Pular para o conteúdo
Publicidade

ਹਿਜ਼ਕੀਏਲ 27

ਸੋਰ ਉੱਤੇ ਇੱਕ ਵਿਰਲਾਪ

1 ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2 "ਹੇ ਮਨੁੱਖ ਦੇ ਪੁੱਤਰ, ਸੂਰ ਦੇ ਲਈ ਇੱਕ ਵਿਰਲਾਪ ਕਰੋ। 3 ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:

" ‘ਹੇ ਸੂਰ, ਤੂੰ ਆਖਦਾ ਹੈ,

"ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।"

4 ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨ

ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।

5 ਉਹਨਾਂ ਨੇ ਸਨੀਰ27:5 ਸਨੀਰ ਅਰਥਾਤ ਹਰਮੋਨ ਪਰਬਤ ਦੀ ਚੀਲ ਦੇ

ਰੁੱਖਾਂ ਤੋਂ ਤੇਰੇ ਫੱਟੇ ਬਣਾਏ;

ਅਤੇ ਲਬਾਨੋਨ ਤੋਂ ਦਿਆਰ ਲੈ ਕੇ

ਤੇਰੇ ਲਈ ਮਸਤੂਲ ਬਣਾਏ।

6 ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀ

ਉਹਨਾਂ ਨੇ ਤੇਰੇ ਚੱਪੂ ਬਣਾਏ।

ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ,

ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।

7 ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ,

ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ;

ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ,

ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।

8 ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ

ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।

9 ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ,

ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼

ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ,

ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।

10 " ‘ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕ

ਤੇਰੀ ਫੌਜ ਵਿੱਚ ਤੇਰੇ ਯੋਧੇ ਸਨ।

ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ

ਅਤੇ ਤੈਨੂੰ ਸ਼ਾਨ ਦਿੰਦੇ ਸਨ

11 ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ

ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ

ਅਤੇ ਗਮਾਦ ਦੇ ਸੂਰਬੀਰ ਤੇਰੇ ਥੰਮ੍ਹਾਂ ਉੱਤੇ ਸਨ

ਉਹਨਾਂ ਆਪਣੀਆਂ ਢਾਲਾਂ

ਤੇਰੀਆਂ ਕੰਧਾਂ ਤੇ ਲਟਕਾਈਆਂ

ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।

12 " ‘ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।

13 " ‘ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।

14 " ‘ਬੈਂਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।

15 " ‘ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ, ਅਤੇ ਬਹੁਤ ਸਾਰੇ ਤੱਟਵਰਤੀ ਦੇਸ਼ ਤੁਹਾਡੇ ਗਾਹਕ ਸਨ; ਉਹ ਹਾਥੀ ਦੰਦ ਅਤੇ ਆਬਨੂਸ (ਤੇਂਦੂ) ਦੀ ਲੱਕੜ ਦੇ ਕੇ ਆਪਣੇ ਆਪ ਨੂੰ ਅਦਾ ਕਰਦੇ ਸਨ।

16 " ‘ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

17 " ‘ਯਹੂਦਾਹ ਅਤੇ ਇਸਰਾਏਲ ਨੇ ਤੇਰੇ ਨਾਲ ਵਪਾਰ ਕਰਦੇ ਸਨ; ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

18 " ‘ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ 19 ਵਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।

20 " ‘ਦਦਾਨ ਨੇ ਤੇਰੇ ਨਾਲ ਘੋੜੇ ਦੀ ਕਾਠੀ ਦੇ ਕੰਬਲਾਂ ਦਾ ਵਪਾਰ ਕੀਤਾ।

21 " ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।

22 " ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।

23 " ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ। 24 ਤੇਰੇ ਬਜ਼ਾਰ ਵਿੱਚ ਉਹ ਤੇਰੇ ਨਾਲ ਸੁੰਦਰ ਕੱਪੜੇ, ਨੀਲੇ ਕੱਪੜੇ, ਕਢਾਈ ਦੇ ਕੰਮ ਅਤੇ ਮਰੋੜੀਆਂ ਅਤੇ ਕੱਸੀਆਂ ਹੋਈਆਂ ਗੰਢਾਂ ਦੇ ਨਾਲ ਬਹੁ-ਰੰਗੀ ਗਲੀਚਿਆਂ ਦਾ ਵਪਾਰ ਕਰਦੇ ਸਨ।

25 " ‘ਤਰਸ਼ੀਸ਼ ਦੇ ਜਹਾਜ਼

ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ।

ਜਦੋਂ ਤੂੰ ਸਮੁੰਦਰ ਦੇ ਵਿੱਚ ਭਰਿਆ ਹੋਇਆ

ਅਤੇ ਬਹੁਤ ਲੱਦਿਆ ਹੋਇਆ ਸੀ।

26 ਤੇਰੇ ਮਲਾਹ ਤੈਨੂੰ

ਡੂੰਘੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ।

ਪਰ ਪੂਰਬੀ ਹਵਾ ਤੈਨੂੰ ਟੁਕੜਿਆਂ ਵਿੱਚ

ਸਮੁੰਦਰ ਦੇ ਵਿੱਚਕਾਰ ਤੋੜ ਦੇਵੇਗੀ।

27 ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ

ਅਤੇ ਤੇਰੇ ਵਪਾਰ, ਤੇਰੇ ਮਲਾਹ

ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ

ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ

ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ,

ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।

28 ਕੰਢੇ ਕੰਬਣਗੇ

ਜਦੋਂ ਤੇਰੇ ਮਲਾਹ ਚੀਕਣਗੇ।

29 ਸਾਰੇ ਜਿਹੜੇ ਮੌਰਾਂ ਨੂੰ ਸੰਭਾਲਦੇ ਹਨ

ਮਲਾਹ ਅਤੇ ਸਾਗਰ ਦੇ ਸਾਰੇ ਆਗੂ

ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ,

ਉਹ ਧਰਤੀ ਤੇ ਖਲੋਣਗੇ।

30 ਉਹ ਆਪਣੀ ਆਵਾਜ਼ ਬੁਲੰਦ ਕਰਨਗੇ

ਅਤੇ ਤੇਰੇ ਲਈ ਦੁਹਾਈ ਦੇਣਗੇ;

ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇ

ਅਤੇ ਸੁਆਹ ਵਿੱਚ ਰੋਲਣਗੇ।

31 ਉਹ ਤੇਰੇ ਕਾਰਨ ਆਪਣੇ ਸਿਰ ਮੁਨਾਉਣਗੇ

ਅਤੇ ਤੱਪੜ ਪਾਉਣਗੇ।

ਉਹ ਤੇਰੇ ਲਈ ਦਿਲ ਦੇ ਦੁੱਖ

ਅਤੇ ਕੌੜੇ ਸੋਗ ਨਾਲ ਰੋਣਗੇ।

32 ਜਦੋਂ ਉਹ ਤੇਰੇ ਲਈ ਵਿਰਲਾਪ ਕਰਦੇ ਅਤੇ ਸੋਗ ਕਰਦੇ ਹਨ,

ਉਹ ਤੇਰੇ ਲਈ ਵਿਰਲਾਪ ਕਰਨਗੇ:

"ਕੌਣ ਜੋ ਸੂਰ ਵਾਂਗ ਚੁੱਪ ਰਿਹਾ,

ਸਮੁੰਦਰ ਨਾਲ ਘਿਰਿਆ ਹੋਇਆ?"

33 ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ,

ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ;

ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲ

ਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।

34 ਹੁਣ ਤੁਸੀਂ ਪਾਣੀਆਂ ਦੀ ਡੂੰਘਾਈ ਵਿੱਚ

ਸਮੁੰਦਰ ਦੁਆਰਾ ਚਕਨਾਚੂਰ ਹੋ ਗਏ ਹੋ;

ਤੇਰੀਆਂ ਵਪਾਰਕ ਜਿਨਸਾਂ

ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।

35 ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕ

ਤੇਰੇ ਤੋਂ ਡਰੇ ਹੋਏ ਹਨ;

ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨ

ਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।

36 ਕੌਮਾਂ ਦੇ ਵਪਾਰੀ ਤੇਰਾ ਮਜ਼ਾਕ ਉਡਾਉਂਦੇ ਹਨ।

ਤੁਹਾਡਾ ਭਿਆਨਕ ਅੰਤ ਹੋ ਗਿਆ ਹੈ

ਅਤੇ ਹੁਣ ਨਹੀਂ ਰਹੇਗਾ।’ "

Estes versículos te tocaram? Ore agora!

+581 estão orando agora.

Junte-se à corrente de oração.