1 ਉਸ ਨੇ ਮੈਨੂੰ ਕਿਹਾ, "ਹੇ ਮਨੁੱਖ ਦੇ ਪੁੱਤਰ, ਆਪਣੇ ਪੈਰਾਂ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲ ਕਰਾਂਗਾ।" 2 ਜਦੋਂ ਉਹ ਬੋਲਿਆਂ ਤਾਂ ਆਤਮਾ ਮੇਰੇ ਅੰਦਰ ਆਇਆ ਅਤੇ ਮੈਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ ਤਦ ਮੈਂ ਉਸ ਦੀ ਸੁਣੀ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ।
3 ਉਸ ਨੇ ਕਿਹਾ, "ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲੀਆਂ ਕੋਲ, ਇੱਕ ਬਾਗ਼ੀ ਕੌਮ ਕੋਲ ਭੇਜ ਰਿਹਾ ਹਾਂ ਜਿਸ ਨੇ ਮੇਰੇ ਵਿਰੁੱਧ ਬਗਾਵਤ ਕੀਤੀ ਹੈ; ਉਹ ਅਤੇ ਉਹਨਾਂ ਦੇ ਪੁਰਖੇ ਅੱਜ ਤੱਕ ਮੇਰੇ ਵਿਰੁੱਧ ਬਗਾਵਤ ਕਰਦੇ ਰਹੇ ਹਨ। 4 ਜਿਨ੍ਹਾਂ ਲੋਕਾਂ ਕੋਲ ਮੈਂ ਤੁਹਾਨੂੰ ਭੇਜ ਰਿਹਾ ਹਾਂ ਉਹ ਜ਼ਿੱਦੀ ਅਤੇ ਪੱਥਰ ਦਿਲ ਹਨ। ਉਹਨਾਂ ਨੂੰ ਆਖੋ, ‘ਪ੍ਰਭੂ ਯਾਹਵੇਹ ਇਹੀ ਆਖਦਾ ਹੈ।’ 5 ਭਾਵੇਂ ਉਹ ਸੁਣਨ ਜਾਂ ਨਾ ਸੁਣਨ ਕਿਉਂ ਜੋ ਉਹ ਤਾਂ ਇੱਕ ਵਿਦਰੋਹੀ ਘਰਾਣਾ ਹੈ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਪਰਗਟ ਹੋਇਆ ਹੈ। 6 ਅਤੇ ਹੇ ਮਨੁੱਖ ਦੇ ਪੁੱਤਰ, ਤੂੰ ਉਹਨਾਂ ਤੋਂ ਨਾ ਡਰੀ ਨਾ ਉਹਨਾਂ ਦੀਆਂ ਗੱਲਾਂ ਤੋਂ ਭੈਭੀਤ ਹੋਈ, ਭਾਵੇਂ ਤੇਰੇ ਨਾਲ ਝਾੜੀਆਂ ਅਤੇ ਕੰਡੇ ਹਨ ਅਤੇ ਤੂੰ ਬਿੱਛੂਆਂ ਦੇ ਵਿੱਚ ਵੱਸਦਾ ਹੈ। ਪਰ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਬਰਾ, ਕਿਉਂ ਜੋ ਉਹ ਇੱਕ ਵਿਦਰੋਹੀ ਘਰਾਣਾ ਹੈ। 7 ਤੂੰ ਮੇਰੇ ਸ਼ਬਦ ਉਹਨਾਂ ਨੂੰ ਸੁਣਾ, ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂਕਿ ਉਹ ਵਿਦਰੋਹੀ ਹਨ। 8 ਪਰ ਹੇ ਮਨੁੱਖ ਦੇ ਪੁੱਤਰ, ਤੂੰ ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਹਨਾਂ ਬਾਗ਼ੀ ਲੋਕਾਂ ਵਾਂਗ ਬਗਾਵਤ ਨਾ ਕਰ; ਆਪਣਾ ਮੂੰਹ ਖੋਲ ਅਤੇ ਉਹ ਖਾ ਜੋ ਮੈਂ ਤੈਨੂੰ ਦਿੰਦਾ ਹਾਂ।"
9 ਫਿਰ ਵੇਖੋ, ਤਾਂ ਮੈਂ ਇੱਕ ਹੱਥ ਨੂੰ ਮੇਰੇ ਵੱਲ ਵਧਿਆ ਹੋਇਆ ਵੇਖਿਆ। ਉਸ ਵਿੱਚ ਇੱਕ ਪੱਤਰੀ ਸੀ, 10 ਉਸ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।