1 ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਯਾਹਵੇਹ ਦੇ ਆਤਮਾ ਦੁਆਰਾ ਬਾਹਰ ਕੱਢਿਆ ਅਤੇ ਇੱਕ ਘਾਟੀ ਦੇ ਵਿਚਕਾਰ ਖੜ੍ਹਾ ਕੀਤਾ। ਉਹ ਘਾਟੀ ਹੱਡੀਆਂ ਨਾਲ ਭਰੀ ਹੋਈ ਸੀ। 2 ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ। 3 ਉਸ ਨੇ ਮੈਨੂੰ ਪੁੱਛਿਆ, "ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?"
ਮੈਂ ਆਖਿਆ, "ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।"
4 ਫਿਰ ਉਸਨੇ ਮੈਨੂੰ ਕਿਹਾ, "ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ! 5 ਸਰਬਸ਼ਕਤੀਮਾਨ ਯਾਹਵੇਹ ਇਨ੍ਹਾਂ ਹੱਡੀਆਂ ਨੂੰ ਇਹ ਆਖਦਾ ਹੈ: ਮੈਂ ਤੁਹਾਡੇ ਅੰਦਰ ਸਾਹ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ। 6 ਮੈਂ ਤੁਹਾਡੇ ਨਾਲ ਨਸਾਂ ਜੋੜਾਂਗਾ ਅਤੇ ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚਮੜੀ ਨਾਲ ਢੱਕ ਦਿਆਂਗਾ; ਮੈਂ ਤੁਹਾਡੇ ਵਿੱਚ ਸਾਹ ਪਾਵਾਂਗਾ, ਅਤੇ ਤੂੰ ਜੀਵਨ ਵਿੱਚ ਆ ਜਾਵੇਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ "
7 ਇਸ ਲਈ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ ਮੈਂ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ। 8 ਮੈਂ ਦੇਖਿਆ, ਅਤੇ ਉਹਨਾਂ ਉੱਤੇ ਨਸਾਂ ਅਤੇ ਮਾਸ ਦਿਖਾਈ ਦਿੱਤੇ ਅਤੇ ਚਮੜੀ ਨੇ ਉਹਨਾਂ ਨੂੰ ਢੱਕਿਆ ਹੋਇਆ ਸੀ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।
9 ਫਿਰ ਉਸਨੇ ਮੈਨੂੰ ਕਿਹਾ, "ਸਾਹ ਲਈ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ, ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ।’ " 10 ਇਸ ਲਈ ਜਿਵੇਂ ਉਸਨੇ ਮੈਨੂੰ ਹੁਕਮ ਦਿੱਤਾ ਸੀ ਮੈਂ ਭਵਿੱਖਬਾਣੀ ਕੀਤੀ, ਅਤੇ ਸਾਹ ਉਹਨਾਂ ਵਿੱਚ ਦਾਖਲ ਹੋਇਆ; ਉਹ ਜੀਵਨ ਵਿੱਚ ਆਏ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਗਏ ਇੱਕ ਬਹੁਤ ਹੀ ਵੱਡੀ ਫੌਜ ਸੀ।
11 ਫਿਰ ਉਸਨੇ ਮੈਨੂੰ ਕਿਹਾ: "ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਲੋਕ ਹਨ। ਉਹ ਕਹਿੰਦੇ ਹਨ, ‘ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖਤਮ ਹੋ ਗਈ ਹੈ; ਅਸੀਂ ਕੱਟੇ ਹੋਏ ਹਾਂ।’ 12 ਇਸ ਲਈ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਉਹੀ ਹੈ ਜੋ ਆਖਦਾ ਹੈ: ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਣ ਜਾ ਰਿਹਾ ਹਾਂ ਅਤੇ ਤੁਹਾਨੂੰ ਉਹਨਾਂ ਵਿੱਚੋਂ ਉਭਾਰਾਂਗਾ; ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। 13 ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਹੀ ਯਾਹਵੇਹ ਹਾਂ। 14 ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਵੋਗੇ, ਅਤੇ ਮੈਂ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਸਾਵਾਂਗਾ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਹੀ ਕੀਤਾ ਹੈ, ਯਾਹਵੇਹ ਦਾ ਵਾਕ ਹੈ।’ "
15 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 16 "ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਲੱਕੜੀ ਲੈ ਅਤੇ ਉਹ ਦੇ ਉੱਤੇ ਲਿਖ, ‘ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ।’ ਫੇਰ ਇੱਕ ਹੋਰ ਲੱਕੜੀ ਲੈ ਅਤੇ ਉਸ ਉੱਤੇ ਲਿਖ, ‘ਯੋਸੇਫ਼ ਲਈ, ਇਫ਼ਰਾਈਮ ਦੀ ਲੱਕੜੀ ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ।’ 17 ਉਹਨਾਂ ਨੂੰ ਇੱਕ ਸੋਟੀ ਵਿੱਚ ਜੋੜੋ ਤਾਂ ਜੋ ਉਹ ਤੁਹਾਡੇ ਹੱਥ ਵਿੱਚ ਇੱਕ ਹੋ ਜਾਣ।
18 "ਜਦੋਂ ਤੁਹਾਡੇ ਲੋਕ ਤੁਹਾਨੂੰ ਪੁੱਛਦੇ ਹਨ, ‘ਕੀ ਤੁਸੀਂ ਸਾਨੂੰ ਦੱਸੋਂਗੇ ਕਿ ਇਸ ਤੋਂ ਤੁਹਾਡਾ ਕੀ ਮਤਲਬ ਹੈ?’ 19 ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਯੋਸੇਫ਼ ਦੀ ਸੋਟੀ, ਜੋ ਇਫ਼ਰਾਈਮ ਦੇ ਹੱਥ ਵਿੱਚ ਹੈ, ਅਤੇ ਉਸਦੇ ਨਾਲ ਸੰਬੰਧਿਤ ਇਸਰਾਏਲੀ ਗੋਤਾਂ ਵਿੱਚੋਂ ਲੈ ਕੇ ਯਹੂਦਾਹ ਦੀ ਸੋਟੀ ਨਾਲ ਜੋੜਨ ਜਾ ਰਿਹਾ ਹਾਂ। ਮੈਂ ਉਹਨਾਂ ਨੂੰ ਲੱਕੜ ਦੀ ਇੱਕ ਸੋਟੀ ਬਣਾ ਦਿਆਂਗਾ, ਅਤੇ ਉਹ ਮੇਰੇ ਹੱਥ ਵਿੱਚ ਇੱਕ ਹੋ ਜਾਣਗੇ।’ 20 ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਸੋਟੀਆਂ ਨੂੰ ਫੜ ਜਿਨ੍ਹਾਂ ਉੱਤੇ ਤੂੰ ਲਿਖੀਆ ਹੈ 21 ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇਸਰਾਏਲੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਕੱਢ ਲਵਾਂਗਾ ਜਿੱਥੇ ਉਹ ਗਏ ਹਨ। ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ। 22 ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ। 23 ਉਹ ਆਪਣੇ ਆਪ ਨੂੰ ਆਪਣੀਆਂ ਮੂਰਤੀਆਂ ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।
24 " ‘ਮੇਰਾ ਸੇਵਕ ਦਾਵੀਦ ਉਹਨਾਂ ਦਾ ਰਾਜਾ ਹੋਵੇਗਾ, ਅਤੇ ਉਹਨਾਂ ਸਾਰਿਆਂ ਦਾ ਇੱਕੋ ਆਜੜੀ ਹੋਵੇਗਾ। ਉਹ ਮੇਰੇ ਕਾਨੂੰਨਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। 25 ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੋਬ ਨੂੰ ਦਿੱਤੀ ਸੀ, ਉਹ ਧਰਤੀ ਜਿੱਥੇ ਤੁਹਾਡੇ ਪੁਰਖੇ ਰਹਿੰਦੇ ਸਨ। ਉਹ ਅਤੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਬਾਲ ਬੱਚੇ ਉੱਥੇ ਸਦਾ ਲਈ ਰਹਿਣਗੇ, ਅਤੇ ਮੇਰਾ ਸੇਵਕ ਦਾਵੀਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ। 26 ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ; ਇਹ ਇੱਕ ਸਦੀਵੀ ਨੇਮ ਹੋਵੇਗਾ। ਮੈਂ ਉਹਨਾਂ ਨੂੰ ਕਾਇਮ ਕਰਾਂਗਾ ਅਤੇ ਉਹਨਾਂ ਦੀ ਗਿਣਤੀ ਵਧਾਵਾਂਗਾ, ਅਤੇ ਮੈਂ ਆਪਣਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰੱਖਾਂਗਾ। 27 ਮੇਰਾ ਨਿਵਾਸ ਸਥਾਨ ਉਹਨਾਂ ਦੇ ਨਾਲ ਹੋਵੇਗਾ; ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ। 28 ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹੀ ਇਸਰਾਏਲ ਨੂੰ ਪਵਿੱਤਰ ਬਣਾਵਾਂਗਾ, ਜਦੋਂ ਮੇਰਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰਹੇਗਾ।’ "