ, ਪਰ ਮੈਂ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਣਦਾ ਹਾਂ। 6 ਤੁਸੀਂ ਇਸ ਸ਼ਹਿਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਾਰਿਆ ਹੈ ਅਤੇ ਇਸ ਦੀਆਂ ਗਲੀਆਂ ਲਾਸ਼ਾਂ ਨਾਲ ਭਰ ਦਿੱਤੀਆਂ ਹਨ।

7 "ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜੋ ਲਾਸ਼ਾਂ ਤੁਸੀਂ ਉੱਥੇ ਸੁੱਟੀਆਂ ਹਨ ਉਹ ਮਾਸ ਹਨ ਅਤੇ ਇਹ ਸ਼ਹਿਰ ਇੱਕ ਘੜਾ ਹੈ, ਪਰ ਮੈਂ ਤੁਹਾਨੂੰ ਇਸ ਵਿੱਚੋਂ ਕੱਢ ਦਿਆਂਗਾ। 8 ਤੁਸੀਂ ਤਲਵਾਰ ਤੋਂ ਡਰਦੇ ਹੋ, ਅਤੇ ਤਲਵਾਰ ਉਹ ਹੈ ਜੋ ਮੈਂ ਤੁਹਾਡੇ ਵਿਰੁੱਧ ਲਿਆਵਾਂਗਾ, ਯਾਹਵੇਹ ਦਾ ਵਾਕ ਹੈ। 9 ਮੈਂ ਤੁਹਾਨੂੰ ਸ਼ਹਿਰ ਵਿੱਚੋਂ ਬਾਹਰ ਕੱਢ ਦਿਆਂਗਾ ਅਤੇ ਤੁਹਾਨੂੰ ਪਰਦੇਸੀਆਂ ਦੇ ਹੱਥਾਂ ਵਿੱਚ ਸੌਂਪ ਦਿਆਂਗਾ ਅਤੇ ਤੁਹਾਨੂੰ ਸਜ਼ਾ ਦਿਆਂਗਾ। 10 ਤੂੰ ਤਲਵਾਰ ਨਾਲ ਡਿੱਗ ਜਾਵੇਂਗਾ, ਅਤੇ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਹੀ ਯਾਹਵੇਹ ਹਾਂ। 11 ਇਹ ਸ਼ਹਿਰ ਤੁਹਾਡੇ ਲਈ ਘੜਾ ਨਹੀਂ ਹੋਵੇਗਾ, ਨਾ ਹੀ ਤੁਸੀਂ ਇਸ ਵਿੱਚ ਮਾਸ ਹੋਵੋਗੇ; ਸਗੋਂ ਮੈਂ ਇਸਰਾਏਲ ਦੀਆਂ ਹੱਦਾਂ ਉੱਤੇ ਤੁਹਾਡਾ ਨਿਆਂ ਕਰਾਂਗਾ। 12 ਅਤੇ ਤੁਸੀਂ ਜਾਣ ਜਾਵੋਗੇ ਕਿ ਮੈਂ ਯਾਹਵੇਹ ਹਾਂ, ਕਿਉਂਕਿ ਤੁਸੀਂ ਮੇਰੇ ਫ਼ਰਮਾਨਾਂ ਦੀ ਪਾਲਣਾ ਨਹੀਂ ਕੀਤੀ ਜਾਂ ਮੇਰੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਪਰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਮਿਆਰਾਂ ਦੇ ਅਨੁਸਾਰ ਚੱਲਿਆ ਹੈ।"

13 ਹੁਣ ਜਦੋਂ ਮੈਂ ਭਵਿੱਖਬਾਣੀ ਕਰ ਰਿਹਾ ਸੀ ਤਾਂ ਬਨਾਯਾਹ ਦਾ ਪੁੱਤਰ ਪਲਟਯਾਹ ਮਰ ਗਿਆ। ਫਿਰ ਮੈਂ ਹੇਠਾਂ ਡਿੱਗ ਪਿਆ ਅਤੇ ਉੱਚੀ ਆਵਾਜ਼ ਵਿੱਚ ਚੀਕਿਆ, "ਹਾਏ, ਸਰਬਸ਼ਕਤੀਮਾਨ ਯਾਹਵੇਹ! ਕੀ ਤੂੰ ਇਸਰਾਏਲ ਦੇ ਬਕੀਏ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ?"

ਇਸਰਾਏਲ ਦੀ ਵਾਪਸੀ ਦਾ ਵਾਅਦਾ

14 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 15 "ਹੇ ਮਨੁੱਖ ਦੇ ਪੁੱਤਰ, ਯੇਰੂਸ਼ਲੇਮ ਦੇ ਲੋਕਾਂ ਨੇ ਤੇਰੇ ਸਾਥੀ ਗ਼ੁਲਾਮਾਂ ਅਤੇ ਹੋਰ ਸਾਰੇ ਇਸਰਾਏਲੀਆਂ ਬਾਰੇ ਕਿਹਾ ਹੈ, ‘ਉਹ ਯਾਹਵੇਹ ਤੋਂ ਬਹੁਤ ਦੂਰ ਹਨ; ਇਹ ਜ਼ਮੀਨ ਸਾਨੂੰ ਸਾਡੇ ਕਬਜ਼ੇ ਵਜੋਂ ਦਿੱਤੀ ਗਈ ਸੀ।’

16 "ਇਸ ਲਈ ਤੂੰ ਆਖ: ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕਿ ਭਾਵੇਂ ਮੈਂ ਉਹਨਾਂ ਨੂੰ ਕੌਮਾਂ ਦੇ ਵਿੱਚ ਭੇਜ ਦਿੱਤਾ ਹੈ ਅਤੇ ਦੂਜੇ ਦੇਸ਼ਾਂ ਵਿੱਚ ਖਿਲਾਰ ਦਿੱਤਾ ਹੈ, ਪਰ ਮੈਂ ਉਹਨਾਂ ਲਈ ਉਹਨਾਂ ਦੇਸ਼ਾਂ ਵਿੱਚ ਜਿੱਥੇ-ਜਿੱਥੇ ਉਹ ਗਏ ਹਨ, ਥੋੜੇ ਸਮੇਂ ਲਈ ਇੱਕ ਪਵਿੱਤਰ ਸਥਾਨ ਹੋਵਾਂਗਾ।’

17 "ਇਸ ਲਈ ਤੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਤੁਹਾਨੂੰ ਕੌਮਾਂ ਵਿੱਚੋਂ ਇਕੱਠਾ ਕਰਾਂਗਾ ਅਤੇ ਤੁਹਾਨੂੰ ਉਹਨਾਂ ਦੇਸ਼ਾਂ ਵਿੱਚੋਂ ਵਾਪਸ ਲਿਆਵਾਂਗਾ ਜਿੱਥੇ ਤੁਸੀਂ ਖਿੱਲਰ ਗਏ ਹੋ, ਅਤੇ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇ ਦਿਆਂਗਾ।’

18 "ਉਹ ਉਸ ਕੋਲ ਵਾਪਸ ਆਉਣਗੇ ਅਤੇ ਇਸ ਦੀਆਂ ਸਾਰੀਆਂ ਘਟੀਆ ਮੂਰਤੀਆਂ ਅਤੇ ਘਿਣਾਉਣੀਆਂ ਮੂਰਤੀਆਂ ਨੂੰ ਹਟਾ ਦੇਣਗੇ। 19 ਮੈਂ ਉਹਨਾਂ ਨੂੰ ਇੱਕ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਅੰਦਰ ਪਾਵਾਂਗਾ। ਮੈਂ ਪੱਥਰ ਦਾ ਦਿਲ ਉਹਨਾਂ ਦੇ ਸਰੀਰ ਵਿੱਚੋਂ ਕੱਢ ਦਿਆਂਗਾ ਅਤੇ ਉਹਨਾਂ ਨੂੰ ਇੱਕ ਮਾਸ ਦਾ ਦਿਲ ਦਿਆਂਗਾ। 20 ਫਿਰ ਉਹ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। 21 ਪਰ ਜਿਹਨਾਂ ਦਾ ਮਨ ਆਪਣੀਆਂ ਘਿਣਾਉਣੀਆਂ ਅਤੇ ਅਸ਼ੁੱਧ ਚੀਜ਼ਾਂ ਦੇ ਮਗਰ ਲੱਗਿਆ ਹੋਇਆ ਹੈ, ਮੈਂ ਉਹਨਾਂ ਦੇ ਆਪਣੇ ਸਿਰਾਂ ਉੱਤੇ ਲਿਆਵਾਂਗਾ ਜੋ ਉਹਨਾਂ ਨੇ ਕੀਤਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।"

22 ਤਦ ਕਰੂਬੀਆਂ ਨੇ ਆਪਣੇ-ਆਪਣੇ ਖੰਭ ਚੁੱਕੇ, ਪਹੀਏ ਉਹਨਾਂ ਦੇ ਨਾਲ-ਨਾਲ ਚਲੇ ਅਤੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਉਹਨਾਂ ਦੇ ਉੱਪਰ ਸੀ। 23 ਯਾਹਵੇਹ ਦੀ ਮਹਿਮਾ ਸ਼ਹਿਰ ਦੇ ਵਿੱਚੋਂ ਉਤਾਹਾਂ ਚੜ੍ਹ ਗਈ ਅਤੇ ਇਸ ਦੇ ਪੂਰਬ ਵੱਲ ਪਹਾੜ ਦੇ ਉੱਪਰ ਠਹਿਰ ਗਈ। 24 ਆਤਮਾ ਨੇ ਮੈਨੂੰ ਉੱਚਾ ਚੁੱਕਿਆ ਅਤੇ ਪਰਮੇਸ਼ਵਰ ਦੇ ਆਤਮਾ ਦੁਆਰਾ ਦਿੱਤੇ ਦਰਸ਼ਣ ਵਿੱਚ ਮੈਨੂੰ ਕਸਦੀਆਂ ਦੇ ਗ਼ੁਲਾਮਾਂ ਵਿੱਚ ਲਿਆਇਆ।

ਤਦ ਜੋ ਦਰਸ਼ਣ ਮੈਂ ਦੇਖਿਆ ਸੀ ਉਹ ਮੇਰੇ ਕੋਲੋਂ ਓਹਲੇ ਹੋ ਗਿਆ, 25 ਅਤੇ ਮੈਂ ਗ਼ੁਲਾਮਾਂ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯਾਹਵੇਹ ਨੇ ਮੈਨੂੰ ਵਿਖਾਇਆ ਸੀ।

Veja também

Publicidade
Bíblia Online Bíblia Online

Bíblia Online • Versão: 2026-06-18_14-04-22-