1 ਅਤੇ ਉਸ ਨੇ ਮੈਨੂੰ ਕਿਹਾ, "ਮਨੁੱਖ ਦੇ ਪੁੱਤਰ, ਜੋ ਕੁਝ ਤੇਰੇ ਸਾਹਮਣੇ ਹੈ ਖਾ ਲੈ, ਇਸ ਲਪੇਟਵੀਂ ਪੱਤਰੀ ਨੂੰ ਖਾ ਲੈ ਅਤੇ ਫਿਰ ਜਾ ਕੇ ਇਸਰਾਏਲ ਦੇ ਲੋਕਾਂ ਨਾਲ ਗੱਲ ਕਰ।" 2 ਤਾਂ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਉਸਨੇ ਮੈਨੂੰ ਖਾਣ ਲਈ ਲਪੇਟਵੀਂ ਪੱਤਰੀ ਦਿੱਤੀ।
3 ਤਦ ਉਸ ਨੇ ਮੈਨੂੰ ਆਖਿਆ, "ਆਦਮੀ ਦੇ ਪੁੱਤਰ, ਇਹ ਲਪੇਟਵੀਂ ਪੱਤਰੀ ਖਾ ਲੈ ਜੋ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਸ ਨਾਲ ਆਪਣਾ ਪੇਟ ਭਰ।" ਇਸ ਲਈ ਮੈਂ ਇਸ ਨੂੰ ਖਾ ਲਿਆ ਅਤੇ ਇਸਦਾ ਸੁਆਦ ਮੇਰੇ ਮੂੰਹ ਵਿੱਚ ਸ਼ਹਿਦ ਵਰਗਾ ਮਿੱਠਾ ਸੀ।
4 ਉਹ ਨੇ ਮੈਨੂੰ ਆਖਿਆ, "ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਦੱਸ। 5 ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ, ਜਿਹਨਾਂ ਦੀ ਬੋਲੀ ਓਪਰੀ ਅਤੇ ਜਿਹਨਾਂ ਦੀ ਭਾਸ਼ਾ ਔਖੀ ਹੈ, ਸਗੋਂ ਇਸਰਾਏਲ ਦੇ ਘਰਾਣੇ ਕੋਲ ਭੇਜਿਆ ਜਾਂਦਾ ਹੈ, 6 ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਹਨਾਂ ਦੀ ਬੋਲੀ ਓਪਰੀ ਅਤੇ ਭਾਸ਼ਾ ਔਖੀ ਹੈ, ਜਿਹਨਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸਕਦਾ! ਜੇਕਰ ਮੈਂ ਤੈਨੂੰ ਉਹਨਾਂ ਦੇ ਕੋਲ ਭੇਜਦਾ, ਤਾਂ ਉਹ ਤੇਰੀ ਸੁਣਦੀਆਂ। 7 ਪਰ ਇਸਰਾਏਲ ਦੇ ਲੋਕ ਤੇਰੀ ਗੱਲ ਨਹੀਂ ਸੁਣਨ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਮੇਰੀ ਗੱਲ ਸੁਣਨ ਲਈ ਤਿਆਰ ਨਹੀਂ ਹਨ, ਕਿਉਂਕਿ ਸਾਰੇ ਇਸਰਾਏਲੀ ਕਠੋਰ ਅਤੇ ਜ਼ਿੱਦੀ ਹਨ। 8 ਪਰ ਮੈਂ ਉਹਨਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਹਨਾਂ ਦੇ ਮੱਥਿਆਂ ਦੇ ਵਿਰੁੱਧ ਢੀਠ ਕਰ ਦਿੱਤਾ ਹੈ। 9 ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਬਣਾ ਦਿਆਂਗਾ, ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ।"
10 ਅਤੇ ਉਸਨੇ ਮੈਨੂੰ ਕਿਹਾ, "ਮਨੁੱਖ ਦੇ ਪੁੱਤਰ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਜੋ ਮੈਂ ਤੈਨੂੰ ਆਖਦਾ ਹਾਂ। 11 ਹੁਣ ਤੂੰ ਗੁਲਾਮਾਂ ਅਥਵਾ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨਾਲ ਗੱਲ ਕਰ। ਉਹਨਾਂ ਨੂੰ ਆਖ, ‘ਪ੍ਰਭੂ ਯਾਹਵੇਹ ਇਹ ਆਖਦਾ ਹੈ,’ ਭਾਵੇਂ ਉਹ ਸੁਣਨ ਜਾਂ ਨਾ ਸੁਣਨ।"
12 ਫਿਰ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਭੂਚਾਲ ਵਰਗੀ ਆਵਾਜ਼ ਸੁਣੀ ਜੋ ਇਸ ਤਰ੍ਹਾਂ ਸੀ ਕਿ ਯਾਹਵੇਹ ਦਾ ਪਰਤਾਪ ਉਹ ਦੇ ਸਥਾਨ ਤੋਂ ਮੁਬਾਰਕ ਹੋਵੇ। 13 ਉਸ ਦੇ ਨਾਲ ਹੀ ਜੀਵਾਂ ਦੇ ਖੰਭਾਂ ਦੇ ਇੱਕ-ਦੂਜੇ ਨਾਲ ਛੂਹਣ ਦੀ ਆਵਾਜ਼, ਉਹਨਾਂ ਦੇ ਪਹੀਆ ਦੀ ਆਵਾਜ਼ ਅਤੇ ਇੱਕ ਵੱਡੇ ਭੂਚਾਲ ਦੀ ਆਵਾਜ਼, ਜੋ ਮੈਂ ਸੁਣੀ। 14 ਤਦ ਆਤਮਾ ਮੈਨੂੰ ਚੁੱਕ ਕੇ ਦੂਰ ਲੈ ਗਿਆ, ਸੋ ਮੈਂ ਆਤਮਾ ਦੀ ਕੁੜੱਤਣ ਅਤੇ ਕ੍ਰੋਧ ਵਿੱਚ ਤੁਰ ਪਿਆ ਅਤੇ ਯਾਹਵੇਹ ਦਾ ਹੱਥ ਮੇਰੇ ਉੱਤੇ ਭਾਰੀ ਸੀ। 15 ਮੈਂ ਉਹਨਾਂ ਗ਼ੁਲਾਮਾਂ ਕੋਲ ਆਇਆ ਜੋ ਕੇਬਰ ਨਦੀ ਦੇ ਨੇੜੇ ਤੇਲ-ਆਬੀਬ ਵਿੱਚ ਰਹਿੰਦੇ ਸਨ ਅਤੇ ਜਿੱਥੇ ਉਹ ਰਹਿੰਦੇ ਸਨ ਅਤੇ ਮੈਂ ਸੱਤ ਦਿਨਾਂ ਤੱਕ ਉਹਨਾਂ ਦੇ ਵਿਚਕਾਰ ਹੈਰਾਨ ਹੋ ਕੇ ਬੈਠਾ ਰਿਹਾ।
16 ਸੱਤ ਦਿਨਾਂ ਦੇ ਅੰਤ ਵਿੱਚ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ: 17 "ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਲੋਕਾਂ ਲਈ ਚੌਕੀਦਾਰ ਬਣਾਇਆ ਹੈ; ਇਸ ਲਈ ਉਹ ਸ਼ਬਦ ਸੁਣ ਜੋ ਮੈਂ ਬੋਲਦਾ ਹਾਂ ਅਤੇ ਉਹਨਾਂ ਨੂੰ ਮੇਰੇ ਵੱਲੋਂ ਚੇਤਾਵਨੀ ਦਿਓ। 18 ਜਦੋਂ ਮੈਂ ਦੁਸ਼ਟ ਨੂੰ ਆਖਾਂ ਤੂੰ ਜ਼ਰੂਰ ਹੀ ਮਰੇਗਾ ਅਤੇ ਤੂੰ ਉਹਨਾਂ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਦੁਸ਼ਟ ਨੂੰ ਉਹ ਦੀ ਬੁਰਾਈ ਤੋਂ ਚੌਕਸ ਨਾ ਕਰੇ, ਤਾਂ ਕਿ ਉਹ ਜੀਉਂਦਾ ਰਹੇ; ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ। 19 ਪਰ ਜੇ ਤੂੰ ਦੁਸ਼ਟ ਵਿਅਕਤੀ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ।
20 "ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਉਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਸ ਨੂੰ ਚੇਤਾਵਨੀ ਨਹੀਂ ਦਿੱਤੀ। ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ। 21 ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।"
22 ਉੱਥੇ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਕਿਹਾ, "ਉੱਠ ਅਤੇ ਮੈਦਾਨ ਵਿੱਚ ਜਾ, ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।" 23 ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ। ਤਾਂ ਵੇਖੋ, ਯਾਹਵੇਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕੇਬਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ।
24 ਤਦ ਆਤਮਾ ਮੇਰੇ ਅੰਦਰ ਆਇਆ ਅਤੇ ਮੈਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕੀਤਾ। ਉਸਨੇ ਮੇਰੇ ਨਾਲ ਗੱਲਾਂ ਕੀਤੀਆ ਅਤੇ ਕਿਹਾ: "ਜਾ, ਆਪਣੇ ਆਪ ਨੂੰ ਆਪਣੇ ਘਰ ਦੇ ਅੰਦਰ ਬੰਦ ਕਰ। 25 ਪਰ ਹੇ ਮਨੁੱਖ ਦੇ ਪੁੱਤਰ, ਵੇਖ, ਉਹ ਰੱਸੀਆਂ ਨਾਲ ਤੈਨੂੰ ਬੰਨ੍ਹਣਗੇ ਤਾਂ ਕਿ ਤੂੰ ਉਹਨਾਂ ਦੇ ਵਿੱਚੋਂ ਬਾਹਰ ਨਾ ਜਾ ਸਕੇ। 26 ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਤਾਂ ਜੋ ਤੂੰ ਚੁੱਪ ਹੋ ਜਾਵੇਂ ਅਤੇ ਉਹਨਾਂ ਨੂੰ ਝਿੜਕ ਨਾ ਸੱਕੇ, ਕਿਉਂ ਜੋ ਉਹ ਬਾਗ਼ੀ ਲੋਕ ਹਨ। 27 ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਮੈਂ ਤੇਰਾ ਮੂੰਹ ਖੋਲ੍ਹਾਂਗਾ ਅਤੇ ਤੂੰ ਉਹਨਾਂ ਨੂੰ ਆਖੇਗਾ, ‘ਕਿ ਯਾਹਵੇਹ ਦਾ ਪਰਮੇਸ਼ਵਰ ਇਸ ਤਰ੍ਹਾਂ ਆਖਦਾ ਹੈ।’ ਕਿ ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ, ਕਿਉਂ ਜੋ ਉਹ ਵਿਦਰੋਹੀ ਘਰਾਣੇ ਦੇ ਹਨ।